“ਪੰਛੀਆਂ ਦੀ ਚਹਿਕ, ਫੁੱਲਾਂ ਉੱਤੇ ਭੌਰਿਆਂ ਦੀ ਗੁਨ-ਗੁਨ, ਅਸਮਾਨੀ ਉੱਡਦੇ ਪਰਿੰਦਿਆਂ ਦੀਆਂ ਲੰਮੀਆਂ ਉਡਾਰੀਆਂ ਜਿਵੇਂ ...”
(11 ਮਾਰਚ 2024)
ਇਸ ਸਮੇਂ ਪਾਠਕ: 170.
ਬਹਾਰ ਰੁੱਤ ਇਸ ਰੁੱਤੇ ਅਸਮਾਨ ਪਰਵਾਸੀ ਪੰਛੀਆਂ ਨਾਲ ਭਰਿਆ ਜਾਪਦਾ ਹੈ। ਸਰ੍ਹੋਂ ਅਲੌਕਿਕ ਨਜ਼ਾਰਾ ਪੇਸ਼ ਕਰਦੀ ਹੈ। ਇਸ ਰੁੱਤ ਨੂੰ ਪ੍ਰਜਨਨ ਦੀ ਰੁੱਤ ਵੀ ਮੰਨਿਆ ਗਿਆ ਹੈ। ਖੁਸ਼ੀਆਂ ਤੇ ਖੇੜਿਆਂ ਭਰਭੂਰ ਇਸ ਰੁੱਤ ਨੂੰ ਰੁੱਤਾਂ ਦੀ ਰਾਣੀ ਦਾ ਰੁਤਬਾ ਵੀ ਦਿੱਤਾ ਗਿਆ ਹੈ। ਠੰਢੀਆਂ ਹਵਾਵਾਂ ਵਿੱਚ ਕੋਸਾ-ਕੋਸਾ ਨਿੱਘ ਮਹਿਸੂਸ ਹੁੰਦਾ ਹੈ। ਹਵਾ ਵੀ ਹੌਲੀ ਹੌਲੀ ਚਲਦੀ ਹੈ। ਸਾਫ ਸੁਥਰਾ ਅਸਮਾਨ ਮਨਾ ਨੂੰ ਮੋਹਦਾ ਹੈ। ਇਉਂ ਲਗਦਾ ਹੈ, ਕੁਦਰਤ ਰਾਣੀ ਆਪਣੇ ਰੂਪ ਦੇ ਗੁਮਾਨ ਵਿੱਚ ਜਿਵੇਂ ਮਦਮਸਤ ਹੋਈ ਹੋਵੇ। ਸਰਦੀ ਖਤਮ ਹੋ ਜਾਂਦੀ ਹੈ।
ਮੌਸਮ ਅਤੇ ਕੁਦਰਤ ਵਿੱਚ ਆਏ ਬਦਲਾਅ ਨੇ ਮਨੁੱਖ ਨੂੰ ਹਮੇਸ਼ਾ ਖੁਸ਼ ਕੀਤਾ ਹੈ। ਦਰਖ਼ਤਾਂ ’ਤੇ ਫੁੱਲ ਆ ਜਾਂਦੇ ਹਨ ਅਤੇ ਨਵੀਂਆਂ ਕਰੂੰਬਲਾਂ ਨਿਕਲ ਆਉਂਦੀਆਂ ਹਨ। ਫਲਾਂ ਦੇ ਦਰਖ਼ਤਾਂ ਵਿੱਚ ਬੂਰ ਪੈਣ ਦੇ ਸੰਕੇਤ ਮਿਲ ਜਾਂਦੇ ਹਨ। ਇਸ ਸੁਹਾਵਨੀ ਰੁੱਤ ਵਿੱਚ ਨਾ ਵਧੇਰੇ ਗਰਮੀ, ਨਾ ਵਧੇਰੇ ਸਰਦੀ ਹੁੰਦੀ ਹੈ। ਦਰਖ਼ਤਾਂ ਅਤੇ ਪੌਦਿਆਂ ਦੇ ਝੜੇ ਪੱਤੇ ਅਤੇ ਫੁੱਲ ਫਿਰ ਨਵੇਂ ਰੂਪ ਵਿੱਚ ਖਿੱਲ ਉੱਠਦੇ ਹਨ ਅਤੇ ਸਭਨਾਂ ਵਿੱਚ ਇੱਕ ਨਵੀਂ ਸ਼ਕਤੀ ਦਿਖਾਈ ਦੇਣ ਲਗਦੀ ਹੈ। ਇਸ ਰੁੱਤ ਵਿੱਚ ਪੱਤਾ-ਪੱਤਾ ਅਤੇ ਡਾਲੀ-ਡਾਲੀ ਸਭ ਖਿੱੜ ਉੱਠਦੇ ਹਨ ਅਤੇ ਹਰ ਪਾਸੇ ਫੁੱਲਾਂ ਦੀ ਬਹਾਰ ਹੁੰਦੀ ਹੈ। ਧਰਤੀ ’ਤੇ ਹਰ ਪਾਸੇ ਸੁੱਕੀ ਪਈ ਬਨਸਪਤੀ ਉਸ ਵਿੱਚ ਪੈਦਾ ਹੋਈ ਹਰਿਆਲੀ ਸਦਕਾ ਟਹਿਕ ਉੱਠਦੀ ਹੈ।
ਰੁੱਖਾਂ ਉੱਤੇ ਦੁਬਾਰਾ ਕਰੂਬਲਾਂ ਅਤੇ ਪੱਤੇ ਫੁੱਟਣ ਨਾਲ ਟਾਹਣੀਆਂ ਹਰਿਆਵਲ ਨਾਲ ਭਰ ਜਾਂਦੀਆਂ ਹਨ। ਪੰਛੀ ਆਪਣੇ ਆਲ੍ਹਣੇ ਬਣਾਉਣ ਵਿੱਚ ਲੱਗ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਵੀ ਪ੍ਰਜਣਨ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਉਹ ਤੀਲਾ-ਤੀਲਾ ਇਕੱਠਾ ਕਰਕੇ ਰੈਣ ਬਸੇਰਾ ਤਿਆਰ ਕਰਦੇ ਹਨ। ਹਰ ਪਾਸੇ ਖਿੜੀ ਫੁੱਲਾਂ ਦੀ ਬਹਾਰ ਸਦਕਾ ਇਨ੍ਹਾਂ ਉੱਪਰ ਸ਼ਹਿਦ ਦੇਣ ਵਾਲੀਆਂ ਮੱਖੀਆਂ ਅਤੇ ਤਿੱਤਲੀਆਂ ਉਡਾਰੀਆਂ ਭਰਦੀਆਂ ਹਨ। ਕਣਕਾਂ ਨਿਸਰਣ ਲੱਗਦੀਆਂ ਹਨ, ਅੰਬਾਂ ਨੂੰ ਬੂਰ ਪੈ ਜਾਂਦਾ ਹੈ। ਸਰ੍ਹੋਂ ਦੇ ਪੀਲੇ ਫੁੱਲ ਆਪਣੇ ਵੱਲ ਖਿੱਚਦੇ ਹਨ। ਇਨ੍ਹਾਂ ਤੋਂ ਇਲਾਵਾ ਸੜਕਾਂ ਰਾਹਾਂ ਅਤੇ ਹੋਰ ਖਾਲੀ ਥਾਵਾਂ ਉੱਤੇ ਝਾੜੀਆਂ ਬੂਟੀਆਂ ਰੰਗ ਬਿਰੰਗੇ ਫੁੱਲਾਂ ਨਾਲ ਧਰਤੀ ਨੂੰ ਬੇਹੱਦ ਸੋਹਣੀ ਬਣਾ ਦਿੰਦੀਆਂ ਹਨ। ਕੋਇਲ ਵੀ ਮਸਤੀ ਵਿੱਚ ਕੂਊ-ਕੂਊ ਦੀ ਆਵਾਜ਼ ਨਾਲ ਚੌਗਿਰਦੇ ਨੂੰ ਸੰਗੀਤਮਈ ਬਣਾ ਦਿੰਦੀ ਹੈ। ਇਉਂ ਲੱਗਣ ਲਗਦਾ ਹੈ, ਜਿਵੇਂ ਕੋਇਲ ਕਾਵਾਂ ਨੂੰ ਚਿੜਾ ਰਹੀ ਹੋਵੇ।
ਪਹਾੜਾਂ ਦੀ ਖ਼ੂਬਸੂਰਤੀ ਵਿੱਚ ਰੁੱਤ ਦੁਲਹਨਾਂ ਵਾਂਗ ਸੱਜਦੀ ਹੋਈ ਜੰਨਤ ਦਾ ਭੁਲੇਖਾ ਪਾਉਂਦੀ ਹੈ। ਇਹ ਰੁੱਤ ਮਾਨਵਤਾ ਦੀ ਖੁਸ਼ਹਾਲੀ ਦੀ ਪ੍ਰਤੀਕ ਹੈ। ਅੰਬਰ ਛੁੰਹਦੀਆਂ ਪਹਾੜਾਂ ਦੀਆਂ ਟੀਸੀਆਂ, ਬੁਲੰਦੀਆਂ ਉੱਪਰ ਤਰ੍ਹਾਂ-ਤਰ੍ਹਾਂ ਦੇ ਫੁੱਲਾਂ ਦੀ ਮਹਿਕ, ਟੇਢੀਆਂ-ਮੇਢੀਆਂ ਪਗਡੰਡੀਆਂ ਪਹਾੜਾਂ ਦੀ ਖ਼ੂਬਸੂਰਤੀ ਵਿੱਚ ਵੀ ਬਰਫ਼ ਖੁਰਣ ਨਾਲ ਸ਼ੁੱਧ ਪਾਣੀ ਝਰਨਿਆਂ ਵਿੱਚ ਦੁੱਧ ਚਿੱਟਾ ਉਪੱਰੋਂ ਵਹਿੰਦਾ ਹੋਇਆ ਹੇਠਾਂ ਧਰਤੀ ਨੂੰ ਚੁੰਮਦਾ ਹੋਇਆ ਅਨੇਕਾਂ ਅਕਸ ਪੈਦਾ ਕਰਦਾ ਹੈ, ਜੋ ਜਵਾਨੀ, ਸੁੰਦਰਤਾ ਅਤੇ ਜੰਨਤ ਦਾ ਆਭਾਸ ਕਰਵਾਉਂਦਾ ਹੈ। ਇਸ ਤਰ੍ਹਾਂ ਰੰਗਾਂ ਦੀ ਸੁੰਦਰਤਾ ਬਿਖਰ ਜਾਂਦੀ ਹੈ।
ਪੰਛੀਆਂ ਦੀ ਚਹਿਕ, ਫੁੱਲਾਂ ਉੱਤੇ ਭੌਰਿਆਂ ਦੀ ਗੁਨ-ਗੁਨ, ਅਸਮਾਨੀ ਉੱਡਦੇ ਪਰਿੰਦਿਆਂ ਦੀਆਂ ਲੰਮੀਆਂ ਉਡਾਰੀਆਂ ਜਿਵੇਂ ਹਰ ਜੀਵ ਨੂੰ ਨਵੀਂ ਊਰਜਾ ਨਾਲ ਭਰ ਦਿੰਦੀਆਂ ਹਨ। ਕੂੰਜਾਂ ਦੀਆਂ ਡਾਰਾਂ ਜਿਵੇਂ ਧਰਤੀ ਦੇ ਬਸ਼ਿੰਦਿਆਂ ਨੂੰ ਅਨੁਸ਼ਾਸਨ ਵਿੱਚ ਚੱਲਣਾ ਸਿਖਾਉਂਦੀਆਂ ਜਾਪਦੀਆਂ ਹਨ। ਸਰਦੀ ਦੀ ਰੁੱਤ ਵਿੱਚ ਮਨੁੱਖ ਨੂੰ ਪਸੀਨਾ ਨਾ ਆਉਣ ਕਾਰਨ ਵਾਧੂ ਮਾਸ ਰੋਮਾਂ ਨੂੰ ਬੰਦ ਕਰ ਦਿੰਦਾ ਹੈ। ਮਨੁੱਖ ਦੇ ਸਰੀਰ ਦੇ ਖੂਨ ਦਾ ਵਹਾਅ ਵੀ ਸੁਸਤ ਹੋ ਜਾਂਦਾ ਹੈ। ਪਰ ਪਾਲ਼ਾ ਘਟ ਹੋ ਜਾਣ ਕਾਰਨ ਇਨਸਾਨੀ ਸਰੀਰ ਦਾ ਵਾਧੂ ਮਾਸ ਝੜ ਜਾਂਦਾ ਹੈ। ਰੁਝੇਵੇਂ ਵਧਣ ਨਾਲ ਖੂਨ ਦਾ ਵਹਾਅ ਤੇਜ਼ ਹੋ ਜਾਣ ਸਦਕਾ ਮਨੁੱਖ ਨਵੀਂ ਫੁਰਤੀ ਅਨੁਭਵ ਕਰਨ ਲਗਦੇ ਹਨ। ਪ੍ਰਦੂਸ਼ਣ ਘਟ ਜਾਂਦਾ ਹੈ। ਸਰੀਰ ਨੂੰ ਊਰਜਾ ਅਤੇ ਨਿਰੋਗਤਾ ਮਿਲਦੀ ਹੈ। ਇਹ ਬਹਾਰ ਦੀ ਰੁੱਤ ਹਰ ਕਿਸੇ ਲਈ ਖੁਸ਼ੀਆਂ ਦਾ ਸੰਦੇਸ਼ ਲੈ ਕੇ ਆਉਂਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4796)
(ਸਰੋਕਾਰ ਨਾਲ ਸੰਪਰਕ ਲਈ: (