“ਵਲੈਤੀਆਂ ਦੀਆਂ ਦੂਰੋਂ ਦਿਸਦੀਆਂ ਸਮੁੰਦਰੀ ਬੇੜਿਆਂ ਜਿੱਡੀਆਂ ਕੋਠੀ ਵੱਲ ਵੇਖਦੇ ...”
(20 ਫਰਵਰੀ 2025)
ਲੋਕ ਪੰਜਾਬ ਵਿੱਚੋਂ ਕਿਉਂ ਭੱਜ ਰਹੇ ਹਨ? ਕੀ ਉਹ ਪੰਜਾਬ ਵਿੱਚ ਨੌਕਰੀ ਕਰਨੀ ਨਹੀਂ ਚਾਹੁੰਦੇ? ਕੀ ਉਹ ਇੱਥੇ ਰਹਿਣਾ ਕਿਉਂ ਨਹੀਂ ਚਾਹੁੰਦੇ? ਪੜ੍ਹਾਈ ਦੇ ਬਹਾਨੇ ਜਾਂ ਕਿਸੇ ਹੋਰ ਬਹਾਨੇ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਬੱਚੇ ਵੀ ਇੱਧਰੋਂ ਨਿਕਲ ਗਏ ਹਨ, ਚਾਹੇ ਯੂਰਪ ਹੋਵੇ, ਚਾਹੇ ਨਾਰਥ ਅਮਰੀਕਾ। ਕਿਉਂਕਿ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਦੇਸ਼ਾਂ ਵਿੱਚ ਨੌਕਰੀ ਨਹੀਂ ਮਿਲਦੀ, ਇਨਸਾਫ ਨਹੀਂ ਮਿਲਦਾ ਤੇ ਵਾਤਾਵਰਣ ਸਾਫ ਨਹੀਂ ਹੈ। ਜੋ ਪੰਜਾਬ ਦੇ ਅੱਜ ਦੇ ਹਾਲਾਤ ਨੇ, ਉਹ ਕਿਸੇ ਤਰ੍ਹਾਂ ਵੀ ਲੋਕਾਂ ਲਈ ਸੁਰੱਖਿਅਤ ਨਹੀਂ। ਲੁੱਟਾਂ ਖੋਹਾਂ, ਚੋਰੀਆਂ, ਰਾਤ ਬਰਾਤੇ ਨਾਲੇ ਲੁੱਟਣਾ ਨਾਲੇ ਮਾਰਨਾ ਆਮ ਹੋਇਆ ਪਿਆ। ਕੋਈ ਸੁੱਰਖਿਅਤ ਨਹੀਂ, ਕੋਈ ਪੁੱਛ-ਗਿੱਛ ਨਹੀਂ। ਅਫ਼ਸੋਸ ਹੁੰਦਾ ਹੈ ਹਰ ਰੋਜ਼ ਵਾਪਰ ਰਹੀਆਂ ਘਟਨਾਵਾਂ ਤੋਂ, ਲੋਕ ਦੁਖੀ ਨੇ, ਸਰਕਾਰ ਨੇ ਅੱਖਾਂ ਮੀਚੀਆਂ ਹੋਈਆਂ ਹਨ। ਲੋਕ ਲਵਾਰਿਸਾਂ ਵਾਂਗ ਜੀਉਂ ਰਹੇ ਹਨ। ਬੱਸ ਟੋਭੇ ਦੇ ਡੱਡੂ ਹੀ ਕਹਿ ਸਕਦੇ ਹਾਂ। ਤੁਰੇ ਜਾਂਦੇ ਨੂੰ ਪਤਾ ਨਹੀਂ ਕਦੋਂ ਕੋਈ ਫੇਟ ਮਾਰ ਕੇ ਸੱਚਖੰਡ ਪਹੁੰਚਾ ਦੇਵੇ।
ਅਫਸਰਸ਼ਾਹੀ ਅਤੇ ਸਿਆਸੀ ਲੀਡਰਸ਼ਿੱਪ ਨੇ ਪੰਜਾਬ ਨੂੰ ਇੱਕ ਅੰਨ੍ਹੀ ਲੁੱਟ ਦਾ ਘਰ ਬਣਾ ਦਿੱਤਾ ਹੈ। ਸੱਤਾ ’ਤੇ ਬੈਠੇ ਰਾਜਨਤਿਕ ਲੋਕ ਤੇ ਬਿਊਰੋਕਰੇਸੀ ਹੀ ਐਨੀ ਭ੍ਰਿਸ਼ਟ ਹੈ, ਇਸੇ ਕਰਕੇ ਲੋਕ ਦੂਜੇ ਮੁਲਕਾਂ ਵਿੱਚ ਜਾਣ ਨੂੰ ਤਰਜੀਹ ਦੇ ਰਹੇ ਹਨ। ਢੰਗ ਤਰੀਕਾ ਭਾਵੇਂ ਗੈਰ ਕਾਨੂੰਨੀ ਹੋਵੇ ਜਾਂ ਸਹੀ, ਆਪਣੇ ਫਾਇਦੇ ਜ਼ਿਆਦਾ ਤੇ ਨੁਕਸਾਨ ਘੱਟ ਵੇਖ ਕੇ ਹੀ ਲੋਕ ਦੇਸ਼ ਛੱਡਣ ਬਾਰੇ ਸੋਚਦੇ ਹਨ। ਇਸ ਵਿੱਚ ਕੋਈ ਅਚੰਭੇ ਵਾਲੀ ਗੱਲ ਨਹੀਂ। ਬਹੁਤੇ ਲੋਕ ਪਹਿਲਾਂ ਦੇਸ਼ ਛੱਡ ਕੇ ਗਏ ਲੋਕਾਂ ਦੀ ਵੇਖਾ ਵਿਖਾਈ ਇਸ ਰਾਹ ਪੈਂਦੇ ਹਨ, “ਚਾਚੇ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ”। ਵਲੈਤੀਆਂ ਦੀਆਂ ਦੂਰੋਂ ਦਿਸਦੀਆਂ ਸਮੁੰਦਰੀ ਬੇੜਿਆਂ ਜਿੱਡੀਆਂ ਕੋਠੀ ਵੱਲ ਵੇਖਦੇ ਜਵਾਕ ਤੇ ਉਹਨਾਂ ਦੇ ਘਰਦੇ ਤਾਂ ਏਜੰਟ ਨੂੰ ਪਤਾਲ ਵਿੱਚੋਂ ਵੀ ਸੁੰਘ ਕੇ ਲੱਭ ਲੈਂਦੇ ਹਨ। ਘਰਦਿਆਂ ਨੂੰ ਪਤਾ ਹੁੰਦਾ ਕਿ ਪੈਸੇ ਦੀ ਬਰਬਾਦੀ ਤਾਂ ਹੈ ਹੀ, ਮੌਤ ਦੇ ਮੂੰਹ ਵਿੱਚੋਂ ਲੰਘ ਕੇ ਪਹੁੰਚਣਾ ਜਵਾਕ ਨੇ ਪੈਨਾਮਾ ਦੇ ਜੰਗਲ਼ ਰਾਹੀਂ, ਜਿਨ੍ਹਾਂ ਦੇਸ਼ਾਂ ਦੇ ਨਾਂ ਲੈਣੇ ਵੀ ਔਖੇ ਲੱਗਦੇ ਹਨ। ਰੇਗਿਸਤਾਨਾਂ, ਨਦੀਆਂ, ਸਮੁੰਦਰਾਂ ਨੂੰ ਪਾਰ ਕਰਕੇ, ਮੈਕਸੀਕੋ ਦੀ ਅਮਰੀਕਾ ਨਾਲ ਲਗਦੀ ਕੰਧ ਜੋ ਕੰਡਿਆਲੀ ਤਾਰ ਨਾਲ ਪਰੋਈ ਹੈ, ਉਹਨਾਂ ਦੇਸ਼ਾਂ ਰਾਹੀਂ ਚੋਰੀ ਬਾਰਡਰ ਟੱਪ ਮਾਲਟੇ ਵਰਗੇ ਕਾਂਡਾਂ ਵੱਲ ਅੱਖਾਂ ਕੱਢਦਿਆਂ ਰੱਬ-ਰੱਬ ਕਰਕੇ, ਡੌਂਕੀ (Dounki) ਕਿਸ ਨੂੰ ਆਖਦੇ, ਸਭ ਜਾਣਦੇ ਹੁੰਦੇ ਹਨ ਪਹਿਲਾਂ ਹੀ, ਫਿਰ ਵੀ 50-60 ਲੱਖ ਲਾ ਕੇ ਤੇ ਜਾਨ ਦਾ ਖਤਰਾ ਲੈ ਕੇ ਅਗਲੇ ਤੋਰਦੇ ਹਨ। ਗ਼ੈਰਕਾਨੂੰਨੀ ਜਾਂ (illegal) ਸ਼ਬਦ ਆਪਣੇ ਆਪ ਵਿੱਚ ਸਭ ਬਿਆਨ ਕਰਦਾ ਹੈ। ਜੋ ਉਨ੍ਹਾਂ ਮੁਲਕਾਂ ਵਿੱਚ ਦਾਖਲ ਹੋ ਗਿਆ, ਉਹ ਉੱਥੋਂ ਦੇ ਕਾਨੂੰਨ ਮੁਤਾਬਿਕ ਰਿਫਿਉਜੀ ਲਈ ਐਪਲੀਕੇਸ਼ਨ ਦੇ ਸਕਦਾ ਹੈ। ਅੱਗੇ ਕਾਨੂੰਨ ਜਾਂ ਜੱਜ ਤੈਅ ਕਰਦਾ ਹੈ ਕਿ ਸੱਚਾ ਹੈ ਜਾਂ ਝੂਠਾ ਹੈ।
ਲੋਕ ਪਿਛਲੇ ਵੀਹ ਵੀਹਾਂ ਸਾਲਾਂ ਤੋਂ ਬਿਨਾਂ ਪੇਪਰਾਂ ਤੋਂ ਉਨ੍ਹਾਂ ਮੁਲਕਾਂ ਵਿੱਚ ਰਹਿੰਦੇ ਹਨ। ਅਮਰੀਕਾ ਵਿੱਚ ਪਹਿਲਾਂ ਵੀ ਲੱਖਾਂ ਹੀ ਲੋਕ ਰਹਿ ਰਹੇ ਹਨ, ਹੁਣ ਵੀ ਸਾਰੇ ਨਹੀਂ ਕੱਢਣੇ। ਭਾਵੇਂ ਅਮਰੀਕਾ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਲੋਕਾਂ ਦੀ ਫੜੋ ਫੜਾਈ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕਾਂ ਨੂੰ ਤਾਂ ਹੱਥਕੜੀਆਂ ਲਾ ਕੇ ਪੰਜਾਬ ਵਿੱਚ ਮਿਲਟਰੀ ਦੇ ਜਹਾਜ਼ ਰਾਹੀਂ ਭੇਜਿਆ ਗਿਆ ਹੈ। ਕੁਝ ਲੋਕ ਉਹ ਹਨ, ਜੋ ਖਾਂਦੇ ਪੀਂਦੇ ਘਰਾਂ ਤੋਂ ਹਨ ਤੇ ਪੰਜਾਹ ਲੱਖ ਲਾ ਕੇ ਇਹੋ ਜਿਹਾ ਰਿਸਕ ਲੈ ਰਹੇ ਹਨ, ਬਾਕੀ ਤਾਂ ਮਜਬੂਰੀਆਂ ਦੇ ਮਾਰੇ ਹਨ ਜੋ ਜ਼ਮੀਨ ਵੇਚ ਕੇ ਜਾਂ ਕੋਈ ਹੋਰ ਪ੍ਰਾਪਰਟੀ ਵੇਚ ਵੱਟ ਕੇ ਜਾਂ ਕਰਜ਼ਾ ਚੁੱਕਕੇ ਹੀ ਬਾਹਰ ਨਿਕਲਦੇ ਹਨ। ਪਹਿਲਾਂ ਜਦੋਂ ਲੋੜ ਪੈਂਦੀ ਸੀ, ਇਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਗੈਰ ਕਾਨੂੰਨੀ ਤਰੀਕੇ ਨਾਲ ਆਏ ਸਾਰੇ ਲੋਕਾਂ ਨੂੰ, ਇੰਟਰਨੈਸਨਲ ਸਟੂਡੈਂਟਸ ਨੂੰ ਪੀ ਆਰ ਦੇਣ ਦੇ ਕਾਨੂੰਨ ਨਰਮ ਕਰ ਦੇਂਦੇ ਸਨ। ਸੁਪਰ-ਵੀਜ਼ੇ ਵਾਲਿਆਂ ਨੂੰ ਵਰਕ ਪਰਮਿਟ ਦੇ ਦਿੰਦੇ ਸਨ। ਇਹ ਲੋੜ ਮੁਤਾਬਿਕ ਰਾਜਨੀਤੀ ਕਰ ਲੈਂਦੇ ਸਨ। ਹੁਣ ਇਕਾਨਮੀ ਖੜੋਤ ਵਿੱਚ ਹੈ, ਵਰਕਰਾਂ ਦੀ ਲੋੜ ਘੱਟ ਹੈ। ਕੁਝ ਕੱਟੜ ਲੋਕਾਂ ਦੇ ਵਿਰੋਧ ਕਰਕੇ ਵੀ ਅਜਿਹਾ ਹੋ ਰਿਹਾ ਹੈ। ਟਰੰਪ ਤਾਂ ਚੋਣ ਹੀ ਮੁੱਖ ਮੁੱਦਾ ਇੰਮੀਗਰਾਂਟਸ ਨੂੰ ਬਣਾਕੇ ਜਿੱਤਿਆ ਹੈ।
ਇੱਥੇ ਇਹ ਵੀ ਸਮਝਣਾ ਪਵੇਗਾ ਕਿ ਜਿਨ੍ਹਾਂ ਕਾਨੂੰਨਾਂ ਤਹਿਤ ਸਹੀ ਗਲਤ ਜਾਂ ਹੱਕ ਦੀ ਗੱਲ ਹੋ ਰਹੀ ਹੈ, ਉਹ ਕਾਨੂੰਨ ਵੀ ਬਣਾਉਣ ਵਾਲਿਆਂ ਨੇ ਆਪਣੇ ਲਈ ਹੀ ਬਣਾਏ ਹਨ। ਕਾਨੂੰਨ ਬਣਾਉਣ ਵਾਲੇ ਕਾਨੂੰਨ ਖਤਮ ਤੇ ਬਦਲਣ ਦੀ ਤਾਕਤ ਵੀ ਰੱਖਦੇ ਹਨ। ਇਹ ਕਾਨੂੰਨ ਇਸ ਧਰਤੀ ਦੇ ਮੂਲ ਬਸ਼ਿੰਦਿਆਂ ਲਈ ਸਦਾ ਗੂੰਗੇ ਰਹੇ ਹਨ। ਉਹਨਾਂ ਦੀ ਨਸਲਕੁਸ਼ੀ ਵੀ ਤਾਂ ਇਨ੍ਹਾਂ ਕਾਨੂੰਨ ਬਣਾਉਣ ਵਾਲਿਆਂ ਨੇ ਹੀ ਕੀਤੀ ਹੈ। ਕੀ ਸਹੀ ਤੇ ਕੀ ਗਲਤ, ਅਗਲਿਆਂ ਨੇ ਸਦਾ ਆਪਣੇ ਫਾਇਦੇ ਅਤੇ ਨੁਕਸਾਨ ਅਨੁਸਾਰ ਹੀ ਵੇਖਿਆ ਹੈ ਤੇ ਵੇਖਣਾ ਹੈ। ਸੋ ਜੋ ਹੋ ਰਿਹਾ ਹੈ ਜਾਂ ਜੋ ਉਹ ਕਰ ਰਹੇ ਹਨ ਇਸ ਵਿੱਚ ਕੋਈ ਅਚੰਭੇ ਵਾਲੀ ਗੱਲ ਨਹੀਂ। ਕਰਨ ਨੂੰ ਉਹ ਕੁਝ ਵੀ ਕਰ ਸਕਦੇ ਹਨ, ਜੋ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ।
ਉਹਨਾਂ ਮੁਲਕਾਂ ਦੇ ਸੁਪਨਿਆਂ ਨੇ ਲੋਕ ਕੰਗਾਲ ਕਰ ਦਿੱਤੇ ਹਨ। ਇਹ ਲੋਕ ਹੁਣ ਕੀ ਕਰਨਗੇ? ਕੋਸਟਾ ਰੀਕਾ ਨੇ ਭਾਰਤ ਅਤੇ ਮੱਧ ਏਸ਼ੀਆ ਦੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਣ ਲਈ ਇੱਕ ਪੁਲ ਦੇ ਰੂਪ ਵਿੱਚ ਕੰਮ ਕਰਨ ’ਤੇ ਸਹਿਮਤੀ ਜਤਾਈ ਹੈ। ਕੋਸਟਾ ਰੀਕਾ ਮੱਧ ਅਮਰੀਕਾ ਦਾ ਇੱਕ ਦੇਸ਼ ਹੈ, ਜਿਸਦੀਆਂ ਹੱਦਾਂ ਉੱਤਰ ਵੱਲ ਨਿਕਾਰਾਗੁਆ, ਦੱਖਣ-ਪੂਰਬ ਵੱਲ ਪਨਾਮਾ, ਪੱਛਮ ਵੱਲ ਪ੍ਰਸ਼ਾਂਤ ਮਹਾਸਾਗਰ ਅਤੇ ਪੂਰਬ ਵੱਲ ਕੈਰੀਬਿਆਈ ਸਾਗਰ ਨਾਲ ਲੱਗਦੀਆਂ ਹਨ। ਪਰਵਾਸੀਆਂ ਦਾ ਪਹਿਲਾ ਬੈਚ ਬੁੱਧਵਾਰ ਨੂੰ ਇੱਕ ਕਮਰਸ਼ੀਅਲ ਉਡਾਣ ਰਾਹੀਂ ਜਵਾਨ ਸੈਂਟਾਮਾਰੀਆ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੇਗਾ। ਕੋਸਟਾ ਰੀਕਾ ਸਰਕਾਰ ਨੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਵਿੱਚ ਅਮਰੀਕਾ ਨਾਲ ਸਹਿਯੋਗ ਕਰਨ ’ਤੇ ਸਹਿਮਤੀ ਜਤਾਈ ਹੈ। ਇਹ ਲੋਕ ਭਾਰਤ ਅਤੇ ਹੋਰ ਕਈ ਦੇਸ਼ਾਂ ਤੋਂ ਹਨ। ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਵਿੱਚੋਂ ਕਿੰਨੇ ਲੋਕ ਭਾਰਤ ਤੋਂ ਹਨ।
ਪੰਜਾਬ ਵਿੱਚ ਰੁਜ਼ਗਾਰ ਦੇ ਵਸੀਲੇ ਬਣਾਉਣ ਵਾਸਤੇ ਥੋੜ੍ਹੇ ਸਮੇਂ ਅਤੇ ਲੰਮੇ ਸਮੇਂ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਪੰਜਾਬ ਦੀ ਨੌਜਵਾਨੀ ਨੂੰ ਬਚਾਏ ਜਾਣ ਦੀ ਲੋੜ ਹੈ। ਰਵਾਇਤੀ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਅੱਗ ਨਾ ਲਾਵੋ। ਕੁਝ ਲੋਕਾਂ ਦੇ ਦਿਮਾਗ ਨਫ਼ਰਤ ਦੀ ਅੱਗ ਵਿੱਚ ਲਟ ਲਟ ਬਲ਼ ਰਹੇ ਹਨ, ਉਹ ਲਗਾਤਾਰ ਜ਼ਹਿਰ ਘੋਲ ਰਹੇ ਹਨ। ਇਹ ਕਰਨਾ ਠੀਕ ਨਹੀਂ। ਸਿਰਫ ਤੇ ਸਿਰਫ ਮੁਸੀਬਤ ਵਿੱਚ ਫਸਿਆ ਇਨਸਾਨ ਹੀ ਜਾਣਦਾ ਹੁੰਦਾ ਹੈ ਕਿ ਮੁਸੀਬਤ ਕੀ ਹੈ। ਵਾਪਸ ਪਰਤੇ ਇਨ੍ਹਾਂ ਮੁਸੀਬਤ ਮਾਰਿਆਂ ਨਾਲ ਹਮਦਰਦੀ ਜਤਾਉ ਤੇ ਉਹਨਾਂ ਨੂੰ ਸਹਿਯੋਗ ਦਿਉ। ਸਰਕਾਰ ਇੰਡਸਟਰੀ ਤੋਂ ਬਿਨਾਂ ਆਪਣੇ ਲੋਕਾਂ ਨੂੰ ਰੁਜ਼ਗਾਰ ਨਹੀਂ ਦੇ ਪਾਵੇਗੀ। ਕਈ ਲੋਕ ਕੋਈ ਨਾ ਕੋਈ ਬਹਾਨਾ ਬਣਾ ਕੇ ਫੈਕਟਰੀ ਲਾਉਣ ਨਹੀਂ ਦਿੰਦੇ। ਇਹ ਠੀਕ ਨਹੀਂ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)