“... ਇਹ ਤਰੁੱਟੀਆਂ ਸਮੁੱਚੀ ਪਹਿਰੇਦਾਰੀ ਨੂੰ ਰੂਪਮਾਨ ਕਰਦੀਆਂ ਹਨ। ਦੱਸਿਆ ਜਾਂਦਾ ਹੈ ਕਿ ...”
(22 ਜੂਨ 2025)
ਮਨੁੱਖੀ ਜੀਵਨ ਕੁਦਰਤ ਤੋਂ ਇਲਾਵਾ ਜੀਵਨ ਨੂੰ ਗਤੀ ਦੇਣ ਵਾਲੇ ਯੰਤਰਾਂ, ਜੋ ਸਾਈਕਲ ਤੋਂ ਲੈ ਕੇ ਰੇਲਵੇ ਅਤੇ ਹਵਾਈ ਜਹਾਜ਼ਾਂ ਦੁਆਰਾ, ਸੜਕਾਂ, ਰੇਲਵੇ ਲਾਈਨਾਂ ਤੋਂ ਲੈ ਕੇ ਹਵਾਈ ਪੱਟੀਆਂ ’ਤੇ ਗਤੀ ਕਰਦਾ ਹੈ। ਜੀਵਨ ਦੀ ਇਸ ਗਤੀ ਵਿੱਚ ਹੀ ਜਾਨ ਦੇ ਜੋਖਮ ਵੀ ਪਏ ਹੁੰਦੇ ਹਨ। ਅਸੀਂ ਹਰ ਰੋਜ਼ ਅਜਿਹੇ ਹਾਦਸਿਆਂ ਬਾਰੇ ਪੜ੍ਹਦੇ/ਸੁਣਦੇ ਹਾਂ। ਆਪ ਕਿਸੇ ਜਾਨ-ਲੇਵਾ ਹਾਦਸੇ ਉਪਰੰਤ ਉੱਭਰੇ ਵੀ ਹੁੰਦੇ ਹਾਂ। ਇਨ੍ਹਾਂ ਹਾਦਸਿਆਂ ਵਿੱਚ ਅੰਗ ਭੰਗ ਹੋ ਜਾਂਦੇ ਹਨ ਅਤੇ ਬਹੁਤ ਸਾਰੇ ਲੋਕ ਜਾਨਾਂ ਵੀ ਗੁਆ ਲੈਂਦੇ ਹਨ।
12 ਜੂਨ 2025 ਨੂੰ ਅਹਿਮਦਾਬਾਦ ਵਿੱਚ ਹੋਏ ਹਵਾਈ ਹਾਦਸੇ ਵਿੱਚ ਮੋਏ ਲੋਕਾਂ ਦੀਆਂ ਤਸਵੀਰਾਂ ਅਤੇ ਕਥਾ ਕਹਾਣੀਆਂ, ਦੁਨੀਆਂ ਭਰ ਦੀ ਸੰਵੇਦਨਾ ਨੂੰ ਲਗਾਤਾਰ ਅਸਹਿਜ ਕਰ ਰਹੀਆਂ ਹਨ। ਵੱਡਿਆਂ ਸਮੇਤ ਧਰਤੀ ਦੀ ਇਸ ਫੁਲਵਾੜੀ ਦੇ ਬਾਲਾਂ ਦੀਆਂ ਮਹਿਕਦੀਆਂ, ਟਹਿਕਦੀਆਂ ਨਿਰਛਲ ਮੁਸਕਾਨਾਂ, ਪਲਾਂ ਵਿੱਚ ਹੀ ਰਾਖ਼ ਦੇ ਢੇਰ ਵਿੱਚ ਬਦਲ ਗਈਆਂ। ਇਹ ਅਣਆਈ ਚਲੇ ਜਾਣ ਵਾਲੇ ਸੈਂਕੜਿਆਂ ਦੀ ਗਿਣਤੀ ਵਿੱਚ ਸਨ। ਉਂਝ ਤਾਂ ਮਨੁੱਖੀ-ਜ਼ਿੰਦਗੀ ਦੀ ਵਡਿਆਈ ਹੀ ਅਕਹਿ ਹੁੰਦੀ ਹੈ, ਪਰ ਇਨ੍ਹਾਂ ਵਿੱਚ ਕਠੋਰ ਮਿਹਨਤ ਨਾਲ ਜੀਵਨ ਨੂੰ ਤਰਾਸ਼ਣ ਵਾਲੇ ਪਾਇਲਟ ਸਨ, ਡਾਕਟਰ ਸਨ, ਇੰਜਨੀਅਰ ਸਨ, ਏਅਰ-ਹੋਸਟੈੱਸਾਂ ਸਨ। ਇਨ੍ਹਾਂ ਵਿੱਚ ਲੰਮੀਆਂ ਉਮਰਾਂ ਤਕ ਜਿਊਣ ਵਾਲੇ ਬਾਲ ਸਨ, ਵੱਖ ਵੱਖ ਪ੍ਰਕਾਰ ਦੀ ਮਨੁੱਖੀ-ਸ਼ਕਤੀ ਸੀ। ਵਿਗਿਆਨ ਦੀ ਸਿਖ਼ਰ-ਸਿਰਜਣਾ ਵਜੋਂ ਜਾਣਿਆ ਜਾਂਦਾ ਬਹੁ-ਕਰੋੜੀ ਜਹਾਜ਼ ਸੀ, ਸਾਜ਼ੋ ਸਮਾਨ ਸੀ। ਬੇਹੱਦ ਮੰਦਭਾਗਾ ਹੋਇਆ ਹੈ ਇਹ ਸਭ।
ਹੁਣ ਤਾਂ ਇਨ੍ਹਾਂ ਯਾਤਰੂਆਂ ਦੀਆਂ ਪਲ ਪਲ ਭਿਆਨਕ ਮੌਤ ਵੱਲ ਵਧਦਿਆਂ ਦੀਆਂ ਚੀਖ/ਪੁਕਾਰਾਂ ਦੀਆਂ, ਅੰਦਰੋਂ ਧੂੰਆਂ ਧੂਆਂ ਹੋ ਰਹੇ ਜਹਾਜ਼ ਦੀਆਂ ਆਖਰੀ ਵੀਡੀਓ ਵੀ ਆ ਚੁੱਕੀਆਂ ਹਨ। ਭਿਆਨਕਤਾ ਨੂੰ ਰੂਪਮਾਨ ਕਰਨ ਵਾਲਾ ਅਸੀਂ ਇੱਕ ਸ਼ਬਦ ਵੀ ਜਾਣ ਅਤੇ ਸੁਣ ਲਿਆ ਹੈ ‘ਮੇ ਡੇ, ਮੇ ਡੇ।’ ਇਹੋ ਸ਼ਬਦ ਵਿਸਫੋਟ ਹੋਣ ਤੋਂ ਪਹਿਲਾਂ ਜਹਾਜ਼ ਚਲਾ ਰਿਹਾ ਤਜਰਬੇਕਾਰ ਪਾਇਲਟ ‘ਸੁਮਿੱਤ ਸੱਭਰਵਾਲ’ ਦੁਹਰਾਉਂਦਿਆਂ ਕਹਿੰਦਾ ਹੈ, “ਅਬ ਹਮ ਨਹੀਂ ਬਚੇਂਗੇ’। ਇਸ ਤੋਂ ਬਾਅਦ ਸਾਰਾ ਕੁਝ ਅਗਨਭੇਟ ਹੁੰਦਾ ਹੈ। ਗਾੜ੍ਹਾ ਧੂੰਆਂ, ਅੱਗ ਦੀਆਂ ਲਪਟਾਂ, ਹਜ਼ਾਰ ਤੋਂ ਵੀ ਵੱਧ ਤਾਪਮਾਨ ਵਿੱਚ ਟੁੱਟਦੀ, ਪਿਘਲਦੀ ਧਾਤ, ਰਾਖ ਬਣਦਾ ਮਨੁੱਖੀ-ਜੀਵਨ ਓ...ਹੋ। ਇਸ ਭਿਆਨਕਤਾ ਨੂੰ ਜਹਾਜ਼ ਦੀ ਇੱਕ ਸਵਾਰੀ ਵਜੋਂ ਚਿਤਵ ਕੇ ਮਹਿਸੂਸ ਕੀਤਾ ਜਾ ਸਕਦਾ ਹੈ।
ਸਾਡੇ ਵਿੱਚੋਂ ਬਹੁਤਿਆਂ ਨੇ ਇੱਕ ਜਾਂ ਬਹੁਤੀ ਵਾਰ ਜਹਾਜ਼ ਦਾ ਸਫਰ ਕੀਤਾ ਹੈ। ਕਿੰਨੇ ਹੀ ਲੋਕਾਂ ਨੇ ਜੀਵਨ-ਭਰ ਇਹ ਸਫਰ ਕੀਤਾ ਹੁੰਦਾ ਹੈ। ਵਿਸ਼ਵ ਨੂੰ ਪਿੰਡ ਬਣਾ ਦੇਣ ਵਾਲੀ ਹਵਾਈ ਆਵਾਜਾਈ, ਵਿਗਿਆਨਕ-ਖੋਜਾਂ ਦਾ ਸਿਖ਼ਰ ਹੈ। ਇਹ ਸੜਕੀ ਆਵਾਜਾਈ ਦੇ ਮੁਕਾਬਲੇ ਤੇਜ਼ ਅਤੇ ਸਰੱਖਿਅਤ ਹੈ। ਲੋਹੜਿਆਂ ਦਾ ਜੋਖ਼ਮ ਤਾਂ ਸਦਾ ਹੀ ਇਸਦੇ ਨਾਲ ਰਹਿੰਦਾ ਹੈ। ਇਹ ਹਾਦਸੇ ਇਹ ਵੀ ਅਹਿਸਾਸ ਕਰਾਉਂਦੇ ਹਨ ਕਿ ਜਦੋਂ ਵੀ ਮਨੁੱਖ/ਮਨੁੱਖੀ-ਪੂਰ ਹਵਾਈ ਅੱਡਿਆਂ ’ਤੇ ਸੁਰੱਖਿਅਤ ਉੱਤਰਦੇ ਹਨ, ਤਾਂ ਹਰ ਵਾਰ, ਇੱਕ ਹੋਰ ਜਨਮ ਦਿਨ ਦਾ ਵਰਦਾਨ ਹਾਸਲ ਕਰਦੇ ਹਨ। ਹੁਣ ਤਾਂ ਅਸੀਂ ਇਹ ਵੀ ਨੋਟ ਕਰ ਲਿਆ ਹੈ ਕਿ ਹਰ ਜਹਾਜ਼ ਵਿੱਚ ਜ਼ਿੰਦਗੀ ਵੀ ਧੜਕ ਰਹੀ ਹੁੰਦੀ ਹੈ ਅਤੇ ਇਸ ਵਿੱਚ ਮਣਾਂ-ਮੂੰਹੀਂ ਮੌਤ ਦਾ ਸਮਾਨ ਵੀ ਨਾਲ ਨਾਲ ਚੱਲ ਰਿਹਾ ਹੁੰਦਾ ਹੈ।
ਹਵਾਈ ਸਫਰ ਦਾ ਆਪਣਾ ਇਤਿਹਾਸ ਹੈ। ਇਤਿਹਾਸ, ਜੋ ਵਿਗਿਆਨੀਆਂ ਦੀਆਂ ਜਾਨਾਂ ਨੂੰ ਜੋਖਮ ਵਿੱਚ ਪਾਉਂਦਾ ਰਿਹਾ, ਅਣਥੱਕ-ਖੋਜਾਂ ਨਾਲ ਜੁੜਿਆ ਹੋਇਆ ਹੈ; ਦੁਨੀਆਂ ਭਰ ਦੀਆਂ ਛੋਟੀਆਂ-ਵੱਡੀਆਂ ਏਅਰਪੋਰਟਾਂ ਨਾਲ ਜੁੜਿਆ ਹੋਇਆ ਹੈ, ਹਵਾਈ ਸਨਅਤ ਨਾਲ ਜੁੜਿਆ ਹੈ, ਉੱਚ ਪਾਏ ਦੀ ਤਕਨੀਕ ਅਤੇ ਤਕਨੀਕੀ ਕਾਮਿਆਂ ਨਾਲ ਜੁੜਿਆ ਹੈ; ਵੱਖ ਵੱਖ ਦੇਸ਼ਾਂ ਦੇ ਹਵਾਈ-ਵਿਭਾਗਾਂ ਨਾਲ ਜੁੜਿਆ ਹੈ; ਵਿਗਿਆਨਕ ਸਿੱਖਿਆ ਦੇ ਨਾਲ ਨਾਲ ਭਿੰਨ ਭਿੰਨ ਪ੍ਰਕਾਰ ਦੀ ਮਨੁੱਖ-ਸ਼ਕਤੀ ਦੀਆਂ ਚੋਣ ਵਿਧੀਆਂ ਅਤੇ ਟ੍ਰੇਨਿੰਗ-ਸੰਸਥਾਵਾਂ ਨਾਲ ਜੁੜਿਆ ਹੈ। ਇਸ ਅਦਭੁੱਤਤਾ ਨਾਲ ਵੀ ਜੁੜਿਆ ਹੈ ਕਿ ਜਹਾਜ਼ ਨਾਂ ਦਾ ਇਹ ਯੰਤਰ ਕਈ ਸੈਂਕੜੇ ਯਾਤਰੀਆਂ, ਉਨ੍ਹਾਂ ਦਾ ਸਾਜੋ-ਸਮਾਨ, ਅਮਲੇ, ਆਪਣੇ ਵਜ਼ਨ ਅਤੇ ਲੱਖਾਂ ਲੀਟਰ ਤੇਲ ਲੈ ਕੇ ਕਿਵੇਂ ਆਕਾਸ਼ ਵਿੱਚ ਹਜ਼ਾਰਾਂ ਫੁੱਟ ਦੀ ਉਚਾਈ ’ਤੇ ਤੇਜ਼ ਅਤੇ ਲੰਮੀ ਉਡਾਰੀ ਭਰਦਾ ਹੈ। ਧੜਕਦੀ ਜ਼ਿੰਦਗੀ ਦਾ ਜ਼ਬਰਦਸਤ ਅੰਗ ਬਣ ਕੇ ਰਹਿ ਗਿਆ ਹੈ ਹੁਣ ਹਵਾਈ ਸਫਰ।
ਹਾਲ ਵੀ ਵਿੱਚ ਹੋਏ ਹਾਦਸੇ ਨੇ ਦੁਨੀਆਂ ਭਰ ਵਿੱਚ ਪ੍ਰੇਸ਼ਾਨੀ ਅਤੇ ਮਾਯੂਸੀ ਪੈਦਾ ਕੀਤੀ ਹੈ। ਹਰ ਸੰਵੇਦਨਸ਼ੀਲ ਮਨੁੱਖ ਦੇ ਮੂੰਹੋਂ, ਹਉਕਾ ਨਿੱਕਲਿਆ ਹੈ। ਸਭ ਨੇ ਕਾਮਨਾ ਕੀਤੀ ਹੈ, ਕਿ ਮੁੜ ਅਜਿਹਾ ਕਦੇ ਵੀ ਅਤੇ ਕਿਤੇ ਵੀ ਨਾ ਵਾਪਰੇ। ਜਿਨ੍ਹਾਂ ਜਿਨ੍ਹਾਂ ਨੇ ਵੀ ‘ਏਅਰ ਇੰਡੀਆ’ ਦੇ ਜਹਾਜ਼ਾਂ ਵਿੱਚ ਸਫਰ ਕੀਤਾ ਹੈ, ਉਨ੍ਹਾਂ ਨੇ ਚੰਗੀ ਤਰ੍ਹਾਂ ਨੋਟ ਕੀਤਾ ਹੈ ਕਿ ਜਹਾਜ਼ ਦੇ ਅੰਦਰਲੇ ਪ੍ਰਬੰਧਾਂ ਵਿੱਚ ਤਰੁੱਟੀਆਂ ਸਨ। ਕਿਹਾ ਜਾਂਦਾ ਹੈ ਕਿ ‘ਘਰ ਦੇ ਭਾਗ ਵਿਹੜੇ ਤੋਂ ਪਛਾਣੇ ਜਾਂਦੇ ਹਨ’। ਇਸ ਅਨੁਸਾਰ ਇਸ ਨਸਲ ਦੇ ਕਿੰਨੇ ਹੀ ਜਹਾਜ਼ਾਂ ਦੀਆਂ ਸੀਟਾਂ ਖਰਾਬ ਹੁੰਦੀਆਂ ਹਨ। ਸਕਰੀਨਾਂ ਖਰਾਬ ਹੁੰਦੀਆਂ ਹਨ। ਅਜਿਹਾ ਹੋਣ ਕਾਰਨ ਅਸੀਂ ਸਹਿਜੇ ਹੀ ਇਸ ਸਿੱਟੇ ’ਤੇ ਪਹੁੰਚ ਸਕਦੇ ਹਾਂ ਕਿ ਇਹ ਤਰੁੱਟੀਆਂ ਸਮੁੱਚੀ ਪਹਿਰੇਦਾਰੀ ਨੂੰ ਰੂਪਮਾਨ ਕਰਦੀਆਂ ਹਨ। ਦੱਸਿਆ ਜਾਂਦਾ ਹੈ ਕਿ ਇਹ ਕਸਰ ਚਿਰ ਤੋਂ ਰਹਿੰਦੀ ਆ ਰਹੀ ਹੈ ਅਤੇ ਇਹ ਦੁਖਦਾਈ ਹਾਦਸਾ ਵੀ ਇਸੇ ਅਣਗਹਿਲੀ ਦਾ ਸਿਖ਼ਰ ਸੀ।
ਬਿਨਾਂ ਸ਼ੱਕ ਇਹ ਹਾਦਸਾ ਮਨੁੱਖੀ ਅਣਗਹਿਲੀ ਕਾਰਨ ਵਾਪਰਿਆ ਹੈ, ਅਜਿਹੀ ਮਨੁੱਖੀ ਅਣਗਹਿਲੀ, ਜਿਸਨੂੰ ‘ਬਲੈਕ ਬਾਕਸ’ ਵੀ ਨਹੀਂ ਉਗਲ ਸਕੇਗਾ। ਦੱਸਿਆ ਜਾਂਦਾ ਹੈ ਕਿ ਹਰ ਉਡਾਣ ਤੋਂ ਪਹਿਲਾਂ ਗਰਾਊਂਡ ਸਟਾਫ ਪਾਇਲਟਾਂ ਨੂੰ ਇੱਕ ਸਰਟੀਫਿਕੇਟ ਜਾਰੀ ਕਰਦਾ ਹੈ ਕਿ ਸਭ ਠੀਕਠਾਕ ਹੈ, ਜਹਾਜ਼ ਉਡਾਣ ਭਰਨ ਦੇ ਯੋਗ ਹੈ। ਇਸ ਹਾਲਤ ਵਿੱਚ ਮਾਹਿਰ ਪਾਇਲਟ ਕੀ ਕਰ ਸਕਦੇ ਸਨ? ਸਕਿੰਟਾਂ ਵਿੱਚ ਹੀ ਮਨੁੱਖੀ-ਜਾਨਾਂ ਸਮੇਤ ਸਾਰਾ ਕੁਝ ਮਲਬੇ ਦੇ ਢੇਰ ਵਿੱਚ ਬਦਲ ਗਿਆ। ਇਹ ਅਣਗਹਿਲੀ ਕੋਈ ਛੋਟੀ ਨਹੀਂ ਹੈ, ਇਸ ਅਣਗਹਿਲੀ ਨੇ ਜਾਨਾਂ ਦੇ ਰੂਪ ਵਿੱਚ ਛੋਟੇ ਵੱਡੇ ‘ਅਜੂਬੇ’ ਭੰਨ ਦਿੱਤੇ ਹਨ। ਲੰਮਾ ਸਮਾਂ ਜਿਊਣ ਵਾਲੀਆਂ ਅਤੇ ਸੰਭਾਵਨਾਵਾਂ ਭਰੀਆਂ ਨਿਰਮਲ, ਨਿਰਛਲ ਮੁਸਕਾਨਾਂ ਨੂੰ ਪਿਘਲਾ ਦਿੱਤਾ ਹੈ। ਧਰਤੀ ਦੀ ਸੰਵੇਦਨਾ, ਇਨ੍ਹਾਂ ਚਿਹਰਿਆਂ ਨੂੰ ਕਦੇ ਵੀ ਨਹੀਂ ਭੁੱਲ ਸਕਦੀ।
ਕੁਝ ਵੀ ਹੈ, ਮਨ ਪੀੜੋ-ਪੀੜ ਹੈ। ਇਸ ਖਲਾਅ ਦੀ ਪੂਰਤੀ ਕੋਈ ਨਹੀਂ, ਇਸ ਸਦਮੇ ਵਿੱਚੋਂ ਉੱਭਰਨਾ ਬਹੁਤ ਔਖਾ ਹੈ। ਇਹ ਅਹਿਸਾਸ ਸ਼ਿੱਦਤ ਨਾਲ ਹੋਇਆ ਹੈ ਕਿ ਸਮੁੱਚੇ ਮਨੁੱਖੀ-ਜੀਵਨ ਵਿੱਚ ਕਿੰਨੀ ਧੜਕਣ ਹੁੰਦੀ ਹੈ, ਕਿੰਨੇ ਮੁਸਕਰਾਉਂਦੇ ਮਾਸੂਮ ਚਿਹਰੇ ਹੁੰਦੇ ਹਨ, ਸਖ਼ਤ-ਸਾਧਨਾ ਵਿੱਚੋਂ ਸਿਰਜੀਆਂ ਹੋਈਆਂ ਪ੍ਰੀਤਿਭਾਵਾਂ ਹੁੰਦੀਆਂ ਹਨ। ਅਜਿਹੇ ਹਾਦਸਿਆਂ ਤੋਂ ਬਾਹਰ ਵਿਸ਼ਵ ਦੇ ਉਨ੍ਹਾਂ ਖਲਨਾਇਕਾਂ ਪ੍ਰਤੀ ਵੀ ਘਿਰਣਾ ਉਪਜਦੀ ਹੈ, ਜਿਹੜੇ ਆਪਣੇ ਜੰਗੀ ਮਨਸੂਬਿਆਂ ਦੀ ਪੂਰਤੀ ਲਈ ਇੱਕ ਦੂਜੇ ਦੀ ਧਰਤੀ ’ਤੇ ਲੋਕਾਂ ’ਤੇ ਮੌਤ ਦਾ ਸਿੱਟਾ ਦੇ ਰਹੇ ਹਨ, ਜਿਨ੍ਹਾਂ ਕਰਕੇ ਜੀਵਨ ਸਹਿਕ ਰਿਹਾ ਹੈ, ਨਿਰਮਾਣ ਰਾਖ ਬਣ ਰਿਹਾ ਹੈ।
ਅਖ਼ੀਰ ਵਿੱਚ ਤਾਂ ਬੇਵਸਾਂ ਜਿਹੀ ਕਾਮਨਾ ਹੀ ਹੈ ਕਿ ਕਿਤੇ ਵੀ ਅਤੇ ਕਦੇ ਵੀ, ਕੁਦਰਤੀ ਮੌਤ ਤੋਂ ਪਹਿਲਾਂ ਕੋਈ ਮਨੁੱਖੀ ਜੋਤ ਨਾ ਬੁਝੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)