“ਮੈਂ ਗਾਹਕਾਂ ਲਈ ਪਰੌਂਠੇ ਲਾਹ ਰਿਹਾ ਸਾਂ ਤਾਂ ਦੋ ਬੀਬੀਆਂ, ਮਾਂ ਧੀ ਮੇਰੇ ਵੱਲ ...”
(25 ਜਨਵਰੀ 2025)
ਮੈਂ ਆਪਣੇ ਦੋਸਤ ਕੋਲ ਜਾ ਕੇ ਅਜੇ ਬੈਠਿਆ ਹੀ ਸੀ ਕਿ ਜੇਬ ਵਿੱਚੋਂ ਮੁਬਾਈਲ ਨਾ ਮਿਲਿਆ। ਸਰਦੀ ਕਾਰਨ ਕਈ ਕੱਪੜੇ ਮਹਿਨੇ ਹੋਏ ਸਨ, ਸਾਰਿਆਂ ਦੀਆਂ ਜੇਬਾਂ ਫਰੋਲੀਆਂ। ਫ਼ਿਕਰ ਵਧ ਗਿਆ। ਗੱਲ ਕੇਵਲ ਯੰਤਰ ਦੀ ਨਹੀਂ ਸੀ, ਬੰਦੇ ਦੀ ਸਾਰੀ ਦੁਨੀਆਂ ਤਾਂ ਇਸ ਵਿੱਚ ਸਿਮਟੀ ਹੁੰਦੀ ਹੈ। ਮੈਂ ਕਿਹਾ, “ਘਰ ਜਾ ਕੇ ਆਉਨਾ।”
“ਚਾਹ ਆ ਗਈ, ਪੀ ਕੇ ਹੀ ਜਾਇਓ, ਫ਼ਿਕਰ ਨਾ ਕਰੋ, ਲੱਭ ਜਾਵੇਗਾ।” ਜਦੋਂ ਦੋਸਤ ਨੇ ਇਹ ਗੱਲ ਕਹੀ ਤਾਂ ਯਾਦ ਆਇਆ ਕਿ ਘਰ ਵੀ ਨਹੀਂ ਹੋ ਸਕਦਾ, ਕਿਉਂਕਿ ਰਸਤੇ ਵਿੱਚ ਤਾਂ ਮੈਂ ਇੱਕ ਤਸਵੀਰ ਖਿੱਚੀ ਸੀ। ਸੀਸ਼ੇ ਵਿੱਚੋਂ ਗੱਡੀ ਅੰਦਰ ਝਾਤੀ ਮਾਰੀ, ਮੁਬਾਈਲ ਨਾ ਦਿਸਿਆ। ਜਦੋਂ ਮੈਂ ਡਰਾਈਵਰ ਵਾਲੀ ਤਾਕੀ ਖੋਲ੍ਹਣ ਲੱਗਾ ਤਾਂ ਇੱਕ ਮਾਸੂਮ ਬੱਚੀ ਹੱਥ ਵਿੱਚ ਮੇਰਾ ਮੁਬਾਈਲ ਲੈ ਕੇ ਮੈਨੂੰ ਵਿਖਾਉਂਦਿਆਂ ਪੁੱਛਦੀ ਲੱਗੀ, “ਇਹ ਤੁਹਾਡਾ ਹੈ ਅੰਕਲ?”
ਮੈਂ ਕੁੜੀ ਨੂੰ ਕਲਾਵੇ ਵਿੱਚ ਲੈ ਲਿਆ ਤੇ ਪੁੱਛਿਆ, “ਬੇਟੀ, ਕਿੱਥੋਂ ਮਿਲਿਆ ਹੈ ਇਹ?”
“ਅੰਕਲ ਜੀ, ਗੱਡੀ ਦੇ ਹੇਠਾਂ ਡਿਗਿਆ ਪਿਆ ਸੀ। ਮੈਂ ਵੇਖਦੀ ਪਈ ਸੀ, ਕੋਈ ਅੰਕਲ ਇਸ ਨੂੰ ਚਲਾਏਗਾ, ਤਾਂ ਮੈਂ ਉਸ ਨੂੰ ਪੁੱਛਕੇ ਦੇ ਦੇਵਾਂਗੀ।” ਉਸਨੇ ਕਿਹਾ।
ਮੇਰਾ ਦੋਸਤ ਅਖਬਾਰ ਦਾ ਪ੍ਰਤੀਨਿਧ ਹੈ, ਮੈਂ ਕੁੜੀ ਨੂੰ ਬਾਹੋਂ ਫੜ ਕੇ ਉਸ ਕੋਲ ਲੈ ਗਿਆ ਤੇ ਕਿਹਾ, “ਫੋਟੋ ਖਿੱਚੋ ਜੀ, ਇਸ ਨਿਰਛਲ ਉਮਰ ਨੇ ਇੱਕ ਖ਼ਬਰ ਬਣਾਈ ਹੈ।”
“ਬੇਟੀ, ਤੂੰ ਇਹ ਕੀ ਸੋਚ ਕੇ ਵਾਪਸ ਕੀਤਾ ਹੈ?" ਮੈਂ ਕੁੜੀ ਨੂੰ ਪੁੱਛਿਆ।
“ਮਾਂ ਨੇ ਸਿਖਾਇਐ, ਕਿਸੇ ਦੀ ਕੋਈ ਚੀਜ਼ ਚੁਰਾਣੀ ਨਹੀਂ।”
“ਆਹ ਲੈ ਤੇਰੀ ਇਮਾਨਦਾਰੀ ਦਾ ਇਨਾਮ ...।” ਕਹਿੰਦਿਆਂ ਮੈਂ 100 ਰੁਪਇਆ ਉਸਦੇ ਹੱਥ ’ਤੇ ਧਰ ਦਿੱਤਾ। ਉਹ ਨਾਂਹ ਕਰਦੀ ਰਹੀ ਪਰ ਮੈਂ ਪੈਸੇ ਉਸਦੀ ਮੁੱਠੀ ਵਿੱਚ ਘੁੱਟ ਦਿੱਤੇ। ਸ਼ਾਬਾਸ਼ ਦੇ ਨਾਲ ਨਾਲ ਉਸ ਨੂੰ ਵੀ ਪਿਆਰ ਵੀ ਦਿੱਤਾ। ਭੀੜ ਵਿੱਚ ਅਲੋਪ ਹੋ ਰਹੀ ਇਸ ਦਿਨ ਦੀ ਇਸ ਨਿੱਕੀ ਨਾਇਕਾ ਨੂੰ ਮੈਂ ਕਿੰਨੀ ਦੇਰ ਹਸਰਤ ਨਾਲ ਤੱਕਦਾ ਰਿਹਾ।
ਗੱਲ ਇੱਥੇ ਮੁੱਕਦੀ ਨਹੀਂ, ਅੱਗੇ ਤੁਰਦੀ ਹੈ। ਉੱਪਰ ਜ਼ਿਕਰ ਕੀਤਾ ਹੈ ਕਿ ਰਸਤੇ ਵਿੱਚ ਮੈਂ ਇੱਕ ਤਸਵੀਰ ਖਿੱਚੀ ਸੀ। ਇਹ ਤਸਵੀਰ ਉਸ ਦਿਨ ਮੈਂ ਲੋਕਾਂ ਨੂੰ ਪਰੌਠਿਆਂ ਦੀ ਰੇਹੜੀ ਲਾ ਕੇ ਨਾਸ਼ਤਾ ਕਰਾਉਣ ਵਾਲੇ ਇੱਕ ਨੌਜਵਾਨ ਦੀ ਖਿੱਚੀ ਸੀ। ਇਸ ਪਿੱਛੇ ਕਹਾਣੀ ਇਹ ਹੈ ਕਿ ਭਾਵੇਂ ਮੇਰੀ ਜੀਵਨ-ਸਾਥਣ ‘ਗੁਰਪ੍ਰੀਤ ਭੰਗੂ’ ਦਾ ਅਦਾਕਾਰਾ ਵਜੋਂ ਪੰਜਾਬੀ ਫਿਲਮਾਂ ਵਿੱਚ ਕਾਫ਼ੀ ਨਾਂ ਹੈ ਪਰ ਘਰ ਹੋਣ ਸਮੇਂ ਉਹ ਘਰ ਦੇ ਦੁਆਲੇ ਦੀਆਂ ਗਲੀਆਂ ਸਾਫ਼ ਕਰਨ ਲਈ ਬਹੁਕਰ ਚੁੱਕ ਲੈਂਦੀ ਹੈ। ਇੱਕ ਦਿਨ ਗਲੀ ਸੰਬਰਦਿਆਂ ਆਪਣੇ ਟਿਕਾਣੇ ਵੱਲ ਰੇਹੜੀ ਲੈ ਕੇ ਜਾ ਰਿਹਾ ਇਕ ਨੌਜਵਾਨ ਉਸਨੇ ਇਸ ਲਈ ਰੋਕ ਲਿਆ ਕਿਉਂਕਿ ਉਸਨੇ ਆਪਣੀ ਰੇਹੜੀ ਉੱਤੇ ਮੋਟੇ ਅੱਖਰਾਂ ਨਾਲ ਲਿਖਕੇ ਲਾ ਦਿੱਤਾ ਹੋਇਆ ਸੀ, “ਕੋਈ ਭੁੱਖਾ ਗਰੀਬ ਬੰਦਾ, ਇੱਥੋਂ ਮੁਫ਼ਤ ਭੋਜਨ ਖਾ ਸਕਦਾ ਹੈ।”
ਮੇਰੀ ਜੀਵਨ-ਸਾਥਣ ਨੇ ਇਸ ਨੌਜਵਾਨ ਤੋਂ ਜੋ ਸੁਣਿਆ ਸੀ, ਉਸ ਤੋਂ ਉਹ ਕਾਫ਼ੀ ਪ੍ਰਭਾਵਤ ਹੋ ਗਈ ਸੀ। ਅਗਲੇ ਦਿਨ ਮੈਨੂੰ ਕੁਝ ਪੈਸੇ ਦਿੰਦਿਆਂ ਉਹ ਬੋਲੀ, “ਉਸ ਮੋੜ ’ਤੇ ਜਿਹੜਾ ਭਾਈ ਪਰੌਂਠੇ ਬਣਾਉਂਦਾ ਹੈ, ਉਸ ਨੂੰ ਦੇ ਦੇਣਾ। ਆਪਣੇ ਵੱਲੋਂ ਲੋੜਵੰਦਾਂ ਲਈ ਭੋਜਨ ਦੀ ਸੇਵਾ ਹੈ ਇਹ।”
ਪੈਸੇ ਦੇਣ ਸਮੇਂ ਜਦੋਂ ਮੈਂ ਉਸ ਨੌਜਵਾਨ ਨਾਲ ਵਾਰਤਾਲਾਪ ਵਿੱਚ ਪਿਆ ਤਾਂ ਉਸਨੇ ਦੱਸਿਆ ਕਿ ਉਹ ਲੰਮਾ ਸਮਾਂ ਕਿਸੇ ਹੋਟਲ ’ਤੇ ਕੰਮ ਕਰਦਾ ਰਿਹਾ ਸੀ ਪਰ ਹੁਣ ਉਸਨੇ ਇਹ ਆਪਣਾ ਹੀ ਕੰਮ ਕਰ ਲਿਆ ਹੈ। ਉਸ ਅਨੁਸਾਰ, ਉਸਦੀ ਮਾਂ ਕਾਫ਼ੀ ਚਿਰ ਪਹਿਲਾਂ ਤੋਂ ਮਰ ਚੁੱਕੀ ਹੈ, ਪਰ ਬਜ਼ੁਰਗ ਨਾਨੀ ਉਸ ਕੋਲ ਰਹਿੰਦੀ ਹੈ, ਜਿਸਦੀ ਉਹ ਸੇਵਾ-ਸੰਭਾਲ ਵੀ ਕਰਦਾ ਹੈ ਅਤੇ ਉਸਦਾ ਪੁੱਜ ਕੇ ਸਤਿਕਾਰ ਵੀ। ਉਹ ਨੌਜਵਾਨ ਦੱਸਣ ਲੱਗਾ, “ਇੱਕ ਦਿਨ ਹੋਇਆ ਇਹ ਕਿ ਜਦੋਂ ਮੈਂ ਗਾਹਕਾਂ ਲਈ ਪਰੌਂਠੇ ਲਾਹ ਰਿਹਾ ਸਾਂ ਤਾਂ ਦੋ ਬੀਬੀਆਂ, ਮਾਂ ਧੀ ਮੇਰੇ ਵੱਲ ਤੱਕਦੀਆਂ ਰਹੀਆਂ ਸਨ। ਜਦੋਂ ਕੋਈ ਗਾਹਕ ਨਾ ਰਿਹਾ, ਉਹ ਮੇਰੇ ਕੋਲ ਆ ਕੇ ਕਹਿਣ ਲੱਗੀਆਂ, “ਵੇ ਵੀਰ, ਮੇਰਾ ਮੁੰਡਾ ਹਸਪਤਾਲ ਵਿੱਚ ਦਾਖ਼ਲ ਹੈ, ਉਸ ਨੂੰ ਵੀ ਤੇ ਸਾਨੂੰ ਵੀ ਭੁੱਖ ਬੜੀ ਲੱਗੀ ਹੈ, ਪੰਜ ਪਰੌਂਠੇ ਚਾਹੀਦੇ ਹਨ। ਤੇਰਾ ਪਰੌਂਠਾ 20 ਰੁਪਏ ਦਾ ਹੈ ਪਰ ਸਾਡੇ ਕੋਲ ਸਿਰਫ 50 ਰੁਪਏ ਹੀ ਹਨ।”
“ਮੈਂ ਉਨ੍ਹਾਂ ਨੂੰ 6 ਪਰੌਂਠੇ ਬਣਾਕੇ ਦੇ ਦਿੱਤੇ, 50 ਰੁਪਏ ਵੀ ਨਹੀਂ ਲਏ। ਮੇਰੀਆਂ ਅੱਖਾਂ ਵਿੱਚੋਂ ਆਪ-ਮੁਹਾਰੇ ਹੰਝੂ ਵਗਣ ਲੱਗ ਪਏ। ਮੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਅਹਿਸਾਸ ਹੋਇਆ, ਜਿਵੇਂ ਮੈਂ ਜੀਅ ਭਰਕੇ ਜੀਅ ਲਿਆ ਹੋਵੇ। ... ਮੈਂ ਇਹ ਵਾਰਤਾ ਆਪਣੀ ਨਾਨੀ ਨਾਲ ਸਾਂਝੀ ਕੀਤੀ। ਨਾਨੀ ਨੇ ਸ਼ਾਬਾਸ਼ ਦਿੰਦਿਆਂ ਕਿਹਾ- ਪੁੱਤਰ ਕੋਈ ਫ਼ਰਕ ਨੀ ਪੈਣ ਲੱਗਾ, ਆਪਣਾ 2 ਕਿਲੋ ਆਟਾ ਈ ਲੱਗ ਜਾਇਆ ਕਰੂ, ਗਰੀਬ ਗੁਰਬੇ ਨੂੰ ਮੁਫ਼ਤ ਭੋਜਨ ਛਕਾ ਦਿਆ ਕਰ, ਇਸ ਤੋਂ ਵੱਡਾ ਪੁੰਨ ਕੋਈ ਨੀ ਹੁੰਦਾ। ... ਬੱਸ ਸਰ ਜੀ, ਉਸ ਦਿਨ ਤੋਂ ਮੈਂ ਰੇਹੜੀ ਦੇ ਦੋਵੇਂ ਪਾਸੇ ਇਹ ਲਿਖ ਕੇ ਲਾ ਦਿੱਤਾ ਹੈ ...।”
ਉਸ ਨੌਜਵਾਨ ਦੀ ਇਸ ਕਰਨੀ ਅੱਗੇ ਮੇਰਾ ਸਿਰ ਖੁਦ-ਬਖੁਦ ਝੁਕ ਗਿਆ। ਹੁਣ ਜਦੋਂ ਵੀ ਮੈਂ ਉਸ ਰੇਹੜੀ ਅੱਗਿਉਂ ਲੰਘਦਾ ਹਾਂ, ਸਿੱਜਦਾ ਤਾਂ ਮਨ ਵਿੱਚ ਉੱਭਰਦਾ ਹੀ ਹੈ, ਨਾਲ ਦੀ ਨਾਲ ਇਹ ਖਿਆਲ ਵੀ ਮਨ ਵਿੱਚ ਆਉਂਦਾ ਹੈ ਕਿ ਮਾਨਵੀ ਪੱਖੋਂ ਕਾਰਪੋਰੇਟਾਂ ਦੇ 5, 7 ਸਿਤਾਰਾ ਹੋਟਲ ਤਾਂ ਇਸ ਰੇਹੜੀ ਦੇ ਗਿੱਟਿਆਂ ਤਕ ਵੀ ਨਹੀਂ ਪਹੁੰਚਦੇ।
ਮਿਲਦੀ ਜੁਲਦੀ ਕਹਾਣੀ ਇਕ ਹੋਰ ਹੈ। ਕੁਝ ਸਾਲ ਪਹਿਲਾਂ ਮੇਰੇ ਨਾਲ ਸੈਰ ਨੂੰ ਜਾ ਰਹੀਆਂ ਹੋਸਟਲ ਦੀਆਂ ਲੜਕੀਆਂ ਨੇ ਆਪਣੇ ਵਾਧੂ ਬਰਤਨ ਸ਼ਹਿਰ ਦੇ ਬਾਹਰ ਸਿਕਲੀਗਰਾਂ ਦੀਆਂ ਝੁੱਗੀਆਂ ਕੋਲ ਇਹ ਸੋਚ ਕੇ ਰੱਖ ਦਿੱਤੇ ਕਿ ਇਨ੍ਹਾਂ ਦੇ ਕੰਮ ਆ ਜਾਣਗੇ। ਵਾਪਸੀ ’ਤੇ ਝੁੱਗੀਆਂ ਵਿੱਚੋਂ ਇੱਕ ਬਜ਼ੁਰਗ ਸਾਡੇ ਅੱਗੇ ਆ ਖੜ੍ਹਿਆ। ਉਹ ਕਹਿਣ ਲੱਗਾ, “ਮੈਂ ਤੁਹਾਨੂੰ ਵੇਖ ਲਿਆ ਸੀ, ਥੈਲੇ ਵਿੱਚ ਪਾਏ ਭਾਂਡੇ ਵੀ ਵੇਖ ਲਏ ਸਨ। ਸਾਡੇ ਕੋਲ ਭਾਂਡੇ ਹੈਨ, ਤੁਸੀਂ ਇਹ ਲੈ ਜਾਓ, ਹੋਰ ਲੋੜਵੰਦਾਂ ਨੂੰ ਦੇ ਦੇਵਣੇ।”
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)