“ਅਸੀਂ ਖਾਸ ਤੌਰ ’ਤੇ ਇਹ ਵੀ ਨੋਟ ਕਰ ਸਕਦੇ ਹਾਂ ਕਿ ਕੇਂਦਰੀ ਹਕੂਮਤ ਵਿੱਚ ਇਸ ਸਮੇਂ ਬਲਾਤਕਾਰੀਆਂ ਦੀ ਪੁਸ਼ਤ-ਪਨਾਹੀ ...”
(31 ਅਗਸਤ 2024)
ਦੇਸ ਦੁਨੀਆਂ ਵਿੱਚ ਵਸਦੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ‘ਕੇਤੀਆ ਕਾਂਡ’ ਨਹੀਂ ਭੁੱਲਿਆ ਹੋਵੇਗਾ। ਇਹ ਅਣਹੋਣੀ ਇੱਕ ਵਿਦੇਸ਼ੀ ਨੌਜਵਾਨ ਲੜਕੀ ਨਾਲ ਚੰਡੀਗੜ੍ਹ ਵਿੱਚ 31 ਅਗਸਤ 1994 ਨੂੰ ਵਾਪਰੀ ਸੀ, ਜਦੋਂ ਉਸ ਸਮੇਂ ਦੇ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਨੇ ਆਪਣੇ ਸਾਥੀਆਂ ਨਾਲ ਸ਼ਰੇਆਮ ਇਸ ਲੜਕੀ ਨੂੰ ਉਧਾਲ ਲਿਆ ਸੀ। ਉਸ ਤੋਂ ਅੱਗੇ ਕੀ ਹੋਇਆ ਹੋਵੇਗਾ? ਵਿਆਖਿਆ ਦੀ ਲੋੜ ਨਹੀਂ। ਇਸ ਕੇਸ ਨਾਲ ਸੰਬੰਧਿਤ ਵਿਸਥਾਰ ਨੂੰ ਛੱਡਦਾ ਹਾਂ। ਜਿਸ ਘਟਨਾ ਉਪਰੰਤ ਸੰਵੇਦਨ ਲੋਕਾਂ ਦੀਆਂ ਮੂੰਹ ਵਿੱਚ ਉਂਗਲਾਂ ਪੈ ਗਈਆਂ ਸਨ, ਉਸੇ ਘਟਨਾ ਦੇ ਸੂਤਰਧਾਰ ਨੂੰ ਬਾਅਦ ਵਿੱਚ ਲੋਕਾਂ ਨੇ 2 ਵਾਰ ਵਿਧਾਇਕ ਚੁਣਿਆ ਹੈ। ਇਹ ਹੈਰਾਨ ਹੋਣ ਵਾਲੀ ਗੱਲ ਵੀ ਨਹੀਂ ਕਿਉਂਕਿ ਅਜੋਕੇ ਸਮਿਆਂ ਵਿੱਚ ਇਹ ਕਿਸੇ ਨੂੰ ਕੋਈ ਅਪਵਾਦ ਵੀ ਨਹੀਂ ਲੱਗ ਰਿਹਾ ਕਿਉਂਕਿ ਹਾਲ ਹੀ ਦੇ (2024 ਦੀਆਂ ਲੋਕ ਸਭਾ ਚੋਣਾਂ) ਚੋਣ-ਦੰਭ ਦੌਰਾਨ ਬਹੁਤੇ ਅਗਿਆਨੀ, ਧਰਮਾਂ, ਫਿਰਕਿਆਂ ਵਿੱਚ ਵੰਡੇ, ਲਾਲਚ ਅਤੇ ਨਸ਼ਾ ਲੈ ਕੇ ਵੋਟਾਂ ਪਾਉਣ ਵਾਲਿਆਂ ਕਰਕੇ ਭਾਰਤੀ ਵੋਟਰਾਂ ਨੇ 543 ਵਿੱਚੋਂ 251 ਅਪਰਾਧੀਆਂ ਨੂੰ ਲੋਕ-ਸਭਾ ਵਿੱਚ ਪਹੁੰਚਾ ਦਿੱਤਾ ਹੈ, ਜਿਨ੍ਹਾਂ ਵਿੱਚੋਂ 27 ਅਜਿਹੇ ਹਨ, ਜਿਨ੍ਹਾਂ ਨੂੰ ਵੱਖ ਵੱਖ ਅਦਾਲਤਾਂ ਨੇ ਸਜ਼ਾਵਾਂ ਵੀ ਦਿੱਤੀਆਂ ਹੋਈਆਂ ਹਨ।
ਗੱਲ ਤਾਂ ਇੱਕ ਪੀੜ ਦੀ ਵਰ੍ਹੇ-ਗੰਢ ਤੋਂ ਸ਼ੁਰੂ ਹੋਈ ਸੀ, ਇਸ ਪੀੜ ਦੀ ਲਗਾਤਾਰਤਾ ਹਾਲ ਹੀ ਵਿੱਚ ਕਲਕੱਤੇ ਦੀ ਮਹਿਲਾ ਡਾਕਟਰ ਨਾਲ ਹੋਏ ਦੁਸ਼ਕਰਮ ਅਤੇ ਉਸਦੀ ਤਸੀਹੇ ਭਰੀ ਮੌਤ ਤਕ ਹੈ। ਇਸ ਤੋਂ ਵੀ ਅੱਗੇ ਬਦਲਾਪੁਰ (ਮਹਾਰਾਸ਼ਟਰ) ਦੀਆਂ ਦੋ ਮਾਸੂਮ ਬਾਲੜੀਆਂ ਦੀ ਜਿਸਮਾਨੀ ਛੇੜਛਾੜ ਨਾਲ ਹੈ, ਜਿਨ੍ਹਾਂ ਦੇ ਜੀਵਨ ਨਾਲ, ਸਮੇਂ ਦੀ ਕਾਲਖ਼ ਚਿਪਕਾ ਦਿੱਤੀ ਗਈ ਹੈ। ਇਹ ਤਾਂ ਉਹ ਘਟਨਾਵਾਂ ਹਨ, ਜਿਹੜੀਆਂ ਅਜਿਹੀਆਂ ਘਟਨਾਵਾਂ ਦੀ ਲੰਮੀ ਲੜੀ ਵਿੱਚ ਜੱਗ-ਜ਼ਾਹਿਰ ਹੋ ਗਈਆਂ ਹਨ।
ਵਿਗਿਆਨ ਅਨੁਸਾਰ ਲਗਭਗ 3.50 ਅਰਬ ਸਾਲ ਪਹਿਲਾਂ ਬ੍ਰਹਿਮੰਡ ਵਿੱਚ, ਮਹਾ-ਵਿਸਫੋਟ ਹੋਣ ਸਮੇਂ ਜਦੋਂ ਪਦਾਰਥ ਟੁਕੜੇ ਟੁਕੜੇ ਹੋਇਆ ਸੀ, ਤਾਂ ਕਿੰਨੀਆਂ ਹੀ ਗਲੈਕਸੀਆਂ, ਗ੍ਰਹਿ, ਉਪ ਗ੍ਰਹਿ ਹੋਂਦ ਵਿੱਚ ਆਏ ਸਨ। ਅਸੀਂ ਜਿਸ ਗਲੈਕਸੀ ਦੇ ਪਰਿਵਾਰ ਵਿੱਚੋਂ ਹਾਂ, ਉਸ ਵਿੱਚ ਸੂਰਜ ਤੋਂ ਦੂਰੀ ’ਤੇ ਹੋਣ ਕਾਰਨ, ਕਰੋੜਾਂ ਵਰ੍ਹਿਆਂ ਵਿੱਚ ਧਰਤੀ ਠੰਢੀ ਹੁੰਦੀ ਗਈ। ਇਸ ’ਤੇ ਬਰਫ਼ਾਨੀ ਯੁਗ ਆਏ, ਬਾਅਦ ਵਿੱਚ ਜਿਨ੍ਹਾਂ ਨੇ ਵਿਸ਼ਾਲ-ਸਾਗਰਾਂ ਨੂੰ ਜਨਮ ਦਿੱਤਾ। ਸਾਗਰਾਂ ਦੇ ਕੰਢਿਆਂ ’ਤੇ ਹੀ ਪਣਪੇ ਇੱਕ ਸੈਲੀ ਜੀਵ ਨੇ ਅਗਲੇ ਕਰੋੜਾਂ ਵਰ੍ਹਿਆਂ ਵਿੱਚ ਮੌਜੂਦਾ ਜਨ-ਜੀਵਨ ਅਤੇ ਪ੍ਰਕਿਰਤੀ ਦਾ ਮੁੱਢ ਬੰਨ੍ਹਿਆ। ਵਿਕਾਸ ਦਾ ਇਹੋ ਸਹਿਜ ਲੱਖਾਂ ਕਿਸਮ ਦੀ ਬਨਸਪਤੀ ਅਤੇ ਲੱਖਾਂ ਕਿਸਮ ਦੇ ਜੀਵ ਜੰਤੂਆਂ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ।
ਵਿਗਿਆਨ ਅਨੁਸਾਰ ਹੀ ਲੱਖਾਂ ਵਰ੍ਹੇ ਪਹਿਲਾਂ ਅਫ਼ਰੀਕਾ ਦੀ ਰਿਫਟ-ਘਾਟੀ ਵਿੱਚ ਬਾਂਦਰਾਂ ਦੀ ਇੱਕ ਕਿਸਮ ਮਨੁੱਖ ਵਜੋਂ ਵਿਕਸਿਤ ਹੋਣੀ ਸ਼ੁਰੂ ਹੋਈ। ਅਗਲਾ ਸਹਿਜ-ਵਿਕਾਸ ਫਿਰ ਲੱਖਾਂ ਵਰ੍ਹਿਆਂ ਦਾ ਹੈ। ਅਤੇ ਇਸਦਾ ਮੌਜੂਦਾ ਸਰੂਪ, ਸਾਡੇ ਰੂਪ ਵਿੱਚ ਹੈ, ਮਨੁੱਖੀ-ਸਮੂਹ ਦੇ ਰੂਪ ਵਿੱਚ ਹੈ।
19ਵੀਂ ਸਦੀ ਦੇ ਅੱਧ ਵਿੱਚ ‘ਕਾਰਲ ਮਾਰਕਸ’ ਨਾਂ ਦਾ ਦਾਨਸ਼ਵਰ ਇੱਕ ਸਿਧਾਂਤ ਸਿਰਜਦਾ ਹੈ ਕਿ ਇਸ ਧਰਤੀ ’ਤੇ ਕੁਦਰਤ ਦਾ ਵਰੋਸਾਇਆ ਮਨੁੱਖ ਕੋਈ ਆਮ-ਪ੍ਰਾਣੀ ਨਹੀਂ ਹੈ, ਸਗੋਂ ਇਹ ਤਾਂ ਇਸ ਧਰਤੀ ’ਤੇ ਸਵਰਗ ਸਿਰਜਣ ਦੇ ਸਮਰੱਥ ਹੈ। ਇਸੇ ਸਿਧਾਂਤ ’ਤੇ ਚਲਦਿਆਂ ਫਿਰ ਰੂਸ ਅਤੇ ਚੀਨ ਵਿੱਚ ਤਰਥੱਲੀਆਂ ਉੱਭਰਦੀਆਂ ਹਨ ਅਤੇ ਇਹ ਦੇਸ ਕਰਾਂਤੀ ਨਾਲ ਨਿਵਾਜੇ ਜਾਂਦੇ ਹਨ। ਜਿੰਨਾ ਸਮਾਂ ਵੀ ਇਨ੍ਹਾਂ ਦੇਸ਼ਾਂ ਵਿੱਚ ਕਰਾਂਤੀ ਦਾ ਦੌਰ ਰਹਿੰਦਾ ਹੈ, ਸਮਾਜ ਸਰੀਰਕ, ਪਦਾਰਥਕ ਅਤੇ ਮਾਨਸਿਕ ਪੱਖੋਂ ਵਿਕਾਸ ਕਰਦੇ ਹਨ। ਇਹ ਉਹ ਸਮਾਂ ਸੀ, ਜਿਸਨੇ ਕਾਰਲ ਮਾਰਕਸ ਦੇ ਸਿਧਾਂਤ ’ਤੇ ਮੋਹਰ ਲਾਈ ਸੀ ਕਿ ਜੇਕਰ ਵਿਅਕਤੀਗਤ ਅਤੇ ਸਮੂਹਕ ਤੌਰ ’ਤੇ ਮਨੁੱਖੀ-ਗੁਣ ਅਪਣਾਏ ਜਾਣ ਤਾਂ ਸਮਾਜਿਕ ਸਿਰਜਣਾ, ਕਲਪਿਤ ਸਵਰਗ ਜਿਹੀ ਹੀ ਹੁੰਦੀ ਹੈ।
ਪਰ ਇਸਦੇ ਉਲਟ ਵਿਸ਼ਵ-ਵਿਆਪੀ ਵਿਵਸਥਾਵਾਂ ਨੇ ਮਨੁੱਖਤਾ ਨੂੰ ਗੋਡਿਆਂ ਪਰਨੇ ਕਰ ਛੱਡਿਆ ਹੈ। ਅਜਿਹਾ ਹੋਣ ਨਾਲ ਮਨੁੱਖੀ-ਸਮੂਹ ਵਿੱਚ ਮਨੁੱਖ ਹੀ ਮਨੁੱਖ ਤਾਂ ਦਿਸਦੇ ਹਨ, ਪਰ ਮਨੁੱਖੀ ਸਿਰਾਂ ਨਾਲ ਸਮਝ ਨੂੰ ਨੱਥੀ ਕਰਨ ਦੇ ਮੌਕੇ ਅਤੇ ਮਾਹੌਲ ਨਹੀਂ ਦਿੱਤਾ ਗਿਆ। ਇਹੋ ਹੀ ਕਾਰਨ ਹੈ ਕਿ ਮਨੁੱਖੀ-ਸਮੂਹ ਵਿੱਚ ਛੋਟੇ, ਵੱਡੇ ਖ਼ਲਨਾਇਕਾਂ ਦੀ (ਕੰਡੀਲੇ-ਥੋਹਰਾਂ ਦੀ) ਫ਼ਸਲ ਉੱਗ ਆਈ ਹੈ, ਜਿਹੜੀ ਧਰਤੀ ਦੇ ਲੋਕਾਂ ਦਾ, ਧਰਤੀ ਅਤੇ ਪ੍ਰਕਿਰਤੀ ਦਾ ਪਿੰਡਾਂ ਉਚੇੜ ਰਹੀ ਹੈ। ਅਜਿਹਾ ਹੋਣ ਕਰਕੇ ਇਸ ਧਰਤੀ ’ਤੇ ਸਵਰਗ ਸਿਰਜਣ ਵਾਲਾ ਮਨੁੱਖ ਆਪਣਾ ਰੁਤਬਾ ਅਤੇ ਸਵੈ-ਮਾਣ ਗੁਆ ਬੈਠਾ ਹੈ।
ਹੁਣ ਜਦੋਂ ਮਨੁੱਖ ਨੂੰ ਮਨੁੱਖ ਹੀ ਨਹੀਂ ਰਹਿਣ ਦਿੱਤਾ ਤਾਂ ਖੁਰਾਫਤਾਂ ’ਤੇ ਉੱਤਰਿਆ ਮਨੁੱਖ ਖੁਰਾਫਤਾਂ ਦਾ ਵੀ ਸਿਰਾ ਹੀ ਲਾ ਰਿਹਾ ਹੈ। ਬੜੀ ਵਾਰ ਅਖ਼ਬਾਰੀ ਸੁਰਖੀਆਂ ਚੋਈਆਂ ਹਨ, ਅਜਿਹਾ ਵੀ ਵਾਪਰ ਰਿਹਾ ਹੈ, ਜੋ ਸੱਭਿਅਕ ਸਮਾਜ ਵਿੱਚ ਲਿਖਿਆ ਜਾਣਾ ਵੀ ਔਖਾ ਹੈ ਅਤੇ ਕਹਿਣਾ, ਸੁਣਨਾ ਵੀ ਔਖਾ ਹੈ।
ਔਰਤਾਂ ਵਿਰੁੱਧ ਅੱਤਿਆਚਾਰਾਂ ਦਾ ਵਰਤਾਰਾ ਵਿਸ਼ਵ-ਵਿਆਪੀ ਹੈ। ਰਿਪੋਰਟਾਂ ਅਨੁਸਾਰ ਸਾਡੇ ਦੇਸ ਵਿੱਚ ਹਰ ਰੋਜ਼, ਹਰ ਉਮਰ ਵਰਗ ਦੀਆਂ ਔਰਤਾਂ ਨਾਲ 100 ਦੇ ਕਰੀਬ ਦੁਸ਼ਕਰਮ ਹੁੰਦੇ ਹਨ। ਔਰਤਾਂ ਦੀ ਅਸੁਰੱਖਿਆ ਦੇ ਮਾਮਲੇ ਵਿੱਚ ਦੁਨੀਆਂ ਦੇ 195 ਦੇਸਾਂ ਵਿੱਚੋਂ ਭਾਰਤ 6ਵੇਂ ਸਥਾਨ ’ਤੇ ਹੈ। ਇਹ ਇੱਕ ਡਰਾਉਣਾ ਪੱਖ ਹੈ। ਜਿੱਥੇ ਦੇਸ ਦੇ ਹੁਕਮਰਾਨ ਇੱਕ ਪਾਸੇ ਵਿਸ਼ਵ-ਗੁਰੂ ਬਣਨ ਦੀਆਂ ਡੀਂਗਾਂ ਮਾਰ ਰਹੇ ਹੋਣ, ਉੱਥੇ ਔਰਤਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਇਹ ਸਭ ਬੇਹੱਦ ਸ਼ਰਮਨਾਕ ਵਾਪਰ ਰਿਹਾ ਹੈ। ਰਿਪੋਰਟ ਹੁੰਦੇ ਅੰਕੜਿਆਂ ਅਨੁਸਾਰ ਦੁਰਾਚਾਰ ਦੇ ਕੇਸਾਂ ਦੀ ਗਿਣਤੀ ਪ੍ਰਤੀ ਸਾਲ ਲਗਭਗ 34000 ਹੈ। ਇਸ ਅਨੁਸਾਰ ਸਾਡੇ ਦੇਸ ਵਿੱਚ ਪ੍ਰਤੀ ਦਿਨ 90 ਦੇ ਲਗਭਗ ਔਰਤਾਂ (ਹਰ 20 ਮਿੰਟ ਪਿੱਛੋਂ ਇੱਕ) ਇਸਦਾ ਸ਼ਿਕਾਰ ਹੋ ਰਹੀਆਂ ਹਨ। ਇਹ ਵੀ ਰਿਪੋਰਟ ਹੋਇਆ ਹੈ ਕਿ ਇਨ੍ਹਾਂ ਵਿੱਚੋਂ ਬਹੁਤੀਆਂ ਦੀ ਉਮਰ 18 ਤੋਂ 25 ਸਾਲ ਤਕ ਹੁੰਦੀ ਹੈ ਪਰ ਹਰ ਦਸਵਾਂ ਕੇਸ ਕੇਵਲ 14 ਸਾਲ ਦੀ ਲੜਕੀ ਨਾਲ ਸੰਬੰਧਿਤ ਹੁੰਦਾ ਹੈ।
ਸਾਡੇ ਦੇਸ ਵਿੱਚ ਦੁਰਾਚਾਰ ਦੇ ਮਹੱਤਵਪੂਰਨ ਕੇਸਾਂ ਵਿੱਚ ਹਾਥਰਸ, ਉਨਾਓ, ਦਿੱਲੀ, ਕਨੂੰਰ, ਕਠੂਆ ਆਦਿ ਆਦਿ ਕੇਸਾਂ ਦੀ ਲੰਮੀ ਲੜੀ ਹੈ। ਇਹ ਵੀ ਵਰਨਣਯੋਗ ਹੈ ਕਿ ਸਾਡੇ ਦੇਸ ਵਿੱਚ ਬਾਲੜੀਆਂ ਤੋਂ ਲੈ ਕੇ ਬਜ਼ੁਰਗ-ਔਰਤਾਂ ਤਕ ਵੀ ਇਸ ਪੱਖੋਂ ਸੁਰੱਖਿਅਤ ਨਹੀਂ। ਆਮ ਤੌਰ ’ਤੇ ਜਦੋਂ ਅਜਿਹੇ ਕਾਂਡ ਵਾਪਰਦੇ ਹਨ ਤਾਂ ਰੋਸ ਵਿੱਚ ਜਨ-ਸੈਲਾਬ ਉੱਭਰਦਾ ਹੈ ਅਤੇ ਦੋਸ਼ੀਆਂ ਨੂੰ ਫਾਹੇ ਲਾਉਣ ਦੀ ਮੰਗ ਕੀਤੀ ਜਾਂਦੀ ਹੈ। ਬਿਨਾਂ ਸ਼ੱਕ ਸਾਡਾ ਕਾਨੂੰਨ ਔਰਤ-ਵਰਗ ਵਿਰੁੱਧ ਹੁੰਦੇ ਅਪਰਾਧਾਂ ਨੂੰ ਧਾਰਾਵਾਂ ਨਾਲ ਜੋੜਦਾ ਹੈ, ਜਿਸ ਵਿੱਚ ਜ਼ੁਰਮਾਨੇ, ਕੈਦਾਂ ਤੋਂ ਲੈ ਕੇ ਫ਼ਾਸੀਆਂ ਤਕ ਦੀ ਸਜ਼ਾ ਹੈ। ਇਹ ਸਜ਼ਾ ਦਿੱਤੀ ਵੀ ਜਾ ਰਹੀ ਹੈ … ਪਰ ਇਸਦੇ ਬਾਵਜੂਦ ਘਟਨਾਵਾਂ ਨਹੀਂ ਰੁਕ ਰਹੀਆਂ। ਕਾਰਨ ਹੈ ਅਨਪੜ੍ਹਤਾ, ਅਗਿਆਨਤਾ, ਅਪਰਾਧੀ ਬਿਰਤੀਆਂ ਪੈਦਾ ਕਰਨ ਵਾਲਾ ਮਾਹੌਲ ਆਦਿ।
ਅਸੀਂ ਖਾਸ ਤੌਰ ’ਤੇ ਇਹ ਵੀ ਨੋਟ ਕਰ ਸਕਦੇ ਹਾਂ ਕਿ ਕੇਂਦਰੀ ਹਕੂਮਤ ਵਿੱਚ ਇਸ ਸਮੇਂ ਬਲਾਤਕਾਰੀਆਂ ਦੀ ਪੁਸ਼ਤ-ਪਨਾਹੀ ਕਰਨ ਵਾਲੇ ਹੁਕਮਰਾਨ ਹਨ। ਦੋਸ਼ੀਆਂ ਨਾਲ ਸਮੇਂ ਸਮੇਂ ’ਤੇ ਇਨ੍ਹਾਂ ਦੀਆਂ ਹਮਦਰਦੀਆਂ ਨੋਟ ਹੁੰਦੀਆਂ ਆਈਆਂ ਹਨ … ਪਰ ਇਨ੍ਹਾਂ ਦਾ ਸਭ ਤੋਂ ਵੱਡਾ ਬੇਸ਼ਰਮੀ ਭਰਿਆ ਕਾਰਾ ‘ਬਿਲਕਿਸ ਬਾਨੋ ਨਾਲ ਕੀਤੇ ਸਮੂਹਿਕ-ਦੁਸ਼ਕਰਮ ਅਤੇ ਉਸਦੇ ਪਰਿਵਾਰਕ ਜੀਆਂ ਦੀ ਹੱਤਿਆ’ ਵਾਲੇ ਕੇਸ ਵਿੱਚ 11 ਹਤਿਆਰਿਆਂ ਨੂੰ ਸਜ਼ਾ ਮੁਆਫ ਕਰਕੇ ਜੇਲ੍ਹ ਵਿੱਚੋਂ ਛੁਡਾਉਣਾ ਸੀ।
ਅਜਿਹਾ ਹੋਣ ਨਾਲ ਦੁਰਾਚਾਰੀ-ਬਿਰਤੀਆਂ ਨੂੰ ਕੁਕਰਮ ਕਰਨ ਲਈ ਹੌਸਲਾ ਮਿਲਦਾ ਹੈ। ਇਸ ਤੋਂ ਇਲਾਵਾ ਕਿੰਨੀਆਂ ਹੀ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ਵਿੱਚ ਔਰਤ ਪ੍ਰਤੀ ‘ਹੀਰੋਆਂ’ ਦੇ ਸ਼ਬਦ ਔਰਤਾਂ ਨੂੰ ਵਸਤੂ ਬਣਾ ਕੇ ਪੇਸ਼ ਕਰਦੇ ਹਨ। ਇਸ ਮਾਮਲੇ ਵਿੱਚ ਕਾਮ-ਉਕਸਾਊ ਗਾਇਕੀ, ਪੁਲਿਸ ਅਤੇ ਅਦਾਲਤਾਂ ਦੀ ਧੀਮੀ ਪ੍ਰਕਿਰਿਆ ਆਦਿ ਕਾਰਨ ਵੀ ਔਰਤਾਂ ਵਿਰੁੱਧ ਅਪਰਾਧਾਂ ਨੂੰ ਬਲ ਮਿਲਦਾ ਹੈ।
ਸਵਾਲ ਪੈਦਾ ਹੁੰਦਾ ਹੈ, ਇਸ ਹਾਲਤ ਵਿੱਚ ਕੋਈ ਕੀ ਕਰੇ? … ਬੱਸ ਇਹੋ ਹੀ ਕਿ ਛੋਟੀਆਂ ਬਾਲੜੀਆਂ ਨੂੰ ਪਰਿਵਾਰਾਂ ਵਿੱਚ ਅਤੇ ਸਿੱਖਿਆ-ਸੰਸਥਾਵਾਂ ਵਿੱਚ, ਅੱਖਾਂ ਤੋਂ ਓਝਲ ਨਾ ਕੀਤਾ ਜਾਵੇ। ਵੱਡੀ ਉਮਰ ਦੀਆਂ ਲੜਕੀਆਂ ਅਤੇ ਔਰਤਾਂ ਘਰ ਤੋਂ ਬਾਹਰ ਨਿਕਲਣ ਸਮੇਂ ਬਹੁਤ ਬਹੁਤ ਖਿਆਲ ਰੱਖਣ ਅਤੇ ਹਮੇਸ਼ਾ ਯਾਦ ਰੱਖਣ ਕਿ ਦੇਹਲੀ ਤੋਂ ਬਾਹਰ ਦੈਂਤਾਂ ਦਾ ਪਹਿਰਾ ਹੈ, ਅਸੀਂ ਇਨ੍ਹਾਂ ਦਾ ਖਾਜਾ ਨਹੀਂ ਬਣਨਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5261)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.