“ਹਰ ਹਫਤੇ ਉਹ ਪੀ ਜੀ ਆਈ ਜਾਂਦੀ, ਡਾਕਟਰਾਂ ਅਨੁਸਾਰ ਆਪਣੀ ਸਿਹਤ ...”
(8 ਫਰਵਰੀ 2025)
“ਉਹ ਤੰਦਰੁਸਤ ਰਹੇ ਅਤੇ ਵਧੀਆ ਜੀਵਨ ਜੀਵੇ ...“ ਮੇਰੀ ਉਸਦੇ ਲਈ ਇਹ ਕਾਮਨਾ ਹਮੇਸ਼ਾ ਰਹਿੰਦੀ ਹੈ। ਹੁਣ ਤਕ ਉਸਨੇ 90 ਫੀਸਦੀ ਅੰਕਾਂ ਨਾਲ ਗਣਿਤ ਦੀ ਮਾਸਟਰ ਡਿਗਰੀ ਲੈਣ ਉਪਰੰਤ, ਬੀ ਐੱਡ ਅਤੇ ਸੀ ਟੈੱਟ ਦੀਆਂ ਡਿਗਰੀਆਂ ਕਰਕੇ ਅਧਿਆਪਨ-ਯੋਗਤਾ ਵੀ ਹਾਸਲ ਕਰ ਲਈ ਹੈ। ਉਸਨੇ ਸਾਡੀ ਸਿੱਖਿਆ-ਸੰਸਥਾ ਤੋਂ +2 (ਨਾਨ-ਮੈਡੀਕਲ) ਵਿੱਚੋਂ 84 ਫੀਸਦੀ ਲਏੇ ਸਨ। ਫਿਰ ਮੈਂ ਉਸ ਨੂੰ ਇਲਾਕੇ ਦੇ ਇੱਕ ਵਕਾਰੀ ਕਾਲਜ ਵਿੱਚ ਦਾਖ਼ਲ ਕਰਾ ਦਿੱਤਾ ਸੀ। ਇੱਕ ਹੱਦ ਤੋਂ ਬਾਅਦ, ਉਹ ਮੇਰੇ ’ਤੇ ਨਿਰਭਰ ਨਹੀਂ ਸੀ ਰਹੀ। ਉਸਨੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਾਲੇ ਕੁਝ ਸੰਗਠਨਾਂ ਨਾਲ ਸੰਪਰਕ ਬਣਾ ਕੇ ਆਪਣੇ ਖਰਚ-ਵਸੀਲੇ ਪੈਦਾ ਕਰ ਲਏ ਸਨ। ਉਸਨੇ 2020 ਵਿੱਚ 76 ਫੀਸਦੀ ਅੰਕ ਲੈ ਕੇ ਬੀ ਐੱਸਸੀ (ਨਾਨ-ਮੈਡੀਕਲ) ਕਰ ਲਈ ਸੀ। ਇੱਕ ਹੱਦ ’ਤੇ ਜਾ ਕੇ ਉਸਨੇ ਫੋਨ ਕੀਤਾ ਸੀ, “ਮੈਂ ਮਨਪ੍ਰੀਤ ਬੋਲਦੀ ਹਾਂ ਸਰ, ਇੱਕ ਖੁਸ਼ਖਬਰੀ ਦੇਣੀ ਸੀ … ਮੈਂ ਐੱਮ ਐੱਸਸੀ ਮੈਥਸ ਕਰ ਲਈ ਹੈ।”
“ਤੂੰ ਸਾਡਾ ਮਾਣ ਹੈਂ ਪੁੱਤਰੀਏ, ਕਦੇ ਵੀ ਅਸੀਂ ਤੇਰੇ ਕੰਮ ਆ ਸਕੀਏ, ਤਾਂ ਬੇਝਿਜਕ ਦੱਸੀਂ।” ਮੈਂ ਕਿਹਾ ਸੀ।
ਉਸ ਨੂੰ ਮੁਫਤ ਪੜ੍ਹਾਉਣ ਦੀ ਸਿਫ਼ਾਰਸ਼ ਉਸਦੇ ਪਿੰਡ ਪੜ੍ਹਾਉਂਦੀ ਰਹੀ ਮੇਰੀ ਭੈਣ ਜੀ ਨੇ ਕੀਤੀ ਸੀ, “ਵੀਰ ਜੀ, ਇੱਕ ਕੁੜੀ ਹੈ, ਲੋੜਵੰਦ ਪਰਿਵਾਰ ਦੀ, ਬਹੁਤ ਹੁਸ਼ਿਆਰ। ਇਸਦੀ ਵਿਚਾਰੀ ਦੀ ਵੱਡੀ ਭੈਣ ਵੀ ਹੁਸ਼ਿਆਰ ਸੀ, ਉਹ ਕਿਸੇ ਰੋਗ ਕਾਰਨ ਪੜ੍ਹਦਿਆਂ ਹੀ ਮਰ ਗਈ ਸੀ। ਵੀਰ ਜੀ, ਇਹਦੇ ਸਿਰ ’ਤੇ ਪਿਓ ਦਾ ਸਾਇਆ ਵੀ ਨਹੀਂ, ਮਿਹਨਤੀ ਮਾਂ ਇੱਕ ਮੱਝ ਦਾ ਥੋੜ੍ਹਾ ਦੁੱਧ ਵੇਚਕੇ ਘਰ ਦਾ ਖਰਚ ਚਲਾਉਂਦੀ ਹੈ। ਇਹ ਤਾਂ ਬਹੁਤ ਹੀ ਪੁੰਨ ਦਾ ਕੰਮ ਹੋਊਗਾ ਵੀਰ ਜੀ, ਇਸ ਸੇਵਾ ਵਿੱਚ ਮੈਂ ਵੀ ਤੁਹਾਡਾ ਹਿੱਸਾ ਬਣਾਂਗੀ।...”
ਇਹ ਸੁਣਦਿਆਂ ਮੇਰੀਆਂ ਅੱਖਾਂ ਭਰ ਆਈਆਂ ਸਨ। ਜ਼ਿਹਨ ਦੇ ਪਰਦੇ ’ਤੇ ਮਾਂ ਅਤੇ ਧੀ ਦੇ ਬਿੰਬ ਉੱਭਰ ਆਏ ਸਨ।
“ਬਿਲਕੁੱਲ ਭੈਣ ਜੀ … ਭੇਜ ਦਿਓ।” ਮੇਰਾ ਹੁੰਗਾਰਾ ਸੀ।
ਅਗਲੇ ਹੀ ਦਿਨ ਦਿੱਖ ਤੋਂ ਹੀ ਮਿਹਨਤ ਅਤੇ ਸਬਰ ਦਾ ਮੁਜੱਸਮਾ ਲਗਦੀ ਮਾਂ ਆਪਣੀ ਧੀ ਨੂੰ ਲੈ ਕੇ ਹਾਜ਼ਰ ਸੀ। ਅਪਰੈਲ 2010 ਵਿੱਚ ਛੇਵੀਂ ਵਿੱਚ ਦਾਖ਼ਲਾ ਲੈ ਕੇ ਕੁੜੀ ਨੇ ਸਾਰੇ ਅਧਿਆਪਕਾਂ ਵਿੱਚ ਅਤੇ ਸਕੂਲ ਦੀਆਂ ਅਸੈਂਬਲੀਆਂ ਵਿੱਚ ਖ਼ੁਦ ਲਿਖੀਆਂ ਲੰਮੀਆਂ ਕਵਿਤਾਵਾਂ ਜ਼ੁਬਾਨੀ ਸੁਣਾ ਕੇ ਆਪਣੀ ਥਾਂ ਬਣਾ ਲਈ ਸੀ। ਉਹ ਲਾਇਬਰੇਰੀ ਨਾਲ ਵੀ ਜੁੜੀ ਰਹੀ, ਖੇਡਾਂ ਦਾ ਵੀ ਹਿੱਸਾ ਬਣਦੀ ਰਹੀ ਅਤੇ ਹਰ ਕਲਾਸ ਵਿੱਚ 80 ਫੀਸਦੀ ਤੋਂ ਵੱਧ ਨੰਬਰ ਲੈਂਦੀ ਰਹੀ।
25 ਨਵੰਬਰ 2012 ਨੂੰ ਜਦੋਂ ਉਹ 8ਵੀਂ ਵਿੱਚ ਪੜ੍ਹਦੀ ਸੀ, ਮੈਂ ਸਹਿਜ-ਸੁਭਾ ਹੀ ਪ੍ਰਿੰਸੀਪਲ ਸਾਹਿਬ ਨੂੰ ਮਨਪ੍ਰੀਤ ਕੌਰ ਬਾਰੇ ਪੁੱਛ ਲਿਆ। ਮੈਨੂੰ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਗਿਆ, “ਮਨਪ੍ਰੀਤ ਸ਼ੂਗਰ-ਰੋਗ ਕਾਰਨ ਪੀ ਜੀ ਆਈ ਵਿੱਚ ਦਾਖ਼ਲ ਹੈ।”
ਜਦੋਂ ਮਨਪ੍ਰੀਤ ਘਰ ਵਾਪਸ ਪਰਤੀ, ਅਗਲੇ ਦਿਨ ਸਵੇਰੇ ਹੀ ਉਸ ਨੂੰ ਉਸਦੇ ਪਿੰਡ ਜਾ ਮਿਲਿਆ। ਪਤਾ ਲੱਗਾ ਤਾਂ ਮਨ ਬੇਹੱਦ ਮਾਯੂਸ ਹੋਇਆ ਸੀ, ਉਸਦੀ ਸ਼ੂਗਰ-ਗਰੰਥੀ (ਪੈੱਨਕਿਰਿਆਜ) ਨੇ ਕੰਮ ਕੰਮ ਛੱਡ ਦਿੱਤਾ ਸੀ। ਹੁਣ ਤੋਂ ਬਾਅਦ ਉਸ ਨੂੰ ਭਰ ਜ਼ਿੰਦਗੀ, ਹਰ ਰੋਜ਼ ਤਿੰਨ ਸਮੇਂ ਢਿੱਡ ਵਿੱਚ ਟੀਕੇ ਦੁਆਰਾ ਪਹੁੰਚਾਈ ਜਾਣ ਵਾਲੀ ਇਨਸੁਲਿਨ ਦੇ ਸਹਾਰੇ ਜਿਊਣਾ ਪੈਣਾ ਸੀ। ਘਰ ਦੀ ਹਾਲਤ ਵੇਖ ਕੇ ਮਨ ਵਿੱਚ ‘ਓ …ਹੋ, ਇਹ ਸਰੀਰਕ-ਪੀੜਾਂ ਵੀ ਗ਼ਰੀਬਾਂ ਦੇ ਹੀ ਹਿੱਸੇ ਆਉਂਦੀਆਂ ਹਨ’ ਉੱਭਰਿਆ। ਸਿੱਲ੍ਹਾ ਬਾਲਣ, ਧੂੰਆਂ ਹੀ ਧੂੰਆਂ, ਚੁੱਲ੍ਹੇ ’ਤੇ ਬਣਦੀ ਚਾਹ ਅਤੇ ਘਰ ਦੀਆਂ ਜਰਜਰੀਆਂ ਕੰਧਾਂ ਵੇਖਕੇ ਪ੍ਰੇਸ਼ਾਨ ਹੋਇਆ ਕਿ 21ਵੀਂ ਸਦੀ ਨੂੰ ਪਿੰਡਾਂ, ਬਸਤੀਆਂ ਵਿਚਲੇ ਅਜਿਹੇ ਪਰਿਵਾਰਾਂ ਦੇ ਸ਼ੀਸ਼ੇ ਵਿੱਚੋਂ ਵੇਖਣਾ ਚਾਹੀਦਾ ਹੈ। ਅੱਖ ਭਰੀ, ਜੇਬ ਫਰੋਲੀ, ਦੋ ਹਜ਼ਾਰ ਨਿੱਕਲਿਆ। ਇਲਾਜ ਲਈ ਭੈਣ ਜੀ ਦੇ ਹੱਥ ਧਰ ਆਇਆ। ਸਕੂਲ ਪਹੁੰਚਾ, ਸਵੇਰ ਦੀ ਅਸੈਂਬਲੀ ਹੋ ਰਹੀ ਸੀ। ਭਰੇ-ਮਨ ਨਾਲ “ਵਾਹ ਲਗਦੀ ਬਚਾਉਣੈ ਆਪਾਂ ਕੁੜੀ ਨੂੰ ...” ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਅੱਗੇ ਬਿਮਾਰ ਬੇਟੀ ਦਾ ਕੇਸ ਰੱਖਿਆ। ਪਸੀਜੇ ਵਿਦਿਆਰਥੀਆਂ ਨੇ ਉਸ ਦਿਨ ਦਾ ਜੇਬ-ਖਰਚ ਢੇਰੀ ਕਰ ਦਿੱਤਾ। ਸਟਾਫ ਨੇ ਭਰਵਾਂ ਯੋਗਦਾਨ ਦਿੱਤਾ ਸੀ। ਮਿਹਰਬਾਨਾਂ ਅੱਗੇ ਪੱਲਾ ਅੱਡ ਕੇ ਅਸੀਂ ਇਸ ਬੇਟੀ ਲਈ ‘ਰੱਖਿਅਕ ਫੰਡ’ ਸਥਾਪਤ ਕੀਤਾ। ਅਸੀਂ ਸੰਸਥਾ ਵੱਲੋਂ ਇਸ ਬੇਟੀ ਦੇ ਇਲਾਜ-ਖਰਚਿਆਂ ਦਾ ਫੈਸਲਾ ਲਿਆ।
ਇੱਕ ਦਸੰਬਰ 2012 ਨੂੰ ਸ਼ੂਗਰ-ਚੈੱਕ ਕਰਨ ਵਾਲੀ ਮਸ਼ੀਨ ਅਤੇ ਲਗਾਤਾਰ ਰਾਬਤੇ ਲਈ ਅਸੀਂ ਇੱਕ ਮੁਬਾਈਲ ਲੈ ਕੇ ਦਿੱਤਾ। ਮਨਪ੍ਰੀਤ ਮੁੜ ਪੜ੍ਹਨ ਲੱਗੀ। ਉਸਦੀ ਜ਼ਿੰਮੇਵਾਰੀ ਹੁਣ ਪੜ੍ਹਾਈ ਦੇ ਨਾਲ ਨਾਲ ਸਿਹਤ ਸੰਭਾਲ ਦੀ ਵੀ ਸੀ। ਹਰ ਹਫਤੇ ਉਹ ਪੀ ਜੀ ਆਈ ਜਾਂਦੀ, ਡਾਕਟਰਾਂ ਅਨੁਸਾਰ ਆਪਣੀ ਸਿਹਤ-ਪਹਿਰੇਦਾਰੀ ਕਰਦੀ। ਇਸਦੇ ਬਾਵਜੂਦ ਜਦੋਂ 10ਵੀਂ ਦਾ ਨਤੀਜਾ ਆਇਆ ਤਾਂ ਉਸਦੀ ਪ੍ਰਾਪਤੀ 92 ਫੀਸਦੀ ਸੀ। ਪ੍ਰੇਰਨਾ-ਹਿਤ ਵਿਸ਼ੇਸ਼ ਅਸੈਂਬਲੀ ਕਰਕੇ ਅਸੀਂ ਉਸ ਨੂੰ ਭਰਵੀਂ ਦਾਦ ਦਿੱਤੀ। ਸਾਰੀ ਸੰਸਥਾ ਨੇ ਉਸ ’ਤੇ ਮਾਣ ਕੀਤਾ। ਹੁਣ ਵੀ ਜਦੋਂ ਪੀ ਜੀ ਆਈ ਵਿੱਚ ਸ਼ੂਗਰ-ਰੋਗੀਆਂ ਦੇ ਸੈਮੀਨਾਰ ਲੱਗਦੇ ਹਨ ਤਾਂ ਆਪਣੇ ਆਪ ਦੀ ਪਹਿਰੇਦਾਰੀ ਪੱਖੋਂ ਉਹ ਜਿਊਂਦੀ-ਮਿਸਾਲ ਬਣਕੇ ਸ਼ਾਮਲ ਹੁੰਦੀ ਹੈ ਅਤੇ ਹੋਰਨਾਂ ਨੂੰ ਸਮਝਾਉਂਦੀ ਹੈ।
ਇਸ ਵਾਰਤਾ ਦਾ ਸੁਖਦ ਅੰਤ ਇਹ ਹੈ ਕਿ ਮਨਪ੍ਰੀਤ ਕੌਰ ਹੁਣ ਇੱਕ ਨਿੱਜੀ ਸਿੱਖਿਆ ਅਦਾਰੇ ਵਿੱਚ ਪੜ੍ਹਾਉਂਦੀ ਹੈ। ਘਰ ਵਿੱਚ ਟਿਊਸ਼ਨਾਂ ਵੀ ਪੜ੍ਹਾ ਲੈਂਦੀ ਹੈ ਅਤੇ ਘਰ ਦੇ ਖਰਚਿਆਂ ਵਿੱਚ ਸਹਾਈ ਹੁੰਦੀ ਹੈ। ਮਨਪ੍ਰੀਤ ਜਦੋਂ ਵੀ ਕਦੇ ਸਕੂਲ ਪਹੁੰਚਦੀ ਹੈ ਤਾਂ ਦੀਵਾਰਾਂ ਦੇ ਕਲਾਵੇ ਭਰਦੀ ਪ੍ਰਤੀਤ ਹੁੰਦੀ ਹੈ।
ਮਨਪ੍ਰੀਤ ਇਹੋ ਕਹਿੰਦੀ ਹੈ, “ਇਹ ਤਾਂ ਮੇਰੀ ਆਪਣੀ ਸੰਸਥਾ ਹੈ, ਮੇਰਾ ‘ਰੰਨ-ਵੇ’ ਜਿਸਨੇ ਮੈਨੂੰ ਉੱਚੀਆਂ ਉਡਾਰੀਆਂ ਭਰਨਾ ਸਿਖਾਇਆ ਹੈ।”
ਮੈਂ ਇਸ ਮਾਣਮੱਤੀ ਧੀ ਨੂੰ ਹਮੇਸ਼ਾ ਹਸਰਤ ਨਾਲ ਵੇਖਦਾ ਹਾਂ ਅਤੇ ਮੋੜਵੇਂ ਰੂਪ ਵਿੱਚ ਉਹ ਉੱਡਣ ਲਈ ਖੰਭ ਦੇਣ ਵਾਲੀ ਆਪਣੀ ਸਿੱਖਿਆ-ਸੰਸਥਾ ਦੀ ਪੁੱਜ ਕੇ ਕਦਰਦਾਨ ਅਤੇ ਸ਼ੁਭਚਿੰਤਕ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)