“ਅਰਸ਼ੀ ਦੀਆਂ ਲਿਖੀ ਪੁਸਤਕਾਂ, ਸਫਰਨਾਮੇ, ਅਰਸ਼ੀ ਉਡਾਰੀਆਂ, ਰਾਹ ਦਸੇਰੀਆਂ, ਤੇ ਹੋਰ ...”
(9 ਮਾਰਚ 2025)
* * *
ਅਰਸ਼ੀ ਸੀ ਸ਼ੌਕੀਨ ਘੁੰਮਣ ਦਾ, ਵਾਸੀ ਸੀ ਜੰਡਿਆਲੇ ਦਾ।
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ, ਜੰਡਿਆਲੇ ਗੁਰੂਆਂ ਵਾਲੇ ਦਾ।
ਅਰਸ਼ੀ ਤਖੱਲਸ ਵਾਲੇ ਇਸ ਘੁਮੱਕੜ ਸ਼ਾਇਰ ਦਾ ਅਸਲੀ ਨਾਮ ਕੁਲਦੀਪ ਸਿੰਘ ਸੀ ਅਤੇ ਉਹ ਜੰਡਿਆਲੇ ਦਾ ਰਹਿਣ ਵਾਲਾ ਸੀ। ਇਸ ਮਰਹੂਮ ਮੁਸਾਫਿਰ ਲੇਖਕ ਦੀ ਮਰਹੂਮ ਪਤਨੀ ਦਾ ਨਾਮ ਸੁਰਿੰਦਰ ਅਰਸ਼ੀ ਸੀ ਅਤੇ ਉਸਦੇ ਦੋ ਬੇਟੇ ਸਨ। ਦੋਂਹ ਬੇਟਿਆਂ ਵਿੱਚੋਂ ਇੱਕ ਇੱਥੇ ਦੁਕਾਨਦਾਰੀ ਕਰਦਾ ਸੀ, ਦੂਜਾ ਉਦੋਂ ਵਿਹਲਾ ਸੀ ਜਿਸਦਾ ਹੁਣ ਪਤਾ ਨਹਾਂ ਕਿੱਥੇ ਹੈ, ਕਿਵੇਂ ਹੈ ਤੇ ਕੀ ਕਰਦਾ ਹੈ।
ਕੁਲਦੀਪ ਅਰਸ਼ੀ ਗੋਇੰਦਵਾਲ ਸਾਹਿਬ ਤੋਂ ਬਤੌਰ ਪੰਜਾਬੀ ਟੀਚਰ 1985 ਵਿੱਚ ਸੇਵਾ ਮੁਕਤ ਹੋਇਆ ਤੇ ਜੰਡਿਆਲੇ ਵਿੱਚ ਹੀ ਪੱਕੇ ਤੌਰ ’ਤੇ ਰਿਹਾ। ਇੱਥੋਂ ਹੀ ਉਹ ‘ਰਾਹ ਦਸੇਰਾ’ ਨਾਂ ਦਾ ਤ੍ਰੈਮਾਸਕ ਪੰਜਾਬੀ ਮੈਗਜ਼ੀਨ ਕੱਢਿਆ ਕਰਦਾ ਸੀ, ਜਿਸ ਨੂੰ ਉਹ ਚੌਕ ਬਾਬਾ ਫਾਉੜੀ ਵਾਲਾ (ਸ੍ਰੀ ਅੰਮ੍ਰਿਤਸਰ) ਨੇੜਲੇ ਇੱਕ ਪ੍ਰਿੰਟਿੰਗ ਪ੍ਰੈੱਸ ਤੋਂ ਛਪਵਾਇਆ ਕਰਦਾ ਸੀ। ਮੈਨੂੰ ‘ਰਾਹ ਦਸੇਰਾ’ ਦਾ ਲਾਈਫ ਮੈਂਬਰ ਹੋਣ ਦਾ ਅਤੇ ਆਪਣੀਆਂ ਰਚਨਾਵਾਂ ਉਸ ਵਿੱਚ ਛਪਣ ਦਾ ਮਾਣ ਪ੍ਰਾਪਤ ਹੈ। ਕਸ਼ਮੀਰ, ਬਾਰਾ ਮੂਲਾ, ਲੇਹ, ਲੱਦਾਖ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਦਾ ਇਹ ਮਾੜਕੂ ਜਿਹਾ, ਕਲਮੀ ਮੁਸਾਫਿਰ ਪਤਾ ਨਹਾਂ ਕਿਸ ਮਿੱਟੀ ਦਾ ਘੜਿਆ ਹੋਇਆ ਸੀ, ਉਸ ਨੂੰ ਵੇਖ ਕੇ ਘੱਟ ਪਰ ਉਸ ਦੇ ਸਫਰਨਾਮੇ ਪੜ੍ਹ ਕੇ ਉਸ ਦੀ ਕਲਮ ਅਤੇ ਲੇਖਣੀ ਪੜ੍ਹ ਕੇ ਉਸ ਦੀ ਸੋਚ-ਸ਼ਕਤੀ ਅਤੇ ਪਕੜ-ਸ਼ਕਤੀ ਤੇ ਮਨ ਦੀ ਡੁੰਘਾਈ ਦੀ ਹਾਥ ਪਾਉਣੀ ਔਖੀ ਹੀ ਨਹੀਂ ਸਗੋਂ ਜਾਣ ਲੈਣਾ ਬਹੁਤ ਹੀ ਅਧੂਰਾ ਕੰਮ ਸੀ।
ਕੁਲਦੀਪ ਅਰਸ਼ੀ ਵਿੱਚ ਇੱਕ ਵੱਡਾ ਗੁਣ ਇਹ ਵੀ ਸੀ ਕਿ ਉਹ ਨਿਰਾ ‘ਰਾਹ ਦਸੇਰਾ’ ਹੀ ਨਹੀਂ ਸਗੋਂ ਆਪਣੀਆਂ ਸਫਰ ਨਾਮਿਆਂ ’ਤੇ ਲਿਖੀਆਂ ਪੁਸਤਕਾਂ ਆਪਣੇ ਰਾਹ ਦਸੇਰੇ ਦੇ ਲਾਈਫ ਮੈਂਬਰਾਂ ਦੇ ਹੱਥਾਂ ਤੀਕ ਡਾਕ ਰਾਹੀਂ ਪਹੁੰਚਾਇਆ ਕਰਦਾ ਸੀ। ਇਨ੍ਹਾਂ ਵਿੱਚੋਂ ਉਸ ਵੱਲੋਂ ਡਾਕ ਰਾਹੀਂ ਭੇਜੀਆਂ ਗਈਆਂ ਬਹੁਤ ਸਾਰੀਆਂ ਪੁਸਤਕਾਂ ਤੇ ਰਾਹ ਦਸੇਰੇ ਦੇ ਅੰਕ ਹਨ, ਜੋ ਮੇਰੀ ਲਾਇਬ੍ਰੇਰੀ ਵਿੱਚ, ਜੋ ਮੇਰੇ ਇੱਥੇ ਕੈਨੇਡਾ ਆਉਣ ’ਤੇ ਮਜਬੂਰੀ ਵੱਸ ਓਵੇਂ ਦੀ ਓਵੇਂ ਧਰੇ ਧਰਾਏ ਰਹਿ ਗਏ ਹਨ। ਉਨ੍ਹਾਂ ਵਿੱਚ ਅਰਸ਼ੀ ਦੇ ਲਿਖੇ, ਕਲਮਾਂ ਦੇ ਸਿਰਨਾਵੇਂ ਹੇਠ ਉਨ੍ਹਾਂ ਨੂੰ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਵਿੱਚੋਂ ਉਨ੍ਹਾਂ ਨੂੰ ਲਿਖੀਆਂ ਗਈਆਂ ਚਿੱਠੀਆਂ ਦੋ ਭਾਗਾਂ ਵਿੱਚ ਵੱਡੀਆਂ ਭਰਕਮ ਪੁਸਤਕਾਂ ਦੇ ਰੂਪ ਵਿੱਚ ਹਨ, ਜਿਨ੍ਹਾਂ ਚਿੱਠੀਆਂ ਦੀ ਗਿਣਤੀ ਤੇਰਾਂ ਸੌ ਹੈ। ਇਨ੍ਹਾਂ ਚਿੱਠੀਆਂ ਵਿੱਚ ਮੇਰੀਆਂ ਉਨ੍ਹਾਂ ਨੂੰ ਸਮੇਂ ਸਮੇਂ ਲਿਖੀਆਂ ਚਿੱਠੀਆਂ, ਮੈਨੂੰ ਤਾਂ ਯਾਦ ਵੀ ਨਹੀਂ ਰਹੀਆਂ ਸਨ, ਪੜ੍ਹਕੇ ਹੈਰਾਨਗੀ ਤੇ ਖੁਸ਼ੀ ਤਾਂ ਹੋਈ ਪਰ ਮੈਂ ਕਲਮਾਂ ਦੇ ਸਿਰਨਾਵੇਂ ਪੜ੍ਹ ਕੇ ਉਨ੍ਹਾਂ ਦੀ ਪਾਠਕਾਂ ਪ੍ਰਤੀ ਖਿੱਚ ਤੇ ਉਨ੍ਹਾਂ ਨੂੰ ਸੰਭਾਲਣ ਦੀ ਤੇ ਉਨ੍ਹਾਂ ਨੂੰ ਕਿਤਾਬੀ ਸ਼ਕਲ ਦੇਣ ਲਈ ਉਨ੍ਹਾਂ ਨੂੰ ਦਾਦ ਦਿੱਤੇ ਬਿਨਾਂ ਨਹੀਂ ਰਹਿ ਸਕਿਆ। ਇਨ੍ਹਾਂ ਪੁਸਤਕਾਂ ਦੇ ਅਰੰਭ ਵਿੱਚ ਅਰਸ਼ੀ ਜੀ ਦਾ ਚਿੱਠੀ ਦੀ ਜਾਣਕਾਰੀ ਬਾਰੇ ਲਿਖਿਆ ਪੜ੍ਹ ਕੇ ਵੀ ਉਨ੍ਹਾਂ ਦਾ ਚਿੱਠੀ ਬਾਰੇ ਖੋਜ ਤੇ ਜਾਣਕਾਰੀ ਪੜ੍ਹਕੇ ਹੈਰਾਨਗੀ ਹੋਈ।
ਇੱਕ ਵਾਰ ਇੱਕ ਲੇਖਕ ਮਿੱਤਰ ਮਲਕੀਅਤ ਸੁਹਲ ਦੀ ਲਿਖੀ ਪੁਸਤਕ ਰੀਲੀਜ਼ ਮੌਕੇ ’ਤੇ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ ਵਿੱਚ ਆਉਣ ਲਈ ਕਹਿਹਣ ਅਸੀਂ ਅਰਸ਼ੀ ਦੇ ਗ੍ਰਹਿ ਵਿਖੇ ਗਏ। ਬੜਾ ਮਿਲਣ ਸਾਰ ਸੀ ਅਰਸ਼ੀ, ਸਾਨੂੰ ਵੇਖ ਕੇ ਉਸ ਦੀ ਖੁਸ਼ੀ ਤੇ ਆਉ ਭਗਤ ਨਾ ਭੁੱਲਣਯੋਗ ਹੈ।
ਉਹ ਸਮਾਗਮ ’ਤੇ ਸਮੇਂ ਸਿਰ ਆਇਆ। ਪ੍ਰੋਗਰਾਮ ਤੋਂ ਬਾਅਦ ਮੇਰੇ ਕੋਲ ਠਹਿਰਿਆ। ਉਸ ਦੀ ਸਾਦਗੀ ਤੇ ਗੱਲਬਾਤ ਮਨ ਨੂੰ ਟੁੰਬਣ ਵਾਲੀ ਸੀ। ਦੂਸਰੇ ਦਿਨ ਉਸ ਨੂੰ ਮੈਂ ਬੱਸ ਸਟੈਂਡ ਤਕ ਛੱਡਣ ਗਿਆ ਤੇ ਬੱਸ ਵਿੱਚ ਬਿਠਾ ਕੇ ਘਰ ਮੁੜਿਆ। ਮੇਰੇ ਲਈ ਤਾਂ ਉਹ ਨਾ ਭੁੱਲਣਯੋਗ ਘੜੀਆਂ ਪਲ ਹਨ। ਅਰਸ਼ੀ ਦੀਆਂ ਲਿਖੇ ਸਫਰ ਨਾਮੇ, ਅਰਸ਼ੀ ਉਡਾਰੀਆਂ, ਰਾਹ ਦਸੇਰੀਆਂ, ਤੇ ਹੋਰ ਪੁਸਤਕਾਂ ਦੀ ਸੂਚੀ ਬਹੁਤ ਲੰਮੀ ਹੈ। ਉਸ ਦਾ ਇੰਨੀਆਂ ਦੂਰ ਦੁਰਾਡੇ ਦੀਆਂ ਥਾਂਵਾਂ ’ਤੇ ਬਿਖੜੇ ਰਾਹਾਂ ’ਤੇ ਸਫਰ ਕਰਕੇ ਪਹੁੰਚ ਕੇ ਕੁਝ ਕਰ ਸਕਣ ਲਈ ਹਿੰਮਤ ਤੇ ਘਾਲਣਾ ਨੂੰ ਬਾਰ ਬਾਰ ਸਲਾਮ।
ਇਟਲੀ ਆਉਣ ਤੋਂ ਬਾਅਦ ਉੱਥੋਂ ਮੈਂ ਉਸ ਨੂੰ ਕੁਝ ਨਾ ਕੁਝ ਲਿਖ ਕੇ ਰਾਹ ਦਸੇਰੇ ਲਈ ਭੇਜਦਾ ਰਿਹਾ। ਇਟਲੀ ਦੇ ਚਿੰਮੀ ਤੈਰਾ (ਕਬਰਸਤਾਨ) ਬਾਰੇ ਲਿਖਿਆ ਲੇਖ ਉਸ ਨੇ ਰਾਹ ਦਸੇਰੇ ਵਿੱਚ ਥਾਂ ਦੇ ਕੇ ਨਿਵਾਜਿਆ ਤੇ ਮੈਨੂੰ ਫੋਨ ’ਤੇ ਜਾਣੂ ਵੀ ਕਰਵਾਇਆ। ਬੱਸ ਇਹੀ ਉਸ ਦੀ ਫਰਾਖ਼ਦਿਲੀ ਸੀ।
ਕੁਝ ਸਮਾਂ ਹੋਇਆ ਮੈਂ ਕਿਤੇ ਪੜ੍ਹਿਆ ਕਿ ਅਰਸ਼ੀ, ਇਸ ਸੰਸਾਰ ਤੋਂ ਸਦਾ ਲਈ ਕੂਚ ਕਰ ਗਿਆ ਹੈ। ਉਸ ਨੂੰ ਫਿਰ ਮਿਲਣ ਦੀ ਆਸ ਅਧੂਰੀ ਰਹਿ ਗਈ। ਜਾਣਾ ਤਾਂ ਸਭ ਨੇ ਹੈ, ਹੋਰਨਾਂ ਕਈ ਲੇਖਕਾਂ ਵਾਂਗ ਅਰਸ਼ੀ ਵੀ ਆਪਣੀਆਂ ਅਨਮੋਲ ਲਿਖਤਾਂ ਕਰਕੇ ਸਾਹਿਤ ਜਗਤ ਵਿੱਚ ਸਿਤਾਰੇ ਵਾਂਗ ਸਦਾ ਚਮਕਦਾ ਰਹੇਗਾ।
ਤੂੰ ਆਪ ਹੀ ਤਾਂ ਕਿਹਾ ਸੀ,
ਗਿਲਾ ਨਾ ਕਰੀਂ ਮੇਰੇ ਦੋਸਤਾ
ਜੇ ਮੈਂ ਮੁੜ ਨਾ ਮਿਲਿਆ,
ਇਹ ਆਉਣ ਜਾਣ ਦਾ ਦਸਤੂਰ
ਯੁਗਾਂ ਤੋਂ ਬਣਿਆ ਆ ਰਿਹਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)