RewailSingh7ਘਰ ਦੇ ਸਾਰੇ ਜੀਅ ਉਸ ਓਪਰੇ ਜਿਹੇ ਬੰਦੇ ਵੱਲ ਬੜੇ ਅਜੀਬ ਢੰਗ ਨਾਲ ਘੂਰ ਘੂਰ ਕੇ ...”
(22 ਅਪਰੈਲ 2021)

 

ਇਕ ਦਿਨ ਮੈਂ ਸਕੂਟਰ ’ਤੇ ਕੰਮ ਤੋਂ ਵਾਪਸ ਘਰ ਆ ਰਿਹਾ ਸੀ। ਰਾਹ ਵਿੱਚ ਇਕ ਬੰਦੇ ਨੇ ਮੈਨੂੰ ਰੁਕਣ ਲਈ ਇਸ਼ਾਰਾ ਕੀਤਾ। ਪਹਿਲਾਂ ਤਾਂ ਮੈਨੂੰ ਸ਼ੱਕ ਹੋਇਆ ਕਿ ਕਿਤੇ ਇਹ ਬੰਦਾ ਲੁਟੇਰਾ ਜਾਂ ਠੱਗ ਨਾ ਹੋਵੇਫਿਰ ਮੈਂ ਉਸਦੇ ਨੰਗੇ ਪੈਰ ਅਤੇ ਸਾਦ ਮੁਰਾਦੇ ਜਿਹੇ ਕੱਪੜੇ ਦੇਖ ਕੇ ਸੋਚਿਆ ਕਿ ਸ਼ਾਇਦ ਇਸ ਨੇ ਮੇਰੇ ਸਕੂਟਰ ’ਤੇ ਬੈਠਣਾ ਹੋਵੇ। ਮੈਂ ਸਕੂਟਰ ਰੋਕ ਕੇ ਉਸ ਨੂੰ ਕਿਹਾ, “ਭਾਈਆ, ਜੇ ਜਾਣਾ ਹੈ ਤਾਂ ਆ ਮੇਰੇ ਪਿੱਛੇ ਬੈਠ ਜਾ ਤੂੰ ਜਿੱਥੇ ਕਹੇਂਗਾ, ਮੈਂ ਤੈਨੂੰ ਉਤਾਰ ਦਿਆਂਗਾ।”

ਤੇ ਉਹ ਚੁੱਪ ਚਾਪ ਮੇਰੇ ਪਿੱਛੇ ਬੈਠ ਗਿਆ।

ਰਸਤੇ ਵਿੱਚ ਜਾਂਦੇ ਜਾਂਦੇ ਮੈਂ ਉਸ ਨੂੰ ਪੁੱਛਿਆ ਕਿ ਉਸ ਨੇ ਕਿੱਥੇ ਜਾਣਾ ਹੈ। ਉਸ ਨੇ ਆਪਣੇ ਪਿੰਡ ਦਾ ਨਾਂ ਦੱਸਦੇ ਹੋਏ ਕਿਹਾ, “ਮੈਂ ਆਪਣੀ ਆਪਣੀ ਧੀ ਨੂੰ ਮਿਲਣ ਲਈ ਗਿਆ ਸੀ। ਵਾਪਸ ਮੁੜਦੇ ਜੇਬ ਵਿੱਚੋਂ ਪੈਸੇ ਕਿਤੇ ਡਿਗ ਪਏਪੈਸੇ ਲੱਭਦਿਆਂ ਮੁੜ ਕੇ ਧੀ ਦੇ ਘਰ ਤਕ ਜਾਣ ਲਈ ਮਨ ਨਹੀਂ ਮੰਨਿਆ, ਇਸ ਕਰਕੇ ਪੈਦਲ ਹੀ ਪਿੰਡ ਜਾਣ ਦਾ ਮਨ ਬਣਾ ਲਿਆ

ਉਸ ਬੰਦੇ ਨਾਲ ਗੱਲਾਂ ਕਰਦਿਆਂ ਮੇਰਾ ਪਿੰਡ ਤਾਂ ਆ ਗਿਆ ਪਰ ਉਸ ਦਾ ਪਿੰਡ ਅਜੇ ਦੂਰ ਸੀਮੈਂ ਉਸ ਨੂੰ ਕਿਹਾ, “ਤੂੰ ਹੁਣ ਅੱਗੇ ਨਾ ਜਾਮੇਰੇ ਕੋਲ ਹੀ ਰਾਤ ਠਹਿਰ ਕੇ ਕੱਲ੍ਹ ਨੂੰ ਬੱਸ ਫੜ ਕੇ ਚਲਾ ਜਾਵੀਂ

ਉਹ ਬੋਲਿਆ, “ਸਰਦਾਰ ਜੀ ਤੁਹਾਡੀ ਗੱਲ ਠੀਕ ਤਾਂ ਹੈ ਪਰ ਮੇਰਾ ਅੱਜ ਘਰ ਪਹੁੰਚਣਾ ਜ਼ਰੂਰੀ ਹੈ। ਕੱਲ੍ਹ ਨੂੰ ਭਈਏ ਕਮਾਦ ਛਿੱਲਣ ਲਾਉਣੇ ਹਨ। ਬੜੀ ਮੁਸ਼ਕਲ ਨਾਲ ਦੌੜ ਭੱਜ ਕਰਕੇ ਇਹ ਪ੍ਰਬੰਧ ਹੋਇਆ ਹੈ। ਜੇ ਮੈਨੂੰ ਬੱਸ ਦਾ ਕਿਰਾਇਆ ਦੇ ਦਿਓਂ ਤਾਂ ਤੁਹਾਡੀ ਮਿਹਰਬਾਨੀ ਹੋਵੇਗੀ। ਮੈਂ ਤੁਹਾਨੂੰ ਤੁਹਾਡੇ ਘਰ ਆ ਕੇ ਵਾਪਸ ਕਰ ਜਾਵਾਂਗਾ।”

ਮੈਂ ਵੀਹਾਂ ਦਾ ਨੋਟ ਉਸ ਬੰਦੇ ਨੂੰ ਦੇ ਦਿੱਤਾ। ਉਸ ਨੇ ਬੜੀ ਨਿਮ੍ਰਤਾ ਨਾਲ ਨੋਟ ਫੜਿਆ ਤੇ ਦੋਵੇਂ ਹੱਥ ਉੱਪਰ ਕਰਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਚਲਾ ਗਿਆ।

ਮੈਂਨੂੰ ਸਾਰੀ ਰਾਤ ਵਾਰ ਵਾਰ ਉਸ ਕਿਸਾਨ ਦੀ ਦਾ ਚੇਤਾ ਆਉਂਦਾ ਰਿਹਾ।

ਕੁਝ ਦਿਨਾਂ ਬਾਅਦ ਇੱਕ ਸਾਦ ਮੁਰਾਦੇ ਜਿਹੇ ਬੰਦੇ ਨੇ ਸਾਡੇ ਬੂਹੇ ’ਤੇ ਆ ਕੇ ਦਸਤਕ ਦਿੱਤੀ। ਉਸ ਨੇ ਬਾਲਟੀ ਦੇ ਢੱਕਣ ਹੇਠ ਕੋਈ ਚੀਜ਼ ਢਕੀ ਹੋਈ ਸੀ, ਪਰ ਘਰ ਵਾਲੇ ਇਸ ਨੂੰ ਕੋਈ ਭਿਖਾਰੀ ਸਮਝ ਕੇ ਬੂਹਾ ਖੋਲ੍ਹਣ ਤੋਂ ਝਿਜਕ ਰਹੇ ਸਨ। ਮੈਂ ਅੰਦਰੋਂ ਆਉਂਦੇ ਹੀ ਉਸ ਨੂੰ ਬੰਦੇ ਪਛਾਣ ਲਿਆ ਅਤੇ ਅੰਦਰ ਆਉਣ ਲਈ ਕਿਹਾ। ਉਹ ਢੱਕੀ ਹੋਈ ਬਾਲਟੀ ਰੱਖ ਕੇ ਕੋਲ ਪਏ ਮੰਜੇ ’ਤੇ ਬੈਠ ਗਿਆ। ਘਰ ਦੇ ਸਾਰੇ ਜੀਅ ਉਸ ਓਪਰੇ ਜਿਹੇ ਬੰਦੇ ਵੱਲ ਬੜੇ ਅਜੀਬ ਢੰਗ ਨਾਲ ਘੂਰ ਘੂਰ ਕੇ ਵੇਖ ਰਹੇ ਸਨ। ਵਿਸਾਖੀ ਦਾ ਰੌਣਕਾਂ ਵਾਲਾ ਦਿਨ ਸੀ ਘਰ ਵਿੱਚ ਅੱਜ ਵੱਖ ਵੱਖ ਕਿਸਮ ਦੇ ਪਕਵਾਨ ਬਣ ਰਹੇ ਸਨ। ਪਰ ਕਰੋਨਾ ਦੇ ਸਹਿਮ ਕਰਕੇ ਕੋਈ ਕਿਸੇ ਨੂੰ ਘਰ ਬੁਲਾ ਕੇ ਇਸ ਮਹਾਂਮਾਰੀ ਦਾ ਖਤਰਾ ਮੁੱਲ ਨਹੀਂ ਲੈ ਰਿਹਾ ਸੀ।

ਉਹ ਓਪਰਾ ਬੰਦਾ ਝਟਪਟ ਉੱਠਿਆ ਅਤੇ ਆਪਣੀ ਫਤੂਹੀ ਦੀ ਜੇਬ ਵਿੱਚੋਂ ਵੀਹਾਂ ਦਾ ਨੋਟ ਕੱਢ ਕੇ ਮੈਨੂੰ ਫੜਾਉਂਦਾ ਹੋਇਆ ਬੋਲਿਆ, “ਸਰਦਾਰ ਜੀ, ਮੈਂ ਤੁਹਾਡਾ ਉਧਾਰ ਮੋੜਨ ਆਇਆ ਹਾਂਆਪ ਦੀ ਬਹੁਤ ਬਹੁਤ ਮਿਹਰਬਾਨੀਇਹ ਤਾਜ਼ੀ ਗੰਨੇ ਦੀ ਰਹੁ ਆਪਣੇ ਹੱਥੀਂ ਕਿਸੇ ਬਰਤਣ ਵਿੱਚ ਪਾ ਲਓ, ਮੈਂ ਇਸ ਨਾਮੁਰਾਦ ਕਰੋਨਾ ਕਰਕੇ ਇਸ ਨੂੰ ਬੜਾ ਬਚ ਬਚਾ ਕੇ ਤੁਹਾਡੇ ਲਈ ਲਿਆਂਦਾ ਹੈ। ਮੈਂ ਅੱਜ ਵਿਸਾਖੀ ਵਾਲੇ ਦਿਨ ਤੁਹਾਡੇ ਘਰ ਨਹੀਂ ਸੀ ਆਉਣਾ,ਪਰ ਕੱਲ੍ਹ ਕਿਸਾਨੀ ਅੰਦਲੋਨ ਵਿੱਚ ਵੀ ਜਾਣਾ ਹੈ ਮੈਂ ਸੋਚਿਆ, ਜ਼ਿੰਦਗੀ ਦਾ ਕੀ ਭਰੋਸਾ ਹੈ, ਉਧਾਰ ਜਿੰਨਾ ਛੇਤੀ ਲਹਿ ਜਾਵੇ ਉੰਨਾ ਚੰਗਾ।”

ਮੈਂ ਉਸ ਬੰਦੇ ਨੂੰ ਕੁਝ ਖਾਣ ਪੀਣ ਲਈ ਬੜਾ ਜ਼ੋਰ ਲਾਇਆ ਪਰ ਉਹ ਕਹਿਣ ਲੱਗਾ, “ਵਿਸਾਖੀ ਦਾ ਦਿਨ ਹੈ, ਘਰ ਵਿੱਚ ਸਭ ਕੁਝ ਤਿਆਰ ਹੈ, ਘਰ ਵਾਲੇ ਮੈਨੂੰ ਉਡੀਕਦੇ ਹੋਣਗੇ

ਤੇ ਉਹ ਫਤਹਿ ਬੁਲਾ ਕੇ ਚਲਿਆ ਗਿਆ।

ਜਦੋਂ ਮੈਂ ਘਰ ਵਾਲਿਆਂ ਨੂੰ ਇਸ ਭਲੇ ਪੁਰਸ਼ ਬਾਰੇ ਦੱਸਿਆ ਤਾਂ ਉਹ ਸਾਰੇ ਸੁਣ ਕੇ ਬੜੇ ਹੈਰਾਨ ਹੋਏ।

ਫਿਰ ਸਾਰਾ ਟੱਬਰ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦਾ ਸਵਾਦ ਮਾਨਣ ਵਿੱਚ ਰੁੱਝ ਗਿਆ। ਪਰ ਪਤਾ ਨਹੀਂ ਕਿਉਂ ਮੇਰਾ ਧਿਆਨ ਵਾਰ ਵਾਰ ਸੜਕਾਂ ’ਤੇ ਕਿਸਾਨ ਅੰਦੋਲਨ ਵਿੱਚ ਆਪਣੇ ਹੱਕਾਂ ਲਈ ਜੂਝਦੇ ਕਿਸਾਨਾਂ, ਖੇਤੀ ਕਾਮਿਆਂ ਅਤੇ ਇਸ ਆਜ਼ਾਦ ਦੇਸ਼ ਦੀ ਕੇਂਦਰ ਸਰਕਾਰ ਦੀ ਬੇਤਰਸ ਅਤੇ ਦੋਸ਼ ਘੜਨੀ ਕੂੜ ਨੀਤੀ ਵੱਲ ਜਾ ਰਿਹਾ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2725)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਵੇਲ ਸਿੰਘ

ਰਵੇਲ ਸਿੰਘ

Brampton, Canada.
Email: (
singhrewail91@gmail.com)

More articles from this author