RewailSingh7ਫਿਰ ਦੇਸ਼ ਦੀ ਵੰਡ ਪਿੱਛੋਂ ਸਾਡੇ ਸਾਰੇ ਸ਼ਰੀਕਾਂ ਦੇ ਪਰਿਵਾਰ ਵੱਖ ਵੱਖ ...
(1 ਦਸੰਬਰ 2019)

 

ਗੋਪਾਲ ਸਿੰਘ ਸ਼ਰੀਕੇ ਵਿੱਚੋਂ ਮੇਰਾ ਤਾਇਆ ਲਗਦਾ ਸੀਉਹ ਦੋ ਭਰਾ ਸਨਵੱਡਾ, ਸੰਤ ਸਿੰਘ ਫੌਜ ਵਿੱਚ ਕਲਰਕ ਸੀ, ਜੋ ਸਾਰੇ ਪਿੰਡ ਵਿੱਚ ਬਾਬੂ ਸੰਤ ਸਿੰਘ ਕਰਕੇ ਜਾਣਿਆ ਜਾਂਦਾ ਸੀਉਸ ਦੀ ਘਰ ਵਾਲੀ ਤਾਈ ਰਾਧੀ, ਤਾਏ ਨਾਲ ਕੁਝ ਸਮਾਂ ਬਾਹਰ ਰਹਿਣ ਕਰਕੇ ਇਕੱਲੀ ਰਹਿਣ ਦੀ ਆਦੀ ਹੋ ਚੁੱਕੀ ਸੀਉਸ ਦੇ ਦਰਵਾਜ਼ੇ ਦੀ ਕੁੰਡੀ ਸਾਰਾ ਦਿਨ ਅੰਦਰੋਂ ਲੱਗੀ ਰਹਿੰਦੀ ਸੀਜਦੋਂ ਕੋਈ ਮਿਲਣ ਵਾਲਾ ਬਾਹਰੋਂ ਆਕੇ ਦਰਵਾਜ਼ੇ ਦਾ ਬਾਹਰਲਾ ਕੁੰਡਾ ਖੜਕਾਉਂਦਾ ਤਾਂ ਤਾਈ ਦਰਵਾਜ਼ੇ ਦੀਆਂ ਝੀਥਾਂ ਵਿੱਚੋਂ ਦੀ ਪਹਿਲਾਂ ਬਾਹਰ ਝਾਕ ਕੇ. ਵੇਖ ਕੇ, ਬੂਹਾ ਆਪਣੀ ਮਰਜ਼ੀ ਨਾਲ ਹੀ ਖੋਲ੍ਹਦੀ ਹੁੰਦੀ ਸੀਉਸ ਦਾ ਮੁੰਡਾ ਸੁਰਜੀਤ ਮੇਰਾ ਹਾਣੀ ਸੀਅਸੀਂ ਦੋਵੇਂ ਰਲਕੇ ਕਦੀ ਕਦੀ ਥੋੜ੍ਹਾ ਸਮਾਂ ਖੇਡ ਲਿਆ ਕਰਦੇ ਸਾਂ

ਇੱਕ ਦਿਨ ਮੈਂ ਉਸ ਨਾਲ ਖੇਡਣ ਲਈ ਤਾਈ ਦੇ ਘਰ ਦਾ ਕੁੰਡਾ ਜਾ ਖੜਕਾਇਆਤਾਈ ਅੰਦਰੋਂ ਛੇਤੀ ਛੇਤੀ ਆਈ ਤੇ ਮੈਂਨੂੰ ਵੇਖ ਕੇ ਦਰਵਾਜ਼ਾ ਖੋਲ੍ਹੇ ਬਿਨਾਂ ਹੀ ਅੰਦਰੋਂ ਬਿਜਲੀ ਵਾਂਗ ਕੜਕਦੀ ਹੋਈ ਬੋਲੀ, “ਚੱਲ ਦੌੜ ਜਾ ਇੱਥੋਂ, ਉਹ ਤੇਰੇ ਵਾਂਗ ਵਿਹਲਾ ਨਹੀਂ।”

ਉਸ ਦਿਨ ਤੋਂ ਮੇਰੇ ਲਈ ਉਨ੍ਹਾਂ ਦੇ ਘਰ ਆਣਾ ਜਾਣਾ ਬੱਸ ਲਛਮਣ ਰੇਖਾ ਵਾਂਗ ਹੀ ਬਣ ਗਿਆ ਗਿਆ

ਤਾਏ ਗੋਪਾਲ ਸਿੰਘ ਦਾ ਘਰ ਇਸ ਘਰ ਦੇ ਨਾਲ ਹੀ ਲਗਦਾ ਸੀਮੈਂ ਉਸ ਦੇ ਘਰ ਚਲਾ ਜਾਂਦਾਉਸ ਦਾ ਕੋਈ ਬਾਲ ਬੱਚਾ ਨਹੀਂ ਸੀਉਹ ਮੈਂਨੂੰ ਬੜਾ ਪਿਆਰ ਕਰਦਾ ਸੀਉਹ ਜਦੋਂ ਛੁੱਟੀ ਆਉਂਦਾ ਤਾਂ ਸਾਡੇ ਘਰ ਉਚੇਚਾ ਆਉਂਦਾ ਤਾਂ ਮੇਰੇ ਲਈ ਆਪਣੇ ਨਾਲ ਸ਼ਹਿਰੋਂ ਲਿਆਂਦੇ ਪੋਨੇ ਕਮਾਦ ਦੇ ਗੰਨੇ, ਗਨੇਰੀਆਂ, ਸਿਊ, ਬੇਰ, ਕੇਲੇ, ਸੰਤਰੇ ਜ਼ਰੂਰ ਲੈ ਕੇ ਆਉਂਦਾ

ਵੱਡੀ ਉਮਰੇ ਤਾਏ ਦਾ ਵਿਆਹ ਬੜੀ ਮੁਸ਼ਕਲ ਨਾਲ ਹੋਇਆਤਾਏ ਨਾਲ ‘ਰੱਬ ਰਲਾਈ ਜੋੜੀ, ਇੱਕ ਅੰਨ੍ਹਾ ਇੱਕ ਕੋੜ੍ਹੀ’ ਵਾਲੀ ਗੱਲ ਤਾਂ ਨਾ ਹੋਈ, ਪਰ ਰੱਬ ਨੇ ਦੋ ਥੱਥਿਆਂ ਦੀ ਜੋੜੀ ਜ਼ਰੂਰ ਬਣਾ ਦਿੱਤੀ ਸੀਤਾਏ ਵਾਂਗ ਗੱਲ ਕਰਦਿਆਂ ਤਾਈ ਦੀ ਵੀ ਗਰਾਰੀ ਕਿਤੇ ਕਿਤੇ ਵਾਹਵਾ ਹੀ ਅੜ ਜਾਂਦੀ ਸੀਉਹ ਬੜੀ ਸਿੱਧੀ ਸਾਦੀ ਪਰ ਸੁਹਣੀ ਬੜੀ ਸੀਰੰਗ ਗੋਰਾ, ਨੈਣ ਨਕਸ਼ ਤਿੱਖੇ, ਸਰੀਰ ਗੋਭਲਾ ਜਿਹਾ, ਅੱਖਾਂ ਮੋਟੀਆਂ ਚਿਹਰੇ ਦੀ ਦਿੱਖ ਬਣਾਉਂਦੀਆਂ ਸਨਪਰ ਘਰੋਂ ਬਾਹਰ ਘੱਟ ਨਿਕਲਣ ਅਤੇ ਕੋਰੀ ਅਨਪੜ੍ਹ ਹੋਣ ਕਰਕੇ ਉਸ ਨੂੰ ਖਾਣ ਪੀਣ ਦੀ ਜਾਚ ਵੀ ਬਹੁਤ ਘੱਟ ਹੀ ਸੀ

ਇੱਕ ਵਾਰ ਤਾਇਆ ਜਦੋਂ ਉਸ ਨੂੰ ਉਸਦੇ ਪੇਕਿਆਂ ਤੋਂ ਲੈ ਕੇ ਆ ਰਿਹਾ ਸੀ ਤਾਂ ਰੇਲਵੇ ਸਟੇਸ਼ਨ ਤੋਂ ਉਸ ਨੇ ਤਾਈ ਲਈ ਕੇਲੇ ਲੈ ਕੇ ਉਸ ਨੂੰ ਖਾਣ ਲਈ ਦਿੱਤੇਤਾਈ ਜਦੋਂ ਕੇਲੇ ਨੂੰ ਬਿਨਾ ਛਿੱਲਿਆਂ ਹੀ ਖਾਣ ਲੱਗ ਪਈ, ਤਾਇਆ ਇਹ ਵੇਖ ਕੇ ਕਹਿਣ ਲੱਗਾ, “ਉਏ ਉੱਲੂ ਦੀ ਪੱਠੀਏ ਪਹਿਲਾਂ ਇਸ ਕੁਲਗਦੇ ਤੋਂ ਛਿਲਕਾ ਤਾਂ ਲੈ ਲਾਹ ਲੈ, ਫਿਰ ਇਸ ਨੂੰ ਖਾ।” ਇਹ ਗੱਲ ਸਾਨੂੰ ਸੁਣਾਉਂਦੇ ਹੋਏ ਤਾਏ ਦੀ ਜਦੋਂ ‘ਉੱਲੂ’ ਕਹਿੰਦੇ ਦੀ ਗਰਾਰੀ ਅੜ ਗਈ ਤਾਂ ਸੁਣ ਕੇ ਸਾਰੇ ਟੱਬਰ ਦਾ ਹਾਸਾ ਨਾ ਰੁਕੇਜਦੋਂ ਤਾਇਆ ਔਖਾ ਸੌਖਾ ਹੋ ਕੇ ਜ਼ਮੀਨ ਉੱਤੇ ਪੂਰੇ ਜ਼ੋਰ ਨਾਲ ਪੈਰ ਮਾਰ ਕੇ ਆਪਣੀ ਜੀਭ ਨੂੰ ਅਗਲੇ ਗੀਅਰ ਵਿੱਚ ਪਾ ਕੇ ਕਿੱਲੀ ਨੱਪ ਕੇ ਗੱਲ ਪੂਰੀ ਕਰਦਾ ਤਾਂ ਉਸਦੀ ਹਾਲਤ ਵੇਖਣ ਯੋਗ ਹੁੰਦੀਆਪਣੀ ਗੱਲ ਪੂਰੀ ਕਰਨ ਲਈ ਅੜਨ ਵੇਲੇ ਉਹ ਅਕਸਰ ਜ਼ੋਰ ਦੀ ਆਪਣਾ ਪੈਰ ਜ਼ਮੀਨ ਉੱਤੇ ਮਾਰਿਆ ਕਰਦਾ ਸੀਕਈ ਵਾਰ ਘਰ ਵਿੱਚ ਕੋਈ ਨਿੱਕੀ ਮੋਟੀ ਗੱਲ ਹੋ ਜਾਣ ਤੇ ਦੋਹਾਂ ਦਾ ਆਪਸੀ ਨੋਕ ਝੋਕ ਦਾ ਤਮਾਸ਼ਾ ਵੀ ਵੇਖਣ ਵਾਲਾ ਹੁੰਦਾ ਸੀਦੋਹਾਂ ਨੂੰ ਵੇਖ ਕੇ ਇਵੇਂ ਲਗਦਾ ਸੀ ਜਿਵੇਂ ਦੋਹਾਂ ਦਾ ਇੱਕ ਦੂਜੇ ਤੋਂ ਪਹਿਲਾਂ ਬੋਲਣ ਦਾ ਰੱਸਾਕਸ਼ੀ ਦਾ ਮੁਕਾਬਲਾ ਹੋ ਰਿਹਾ ਹੋਵੇ

ਤਾਇਆ ਗੋਪਾਲ ਸਿੰਘ ਲਾਹੌਰ ਫੌਜ ਵਿੱਚ ਨੌਕਰੀ ਕਰਦਾ ਸੀਉਸ ਦਾ ਮਹਿਕਮਾ ਫੌਜ ਲਈ ਤੰਬੂ ਗੱਡਣ ਦਾ ਸੀ ਤੇ ਉਹ ਲਹੌਰੋਂ ਜਦੋਂ ਛੁੱਟੀ ਆਉਂਦਾ ਤਾਂ ਉਸ ਦੇ ਆਉਣ ਦਾ ਪਤਾ ਲੱਗਣ’ ਤੇ ਮੈਂ ਝੱਟ ਹੀ ਉਨ੍ਹਾਂ ਦੇ ਘਰ ਪਹੁੰਚ ਜਾਂਦਾਤਾਇਆ ਜਦੋਂ ਛੁੱਟੀ ਕੱਟ ਕੇ ਵਾਪਸ ਜਾਂਦਾ ਤਾਂ ਉਸ ਨੂੰ ਛੱਡਣ ਲਈ ਉਸਦਾ ਬਿਸਤਰਾ ਸਿਰ ਉੱਤੇ ਚੁੱਕ ਕੇ ਮੈਂ ਉਚੇਚਾ ਉਸ ਦੇ ਨਾਲ ਜਾਂਦਾਥੋੜ੍ਹੀ ਹੀ ਦੂਰ ਜਾ ਕੇ ਉਹ ਮੈਂਨੂੰ ਘਰ ਵਾਪਸ ਜਾਣ ਲਈ ਕਹਿੰਦਾਤਾਏ ਨੂੰ ਪਤਾ ਸੀ ਕਿ ਮੈਂ ਉਸ ਨੂੰ ਛੱਡਣ ਲਈ ਕਿਉਂ ਜਾਂਦਾ ਹਾਂਉਹ ਵਾਪਸੀ ਉੱਤੇ ਆਨਾ, ਦੁਆਨੀ ਮੈਂਨੂੰ ਦੇ ਛਡਦਾਉਦੋਂ ਆਨੇ ਦੁਆਨੀ ਦੀ ਵੀ ਕੀਮਤ ਬਹੁਤ ਹੁੰਦੀ ਸੀਇਨ੍ਹਾਂ ਪੈਸਿਆਂ ਨਾਲ ਕਈ ਕਈ ਦਿਨ ਬੇਬੇ ਦੇ ਤਰਲੇ ਕਰਕੇ ਪੈਸੇ ਲੈਣ ਦੀ ਮੈਂਨੂੰ ਲੋੜ ਨਹੀਂ ਸੀ ਪੈਂਦੀ

ਵਿਆਹ ਦੇ ਥੋੜ੍ਹਾ ਚਿਰ ਬਾਅਦ ਤਾਈ ਦੀ ਕੁੱਖ ਨੂੰ ਭਾਗ ਲੱਗਾ ਤੇ ਇੱਕ ਬੇਟੇ ਨੇ ਜਨਮ ਲਿਆ ਪਰ ਤਾਈ ਨੂੰ ਸੂਤਕੀ ਬੁਖਾਰ ਹੋਣ ਕਰਕੇ ਉਹ ਉਸ ਛੋਟੇ ਬੱਚੇ ਨੂੰ ਛੱਡ ਕੇ ਸਦਾ ਲਈ ਸੰਸਾਰ ਨੂੰ ਛੱਡ ਗਈਤਾਇਆ ਲਾਹੌਰ ਨੌਕਰੀ ਕਰਦਾ ਸੀ, ਬੱਚੇ ਦੀ ਦੇਖ ਭਾਲ ਕਰਨ ਵਾਲਾ ਘਰ ਵਿੱਚ ਹੋਰ ਕੋਈ ਨਹੀਂ ਸੀ, ਉਸ ਦੇ ਨਾਨਕੇ ਆਏ ਤੇ ਉਸ ਨੂੰ ਆਪਣੇ ਘਰ ਲੈ ਗਏਉਹ ਯਤੀਮਾਂ ਵਾਂਗ ਨਾਨਕੇ ਘਰ ਵਿੱਚ ਪਲ਼ਿਆਤਾਏ ਦੀ ਜ਼ਿੰਦਗੀ ਹੁਣ ਦੋ ਬੇੜੀਆਂ ਵਿੱਚ ਪੈਰ ਰੱਖ ਕੇ ਸਫਰ ਕਰਨ ਵਾਂਗ ਸੀਜਦੋਂ ਕਿਤੇ ਛੁੱਟੀ ਆਉਂਦਾ ਤਾਂ ਕੁਝ ਦਿਨ ਆਪਣੇ ਬੇਟੇ ਨੂੰ ਵੇਖਣ ਦੇ ਬਹਾਨੇ ਸਹੁਰੇ ਘਰ ਲੰਘ ਜਾਂਦੇ ਅਤੇ ਕੁਝ ਆਪਣੇ ਘਰ ਵਿੱਚ ਇਕਾਂਤ ਵਿੱਚ ਦਿਨ ਕੱਟੀ ਜਾਂਦਾਤਾਇਆ ਹੁਣ ਛੁੱਟੀ ਵੀ ਪਿੰਡ ਘੱਟ ਹੀ ਆਉਂਦਾਜੇ ਕਦੇ ਆਉਂਦਾ ਵੀ ਤਾਂ ਰਾਤ ਬਰਾਤੇ ਰਹਿ ਕੇ ਵਾਪਸ ਚਲਾ ਜਾਂਦਾ

ਉਸ ਦੇ ਨਾਨਕਿਆਂ ਦਾ ਪਿੰਡ ਅਤੇ ਮੇਰੀ ਦਾਦੀ ਦੇ ਪੇਕਿਆਂ ਦਾ ਪਿੰਡ ਇੱਕੋ ਹੀ ਸੀਮੈਂ ਜਦੋਂ ਕਿਤੇ ਦਾਦੀ ਨਾਲ ਉਸ ਦੇ ਪੇਕੇ ਪਿੰਡ ਜਾਣਾ ਤਾਂ ਉਸ ਨੂੰ ਉੱਥੇ ਹੀ ਵੇਖਣ ਦਾ ਮੌਕਾ ਵੀ ਮਿਲਦਾਉਸ ਦਾ ਨਾ ਅਮਰੀਕ ਸੀ ਜੋ ਮਾਂ ਦੇ ਪਿਆਰ ਤੋਂ ਕੋਰਾ ਸੱਖਣਾ ਹੋਣ ਕਰਕੇ ਨਾਨਕਿਆਂ ਦੇ ਘਰ ਯਤੀਮਾਂ ਵਾਂਗ ਪਲ ਰਿਹਾ ਸੀਉਸ ਦਾ ਮੂੰਹ ਮੁਹਾਂਦਰਾ ਬਹੁਤਾ ਤਾਈ ਨਾਲ ਹੀ ਮਿਲਦਾ ਸੀਉਹ ਮੈਂਨੂੰ ਜਦੋਂ ਕਿਤੇ ਮਿਲਦਾ ਤਾਂ ਉਸ ਨੂੰ ਵੇਖ ਕੇ ਤਾਈ ਦਾ ਬਚਪਨ ਵਿੱਚ ਵੇਖਿਆ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਜਾਂਦਾ ਪਰ ਅਮਰੀਕ ਦੇ ਅਣ ਵਾਹੇ ਖਿਲਰੇ ਹੋਏ, ਅੱਧ ਕੱਟੇ ਕੋਏ ਜੁੰਡੇ, ਗੱਲ ਮੋਟੇ ਖੱਦਰ ਦਾ ਝੱਗਾ, ਤੇੜ ਲੰਮਾ ਕੱਛਾ, ਪੈਰੋਂ ਨੰਗਾ, ਧੁੱਪ ਨਾਲ ਲਾਲ ਸੂਹੀਆਂ ਹੋਈਆਂ ਮੋਟੀਆਂ ਮੋਟੀਆਂ ਅੱਖਾਂ, ਗਲੀਆਂ ਵਿੱਚ ਫਿਰਦੇ ਨੂੰ ਵੇਖਦਾ ਤਾਂ ਮੈਂਨੂੰ ਮਾਂ ਦਾ ਪਿਆਰ ਕੀ ਹੁੰਦਾ ਹੈ, ਮਾਂ ਦੀ ਗੋਦੀ ਦੇ ਨਿੱਘ ਜਿਸ ਨੇ ਮਾਣਿਆ ਹੀ ਨਹੀਂ, ਜਿਸ ਨੇ ਮਾਂ ਵੇਖੀ ਵੀ ਨਹੀਂ ਸੀ ਤਾਂ ਉਸ ਵੱਲ ਵੇਖ ਕੇ ਬਹੁਤ ਤਰਸ ਆਉਂਦਾਮੈਂ ਉਸ ਨਾਲ ਖੇਡਣ ਦਾ ਯਤਨ ਕਰਦਾ ਪਰ ਉਹ ਮੈਂਨੂੰ ਓਪਰਾ ਸਮਝ ਕੇ ਮੇਰੇ ਨਾਲ ਘੁਲਣ ਮਿਲਣ ਤੋਂ ਕੰਨੀ ਕਤਰਾ ਕੇ ਘਰ ਨੂੰ ਭੱਜ ਜਾਂਦਾਉਹ ਉਮਰ ਵਿੱਚ ਮੇਰੇ ਨਾਲੋਂ ਬਹੁਤ ਛੋਟਾ ਸੀ ਪਰ ਸਰੀਰ ਪੱਖੋਂ ਹੁੰਦੜ-ਹੇਲ ਸੀ

ਫਿਰ ਦੇਸ਼ ਦੀ ਵੰਡ ਪਿੱਛੋਂ ਸਾਡੇ ਸਾਰੇ ਸ਼ਰੀਕਾਂ ਦੇ ਪਰਿਵਾਰ ਵੱਖ ਵੱਖ ਥਾਂਵਾਂ ’ਤੇ, ਜਿੱਧਰ ਸਿੰਗ ਸਮਾਏ ਚਲੇ ਗਏਕਾਫੀ ਸਮਾਂ ਸਾਨੂੰ ਕਿਸੇ ਦੀ ਕੋਈ ਉੱਘ ਸੁੱਘ ਨਾ ਮਿਲੀਉਸ ਦੇ ਨਾਨਕੇ ਮੇਰੇ ਪਿੰਡ ਦੇ ਨਾਲ ਦੇ ਪਿੰਡ ਵਿੱਚ ਹੀ ਰਹਿ ਰਹੇ ਸਨ, ਜਦੋਂ ਉਨ੍ਹਾਂ ਵਿੱਚੋਂ ਕੋਈ ਮਿਲਦਾ ਤਾਂ ਮੈਂ ਅਮਰੀਕ ਬਾਰੇ ਅਤੇ ਤਾਏ ਬਾਰੇ ਜ਼ਰੂਰ ਪੁੱਛਦਾ ਰਹਿੰਦਾ ਸਾਂ

ਤਾਏ ਨੇ ਦੂਜਾ ਵਿਆਹ ਨਹੀਂ ਕਰਵਾਇਆਦੋਵੇਂ ਪਿਉ ਪੁੱਤਰ ਹੀ ਘਰ ਵਿੱਚ ਸਨਤਾਇਆ ਫੌਜ ਵਿੱਚੋਂ ਪੈਨਸ਼ਨ ਆ ਕੇ ਕਿਸੇ ਸਕੂਲ ਵਿੱਚ ਸੇਵਾਦਾਰ ਲੱਗ ਗਿਆ ਸੀ ਤੇ ਅਮਰੀਕ ਨੂੰ ਸਕੂਲ ਪੜ੍ਹਨ ਪਾ ਦਿੱਤਾਅਮਰੀਕ ਪੜ੍ਹਾਈ ਕਰਕੇ ਆਈ.ਟੀ.ਆਈ ਤੋਂ ਡਿਪਲੋਮਾ ਕਰਕੇ ਉੱਥੇ ਹੀ ਇਨਸਟ੍ਰਕਟਰ ਲੱਗ ਗਿਆਉਸਦਾ ਵਿਆਹ ਹੋ ਗਿਆ ਅਤੇ ਹੁਣ ਉਹ ਵੀ ਟੱਬਰ ਟੀਰ ਵਾਲਾ ਹੋ ਗਿਆ

ਤਾਇਆ ਆਪਣੀ ਉਮਰ ਹੰਢਾ ਕੇ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆਮੇਰਾ ਅਮਰੀਕ ਨੂੰ ਮਿਲਣ ਨੂੰ ਬੜਾ ਮਨ ਕਰਦਾ ਪਰ ਨੌਕਰੀ ਅਤੇ ਘਰਾਂ ਦੇ ਝਮੇਲਿਆਂ ਕਰਕੇ ਕਦੇ ਕਦੇ ਮੈਂ ਉਸ ਦੇ ਮਾਮਿਆਂ ਤੋਂ ਉਸ ਬਾਰੇ ਪੁੱਛ ਲਿਆ ਕਰਦਾਹੌਲੀ ਹੌਲੀ ਸਮਾਂ ਲੰਘਦਾ ਗਿਆਫਿਰ ਮੈਂਨੂੰ ਪਤਾ ਲੱਗਾ ਕਿ ਅਮਰੀਕ ਹੌਲੀ ਹੌਲੀ ਤਰੱਕੀ ਕਰਦਾ ਕਰਦਾ ਪ੍ਰਿੰਸੀਪਲ ਦੇ ਅਹੁਦੇ ਤੱਕ ਪਹੁੰਚ ਕੇ ਹੁਣ ਸੇਵਾ ਮੁਕਤ ਹੋ ਗਿਆ ਹੈ

ਸਮਾਂ ਬੀਤਦਾ ਗਿਆਮੈਂ ਵੀ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕਾ ਸਾਂ ਤੇ ਘਰ ਹੀ ਛੋਟੇ ਮੋਟੇ ਕੰਮਾਂ ਵਿੱਚ ਸਮਾਂ ਬਤੀਤ ਕਰ ਰਿਹਾ ਸਾਂਇੱਕ ਦਿਨ ਅਚਾਨਕ ਅਮਰੀਕ ਤੇ ਉਸ ਦੀ ਘਰ ਵਾਲੀ, ਜੋ ਆਪਣੇ ਮਾਮਿਆਂ ਨੂੰ ਮਿਲਣ ਆਏ ਹੋਏ ਸਨ, ਪੁੱਛਦੇ ਪੁਛਾਉਂਦੇ ਮੇਰੇ ਘਰ ਆ ਗਏਪਹਿਲਾਂ ਤਾਂ ਮੈਂ ਉਸ ਨੂੰ ਪਛਾਣਿਆ ਹੀ ਨਾ, ਉਹ ਮੈਂਨੂੰ ਵੇਖ ਕੇ ਕਹਿਣ ਲੱਗਾ, “ਭਾ ਜੀ, ਪਛਾਣੋ ਖਾਂ, ਭਲਾ ਮੈਂ ਕੌਣ ਹਾਂ?”

ਮੈਂ ਇਹ ਸੁਣ ਕੇ ਉਸ ਵੱਲ ਵੇਖ ਕੇ ਆਪਣੀ ਯਾਦ ਸ਼ਕਤੀ ਨੂੰ ਇਕੱਠਾ ਕਰਦੇ ਬਥੇਰਾ ਯਤਨ ਕੀਤਾ ਪਰ ਉਸ ਬਾਰੇ ਮੈਂਨੂੰ ਕੁਝ ਸਮਝ ਨਾ ਆਈ ਤੇ ਅਖੀਰ ਉਹ ਮੈਂਨੂੰ ਚੁੱਪ ਵੇਖ ਕੇ ਆਪ ਹੀ ਬੋਲਿਆ, “ਭਾ ਜੀ, ਮੈਂ ਅਮਰੀਕ ਹਾਂ, ਸ. ਗੋਪਾਲ ਸਿੰਘ ਦਾ ਬੇਟਾ।” ਇਹ ਸੁਣ ਕੇ ਮੇਰੀ ਪੁਰਾਣੀ ਯਾਦ ਸ਼ਕਤੀ ਜਿਵੇਂ ਵਾਪਸ ਮੁੜ ਆਈਮੈਂ ਉਸ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆਉਹ ਕਹਿਣ ਲੱਗਾ, “ਮੈਂ ਤੁਹਾਡੇ ਬਾਰੇ ਭਾਪਾ ਜੀ ਤੋਂ ਸੁਣਦਾ ਰਹਿੰਦਾ ਸਾਂਅੱਜ ਇੱਧਰ ਆਉਣ ਦਾ ਸਬੱਬ ਬਣ ਗਿਆ, ਮੈਂ ਸੋਚਿਆ ਇਸੇ ਬਹਾਨੇ ਤੁਹਾਨੂੰ ਵੀ ਮਿਲ ਆਈਏ।”

ਹੁਣ ਅਮਰੀਕ ਪਹਿਲਾਂ ਵਾਲਾ ਅਮਰੀਕ ਨਹੀਂ ਸੀ ਲੱਗ ਰਿਹਾਉਸ ਦਾ ਮਧਰਾ ਸਰੀਰ ਭਾਰਾ ਹੋ ਗਿਆ ਸੀਦਾੜ੍ਹੀ ਚਿੱਟੀ ਹੋ ਚੁੱਕੀ ਸੀਪਰ ਗੋਰੇ ਗੋਲ ਨੈਣ ਨਕਸ਼ਾਂ ਵਿੱਚੋਂ ਬਚਪਨ ਵਿੱਚ ਵੇਖੀ ਹੋਈ ਤਾਈ ਦਾ ਮੁਹਾਂਦਰਾ ਕੁਝ ਕੁਝ ਝਲਕ ਰਿਹਾ ਸੀਇੱਕ ਹੋਰ ਰੱਬ ਦੀ ਮੇਹਰ ਉਸ ਉੱਤੇ ਵੇਖੀ ਕਿ ਉਹ ਤਾਏ, ਤਾਈ ਵਾਂਗ ਗੱਲ ਕਰਦਾ ਅੜਦਾ ਨਹੀਂ ਸੀਸਗੋਂ ਬੜੇ ਸਹਿਜ ਭਾਅ ਨਾਲ ਗੱਲਬਾਤ ਕਰਨ ਦਾ ਅੰਦਾਜ਼ ਉਸ ਦੀ ਸ਼ਖਸੀਆਤ ਨੂੰ ਹੋਰ ਨਿਖਾਰ ਰਿਹਾ ਸੀਘਰ ਵਾਲੀ ਉਸ ਤੋਂ ਲੰਮੀ ਅਤੇ ਜ਼ਰਾ ਸਾਉਲੇ ਰੰਗ ਦੀ ਸੀ, ਤੇ ਬੜੀ ਤੇਜ਼ ਤਰਾਰ ਜਾਪਦੀ ਸੀ, ਪਰ ਬਹੁਤ ਹਸਮੁਖੀ ਤੇ ਮਿਲਣਸਾਰ ਜਾਪਦੀ ਸੀਦੋ ਬੇਟੇ ਸਨ

ਮੇਰੇ ਕੋਲ ਜਿੰਨੇ ਚਿਰ ਉਹ ਬੈਠੇ, ਜੀਵਨ ਦੇ ਕਈ ਤਲਖ ਤਜਰਬੇ, ਬਚਪਨ ਦੀਆਂ ਯਾਦਾਂ, ਨੌਕਰੀ ਵਿੱਚ ਕਈ ਉਤਰਾ ਚੜ੍ਹਾ ਦੀਆਂ ਤੇ ਹੋਰ ਘਰਾਂ ਦੀਆਂ ਗੱਲਾਂਬਾਤਾਂ ਕਰਦੇ ਉਸ ਨੇ ਦੱਸਿਆ, “ਪਿਤਾ ਜੀ ਕਈ ਗੱਲਾਂ ਤੇਰੇ ਬਚਪਨ ਵੇਲੇ ਦੀਆਂ ਦੱਸਿਆ ਕਰਦੇ ਸਨਇਸ ਲਈ ਤੁਹਾਨੂੰ ਮਿਲਣ ਨੂੰ ਮਨ ਬੜਾ ਕਰਦਾ ਸੀਸੋ ਅੱਜ ਸਬੱਬ ਬਣ ਹੀ ਗਿਆ।” ਪੁਰਾਣੀਆਂ ਹੋਈਆਂ ਬੀਤੀਆਂ ਗੱਲਾਂ ਕਰਦਿਆਂ ਉਹ ਕਈ ਵਾਰ ਭਾਵਕ ਹੋ ਜਾਂਦਾ ਤੇ ਕਿੰਨਾ ਚਿਰ ਚੁੱਪ ਰਹਿਣ ਪਿੱਛੋਂ ਬੜੇ ਠਰ੍ਹੰਮੇ ਨਾਲ ਆਪਣੀ ਗੱਲ ਮੁੜ ਤੋਰਦਾ

ਮਾਂ ਤਾਂ ਉਸ ਨੇ ਵੇਖੀ ਹੀ ਨਹੀਂ ਸੀ ਪਰ ਆਪਣੇ ਪਿਉ ਦੀ ਸੇਵਾ ਆਖਰ ਦਮ ਤੀਕ ਉਸ ਨੇ ਪੂਰੀ ਕੀਤੀਮੈਂਨੂੰ ਉਸ ਵੱਲ ਝਾਕਦਿਆਂ ਤਾਏ ਅਤੇ ਤਾਈ ਦੇ ਨੈਣ ਨਕਸ਼ਾਂ ਦਾ ਸੁਮੇਲ ਵੇਖ ਕੇ ਮੈਂਨੂੰ ਤਾਏ ਅਤੇ ਤਾਈ ਦੇ ਬਚਪਨ ਵਿੱਚ ਵੇਖੇ ਚਿਹਰਿਆਂ ਦੀ ਨੁਹਾਰ ਦੀ ਸੁੰਦਰ ਸਮੇਲ/ ਝਲਕ ਅਮਰੀਕ ਦੇ ਚਿਹਰੇ ਵਿੱਚੋਂ ਝਲਕਦੀ ਨਜ਼ਰ ਆਈਥੋੜ੍ਹਾ ਸਮਾਂ ਮੇਰੇ ਕੋਲ ਬਿਤਾ ਕੇ ਅਮਰੀਕ ਆਪਣੇ ਘਰ ਦੀਆਂ ਕਈ ਮਜਬੂਰੀਆਂ ਦੱਸ ਕੇ ਮੇਰੇ ਕੋਲੋਂ ਵਿਦਾ ਹੋ ਗਿਆ

ਇਸਦੇ ਥੋੜ੍ਹਾ ਸਮਾਂ ਬਾਅਦ ਮੈਂ ਤਾਂ ਵਿਦੇਸ਼ ਆ ਗਿਆ ਫਿਰ ਅਮਰੀਕ ਬਾਰੇ ਬਹੁਤੀ ਜਾਣਕਾਰੀ ਮੈਂਨੂੰ ਨਹੀਂ ਮਿਲੀ ਪਰ ਤਾਏ ਦਾ ਬਚਪਨ ਦਾ ਕੀਤਾ ਪਿਆਰ ਤੇ ਤਾਈ ਦੀ ਯਾਦ ਮੈਂਨੂੰ ਅਜੇ ਵੀ ਕਈ ਵਾਰ ਆਉਂਦੀ ਰਹਿੰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1827)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਰਵੇਲ ਸਿੰਘ

ਰਵੇਲ ਸਿੰਘ

Brampton, Canada.
Email: (
singhrewail91@gmail.com)

More articles from this author