“ਹਾਰੀਆਂ ਹੋਈਆਂ ਦੋਵੇਂ ਪਾਰਟੀਆਂ ਅੰਦਰੋਂ ਅੰਦਰ ਵਿਸ ਘੋਲਦੀਆਂ ਆਪੋ ਆਪਣੇ ਅੰਦਰੀਂ ...”
(9 ਅਕਤੂਬਰ 2025)
ਪਿਛਲੇ ਸਾਲ ਅਕਤੂਬਰ ਮਹੀਨੇ ਪੰਜਾਬ ਵਿੱਚ ਹੋਈ ਪੰਚਾਇਤੀ ਚੋਣਾਂ ਸਮੇਂ ਵੱਖ ਵੱਖ ਤਰ੍ਹਾਂ ਦੀਆਂ ਗੱਲਾਂ ਵੇਖਣ ਸੁਣਨ ਵਿੱਚ ਆਈਆਂ, ਬਹੁਤ ਕੁਝ ਪੜ੍ਹਨ ਨੂੰ ਮਿਲਿਆ ਹੈ। ਇਨ੍ਹਾਂ ਪੰਚਾਇਤੀ ਚੋਣਾਂ ਵੇਲੇ ਮੈਂ ਆਪਣੇ ਪਿੰਡ ਹੀ ਸਾਂ। ਮੁੱਖ ਤੌਰ ਸਰਪੰਚੀ ਦਾ ਮੁਕਾਬਲਾ ਤਾਂ ਦੋਹਾਂ ਧਿਰਾਂ ਦਾ ਸੀ। ਇੱਕ ਧਿਰ ਸਰਪੰਚੀ ਨੂੰ ਆਪਣਾ ਜੱਦੀ ਪੁਸ਼ਤੀ ਹੱਕ ਸਮਝਦੀ ਸੀ। ਇਸ ਤੋਂ ਪਹਿਲਾਂ ਦੋ ਆਬਾਦੀਆਂ ਵਾਲੇ ਇਸ ਪਿੰਡ ਦੀ ਮਾਲ ਦੇ ਕਾਗਜ਼ਾਤ ਵਿੱਚ ਇੱਕੋ ਹੱਦ ਬਸਤ ਹੋਣ ਕਰਕੇ ਪੰਚਾਇਤ ਇੱਕੋ ਹੀ ਹੋਇਆ ਕਰਦੀ ਸੀ ਤੇ ਇੱਕ ਅਬਾਦੀ ਦਾ ਬੰਦਾ ਜ਼ਿਆਦਾ ਅਸਰ ਰਸੂਖ ਰੱਖਣ ਵਾਲਾ ਹੋਣ ਕਰਕੇ ਹਮੇਸ਼ਾ ਸਰਪੰਚ ਚੁਣਿਆ ਜਾਂਦਾ ਸੀ। ਫਿਰ ਇਸ ਪਿੰਡ ਦੇ ਕਿਸੇ ਚਲਦੇ ਪੁਰਜ਼ੇ ਬੰਦੇ ਨੇ ਆਪਣੇ ਸਿਆਸੀ ਜ਼ੋਰ ਨਾਲ ਇਸ ਪਿੰਡ ਦੀਆਂ ਦੋਹਾਂ ਆਬਾਦੀਆਂ ਦੀਆਂ ਪੰਚਾਇਤਾਂ ਨੂੰ ਵੱਖੋ ਵੱਖ ਕਰਵਾ ਲਿਆ ਤੇ ਉਹ ਸਰਪੰਚ ਵੀ ਚੁਣਿਆ ਗਿਆ। ਉਦੋਂ ਤੋਂ ਹੀ ਸਰਪੰਚੀ ਉਸ ਘਰ ਲਈ ਪਰਵਾਰਿਕ ਬਣ ਕੇ ਰਹਿ ਗਈ ਸੀ, ਤੇ ਅਜੇ ਵੀ ਇਸ ਘਰ ਨੂੰ ਸਰਪੰਚਾਂ ਦਾ ਘਰ ਕਿਹਾ ਜਾਂਦਾ ਹੈ।
ਪਿਛਲੀਆਂ ਚੋਣਾਂ ਵੇਲੇ ਸਰਪੰਚੀ ਹੱਥੋਂ ਜਾਂਦੀ ਵੇਖ ਕੇ ਉਨ੍ਹਾਂ ਸਰਬਸੰਮਤੀ ਨਾਲ ਸਰਪੰਚੀ ਕਿਸੇ ਹੋਰ ਨੂੰ ਦੇਣੀ ਪ੍ਰਵਾਨ ਕਰ ਲਈ ਸੀ ਕਿਉਂ ਜੋ ਸਰਬਸੰਮਤੀ ਨਾਲ ਚੁਣਿਆ ਜਾਣ ਵਾਲਾ ਉਮੀਦਵਾਰ ਵੀ ਉਨ੍ਹਾਂ ਦਾ ਕੋਈ ਨੇੜਲਾ ਸਾਕ ਸੰਬੰਧੀ ਹੀ ਸੀ। ਵਿਰੋਧੀ ਪਾਰਟੀ ਵੀ ਸਰਬਸੰਮਤੀ ਦਾ ਮਾਹੌਲ ਵੇਖ ਕੇ ਚੁੱਪ ਕੀਤੀ ਰਹੀ। ਪਰ ਇਸ ਵਾਰ ਹਾਲਾਤ ਕੁਝ ਵੱਖਰੇ ਸਨ। ਪਹਿਲਾ ਸਰਬ ਸੰਮਤੀ ਨਾਲ ਬਣਿਆ ਸਰਪੰਚ ਇਨ੍ਹਾਂ ਚੋਣਾਂ ਵਿੱਚ ਹੱਥ ਖੜ੍ਹੇ ਕਰ ਗਿਆ। ਸਰਪੰਚੀ ਲਈ ਇਸ ਵਾਰ ਮੁਕਾਬਲਾ ਦੋਹਰਾ ਨਹੀਂ, ਸਗੋਂ ਤਿਹਰਾ ਹੋ ਗਿਆ। ਜਾਂ ਇਉਂ ਕਹਿ ਲਓ ਕਿ ਮੁਕਾਬਲਾ ਤਿਕੋਣਾ ਹੋ ਗਿਆ, ਜਦੋਂ ਪਿੰਡ ਤੋਂ ਦੱਖਣੀ ਲਹਿੰਦੀ ਬਾਹੀ ਦਾ ਇੱਕ ਸਿੱਧੜ ਜਿਹਾ ਬੰਦਾ, ਜੋ ਸਾਰੇ ਪਿੰਡ ਵਿੱਚ ‘ਕਾਂ’ ਕਰਕੇ ਜਾਣਿਆ ਜਾਂਦਾ ਹੈ, ਜਿਸਦੇ ਲੜਕੇ ਵੀ ਵਿਦੇਸ਼ ਰਹਿੰਦੇ ਹਨ, ਉਹ ਸਾਬਕਾ ਫੌਜੀ ਤੇ ਪੈਸੇ ਵਾਲਾ ਵੀ ਹੈ, ਸਰਪੰਚੀ ਲਈ ਖੜ੍ਹਾ ਹੋ ਗਿਆ। ਅਨੁਸੂਚਤ ਜਾਤੀਆਂ ਦੇ ਬਹੁਤੇ ਘਰ ਵੀ ਉਸ ਦੇ ਘਰ ਦੇ ਨਾਲ ਹੀ ਲਗਦੇ ਹਨ। ਬਹੁਤੇ ਸਾਬਕਾ ਫੌਜੀਆਂ ਨੇ ਵੀ ਉਸ ਦਾ ਇਸ ਕੰਮ ਲਈ ਸਾਥ ਦਿੱਤਾ।
ਦਾਰੂ ਦੀਆਂ ਪੇਟੀਆਂ, ਮੀਟ ਮਸਾਲੇ ਤੇ ਵੋਟਾਂ ਲਈ ਨੋਟ ਵੰਡਣ ਵਿੱਚ ਤਾਂ ਕਿਸੇ ਨੇ ਵੀ ਹਰ ਪੱਖੋਂ ਘੱਟ ਨਹੀਂ ਕੀਤੀ। ਪਿਆਕੜਾਂ ਦੀਆਂ ਵਾਹਵਾ ਚਾਰ ਦਿਨ ਮੌਜਾਂ ਲੱਗੀਆਂ ਰਹੀਆਂ।
ਪਹਿਲੀਆਂ ਦੋਵੇਂ ਧਿਰਾਂ ਹੀ ਤੀਜੇ ਨੂੰ ਟਿੱਚ ਸਮਝ ਕੇ ਆਪੋ ਆਪਣੀ ਜਿੱਤ ਦੇ ਡੰਕੇ ਵਜਾਉਣ ਦੇ ਸੁਪਨੇ ਲੈ ਰਹੀਆਂ ਸਨ ਕਿ ਬਾਜ਼ੀ ਉਲਟ ਗਈ। ਨਤੀਜੇ ਸਿੱਧ ਪੱਧਰੇ ਉਸ ਬੰਦੇ ਦੇ ਹੱਕ ਵਿੱਚ ਆ ਗਏ, ਜਿਸ ਨੂੰ ਲੋਕ ਮਖੌਲ ਨਾਲ ‘ਕਾਂ’ ਕਿਹਾ ਕਰਦੇ ਸਨ। ਪਰ ਸਾਰੇ ਪਿੰਡ ਵਿੱਚ ਕਾਵਾਂ ਰੌਲ਼ੀ ਪੈ ਗਈ ਕਾਂ ਜਿੱਤ ਗਿਆ, ਕਾਂ ਜਿੱਤ ਗਿਆ। ਕੋਈ ਕਹਿ ਰਿਹਾ ਸੀ ਹੁਣ ਕਾਂ ਨਾ ਕਹੋ, ਹੁਣ ਤਾਂ ਉਹ ਪਿੰਡ ਦਾ ਸਰਪੰਚ ਬਣ ਗਿਆ ਹੈ। ਕੋਈ ਕਹਿ ਰਿਹਾ ਸੀ, ਇਹ ਲੋਕ ਰਾਜ ਹੈ, ਵੋਟ ਰਾਜ ਹੈ, ਲੋਕ ਚਾਹੁਣ, ਕਾਂ ਤਾਂ ਕੀ, ਕਬੂਤਰ ਵੀ ਰਾਜ ਕਰ ਸਕਦਾ ਹੈ। ਕਈ ਕਹਿ ਰਹੇ ਸਨ ਚੰਗਾ ਹੋਇਆ, ਆਕੜਿਆਂ ਦੀ ਧੌਣ ਭੰਨ ਦਿੱਤੀ ਕਾਂ ਨੇ। ਕੋਈ ਕਹਿ ਰਿਹਾ ਸੀ ਲੈ ਬਈ ਕਾਂ ਪਛਾੜ ਗਿਆ ਵੱਡੇ ਵੱਡੇ ਧਾਕੜਾਂ ਨੂੰ। ਕੋਈ ਕਹਿ ਰਿਹਾ ਸੀ ਚਲੋ ਇਹ ਕਿਹੜਾ ਕੁੰਭ ਦਾ ਮੇਲਾ ਹੈ, ਜੋ ਬਾਰ੍ਹੀਂ ਸਾਲੀਂ ਆਉਣਾ ਹੈ, ਜਿੱਥੇ ਪਹਿਲੇ ਪੰਜ ਸਾਲ ਵੇਖੇ, ਉੱਥੇ ਇਹ ਵੀ ਵੇਖ ਲਵਾਂਗੇ। ਗੱਲ ਕੀ, ਜਿੰਨੇ ਮੂੰਹ ਓਨੀਆਂ ਗੱਲਾਂ। ਹਾਰੀਆਂ ਹੋਈਆਂ ਦੋਵੇਂ ਪਾਰਟੀਆਂ ਅੰਦਰੋਂ ਅੰਦਰ ਵਿਸ ਘੋਲਦੀਆਂ ਆਪੋ ਆਪਣੇ ਅੰਦਰੀਂ ਬੈਠੀਆਂ ਹੋਈਆਂ ਸਨ ਤੇ ਦੂਸਰੇ ਪਾਸੇ ਨਵਾਂ ਬਣਿਆ ਸਰਪੰਚ ਫੁੱਲਾਂ ਦੇ ਹਾਰਾਂ ਨਾਲ ਲੱਦਿਆ ਮੋਰਾਂ ਵਾਂਗ ਪੈਲਾਂ ਪਾਉਂਦਾ ਆਪਣੇ ਵੋਟਰਾਂ ਦੀ ਭੀੜ ਵਿੱਚ ਘਿਰਿਆ ਘਰ ਵੱਲ ਜਾ ਰਿਹਾ ਸੀ। ਉਸ ਦੀ ਇਹ ਵੱਡੇ ਵੱਡੇ ਦਿੱਗਜਾਂ ਨੂੰ ਚਿੱਤ ਕਰਨ ਵਾਲੀ ਗੱਲ ਵੇਖ ਕੇ ਮੈਨੂੰ ਪੁਰਾਣੇ ਵੇਲਿਆਂ ਦੀ ਨ੍ਹਾਪਾ ਨਾਂ ਦੇ ਮਧਰੇ ਕੱਦ ਕਾਠ ਦੇ ਪਹਿਲਵਾਨ ਦੀ ਗੱਲ ਚੇਤੇ ਆ ਗਈ ਜੋ ਹੇਠ ਪੈ ਕੇ ਪਲਟੀ ਮਾਰ ਕੇ ਆਪਣੇ ਤੋਂ ਵੱਡੇ ਕਈ ਵੱਡੇ ਕੱਦ-ਕਾਠ ਵਾਲੇ ਨਾਮੀ ਪਿਹਲਵਾਨਾਂ ਨੂੰ ਚਿੱਤ ਕਰ ਚੁੱਕਿਆ ਸੀ। ਉਸ ਬਾਰੇ ਇਹ ਵੀ ਕਿਹਾ ਜਾਂਦਾ ਸੀ ਕਿ ਉਸ ਤੋਂ ਢਹਿਕੇ ਕਈ ਪਹਿਲਵਾਨ ਤਾਂ ਸ਼ਰਮ ਦੇ ਮਾਰੇ ਕੁਸ਼ਤੀ ਕਰਨਾ ਹੀ ਛੱਡ ਗਏ। ਉਹੀ ਗੱਲ ਇਸ ਵਾਰ ਵਿਰੋਧੀ ਧਿਰਾਂ ਨਾਲ ਹੋਈ।
ਨਵੇਂ ਬਣੇ ਸਰਪੰਚ ਨੂੰ ਜਦੋਂ ਵਧਾਈ ਦਿੱਤੀ ਤਾਂ ਉਹ ਬੜੀ ਨਿਮਰਤਾ ਨਾਲ ਦੋਵੇਂ ਹੱਥ ਜੋੜਦਾ ਬੋਲਿਆ ਕਿ ਜੇ ਪਿੰਡ ਵਾਲਿਆਂ ਸਰਪੰਚੀ ਦੀ ਸੇਵਾ ਮੈਨੂੰ ਬਖਸ਼ੀ ਹੈ ਤਾਂ ਪਿੰਡ ਦੇ ਸਾਰੇ ਕੰਮ ਜ਼ਰੂਰ ਕਰਾਂਗਾ ਪਰ ਸਭ ਤੋਂ ਪਹਿਲਾਂ ਮੇਰਾ ਕੰਮ ਪਿੰਡ ਤੋਂ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਨੂੰ ਜਾਣ ਵਾਲੀ ਖਸਤਾ ਹੋ ਚੁੱਕੀ ਸੜਕ ਨੂੰ ਠੀਕ ਕਰਵਾਉਣਾ ਨੂੰ ਹੋਵੇਗਾ। ਉਸ ਦੀ ਗੱਲ ਸੁਣ ਕੇ ਪਤਾ ਲੱਗਿਆ ਕਿ ਕਾਂ ਨਿਰਾ ਨਾਂ ਦਾ ਕਾਂ ਹੀ ਨਹੀਂ ਸਗੋਂ ਉਹ ਸਿਆਸਤ ਦੀ ਕਾਂ ਵਾਲੀ ਕੈਰੀ ਤੇ ਮੌਕੇ ਦੀ ਤਾੜ ਰੱਖਣ ਵਾਲੀ ਨਜ਼ਰ ਰੱਖਣ ਵਾਲੀ ਸਿਆਸੀ ਸੋਚ ਦਾ ਧਾਰਨੀ ਵੀ ਹੈ।
ਉਸ ਦੀ ਹਲੀਮੀ ਅਤੇ ਨਿਮਰਤਾ ਵੇਖ ਕੇ ਮੇਰੇ ਮਨ ਵਿੱਚ ਧਰਮ ਦੀ ਪੌੜੀ ਦੇ ਸਹਾਰੇ ਤੇ ਪਿੰਡ ਦੀ ਚੌਧਰ ਦੀ ਕੁਰਸੀ ਤਕ ਪਹੁੰਚਣ ਦੀ ਉਸ ਦੀ ਸਫਲਤਾ ਮੈਨੂੰ ਵਾਰ ਵਾਰ ਚੇਤੇ ਆ ਰਹੀ ਸੀ।
ਖੈਰ ਜੋ ਵੀ ਹੋਇਆ, ਜਿਵੇਂ ਵੀ ਹੋਇਆ, ਜਿਸ ਤਰ੍ਹਾਂ ਵੀ ਹੋਇਆ, ਜਿਸ ਬੰਦੇ ਨੂੰ ਸਾਰਾ ਪਿੰਡ ਮਖੌਲ ਨਾਲ ਕਾਂ ਕਿਹਾ ਕਰਦਾ ਸੀ ਤੇ ਉਸ ਦੇ ਅਸਲ ਨਾਂ ਬਾਰੇ ਵੀ ਲੋਕਾਂ ਨੂੰ ਘੱਟ ਹੀ ਪਤਾ ਸੀ, ਹੁਣ ਸਰਪੰਚ ਸੁਰਜੀਤ ਸਿੰਘ ਦੇ ਨਾਂ ਨਾਲ ਆਪਣੀ ਪਛਾਣ ਬਣਾਉਣ ਵਿੱਚ ਸਫਲ ਹੋ ਗਿਆ ਹੈ।
ਉੱਠੇ ਖਾਕ ਵਿੱਚੋਂ ਤੇ ਕਿਣਕਾ ਨੂਰ ਹੋ ਜਾਏ,
ਉਸ ਦੀ ਮੁੱਠੀ ਵਿੱਚ ਕੁੱਲ ਜਹਾਨ ਹੋ ਜਾਏ।
ਤਖਤ ਤਾਜ ਤੇ ਰਾਜ ਦੀ ਮਿਲੇ ਸ਼ੋਹਰਤ,
ਜਿਸ ’ਤੇ ਰੱਬ ਸੱਚਾ ਮਿਹਰਬਾਨ ਹੋ ਜਾਏ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)