“ਉਹ ਅਚਾਨਕ ਸਾਡੇ ਘਰ ਆਇਆ ਤੇ ਮੰਜੇ ’ਤੇ ਬੈਠਕੇ ਕੇ ਕੁੱਕੜਾਂ ਵੱਲ ਘੂਰ ਘੂਰ ਕੇ ਵੇਖਣ ...”
(3 ਸਤੰਬਰ 2018)
ਤਾਇਆ ਕਰਮ ਸਿੰਘ ਅੰਗਰੇਜ਼ ਰਾਜ ਵੇਲੇ ਫੌਜ ਵਿੱਚ ਜਮਾਦਾਰ ਸੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਹੁਣ ਇਸ ਅਹੁਦੇ ਦਾ ਨਾਂ ਜਮਾਦਾਰ ਤੋਂ ਬਦਲ ਕੇ ਨਾਇਬ ਸੂਬੇਦਾਰ ਕਰ ਦਿੱਤਾ ਗਿਆ ਹੈ। ਅੱਜਕਲ ਜੇ ਕਿਸੇ ਫੌਜੀ ਨੂੰ ਜਮਾਦਾਰ ਕਹਿ ਦਈਏ ਤਾਂ ਉਹ ਗੁੱਸਾ ਕਰੇਗਾ, ਕਿਉਂ ਜੋ ਜਮਾਦਾਰ ਤਾਂ ਸਫਾਈ ਮਜ਼ਦੂਰ ਨੂੰ ਹੀ ਕਿਹਾ ਜਾਂਦਾ ਹੈ। ਇਵੇਂ ਹੀ ਦਫਤਰ ਦੇ ਸੇਵਾਦਾਰ ਨੂੰ ਵੀ ਪਹਿਲਾਂ ਚਪੜਾਸੀ ਕਿਹਾ ਜਾਂਦਾ ਸੀ ਪਰ ਹੁਣ ਸੇਵਾਦਾਰ ਕਿਹਾ ਜਾਂਦਾ ਹੈ। ਤਹਿਸੀਲ ਦਫਤਰ ਵਿੱਚ ਸੀਨੀਅਰ ਸੇਵਾਦਾਰ ਨੂੰ ਅਜੇ ਵੀ ਜਮਾਦਾਰ ਹੀ ਕਿਹਾ ਜਾਂਦਾ ਹੈ। ਤਾਇਆ ਕਰਮ ਸਿੰਘ ਬੜੇ ਗੁੱਸੇ ਅਤੇ ਕੌੜੇ ਸੁਭਾਅ ਵਾਲਾ ਬੰਦਾ ਸੀ। ਉਸਦੀ ਰੋਮਨ ਉਰਦੂ ਮਿਲੀ ਗੁਲਾਬੀ ਫੌਜੀ ਹਮਕੀ ਤੁਮਕੀ ਵਾਲੀ ਪੰਜਾਬੀ ਵੀ ਸੁਣਨ ਵਾਲੀ ਹੁੰਦੀ ਸੀ। ਪਿੰਡ ਵਿੱਚ ਹੋਰ ਵੀ ਮੇਰੇ ਤਾਏ ਵਰਗੇ ਕਈ ਫੌਜੀ ਸਨ ਪਰ ਤਾਇਆ ਕਰਮ ਸਿੰਘ ਇਨ੍ਹਾਂ ਸਾਰਿਆਂ ਨਾਲੋਂ ਕੁੱਝ ਨਿਵੇਕਲੇ ਤੇ ਕਰੜੇ ਸੁਭਾਅ ਵਾਲਾ ਸੀ।
ਉਸ ਨੇ ਅੰਗਰੇਜ਼ ਰਾਜ ਵੇਲੇ ਕਈ ਜੰਗਾਂ ਲੜੀਆਂ ਸਨ। ਫੌਜੀ ਵਰਦੀ ਵਿੱਚ ਆਪਣੀ ਛਾਤੀ ਤੇ ਕਈ ਰੰਗ ਸੁਰੰਗੇ ਰਿਬਨ ਤੇ ਤਮਗੇ ਸਜਾ ਕੇ ਜਦੋਂ ਉਹ ਕਦੀ ਘਰ ਛੁੱਟੀ ਆਉਂਦਾ ਤਾਂ ਆਪਣੇ ਨਾਲ ਕਈ ਕਿਸਮ ਦਾ ਖਾਣ ਪੀਣ ਵਾਲਾ ਡੱਬਾ ਬੰਦ ਸਾਮਾਨ ਲੈ ਕੇ ਆਉਂਦਾ, ਜਿਸ ਵਿੱਚ ਮੀਟ, ਮੱਛੀ ਦੇ ਬੰਦ ਡੱਬੇ ਵੀ ਹੁੰਦੇ। ਹੋਰ ਭਾਵੇਂ ਕੋਈ ਸਾਮਾਨ ਘੱਟ ਹੋਵੇ ਪਰ ਰੰਮ ਤੇ ਵਿਸਕੀ ਦੀਆਂ ਬੋਤਲਾਂ ਜ਼ਰੂਰ ਹੁੰਦੀਆਂ ਸਨ। ਤਾਇਆ ਫੌਜੀਆਂ ਵਾਂਗ ਦਾੜ੍ਹੀ ਤਾਂ ਨਹੀਂ ਸੀ ਚਾੜ੍ਹਦਾ ਪਰ ਦਾੜ੍ਹੀ ਦੀ ਗੁੱਛੀ ਉਸ ਦੇ ਗੋਲ ਭਰਵੇਂ ਚਿਹਰੇ ’ਤੇ ਬੜੀ ਫਬਦੀ ਸੀ। ਜਵਾਨ ਇੰਨਾ ਸੀ ਕਿ ਵੇਖਿਆਂ ਮੈਨੂੰ ਤਾਂ ਡਰ ਲਗਦਾ ਸੀ। ਤਾਏ ਦੀ ਵੱਡੀ ਧੀ ਅਮਰੋ, ਜ਼ਰਾ ਇੱਕ ਅੱਖੋਂ ਭੈਂਗੀ ਸੀ ਪਰ ਹੈ ਬੜੀ ਚੁਸਤ ਚਾਲਾਕ ਤੇ ਮਖੌਲੀਏ ਸੁਭਾਅ ਦੀ ਸੀ। ਉਹ ਸਾਨੂੰ ਰੋਜ਼ ਕੋਈ ਨਾ ਕੋਈ ਨਵਾਂ ਸ਼ੋਸ਼ਾ ਸੁਣਾ ਛੱਡਦੀ, ਤੇ ਅਸੀਂ ਮੰਨ ਜਾਂਦੇ। ਇੱਕ ਦਿਨ ਮੈਂ ਤੇ ਉਸਦਾ ਭਰਾ ਸੂਰਤੀ, ਜੋ ਮੇਰੇ ਤੋਂ ਦੋ ਕੁ ਸਾਲ ਵੱਡਾ ਸੀ, ਅਸੀਂ ਕੋਠੇ ’ਤੇ ਸਿਆਲ ਦੀ ਧੁੱਪ ਸੇਕ ਰਹੇ ਸਾਂ। ਅਮਰੋ ਸਾਡੇ ਕੋਲ ਆ ਕੇ ਬੋਲੀ, “ਤੁਸੀਂ ਕਦੇ ਰੱਬ ਵੇਖਿਆ ਹੈ?”
ਅਸੀਂ ਕਿਹਾ ਨਹੀਂ। ਉਹ ਕਹਿਣ ਲੱਗੀ, ਤੁਸੀਂ ਖੋਤੇ ਜਿੱਡੇ ਹੋ ਗਏ ਹੋ ਪਰ ਰੱਬ ਅਜੇ ਤੱਕ ਵੀ ਨਹੀਂ ਵੇਖਿਆ। ਅਸੀਂ ਹੈਰਾਨ ਜਿਹੇ ਹੋ ਕੇ ਪੁੱਛਣ ਲੱਗੇ, “ਅਸੀਂ ਤਾਂ ਰਹੇ ਖੋਤੇ ਦੇ ਖੋਤੇ, ਤੂੰ ਸੱਚ ਦੱਸ ਭੈਣ, ਤੂੰ ਕਦੀ ਰੱਬ ਵੇਖਿਆ ਹੈ?”
ਅਮਰੋ ਝੱਟ ਵਗਾਹਵੀਂ ਇੱਟ ਮਾਰਨ ਵਾਂਗ ਬੋਲੀ, “ਮੈਂ ਤਾਂ ਵੇਖਿਆ ਹੈ, ਤਾਹੀਓਂ ਤਾਂ ਤੁਹਾਨੂੰ ਪੁੱਛ ਰਹੀਂ ਹਾਂ।”
ਅਸਾਂ ਕਿਹਾ, “ਸਾਨੂੰ ਵੀ ਦੱਸ ਤੂੰ ਰੱਬ ਕਿੱਥੇ ਵੇਖਿਆ ਸੀ ਤੇ ਕਿਵੇਂ ਦਾ ਸੀ।”
ਬੱਸ ਸਾਡੇ ਪੁੱਛਣ ਦੀ ਦੇਰ ਸੀ, ਉਹ ਝੱਟ ਸਾਮ੍ਹਣੇ ਦੂਰ ਅੰਬਾਂ ਦੇ ਬਾਗ ਵੱਲ ਉਂਗਲੀ ਕਰਦਿਆਂ ਬੋਲੀ, “ਓਥੇ ਉੱਤਰਿਆ ਸੀ ਰੱਬ, ਵੱਡੇ ਵੱਡੇ ਖੰਭ ਸਨ ਉਸਦੇ।”
ਅਸੀਂ ਹੈਰਾਨ ਹੋ ਕੇ ਪੁੱਛਿਆ ਤਾਂ ਉਹ ਅਗਾਂਹ ਦੱਸਣ ਲੱਗੀ, “ਫਿਰ ਕੀ ਸੀ ... ਸਾਰਾ ਪਿੰਡ ਹੀ ਢੋਲਕੀਆਂ ਛੈਣੇ ਵਜਾਉਂਦਾ ਉਹਨੂੰ ਅੱਗੋਂ ਲੈਣ ਵਾਸਤੇ ਆ ਗਿਆ ਤੇ ਰੱਬ ਸੋਚਣ ਲੱਗਾ ਕਿਹਦੇ ਘਰ ਜਾਵਾਂ? ਉਹਦੇ ਸਾਮ੍ਹਣੇ ਹੀ ਸਾਰੇ ਪਿੰਡ ਵਾਲੇ ਉਸ ਨੂੰ ਆਪਣੇ ਆਪਣੇ ਘਰ ਲਿਜਾਣ ਲਈ ਹੱਥੋ-ਪਾਈ ਹੋਣ ਲੱਗ ਪਏ। ਰੱਬ ਵਿਚਾਰੇ ਨੂੰ ਸਮਝ ਨਾ ਆਵੇ ਕਿਹਦੇ ਘਰ ਜਾਵਾਂ ਤੇ ਕਿਹਦੇ ਨਾ ਜਾਵਾਂ। ਰੱਬ ਉਨ੍ਹਾਂ ਤੋਂ ਖਹਿੜਾ ਛੁਡਾ ਕੇ ਜਿੱਧਰੋਂ ਆਇਆ ਸੀ, ਉੱਡ ਗਿਆ। ਸਾਰੇ ਲੋਕ ਵੇਖਦੇ ਹੀ ਰਹਿ ਗਏ। ...”
ਅਸੀਂ ਉਸਦੀ ਇਹ ਗੱਲ ਸੱਚੀਂ ਮੰਨ ਕੇ ਹੈਰਾਨ ਜਿਹੇ ਹੋ ਕੇ ਇੱਕ ਦੂਜੇ ਵੱਲ ਵੇਖੀ ਜਾਈਏ। ਉਹ ਸਾਨੂੰ ਇਸ ਤਰ੍ਹਾਂ ਚੁੱਪ ਵੇਖ ਕੇ ਬੋਲੀ, “ਖੋਤਿਓ... ਰੱਬ ਰੁੱਬ ਕੋਈ ਨਹੀਂ ਸੀ ਆਇਆ। ਮੈਂ ਤਾਂ ਐਵੇਂ ਤੁਹਾਨੂੰ ਬੁੱਧੂ ਬਣਾਇਆ।” ਇਹ ਕਹਿ ਕੇ ਉਹ ਹੇਠਾਂ ਚਲੀ ਗਈ ਤੇ ਅਸੀਂ ਭੈਂਗੀ ਭੈਣ ਅਮਰੋ ਦੀ ਚਾਲਾਕੀ ’ਤੇ ਹੱਸਦੇ ਰਹੇ। ਇਹ ਗੱਲ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਹੈ, ਜਦੋਂ ਅਜੇ ਅਸੀਂ ਬਚਪਨ ਹੀ ਹੰਢਾਉਂਦੇ ਸਾਂ। ਭੈਣ ਅਮਰੋ ਨੂੰ ਮੌਜਾਂ ਹੀ ਮੌਜਾਂ ਸਨ, ਕਿਉਂ ਜੋ ਉਦੋਂ ਕੁੜੀਆਂ ਨੂੰ ਪੜ੍ਹਾਉਣਾ ਅਜੇ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ।
ਮੈਨੂੰ ਫੌਜੀ ਤਾਏ ਤੋਂ ਇਵੇਂ ਡਰ ਲਗਦਾ ਸੀ ਜਿਵੇਂ ਕਾਂ ਗੁਲੇਲੇ ਤੋਂ ਡਰਦਾ ਹੈ। ਇਸਦਾ ਵੱਡਾ ਕਾਰਣ ਇਹ ਸੀ ਮੈਂ ਹਿਸਾਬ ਵਿੱਚ ਬਿਲਕੁਲ ਸਿਫਰ ਵਰਗਾ ਸਾਂ। ਪਰ ਤਾਏ ਦਾ ਮੁੰਡਾ ਸੂਰਤੀ, ਜੋ ਮੈਥੋਂ ਦੋ ਸਾਲ ਅੱਗੇ ਸੀ, ਉਹ ਹਿਸਾਬ ਦਾ ਮਾੜਾ ਮੋਟਾ ਠਾਹ ਠਹੀਆ ਕਰ ਲੈਂਦਾ ਸੀ। ਤਾਇਆ ਜਦੋਂ ਛੁੱਟੀ ਆਉਂਦਾ ਤਾਂ ਮੇਰੇ ਲਈ ਤਾਂ ਮੁਸੀਬਤ ਹੀ ਲੈ ਕੇ ਆਉਂਦਾ। ਉਹ ਸਾਨੂੰ ਵਿਛੀ ਖਾਲੀ ਬੋਰੀ ’ਤੇ ਕੋਈ ਹਿਸਾਬ ਦਾ ਸਵਾਲ ਲਿਖਾ ਕੇ ਜਵਾਬ ਕੱਢਣ ਲਈ ਬਿਠਾ ਦਿੰਦਾ। ਉਹਨੇ ਹੱਥ ਵਿਚ ਤੂਤ ਦੀ ਛਮਕ ਵੀ ਫੜੀ ਹੁੰਦੀ ਸੀ। ਮੈਨੂੰ ਤਾਂ ਉਸਦੀ ਫੌਜੀਆਂ ਵਾਲੀ ਹੁਕਮਰਾਨਾ ਬੋਲੀ ਸੁਣ ਕੇ ਜੋ ਮਾੜਾ ਮੋਟਾ ਆਉਂਦਾ ਸੀ, ਉਹ ਵੀ ਭੁੱਲ ਜਾਂਦਾ। ਨਤੀਜਾ ਇਹ ਹੁੰਦਾ ਕਿ ਡਰ ਕਰਕੇ ਸ਼ਾਇਦ ਹੀ ਕਦੇ ਮੇਰਾ ਜਵਾਬ ਠੀਕ ਹੁੰਦਾ। ਇੱਕ ਵਾਰ ਤਾਂ ਤਾਏ ਨੇ ਮੇਰਾ ਜਵਾਬ ਗਲਤ ਹੋਣ ’ਤੇ ਉਸ ਤੂਤ ਦੀ ਛਮਕ ਦੇ ਨਾਲ ਹੀ ਫੌਜੀ ਗਾਲ੍ਹ ਵੀ ਗੋਲੀ ਵਾਂਗ ਆਪਣੇ ਮੂੰਹੋਂ ਕੱਢ ਦਿੱਤੀ। ਉਸਦੇ ਇਸ ਤਰ੍ਹਾਂ ਹਿਸਾਬ ਪੜ੍ਹਾਉਣ ਦਾ ਨਤੀਜਾ, ਮੈਂ ਹੁਣ ਤੱਕ ਭੁਗਤ ਰਿਹਾ ਹਾਂ। ਉਰਦੂ, ਪੰਜਾਬੀ, ਹਿੰਦੀ, ਫਾਰਸੀ ਅਤੇ ਅੰਗਰੇਜ਼ੀ ਵਿੱਚ ਮੈਂ ਚੰਗੈ ਲਿਖ ਲੈਂਦਾ ਹਾਂ ਪਰ ਹਿਸਾਬ ਵੇਲੇ ਪਤਾ ਨਹੀਂ ਖੌਰੇ ਮੈਨੂੰ ਤਾਏ ਦੀ ਛਮਕ ਡਰਾ ਜਾਂਦੀ ਹੈ, ਬੜੀ ਮਿਹਨਤ ਵੀ ਕਰਦਾ ਤਾਂ ਵੀ ਖਿੱਚ ਧੂਹ ਕੇ ਮਸਾਂ 33 ਨੰਬਰ ਮਸਾਂ ਹੀ ਪਾਸ ਹੋਣ ਜੋਗੇ ਆਉਂਦੇ।
ਜਦੋਂ ਮੈਂ ਘਰ ਆਉਣਾ, ਬੇਬੇ ਨੇ ਕਹਿਣਾ ਪੁੱਤ ਪੜ੍ਹ ਆਇਆਂ? ਮੈਂ ਬੇਬੇ ਤੋਂ ਪਿੰਡੇ ’ਤੇ ਪਈ ਛਮਕ ਦੀ ਲਾਸ ਛੁਪਾਈ ਰੱਖਣੀ। ਤਾਏ ਨੇ ਜਦੋਂ ਛੁੱਟੀ ਕੱਟ ਕੇ ਜਾਣਾ ਤਾਂ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਮਨਾਉਣਾ। ਇੱਕ ਗੱਲ ਤਾਏ ਦੀ ਮੈਨੂੰ ਯਾਦ ਆ ਗਈ, ਜਿਸ ਨੇ ਮੈਂਨੂੰ ਸਾਰੀ ਉਮਰ ਲਈ ਸ਼ਾਕਾਹਾਰੀ ਬਣਾ ਦਿੱਤਾ। ਉਹ ਇਹ ਕਿ ਪੜ੍ਹਨ ਤੋਂ ਸਿਵਾ ਜਦੋਂ ਮੈਂ ਕਦੇ ਕਦਾਈਂ ਸੂਰਤੀ ਨਾਲ ਖੇਡਣ ਲਈ ਉਨ੍ਹਾਂ ਦੇ ਘਰ ਚਲਾ ਜਾਂਦਾ ਤਾਂ ਤਾਇਆ ਰੰਮ ਦੀ ਗਿਲਾਸੀ ਲੈਕੇ ਮੈਨੂੰ ਪੀਣ ਲਈ ਜ਼ੋਰ ਲਾਉਂਦਾ, ਮੈਂ ਅੱਗੇ ਅੱਗੇ ’ਤੇ ਤਾਇਆ ਮੇਰੇ ਮਗਰ ਮਗਰ ਗਿਲਾਸੀ ਲੈ ਕੇ ਦੌੜਦਾ, “ਸਹੁਰੀ ਦਿਆ ਸੁਆਦ ਤਾਂ ਵੇਖ ... ਤੈਨੂੰ ਖਾਣ ਨਹੀਂ ਲੱਗੀ।”
ਇੱਕ ਦਿਨ ਤਾਏ ਨੇ ਰੰਮ ਦੀ ਗਿਲਾਸੀ ਮੇਰੇ ਮੂੰਹ ਵਿੱਚ ਧੱਕੇ ਨਾਲ ਉਲੱਦ ਦਿੱਤੀ। ਮੈਨੂੰ ਉਲਟੀ ਆ ਗਈ। “ਫਿੱਟ ਸੂਰ ਦਾ ਪੁੱਤਰ ...” ਤਾਏ ਨੇ ਪਹਿਲਾਂ ਵਾਲੀ ਗਾਲ੍ਹ ਦੁਹਰਾ ਦਿੱਤੀ। ਪਰ ਮੈਂ ਘਰ ਜਾ ਕੇ ਰੋਟੀ ਨਹੀਂ ਖਾਧੀ ਤੇ ਭੁੱਖਾ ਹੀ ਸੌਂ ਗਿਆ। ਬੇਬੇ ਪੁੱਛਦੀ ਰਹੀ, ਕੀ ਗੱਲ ਹੈ। ਮੈਂ ਕਿਹਾ, ਤਾਏ ਦੇ ਘਰੋਂ ਖਾ ਲਈ ਸੀ। ਬੇਬੇ ਚੁੱਪ ਕਰ ਕੇ ਸੌਂ ਗਈ।
ਪਤਾ ਨਹੀਂ ਕਿਉਂ ਮੈਨੂੰ ਨਿੱਕੇ ਹੁੰਦਿਆਂ ਤੋਂ ਹੀ ਕੁੱਕੜਾਂ ਤੋਂ ਬੜੀ ਨਫਰਤ ਜਿਹੀ ਹੈ। ਗੱਲ ਇੱਦਾਂ ਸੀ ਕਿ ਸਾਡੇ ਘਰ ਦੇ ਸਾਹਮਣੇ ਰੂੜੀ ਸੀ। ਰੂੜੀ ’ਤੇ ਕੁੱਕੜ ਸਾਰਾ ਦਿਨ ਉਹ ਗੰਦ ਖਿਲਾਰਦੇ ਤੇ ਗੰਦ ਖਾਂਦੇ ਰਹਿੰਦੇ ਸਨ। ਬੇਬੇ ਨੇ ਬੜੇ ਸ਼ੌਕ ਨਾਲ ਇਕ ਕੁਕੜੀ ਲਿਆਂਦੀ। ਉਦੋਂ ਚੰਗੀ ਕੁਕੜੀ ਅੱਠ ਆਨੇ ਦੀ ਆ ਜਾਂਦੀ ਸੀ। ਉਹ ਵੀ ਸਾਰਾ ਦਿਨ ਉਸੇ ਰੂੜੀ ’ਤੇ ਚੁਗਦੀ ਰਹਿੰਦੀ ਸੀ। ਅਸੀਂ ਉਸ ਨੂੰ ਰਾਤ ਨੂੰ ਟੋਕਰੇ ਥੱਲੇ ਨੱਪ ਛਡਦੇ। ਮੈਂ ਬੇਬੇ ਨੂੰ ਪੁੱਛ ਬੈਠਾ ਕਿ ਇਹ ਕਿਉਂ ਲਿਆਂਦੀ ਹੈ। ਕਹਿਣ ਲੱਗੀ ਪੁੱਤ ਆਂਡੇ ਦਏਗੀ, ਫਿਰ ਵਿੱਚੋਂ ਚੂਚੇ ਨਿਕਲਣਗੇ। ਵਿਹੜੇ ਵਿੱਚ ਫਿਰਿਆ ਕਰਨਗੇ, ਘਰ ਵਿੱਚ ਰੌਣਕ ਹੋ ਜਾਵੇਗੀ। ਸੱਚੀਂ ਮੁੱਚੀਂ ਕੁਝ ਦਿਨਾਂ ਵਿੱਚ ਕੁੱਕੜੀ ਨੇ ਆਂਡੇ ਦੇਣੇ ਸ਼ੁਰੂ ਕਰ ਦਿੱਤੇ। ਫਿਰ ਕੁਝ ਹੀ ਦਿਨਾਂ ਵਿੱਚ ਕੁਕੜੀ ਆਂਡਿਆਂ ’ਤੇ ਬੈਠ ਗਈ ਤੇ ਆਂਡਿਆਂ ਵਿੱਚੇ ਰੂੰਅ ਦੇ ਗੋਹੜਿਆਂ ਵਰਗੇ ਰੰਗ ਬਰੰਗੇ ਚਿੱਟੇ, ਕਾਲੇ, ਲਾਲ, ਭੂਰੇ, ਭੂਸਲੇ, ਤੇ ਤਿਤਰੇ ਮਿਤਰੇ ਜਿਹੇ ਚੂੰ-ਚੂੰ ਕਰਦੇ ਗੋਲ ਮਟੋਲ ਸੁਹਣੇ ਲਗਦੇ ਚੂਚੇ ਨਿਕਲ ਆਏ। ਉਨ੍ਹਾਂ ਨੂੰ ਵੇਖਦਾ ਵੇਖਦਾ ਮੈਂ ਕਈ ਵਾਰ ਰੋਟੀ ਖਾਣੀ ਵੀ ਭੁੱਲ ਜਾਂਦਾ। ਚੂਚੇ ਹੌਲੀ ਹੌਲੀ ਵੱਡੇ ਹੋ ਗਏ। ਉਨ੍ਹਾਂ ਨੂੰ ਜ਼ਰਾ ਵੀ ਕਿਸੇ ਇੱਲ ਜਾਂ ਕਾਂ ਦਾ ਖਤਰਾ ਹੁੰਦਾ ਤਾਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਖੰਭਾਂ ਹੇਠ ਲੁਕਾ ਲੈਂਦੀ। ਉਨ੍ਹਾਂ ਨੂੰ ਵੇਖ ਕੇ ਮੈਨੂੰ ਬੇਬੇ ਦਾ ਪਿਆਰੀ ਗੋਦ ਦਾ ਨਿੱਘ ਯਾਦ ਆ ਜਾਂਦਾ। ਵੇਖਦਿਆਂ ਵੇਖਦਿਆਂ ਹੀ ਉਹ ਵੱਡੇ ਹੋ ਗਏ। ਕਿਸੇ ਦੇ ਸਿਰ ਤੇ ਲਾਲ ਜਿਹੀ ਕਲਗੀ ਨਿਕਲ ਆਈ ਤੇ ਕਿਸੇ ਦੇ ਨਾ ਨਿਕਲੀ।
ਮੈਂ ਬੇਬੇ ਨੂੰ ਇਸ ਦਾ ਕਾਰਣ ਪੁੱਛਿਆ ਤਾਂ ਉਹ ਕਹਿਣ ਲਗੀ ਬੇਟਾ ਕੁੱਕੜ ਦੇ ਸਿਰ ’ਤੇ ਸਿੱਧੀ ਕਲਗੀ ਹੁੰਦੀ ਹੈ। ਇਸ ਨਾਲ ਕੁੱਕੜ ਕੁੱਕੜੀ ਦੀ ਪਛਾਣ ਹੋ ਜਾਂਦੀ ਹੈ। ਹੌਲੀ ਜਿਹੀ ਕਿਸੇ ਵੱਡੇ ਹੋਏ ਕੁੱਕੜ ਨੇ ਵਿੱਚੋਂ ਕੁਕੜੂੰ ਘੁੜੂੰ ਦੀ ਆਵਾਜ਼ ਕੱਢੀ। ਫਿਰ ਹੌਲੀ ਹੌਲੀ ਵੱਡੇ ਹੋਏ ਕੁੱਕੜੀ ਦੇ ਬੱਚੇ ਵੱਡੇ ਹੁੰਦੇ ਉੱਚੀਆਂ ਧੌਣਾਂ ਕਰਕੇ ਕਈ ਬਾਂਗਾਂ ਵੀ ਦੇਣ ਲੱਗ ਪਏ। ਮੈਂ ਇਹ ਆਵਾਜ਼ਾਂ ਸੁਣਕੇ ਬਹੁਤ ਖੁਸ਼ ਹੋਣਾ ਤੇ ਕੋਲ ਬੈਠ ਕੇ ਉਡੀਕਦੇ ਰਹਿਣਾ ਕਿ ਹੁਣ ਇਨ੍ਹਾਂ ਵਿੱਚੋਂ ਕਿਹੜਾ ਸਭ ਤੋਂ ਪਹਿਲਾਂ ਕੁੱਕੜੂ ਘੜੂੰ ਦੀ ਅਵਾਜ਼ ਕੱਢੇਗਾ। ਮਨ ਲੱਗਾ ਹੋਇਆ ਸੀ, ਸਕੂਲੋਂ ਛੁੱਟੀ ਹੋਣ ’ਤੇ ਮੈਂ ਬੜੀ ਕਾਹਲੀ ਕਾਹਲੀ ਉਨ੍ਹਾਂ ਦੀ ਕੁਕੜੂ ਘੁੜੂੰ ਦੀ ਅਵਾਜ਼ ਸੁਣਨ ਲਈ ਘਰ ਫੱਟੀ ਬਸਤਾ ਰੱਖ ਕੇ ਉਨ੍ਹਾਂ ਕੋਲ ਜਾ ਬੈਠਦਾ।
ਇੱਕ ਵੇਰ ਤਾਇਆ ਜਦੋਂ ਛੁੱਟੀ ਆਇਆ ਹੋਇਆ ਤਾਂ ਉਹ ਅਚਾਨਕ ਸਾਡੇ ਘਰ ਆਇਆ ਤੇ ਮੰਜੇ ’ਤੇ ਬੈਠਕੇ ਕੇ ਕੁੱਕੜਾਂ ਵੱਲ ਘੂਰ ਘੂਰ ਕੇ ਵੇਖਣ ਲੱਗ ਪਿਆ। ਮੈਂ ਤਾਏ ਨੂੰ ਵੇਖ ਕੇ ਸਹਿਮ ਜਿਹਾ ਗਿਆ ਕਿ ਪਤਾ ਨਹੀਂ ਤਾਏ ਨੇ ਹੁਣ ਕਿਹੜਾ ਬੰਬ ਚਲਾਉਣਾ ਹੈ। ਬੇਬੇ ਤਾਏ ਤੋਂ ਘੁੰਡ ਕੱਢਦੀ ਸੀ, ਪੈਰੀਂ ਹੱਥ ਲਾ ਕੇ ਭੁੰਜੇ ਬੈਠ ਗਈ। ਪਰ ਤਾਏ ਦੀਆਂ ਅੱਖਾਂ ਕੁੱਕੜੀ ਅਤੇ ਉਸ ਦੇ ਬੱਚਿਆਂ ਤੇ ਟਿਕੀਆਂ ਹੋਈਆਂ ਸਨ। ਥੋੜ੍ਹੀ ਦੇਰ ਪਿੱਛੋਂ ਤਾਇਆ ਬੋਲਿਆ, “ਕੁੱਕੜ ਤਾਂ ਚੰਗੇ ਸੰਭਾਲੇ ਹੋਏ ਹਨ। ਹੁਣ ਹੋਰ ਵੱਡੇ ਕਰਕੇ ਇਨ੍ਹਾਂ ਨੂੰ ਕੀ ਕਰੇਂਗੀ। ਤੈਨੂੰ ਸਾਰਿਆਂ ਦੇ ਦੱਸ ਕਿੰਨੇ ਪੈਸੇ ਦਿਆਂ?”
ਬੇਬੇ ਚੁੱਪ ਰਹੀ। ਕੁੱਝ ਦੇਰ ਪਿੱਛੋਂ ਬੋਲੀ, “ਜੇਠ ਜੀ, ਰਹਿਣ ਦਿਓ ਮੁੰਡਾ ਲਾਰੇ ਲੱਗਾ ਰਹਿੰਦਾ ...।”
ਤਾਇਆ ਝੱਟ ਪੈਂਦੀ ਸੱਟੇ ਉੱਖੜੇ ਕਾੜੇ ਵਾਂਗ ਬੋਲਿਆ, “ਤੁਹਾਡੇ ਮੁੰਡੇ ਨੂੰ ਇਨ੍ਹਾਂ ਕੁੱਕੜਾਂ ਨੇ ਤਾਂ ਪੜ੍ਹਾਈ ਤੋਂ ਵੀ ਨਿਕੰਮਾ ਕਰ ਦਿੱਤਾ ਹੈ। ਇਹ ਦੋ ਦੂਣੀ ਚਾਰ ਨੂੰ ਪੰਜ ਕਹਿੰਦਾ ਹੈ। ਦਸਾਂ ਦੀ ਗਿਣਤੀ ਵਿੱਚੋਂ ਕਦੇ ਚਾਰ ਛੱਡ ਜਾਂਦਾ ... ਕਦੇ ਪੰਜ। ਕਦੇ ਪੂਰੇ ਦੱਸ ਨਹੀਂ ਕਰਦਾ ...।”
ਬੇਬੇ ਦੇ ਨਾਂਹ ਨਾਂਹ ਕਰਦਿਆਂ ਦਸਾਂ ਦਸਾਂ ਦੇ ਦੋ ਨੋਟ, ਜੋ ਉਨ੍ਹਾਂ ਸਮਿਆਂ ਵਿੱਚ ਵੱਡੀ ਰਕਮ ਸੀ, ਤਾਏ ਨੇ ਫੜਾ ਦਿੱਤੇ। ਬਾਪੂ ਦੀ ਤਨਖਾਹ ਨਾ ਆਉਣ ਕਰਕੇ ਮਜਬੂਰੀ ਵੱਸ ਬੇਬੇ ਨੇ ਪੈਸੇ ਫੜ ਲਏ। ਬੇਬੇ ਦੇ ਹੱਥ ਪੈਸੇ ਫੜਾ ਕੇ ਤਾਇਆ ਕੁੱਕੜੀ ਸਮੇਤ ਸਾਰਿਆਂ ਚੂਚਿਆਂ ਨੂੰ ਹੀ ਲੱਤਾਂ, ਖੰਭਾਂ ਅਤੇ ਧੌਣਾਂ ਤੋਂ ਬੜੀ ਬੇਦਰਦੀ ਨਾਲ ਲਮਕਾ ਕੇ ਘਰ ਲੈ ਗਿਆ।
ਮੈਂ ਰੋਣ ਲੱਗ ਪਿਆ। ਬੇਬੇ ਕਹਿਣ ਲੱਗੀ, “ਪੁੱਤ ਚੁੱਪ ਕਰ ਜਾ, ਮੈਂ ਤੈਨੂੰ ਹੋਰ ਇਨ੍ਹਾਂ ਤੋਂ ਵੀ ਸੁਹਣੇ ਸੁਹਣੇ ਚੂਚੇ ਲਿਆ ਦਿਆਂਗੀ।”
ਹੌਲੀ ਹੌਲੀ ਤਾਏ ਦੀ ਛੁੱਟੀ ਮੁੱਕ ਗਈ ਤੇ ਨਾਲ ਹੀ ਕੁੱਕੜੂ ਘੁੜੂੰ ਦੀ ਆਵਾਜ਼ ਆਉਣੀ ਵੀ ਬੰਦ ਹੋ ਗਈ।
ਤਾਇਆ ਜਦੋਂ ਕਦੇ ਛੁੱਟੀ ਆਉਂਦਾ ਤਾਂ ਜਦੋਂ ਬੇਬੇ ਕਹਿੰਦੀ - ਤੇਰਾ ਤਾਇਆ ਛੁੱਟੀ ਆਇਆ ਹੋਇਆ ਹੈ ਪੁੱਤ ਮਿਲ ਆ ਜਾ ਕੇ। ਤਾਇਆ ਵੀ ਮੈਨੂੰ ਘਰ ਕੋਲੋਂ ਲੰਘਦੇ ਨੂੰ ਆਉਣ ਲਈ ਕਹਿੰਦਾ ਵੀ, ਪਰ ਪਤਾ ਨਹੀਂ ਕਿਉਂ, ਮੈਂ ਉਸਦੇ ਘਰ ਅੱਗੋਂ ਪਾਸਾ ਵੱਟ ਕੇ ਲੰਘ ਜਾਇਆ ਕਰਦਾ।
*****
(ਇਸ ਸਮੇਂ ਕਾਲੇਡਨ, ਕੈਨੇਡਾ)
(1288)