“ਇਹ ਭੈਣਾਂ, ਸਹੇਲੀਆਂ, ਸਾਥਣਾਂ ਔਖ ਸੌਖ ਵੇਲੇ ਕਦੇ ਇੱਕ ਦੂਜੀ ਦੇ ਕੰਮ ਆਉਣ ਤੋਂ ਕਦੇ ਪਿੱਛੇ ...”
(30 ਜਨਵਰੀ 2022)
ਕਣਕ ਵੰਨਾ ਰੰਗ, ਤਿੱਖੇ ਨੈਣ ਨਕਸ਼, ਚੌੜਾ ਮੱਥਾ ਉੱਚਾ ਲੰਮਾ ਕੱਦ ਕਾਠ, ਉਸ ਦੇ ਚਿਹਰੇ ਦੇ ਮਾਤਾ ਦੇ ਦਾਗ਼ ਉਸ ਦੇ ਚਿਹਰੇ ਨੂੰ ਚੰਨ ਦੇ ਦਾਗਾਂ ਵਾਂਗ ਹੋਰ ਸੁੰਦਰ ਬਣਾਉਣ ਵਿੱਚ ਵਾਧਾ ਕਰਦੇ ਸਨ।
ਮਾਂ ਕਰਤਾਰੋ, ਮਾਸੀ ਧੰਨੋ, ਮਾਮੀ ਮੇਲੋ ਤੇ ਮਾਈ ਦਰਸ਼ਨ ਕੌਰ, ਚੌਹਾਂ ਦਾ ਪੱਕਾ ਸਾਥ ਸੀ। ਸਾਰੀਆਂ ਹੀ ਥੋੜ੍ਹੀ ਥੋੜ੍ਹੀ ਜ਼ਮੀਨ ਵਾਲੀਆਂ ਸਨ। ਘਰ ਦਾ ਗੁਜ਼ਾਰਾ ਆਮ ਕਰਕੇ ਲਵੇਰੀਆਂ ਪਾਲ ਕੇ ਉਨ੍ਹਾਂ ਦੇ ਦੁੱਧ ਤੋਂ ਕਰਦੀਆਂ ਸਨ। ਸਾਰੀਆਂ ਹੀ ਵੱਡੇ ਪਰਿਵਾਰ ਵਾਲੀਆਂ ਸਨ। ਇੱਕ ਹੋਰ ਗੱਲ ਇਨ੍ਹਾਂ ਚੌਹਾਂ ਵਿੱਚ ਇਹ ਸਾਂਝੀ ਸੀ ਕਿ ਸਾਰੀਆਂ ਹੀ ਦੇਸ਼ ਦੀ ਵੰਡ ਤੋਂ ਬਾਅਦ ਖੱਜਲ਼ ਖੁਆਰ ਹੋ ਕੇ ਇਸ ਪਿੰਡ ਵਿੱਚ ਆ ਵੱਸੀਆਂ ਸਨ। ਉਹ ਵੇਲੇ ਕੁੜੀਆਂ ਨੂੰ ਪੜ੍ਹਾਉਣ ਦੇ ਨਹੀਂ ਸਨ। ਇਹ ਵੀ ਘਰ ਦੇ ਕੰਮ ਕਾਰਾਂ ਵਿੱਚ ਮਾਪਿਆਂ ਦਾ ਹੱਥ ਵਟਾਉਂਦੀਆਂ ਸਨ। ਚੌਹਾਂ ਦੇ ਘਰ ਵੀ ਇੱਕੋ ਗਲੀ ਵਿੱਚ ਥੋੜ੍ਹੀ ਥੋੜ੍ਹੀ ਵਿੱਥ ’ਤੇ ਸਨ। ਬਾਹਰ ਖੇਤਾਂ ਵਿੱਚ ਲਵੇਰੀਆਂ ਦਾ ਪੱਠਾ ਦੱਥਾ ਲੈਣ ਵੀ ਇਕੱਠੀਆਂ ਹੀ ਜਾਂਦੀਆਂ ਸਨ। ਬਾਹਰ ਦੇ ਕੰਮ ਲਈ ਆਉਂਦੀਆਂ ਜਾਂਦੀਆਂ ਇੱਕ ਦੂਜੀ ਨਾਲ ਘਰਾਂ ਦੇ ਦੁੱਖ ਸੁਖ ਸਾਂਝੇ ਕਰ ਲਿਆ ਕਰਦੀਆਂ ਸਨ।
ਜ਼ਾਤ ਬਿਰਾਦਰੀ ਬੇਸ਼ਕ ਇਨ੍ਹਾਂ ਦੀ ਵੱਖੋ ਵੱਖਰੀ ਸੀ ਪਰ ਇਹ ਭੈਣਾਂ, ਸਹੇਲੀਆਂ, ਸਾਥਣਾਂ ਔਖ ਸੌਖ ਵੇਲੇ ਕਦੇ ਇੱਕ ਦੂਜੀ ਦੇ ਕੰਮ ਆਉਣ ਤੋਂ ਕਦੇ ਪਿੱਛੇ ਨਹੀਂ ਸਨ ਰਹਿੰਦੀਆਂ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਰੰਡੇਪਾ ਮਾਮੀ ਮੇਲੋ ਨੂੰ ਦੇ ਜੀਵਨ ਵਿੱਚ ਆਇਆ, ਜਿਸਦਾ ਸੁਹਣਾ ਸੁਨੱਖਾ ਕੱਕਾ ਬੂਰਾ ਘਰ ਵਾਲਾ ਭਰ ਜਵਾਨੀ ਵੇਲੇ ਜਦ ਹੜ੍ਹਾਂ ਦੇ ਦਿਨਾਂ ਵਿੱਚ ਨਿਕਾਸੂ ਪਾਰ ਕਰਦਾ ਹੋਇਆ, ਨਿਕਾਸੂ ਦੇ ਹੜ੍ਹ ਦੀ ਭੇਟ ਚੜ੍ਹ ਗਿਆ। ਇਸ ਨੌਜਵਾਨ ਦੀ ਮੌਤ ਨਾਲ ਨਿੱਕੇ ਜਿਹੇ ਸਾਦ ਮੁਰਾਦੇ ਪਿੰਡ ਵਿੱਚ ਜਿਵੇਂ ਮਾਤਮ ਛਾ ਗਿਆ।
ਉਨ੍ਹਾਂ ਵੇਲੇ ਹੁਣ ਵਾਂਗ ਨਹੀਂ ਸਨ, ਹਰ ਘਰ ਦਾ ਦੁੱਖ ਸੁੱਖ ਸਭ ਦਾ ਸਾਂਝਾ ਹੁੰਦਾ ਸੀ। ਘਰ ਦੇ ਹਾਲਤ ਅਨੁਸਾਰ ਉਹ ਵਿਚਾਰੀ ਕੁਝ ਸਮੇਂ ਬਾਅਦ ਘਰ ਕੁੱਲਾ ਵੇਚ ਕੇ ਕਿਸੇ ਹੋਰ ਪਿੰਡ, ਜਿੱਥੇ ਉਸ ਦੀ ਥੋੜ੍ਹੀ ਜਿਹੀ ਭੂਮੀ ਵਾਲਾ ਬਾਕੀ ਪਰਿਵਾਰ ਰਹਿੰਦਾ ਸੀ, ਚਲੀ ਗਈ ਤੇ ਥੋੜ੍ਹੀ ਉਮਰੇ ਹੀ ਮਿਹਨਤ ਮੁਸ਼ੱਕਤ ਕਰਦੀ ਉੱਥੇ ਹੀ ਇਸ ਸੰਸਾਰ ਤੋਂ ਚਲੀ ਗਈ।
ਪਹਿਲੇ ਵੇਲਿਆਂ ਵਿੱਚ ਵੱਟੇ ਸੱਟੇ ਦੇ ਵਿਆਹਾਂ ਦਾ ਆਮ ਰਿਵਾਜ ਸੀ। ਮਾਸੀ ਧੰਨੋ ਵੀ ਇਸ ਭੈੜੇ ਰਿਵਾਜ ਦੀ ਬਲੀ ਚੜ੍ਹੀ ਹੋਈ ਸੀ। ਉਸ ਦਾ ਘਰ ਵਾਲਾ ਉਸ ਤੋਂ ਦੂਣੀ ਉਮਰ ਦਾ ਸੀ। ਹੇਠ ਉੱਪਰ ਚਾਰ ਧੀਆਂ ਨੇ ਮਾਸੀ ਧੰਨੋ ਦੀ ਜਵਾਨੀ ਉੱਤੇ ਹੋਰ ਬੋਝ ਪਾ ਦਿੱਤਾ। ਪਰ ਉਹ ਬੜੀ ਜੇਰੇ ਵਾਲੀ ਅਤੇ ਬਹੁਤ ਸਿੱਧੀ ਸਾਦੀ ਤੀਂਵੀਂ ਸੀ, ਸਾਰੇ ਪਿੰਡ ਵਿੱਚ ਬਾਈ ਧੰਨੋ ਕਰਕੇ ਜਾਣੀ ਜਾਂਦੀ ਸੀ। ਮਾਲਵੇ ਵਿੱਚ ਬਾਈ ਭਰਾ ਨੂੰ ਕਹਿੰਦੇ ਹਨ, ਪਰ ਦੇਸ਼ ਦੇ ਕਈ ਹਿੱਸਿਆਂ ਵਿੱਚ ਸਤਿਕਾਰ ਵਜੋਂ ਬਾਈ ਮਾਂ ਨੂੰ ਵੀ ਕਹਿੰਦੇ ਹਨ। ਪਹਿਲਾ ਪੁੱਤਰ ਹੋਇਆ, ਉਹ ਮਰ ਗਿਆ। ਦੂਜਾ ਹੋਇਆ, ਉਹ ਲਾਡਲਾ ਹੋਣ ਕਰਕੇ ਮਾਪਿਆਂ ਦੀ ਡੰਗੋਰੀ ਫੜਨ ਦੀ ਥਾਂ ਸਗੋਂ ਡੰਗੋਰੀ ਹੱਥੋਂ ਖੋਹਣ ਵਾਲਾ ਹੀ ਬਣ ਗਿਆ।
ਘਰ ਵਾਲਾ ਬੁਢੇਪੇ ਨੂੰ ਨਾ ਸਹਾਰਦਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਮਾਸੀ ਧੰਨੋ ਘਰ ਵਾਲੇ ਤੋਂ ਅੱਧੀ ਉਮਰ ਦੀ ਉਹ ਤਾਂ ਪਹਿਲਾਂ ਹੀ ਅੱਧੀ ਵਿਧਵਾ ਸੀ। ਮਿਹਨਤ ਮੁਸ਼ੱਕਤ ਉਸ ਦੀ ਉਮਰ ਦਾ ਗਹਿਣਾ ਹੀ ਬਣ ਚੁੱਕੇ ਸਨ। ਧੀਆਂ ਆਪੋ ਆਪਣੇ ਘਰੀਂ ਚਲੀਆਂ ਗਈਆਂ। ਫੌਜੀ ਪੁੱਤ ਵੀ ਵਿਆਹਿਆ ਵਰਿਆ ਗਿਆ ਤੇ ਟੱਬਰ ਟੀਰ ਵਾਲਾ ਹੋ ਗਿਆ। ਪਰ ਮਾਸੀ ਧੰਨੋ ਅਣਗੌਲੀ ਹੀ ਸਬਰ ਦਾ ਘੁੱਟ ਭਰੀ ਸਦਾ ਲਈ ਅੱਖਾਂ ਮੀਟ ਗਈ। ਪੁੱਤ ਹੁਣ ਵਿਦੇਸ਼ ਵਿੱਚ ਹੈ। ਉਸ ਨੂੰ ਹੁਣ ਸਮਝ ਆਈ ਹੈ ਕਿ ਮਾਪੇ ਕੀ ਹੁੰਦੇ ਹਨ।
ਮੇਰੀ ਮਾਂ ਕਰਤਾਰ ਕੌਰ, ਜਿਸ ਨੂੰ ਮਾਸੀ ਧੰਨੋ ਭੈਣ ਕਰਤਾਰੋ ਕਹਿ ਕੇ ਬੁਲਾਇਆ ਕਰਦੀਆਂ ਸਨ, ਸ਼ਾਇਦ ਉਹ ਇਨ੍ਹਾਂ ਸਾਰੀਆਂ ਨਾਲੋਂ ਚੰਗੇ ਭਾਗਾਂ ਵਾਲੀ ਨਿਕਲੀ, ਜੋ ਚੰਗੇ ਕੰਮੀਂ ਕਾਰੀਂ ਲੱਗਾ ਪਰਿਵਾਰ ਛੱਡ ਕੇ ਲੰਮੀ ਉਮਰ ਹੰਢਾ ਕੇ ਆਪਣੇ ਜੀਵਨ ਸਾਥੀ ਨਾਲ ਇੱਕੋ ਦਿਨ ਬਹੁਤ ਹੀ ਥੋੜ੍ਹੇ ਵਕਫੇ ਨਾਲ ਇਸ ਸੰਸਾਰ ਤੋਂ ਸੁਰਖਰੂ ਹੋਈ।
ਅੱਜ ਸਵੇਰੇ ਮਾਈ ਦਰਸ਼ਨ ਕੌਰ ਨਮਿੱਤ ਰੱਖੇ ਗਏ ਅਖੰਡ ਪਾਠ ਤੇ ਜਦੋਂ ਮੈਂ ਉਨ੍ਹਾਂ ਦੇ ਘਰ ਗਿਆ ਤਾਂ ਉਸ ਦੀ ਸਾਮ੍ਹਣੇ ਰੱਖੀ ਹੋਈ ਤਸਵੀਰ ਵੇਖ ਕੇ ਇਨ੍ਹਾਂ ਚੌਹਾਂ ਸਕੀਆਂ ਭੈਣਾਂ ਵਾਰਗੀਆਂ ਸਾਥਣਾਂ ਸਹੇਲੀਆਂ ਦੇ ਜੀਵਨ ਦਾ ਝਲਕਾਰਾ ਅੱਖਾਂ ਸਾਹਮਣੇ ਆਏ ਬਿਨਾਂ ਨਾ ਰਹਿ ਸਕਿਆ।
ਬੜੀ ਸਹਿਜ ਸੁਭਾ ਤੇ ਮਿੱਠ ਬੋਲੜੀ ਸੀ ਮਾਈ ਦਰਸ਼ਨ ਕੌਰ, ਜੋ ਅਨੇਕਾਂ ਦੁੱਖਾਂ ਸੁੱਖਾਂ, ਸਦਮਿਆਂ ਦਾ ਸਾਮ੍ਹਣਾ ਕਰਦੀ ਹੋਈ ਵੀ ਜ਼ਿੰਦਗੀ ਦੀ ਸੈਂਚਰੀ ਮਾਰ ਕੇ ਆਖਿਰ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ।
ਦਿਲੋਂ ਕਾ ਫਾਸਲਾ ਕੁਛ ਕੰਮ ਕਰੋ, ਖੁਦਾ ਵਾਲੋ,
ਨਿਮਾਜ਼ੇ ਜ਼ਿੰਦਗੀ ਕਿਰਦਾਰ ਕੇ ਸਿਵਾ ਕਿਆ ਹੈ।
(ਡਾਕਟਰ ਇਕਬਾਲ)
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3320)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)