KuldipSSahil7ਸਰਕਾਰ ਦੀ ਦ੍ਰਿੜ੍ਹ ਇੱਛਾ ਸ਼ਕਤੀ, ਲੋਕਾਂ ਦਾ ਭਰਵਾਂ ਸਹਿਯੋਗਪ੍ਰਸ਼ਾਸਨਿਕ ਅਧਿਕਾਰੀਆਂ ਦੀ ...
(7 ਮਾਰਚ 2025)

 

ਇਸ ਸਮੇਂ ਪੰਜਾਬ ਦੀ ਮਾਨ ਸਰਕਾਰ ਨਸ਼ਿਆਂ ਵਿਰੁੱਧ ਪੂਰੇ ਐਕਸ਼ਨ ਮੋਡ ਵਿੱਚ ਹੈ। ਉਨ੍ਹਾਂ ਦਾ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦਾ ਆਗਾਜ਼ ਚੰਗੀ ਗੱਲ ਹੈਹੁਣ ਤਕ ਪੰਜਾਬ ਵਿੱਚ ਨਸ਼ਿਆਂ ਨੂੰ ਲੈਕੇ ਬਹੁਤ ਰਾਜਨੀਤੀ ਹੁੰਦੀ ਆਈ ਹੈ। ਇੱਥੋਂ ਤਕ ਕਿ ਸੱਤਾ ਹਾਸਲ ਕਰਨ ਲਈ ਨਸ਼ਿਆਂ ਨੂੰ ਖਤਮ ਕਰਨ ਦੀਆਂ ਸੌਂਹਾਂ ਵੀ ਚੁੱਕੀਆਂ ਗਈਆਂ ਸਨਪੰਜਾਬ ਦੇ ਲੋਕ ਵੀ ਚਾਹੁੰਦੇ ਸਨ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਹੋਵੇ, ਜਿਸਦੇ ਤਹਿਤ ਪੰਜਾਬ ਸਰਕਾਰ ਵੱਲੋਂ ਸਖ਼ਤਾਈ ਵੀ ਕੀਤੀ ਗਈ ਹੈ ਅਤੇ ਨਸ਼ਿਆਂ ਦੀ ਦੀਵਾਰ ਨੂੰ ਤੋੜਨ ਲਈ ਪੁਲਿਸ ਵੱਲੋਂ ਬੁਲਡੋਜ਼ਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਜੇ ਸਿੱਧੇ ਤੌਰ ’ਤੇ ਕਹਿਆ ਜਾਵੇ ਤਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੁਹਿੰਮ ’ਤੇ ਸਵਾਲ ਉੱਠਣੇ ਵੀ ਸੁਭਾਵਿਕ ਹਨ। ਕਈ ਲੋਕਾਂ ਦਾ ਮੰਨਣਾ ਹੈ ਅਤੇ ਕਾਨੂੰਨ ਵੀ ਇਹੋ ਕਹਿੰਦਾ ਹੈ ਕਿ ਅਗਰ ਪਰਿਵਾਰ ਦਾ ਇੱਕ ਮੈਂਬਰ ਗੁਨਾਹ ਕਰਦਾ ਹੈ, ਸਜ਼ਾ ਪੂਰੇ ਪਰਿਵਾਰ ਨੂੰ ਕਿਉਂ?

ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਪੰਜਾਬ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਘਰਾਂ ਨੂੰ ਢਾਹ ਦਿੱਤਾ ਜਾਂਦਾ ਹੈ ਤਾਂ ਕਿੰਨੇ ਪਰਿਵਾਰ ਸੜਕਾਂ ’ਤੇ ਆ ਜਾਣਗੇਸਿਆਣੇ ਕਹਿੰਦੇ ਹਨ ਕਿ ਚੋਰ ਨਹੀਂ, ਚੋਰ ਦੀ ਮਾਂ ਨੂੰ ਫੜੋ। ਸਿੱਧੀ ਜਿਹੀ ਗੱਲ ਹੈ ਕਿ ਨਸ਼ੇ ਵੇਚਣ ਵਾਲੇ ਵੱਡੇ ਡਾਨ ਤਕ ਪਹੁੰਚਣ ਦੀ ਲੋੜ ਹੈਸਰਕਾਰ ਅਤੇ ਪੁਲਿਸ ਨੂੰ ਚਾਹੀਦਾ ਹੈ ਕਿ ਉਨ੍ਹਾਂ ਰਸਤਿਆਂ ਅਤੇ ਥਾਂਵਾਂ ਤਕ ਪਹੁੰਚ ਕਰੇ, ਜਿੱਥੋਂ ਨਸ਼ੇ ਸਪਲਾਈ ਹੁੰਦੇ ਹਨ ਬੇਸ਼ਕ ਨਸ਼ਿਆਂ ਦੀ ਲਤ ਹਰ ਦੇਸ਼, ਹਰ ਸੂਬੇ ਵਿੱਚ ਹੈ ਪਰ ਜਿਸ ਰਫ਼ਤਾਰ ਨਾਲ ਇਸਨੇ ਪੰਜਾਬ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ, ਇਹ ਵਾਕਿਆ ਹੀ ਚਿੰਤਾ ਦਾ ਵਿਸ਼ਾ ਹੈਪਿਛਲੇ ਵੇਲੇ ਦੀ ਪੰਜਾਬ ਸਰਕਾਰ ਵੱਲੋਂ ਸਰਹੱਦ ਰਾਹੀਂ ਨਸ਼ਿਆਂ ਦੇ ਦਾਖਲ ਹੋਣ ਦਾ ਦੋਸ਼ ਲਾ ਕੇ ਗੇਂਦ ਕੇਂਦਰ ਸਰਕਾਰ ਦੇ ਪਾਲ਼ੇ ਵਿੱਚ ਸੁੱਟਣ ’ਤੇ ਪੰਜਾਬ ਦੇ ਬੁੱਧੀਜੀਵੀਆਂ, ਚਿੰਤਕਾਂ ਅਤੇ ਆਮ ਲੋਕਾਂ ਵੱਲੋਂ ਇਸ ਤਰ੍ਹਾਂ ਦੀ ਸ਼ਿਕਵੇ ਭਰਪੂਰ ਅਵਾਜ਼ ਉੱਠੀ ਸੀ:

“ਤੂੰ ਇੱਧਰ ਉੱਧਰ ਕੀ ਨਾ ਬਾਤ ਕਰ,
ਯੇਹ ਬਤਾ ਕਿ ਕਾਫ਼ਲਾ ਕਿਉਂ ਲੁਟਾ
ਮੁਝੇ ਰਾਹਜ਼ਨੋ ਸੇ ਗਰਜ਼ ਨਹੀਂ
,
ਤੇਰੀ ਰਹਿਬਰੀ ਕਾ ਸਵਾਲ ਹੈ

ਨਸ਼ਿਆਂ ਕਾਰਨ ਪੰਜਾਬ ਦੀ ਸਥਿਤੀ ਉਸ ਗੁਬਾਰੇ ਵਰਗੀ ਹੈ, ਜੋ ਅਣਗਿਣਤ ਸੂਈਆਂ ਦੀ ਨੋਕ ’ਤੇ ਖੜ੍ਹਾ ਹੋਵੇ। ਬਹੁਤ ਸਾਰੇ ਪਿੰਡਾਂ ਦੀ ਪਛਾਣ ਨਸ਼ੇੜੀਆਂ ਦਾ ਪਿੰਡ, ਵਿਧਵਾਵਾਂ ਦਾ ਪਿੰਡ, ਛੜਿਆਂ ਦਾ ਪਿੰਡ, ਨਸ਼ੇ ਵੇਚਣ ਵਾਲਿਆਂ ਦਾ ਪਿੰਡ ਅਤੇ ਖ਼ੁਦਕੁਸ਼ੀਆਂ ਕਰਨ ਵਾਲਿਆਂ ਦਾ ਪਿੰਡ ਵਜੋਂ ਬਣ ਗਈ ਹੈ

ਨੌਜਵਾਨਾਂ ਵਿੱਚ ਲਗਾਤਾਰ ਪ੍ਰਵਾਸ ਦਾ ਵਧ ਰਿਹਾ ਰੁਝਾਨ ਅਤੇ ਨਸ਼ਿਆਂ ਦੀ ਮਹਾਂਮਾਰੀ ਕਾਰਨ ਨਸਲਾਂ ਦਾ ਸਿਵਿਆਂ ਦੇ ਰਾਹ ਪੈਣਾ ਪੰਜਾਬ ਲਈ ਸ਼ੁਭ ਸੰਕੇਤ ਨਹੀਂ ਹੈਉਮੰਗਾਂ ਅਤੇ ਤਰੰਗਾਂ ਨਾਲ ਭਰਪੂਰ ਅੱਖਾਂ ਵਿੱਚ ਘੋੜਿਆਂ ਤੋਂ ਵੀ ਤੇਜ਼ ਰਫਤਾਰ ਰੱਖਣ ਵਾਲੀ ਸ਼ਕਤੀ ਵਾਲੇ ਨੌਜਵਾਨਾਂ ਦਾ ਵੱਡਾ ਹਿੱਸਾ ਨਸ਼ਿਆਂ ਦੀਆਂ ਪੌੜੀਆਂ ਨਾਲ ਬਰਬਾਦੀ ਦਾ ਸਫ਼ਰ ਤੈਅ ਕਰ ਰਿਹਾ ਹੈ। ਅਜਿਹਾ ਵਰਤਾਰਾ ਚੰਗੇ ਸਿਹਤਮੰਦ ਸਮਾਜ ਦੀ ਨਹੀਂ, ਸਗੋਂ ਪਸ਼ੂ ਬਿਰਤੀ ਸਮਾਜ ਦੀ ਨਿਸ਼ਾਨੀ ਹੈਜੰਗਲੀ ਕਿਸਮ ਦੇ ਹਿੰਸਕ, ਨੈਤਿਕਤਾ, ਸਦਾਚਾਰ, ਆਦਰਸ਼ ਸਹਿਣਸ਼ੀਲਤਾ ਤੋਂ ਸੱਖਣੇ ਨੌਜਵਾਨ ਜਿਸਮਾਨੀ ਅਤੇ ਰੂਹਾਨੀ ਪੱਖੋਂ ਖੋਖਲੇ ਹੋ ਕੇ ਪੱਤਿਆਂ ਵਾਂਗ ਝੜ ਰਹੇ ਹਨਨਜਾਇਜ਼ ਨਸ਼ੇ ਵੇਚਣ ਦੇ ਧੰਦੇ ਨੇ 21ਵੀਂ ਸਦੀ ਦੇ ਪੰਜਾਬ ਦੀ ਨੀਂਹ ਹੈਰੋਇਨ, ਸਮੈਕ ਦੇ ਪੈਕੇਟ, ਨਸ਼ੇ ਦੇ ਕੈਪਸੂਲ, ਗੋਲੀਆਂ, ਟੀਕਿਆਂ, ਸ਼ਰਾਬ ਦੀਆਂ ਬੋਤਲਾਂ ਅਤੇ ਭੁੱਕੀ ਦੇ ਢੇਰਾਂ ’ਤੇ ਰੱਖ ਦਿੱਤੀ ਹੈਅਜਿਹੀ ਸਥਿਤੀ ਨੇ ਮੁਲਕ ਦੇ ਪਛੜੇਪਨ ਅਤੇ ਵਿਕਾਸ ਵਿੱਚ ਖੜੋਤ ਲਿਆਉਣ ਦੇ ਨਾਲ-ਨਾਲ ਸਿਰਜਣਾਤਮਿਕ ਸ਼ਕਤੀਆਂ ਨੂੰ ਰੋਕ ਲਿਆ ਹੈ। ਘਰਾਂ ਅੰਦਰ ਵਿਛੇ ਸੱਥਰ ਅਤੇ ਠੰਢੇ ਚੁੱਲ੍ਹਿਆਂ ਨੇ ਪੰਜਾਬੀਆਂ ਦੀ ਸਥਿਤੀ ਕੱਖੋਂ ਹੌਲੀ ਅਤੇ ਪਾਣੀਓਂ ਪਤਲੀ ਕਰ ਦਿੱਤੀ ਹੈ

ਨਸ਼ਿਆਂ ਦੇ ਗੈਰ ਕਾਨੂੰਨੀ ਧੰਦੇ ਵਿੱਚ ਸ਼ਾਮਿਲ ਭ੍ਰਿਸ਼ਟ ਆਗੂਆਂ, ਸਮਗਲਰਾਂ, ਮੁਜਰਮਾਂ ਅਤੇ ਦਾਗੀ ਅਫਸਰਾਂ ਦੀ ਜੁੰਡਲੀ ਨੇ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀਕਿਸੇ ਨੇ ਸਹੀ ਕਿਹਾ ਹੈ,ਨਸ਼ੇ ਕਰਨ ਵਾਲੇ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਤ ਹਨ। ਇਨ੍ਹਾਂ ਨਾਲ ਪੀੜਤਾਂ ਵਾਲਾ ਵਰਤਾਉ ਕਰਕੇ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ। ਸਮੱਸਿਆ ਦੀ ਜੜ੍ਹ ਚੋਰ ਨਹੀਂ, ਚੋਰ ਦੀ ਮਾਂ ਹੈ। ਉਸ ਨੂੰ ਲੱਭਿਆ ਜਾਵੇ ਤਾਂ ਬਹਿਤਰ ਹੋਵੇਗਾਕਦੇ ਵੀ ਸਮਾਜ ਉਨ੍ਹਾਂ ਲੋਕਾਂ ਦੀ ਚਿੰਤਾ ਨਹੀਂ ਕਰਦਾ ਜੋ ਜੇਲ੍ਹਾਂ ਵਿੱਚ ਹਨ, ਸਗੋਂ ਉਨ੍ਹਾਂ ਦੀ ਚਿੰਤਾ ਕਰਕੇ ਦੁਖੀ ਹੈ, ਜੋ ਹੋਣੇ ਜੇਲ੍ਹ ਵਿੱਚ ਚਾਹੀਦੇ ਹਨ, ਪਰ ਦਨਦਨਾਉਂਦੇ ਫਿਰਦੇ ਹਨ।”

ਨਸ਼ੇ ਰੂਪੀ ਕੋਹੜ ਦੇ ਖਾਤਮੇ ਲਈ ਸਰਕਾਰ ਦੀ ਦ੍ਰਿੜ੍ਹ ਇੱਛਾ ਸ਼ਕਤੀ, ਲੋਕਾਂ ਦਾ ਭਰਵਾਂ ਸਹਿਯੋਗ, ਸਰਕਾਰੀ ਤੰਤਰ ਦੀ ਸੁਹਿਰਦਤਾ ਅਤੇ ਇਮਾਨਦਾਰੀ ਬੇਹੱਦ ਜ਼ਰੂਰੀ ਹੈ। ਵੱਖ-ਵੱਖ ਸਰਵੇਖਣਾਂ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨ ਨਾਲ ਲਗਦੀ 553 ਕਿਲੋਮੀਟਰ ਲੰਬੀ ਸਰਹੱਦ ਰਾਹੀਂ ਜਿਹੜੀ ਹੈਰੋਇਨ ਪੰਜਾਬ ਵਿੱਚ ਦਾਖਲ ਹੁੰਦੀ ਹੈ, ਉਸ ਦੀ ਅੰਦਾਜ਼ਨ 8% ਖਪਤ ਪੰਜਾਬ ਵਿੱਚ ਹੁੰਦੀ ਹੈ। ਦਰਅਸਲ ਪੰਜਾਬ ਨੂੰ ਤਸਕਰ ਹੈਰੋਇਨ, ਸਮੈਕ ਦੀ ਸਪਲਾਈ ਲਈ ਅੰਤਰਰਾਸ਼ਟਰੀ ਪੜਾਅ ਵਜੋਂ ਵਰਤ ਰਹੇ ਹਨ। ਪਾਕਿਸਤਾਨ ਤੋਂ ਤਸਕਰ ਅੰਦਾਜ਼ਨ 1 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੈਰੋਇਨ ਖਰੀਦਦੇ ਹਨ, ਜਿਸ ਨੂੰ ਪੰਜਾਬ ਵਿੱਚ ਅੰਦਾਜ਼ਨ 5 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ। ਅੰਤਰਰਾਸ਼ਟਰੀ ਪੱਧਰ ’ਤੇ ਇਹ ਹੈਰੋਇਨ 1 ਕਰੋੜ ਰੁਪਏ ਤੋਂ 5 ਕਰੋੜ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾਂਦੀ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਜੇਕਰ ਨਸ਼ਾ ਤਸਕਰ ਬੀਐੱਸਐੱਫ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਧੋਖਾ ਦੇ ਕੇ ਜਾਂ ਕੁਝ ਸੁਰੱਖਿਆ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਆਪਣਾ ਮਾਲ ਪੰਜਾਬ ਵਿੱਚ ਲੈ ਵੀ ਆਉਂਦੇ ਹਨ ਤਾਂ ਫਿਰ ਅੱਗੇ ਪੰਜਾਬ ਦਾ ਸੂਹੀਆ ਤੰਤਰ ਤੇ ਪੁਲਿਸ ਵਿਭਾਗ ਇਸ ਨੂੰ ਪੰਜਾਬ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਕਿੰਨਾ ਕੁ ਯਤਨਸ਼ੀਲ ਹੈ? ਇਹ ਵੀ ਆਪਣੇ ਆਪ ਵਿੱਚ ਇੱਕ ਸਵਾਲ ਬਣ ਜਾਂਦਾ ਹੈਪੰਜਾਬ ਵਿੱਚ ਨਸ਼ੇ ਕਰਨ ਵਾਲੇ ਜਿਹੜੀ ਹੈਰੋਇਨ ਦੀ ਵਰਤੋਂ ਕਰਦੇ ਹਨ, ਉਹ ਭਾਰਤ ਦੇ ਕੁਝ ਪ੍ਰਾਂਤਾਂ ਦੇ ਨਾਲ-ਨਾਲ ਪੰਜਾਬ ਵਿੱਚ ਹੀ ਤਿਆਰ ਕੀਤੀ ਜਾਂਦੀ ਹੈ। ਉਸ ਦਾ ਰੇਟ ਘੱਟ ਹੋਣ ਦੇ ਨਾਲ-ਨਾਲ ਮਿਆਰ ਵੀ ਅਫਗਾਨਿਸਤਾਨੀ ਹੈਰੋਇਨ ਨਾਲੋਂ ਕਾਫੀ ਘੱਟ ਹੁੰਦਾ ਹੈ। ਭਲਾ ਜਿਹੜੀ ਹੈਰੋਇਨ ਭਾਰਤ ਦੇ ਕੁਝ ਪ੍ਰਾਂਤਾਂ ਦੇ ਨਾਲ ਨਾਲ ਪੰਜਾਬ ਵਿੱਚ ਤਿਆਰ ਹੋ ਕੇ ਪੰਜਾਬ ਦੀ ਜਵਾਨੀ ਦਾ ਘਾਣ ਕਰਦੀ ਹੈ, ਉਸ ਲਈ ਬਾਹਰੀ ਤਾਕਤਾਂ ਜ਼ਿੰਮੇਵਾਰ ਕਿੰਜ ਹੋਈਆਂ? ਕਿਸੇ ਕੌਮ ਦੀ ਬਰਬਾਦੀ ਉਦੋਂ ਹੁੰਦੀ ਹੈ ਜਦੋਂ ਰਖਵਾਲਿਆਂ ਦੀ ਅੱਖ ਚੋਰਾਂ ਨਾਲ ਮਿਲ ਜਾਣ। ਮਹਿਕਾਂ ਦੀ ਪੱਤ ਉਸ ਸਮੇਂ ਰੁਲਦੀ ਹੈ ਜਦੋਂ ਮਾਲੀ ਦਗ਼ਾਬਾਜ਼ ਹੋ ਜਾਣ

ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਭੁੱਕੀ, ਅਫੀਮ ਅਤੇ ਸਿੰਥੈਟਿਕ ਨਸ਼ੇ ਪੰਜਾਬ ਵਿੱਚ ਲੈ ਕੇ ਆਉਣ ਲਈ ਫਾਜ਼ਿਲਕਾ ਰਾਹੀਂ 25 ਲਾਂਘੇ ਹਨ। ਇਨ੍ਹਾਂ ਲਾਂਘਿਆਂ ’ਤੇ ਸੁਰੱਖਿਆ ਏਜੰਸੀਆਂ ਦੇ ਬਾਜ਼ ਅੱਖ ਰੱਖਣ ਨਾਲ ਭੁੱਕੀ, ਅਫੀਮ ਅਤੇ ਸਿੰਥੈਟਿਕ ਦੇ ਨਸ਼ੇ ਦੀ ਸਪਲਾਈ ਲਾਇਨ ਦਾ ਲੱਕ ਬੁਰੀ ਤਰ੍ਹਾਂ ਤੋੜਿਆ ਜਾ ਸਕਦਾ ਹੈਸਰਕਾਰ ਨੂੰ ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀਆਂ ਅਤੇ ਹੋਰ ਲੋਕਾਂ ਨਾਲ ਮਿਲ ਕੇ ਨਸ਼ਾ ਗ੍ਰਸਤ ਇਲਾਕਿਆਂ ਵਿੱਚ ਨਸ਼ਾ ਵਿਰੋਧੀ ਕੈਂਪ ਅਤੇ ਸੈਮੀਨਾਰ ਕਰਵਾਉਣਾ ਵੀ ਸਮੇਂ ਦੀ ਲੋੜ ਹੈਨਸ਼ਿਆਂ ਨੂੰ ਰੋਕਣ ਲਈ ਸਖ਼ਤਾਈ ਦੇ ਨਾਲ ਨਾਲ ਵਿੱਦਿਅਕ ਸੰਸਥਾਵਾਂ ਵਿੱਚ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਜ਼ਿੰਦਗੀ ਦੀ ਪੜ੍ਹਾਈ ਦਾ ਪਾਠ ਪੜ੍ਹਾਉਣਾ ਬੇਹੱਦ ਜ਼ਰੂਰੀ ਹੋਣਾ ਚਾਹੀਦਾ ਹੈ। ਨਸ਼ਿਆਂ ਦੇ ਮਾਰੂ ਪ੍ਰਭਾਵਾਂ ਦਾ ਵਿਸ਼ਾ ਵਿਦਿਆਰਥੀਆਂ ਦੇ ਪਾਠਕ੍ਰਮ ਦਾ ਹਿੱਸਾ ਸਮੇਂ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਵਰਗ ਨੈਤਿਕ ਕਦਰਾਂ ਕੀਮਤਾਂ ਦਾ ਧਾਰਨੀ ਹੋ ਕੇ ਅਜਿਹੀਆਂ ਬੁਰਾਈਆਂ ਤੋਂ ਦੂਰ ਰਹਿ ਸਕੇ। ਸਰਕਾਰ ਦੀ ਦ੍ਰਿੜ੍ਹ ਇੱਛਾ ਸ਼ਕਤੀ, ਲੋਕਾਂ ਦਾ ਭਰਵਾਂ ਸਹਿਯੋਗ, ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਮਰਪਿਤ ਭਾਵਨਾ, ਅਧਿਆਪਕ, ਰੰਗਕਰਮੀਆਂ, ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੇ ਭਰਵੇਂ ਸਹਿਯੋਗ ਨਾਲ ਹੀ ਪੰਜਾਬ ਅੰਦਰ ਪੈਰ ਪਸਾਰ ਰਹੇ ਨਸ਼ਿਆਂ ਦੇ ਦੈਂਤ ਨੂੰ ਢਹਿ ਢੇਰੀ ਕੀਤਾ ਜਾ ਸਕਦਾ ਹੈ, ਨਾ ਕਿ ਬੁਲਡੋਜ਼ਰ ਮੁਹਿੰਮ ਨਾਲਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਨਸਲਾਂ ਦੀ ਤਬਾਹੀ ਹੋਣ ਵਾਲਾ ਇਤਿਹਾਸ ਸਾਡੀ ਹੋਣੀ ’ਤੇ ਕੀਰਨੇ ਪਾਵੇਗਾ ਅਤੇ ਅਸੀਂ ਬੁਜ਼ਦਿਲਾਂ ਦੀ ਕਤਾਰ ਵਿੱਚ ਸ਼ਾਮਿਲ ਹੋਵਾਂਗੇ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕੁਲਦੀਪ ਸਿੰਘ ਸਾਹਿਲ

ਕੁਲਦੀਪ ਸਿੰਘ ਸਾਹਿਲ

Retired SDO, Rajpura, Patiala, Punjab, India.
Phone:: (91 - 94179 - 90040)
Email: (sderttc.rja@gmail.com)