“ਇਹ ਜਿੱਤਾਂ ਮੈਂ ਨਹੀਂ, ਮੇਰੇ ਅੰਦਰਲੇ ਹੌਸਲੇ, ਦ੍ਰਿੜ੍ਹਤਾ, ਇੱਛਾ ਸ਼ਕਤੀ ਅਤੇ ਜਜ਼ਬੇ ਨੇ ਜਿੱਤੀਆਂ ਹਨ ...”
(21 ਜਨਵਰੀ 2024)
“ਬੇਹਿੰਮਤੇ ਨੇ ਜਿਹੜੇ ਬਹਿ ਕੇ
ਸ਼ਿਕਵਾ ਕਰਨ ਮੁਕੱਦਰਾਂ ਦਾ।
ਉੱਗਣ ਵਾਲੇ ਉੱਗ ਪੈਂਦੇ ਨੇ
ਸੀਨਾ ਪਾੜ ਕੇ ਪੱਥਰਾਂ ਦਾ।
ਮੰਜ਼ਲ ਦੇ ਮੱਥੇ ਦੇ ਉੱਤੇ
ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਤੁਰਦੇ
ਨਕਸ਼ਾ ਆਪਣੇ ਸਫ਼ਰਾਂ ਦਾ।”
ਪਾਕਿਸਤਾਨੀ ਪੰਜਾਬੀ ਮਸ਼ਹੂਰ ਕਵੀ ਬਾਬਾ ਨਜਮੀ ਨੇ ਆਪਣੀ ਇਸ ਨਜ਼ਮ ਵਿੱਚ ਮਿਹਨਤ, ਜਜ਼ਬੇ, ਦ੍ਰਿੜ੍ਹਤਾ ਅਤੇ ਹੌਸਲੇ ਨੂੰ ਬਹੁਤ ਹੀ ਮਹੱਤਵਪੂਰਨ ਦੱਸਿਆ ਹੈ। ਕਿਸੇ ਗੁਬਾਰੇ ਵੇਚਣ ਵਾਲੇ ਨੂੰ ਇੱਕ ਬੱਚੇ ਨੇ ਸਵਾਲ ਕੀਤਾ ਕਿ ਚਿੱਟੇ ਅਤੇ ਕਾਲ਼ੇ ਰੰਗ ਦੇ ਗੁਬਾਰੇ ਵੀ ਹਵਾ ਵਿੱਚ ਉੱਡ ਸਕਦੇ ਹਨ ਤਾਂ ਉਸ ਬੰਦੇ ਨੇ ਬਹੁਤ ਵਧੀਆ ਜਵਾਬ ਦਿੰਦੇ ਹੋਏ ਕਿਹਾ ਕਿ ਗੁਬਾਰਾ ਨਹੀਂ ਉਡਦਾ ਹੁੰਦਾ, ਇਸ ਵਿੱਚ ਭਰੀ ਹੋਈ ਹਵਾ ਨੇ ਇਸ ਨੂੰ ਉਡਾਉਣ ਦਾ ਕੰਮ ਕਰਨਾ ਹੈ। ਇਸੇ ਤਰ੍ਹਾਂ ਹੀ ਇਨਸਾਨ ਹੈ। ਉਸ ਵਿਚਲੀ ਇੱਛਾ ਸ਼ਕਤੀ, ਜਜ਼ਬਾ, ਕਠੋਰ ਦ੍ਰਿੜ੍ਹਤਾ, ਲਗਨ ਅਤੇ ਮਿਹਨਤ ਉਸ ਨੂੰ ਮਹਾਨ ਅਤੇ ਸਫ਼ਲ ਇਨਸਾਨ ਬਣਾਉਂਦੀ ਹੈ, ਉਹ ਇਨਸਾਨ ਭਾਵੇਂ ਕਿਸੇ ਵੀ ਜਾਤ ਜਾਂ ਧਰਮ ਦਾ ਹੋਵੇ, ਗੋਰਾ ਜਾਂ ਕਾਲਾ ਹੋਵੇ, ਉਸਦੇ ਅੰਦਰ ਦੀ ਇੱਛਾ ਸ਼ਕਤੀ ਹੀ ਉਸ ਨੂੰ ਅਸਮਾਨ ਵਿੱਚ ਉਡਾਉਂਦੀ ਹੈ। ਇੱਕ ਵਾਰ ਮਹਾਨ ਸਿਕੰਦਰ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਇੰਨੀ ਘੱਟ ਉਮਰ ਅਤੇ ਘੱਟ ਫੌਜ ਨਾਲ ਦੁਨੀਆਂ ਕਿਵੇਂ ਜਿੱਤ ਲਈ? ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਹ ਜਿੱਤਾਂ ਮੈਂ ਨਹੀਂ, ਮੇਰੇ ਅੰਦਰਲੇ ਹੌਸਲੇ, ਦ੍ਰਿੜ੍ਹਤਾ, ਇੱਛਾ ਸ਼ਕਤੀ ਅਤੇ ਜਜ਼ਬੇ ਨੇ ਜਿੱਤੀਆਂ ਹਨ।
ਦੁਨੀਆਂ ਵਿੱਚ ਅਜਿਹੇ ਲੋਕ ਤਾਂ ਬਹੁਤ ਹਨ ਜੋ ਆਪਣੇ ਨਿੱਜੀ ਸਵਾਰਥ ਪੂਰੇ ਕਰਨ ਲਈ ਜਾਂ ਕਿਸੇ ਖਾਸ ਵਿਅਕਤੀ ਨੂੰ ਖੁਸ਼ ਕਰਨ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ ਪਰ ਅਜਿਹੇ ਬਹੁਤ ਘੱਟ ਲੋਕ ਹਨ ਜੋ ਆਪਣੇ ਨਿੱਜੀ ਸੁੱਖਾਂ, ਖੁਸ਼ੀਆਂ ਦੀ ਕੁਰਬਾਨੀ ਕਰਕੇ ਸਮਾਜ ਦੇ ਹੋਰ ਲੋਕਾਂ ਲਈ ਸਦੀਆਂ ਤਕ ਕਾਇਮ ਰਹਿਣ ਵਾਲੀਆਂ ਸੁਖ-ਸਹੂਲਤਾਂ ਦੇ ਰਸਤੇ ਸਿਰਜ ਜਾਂਦੇ ਹਨ। ਮਨੁੱਖਤਾ ਲਈ ਕੁਝ ਕਰਨ ਦਾ ਜਜ਼ਬਾ ਰੱਖਣ ਵਾਲੇ ਲੋਕ ਇਹ ਨਹੀਂ ਦੇਖਦੇ ਹੁੰਦੇ ਕਿ ਜਿਸ ਰਸਤੇ ਉੱਤੇ ਉਹ ਤੁਰਨ ਲੱਗੇ ਹਨ, ਉਸ ਉੱਤੇ ਚੱਲਣ ਲਈ ਉਨ੍ਹਾਂ ਦੀ ਝੋਲੀ ਵਿੱਚ ਖਾਣ ਜੋਗੇ ਦਾਣੇ ਹਨ ਜਾਂ ਨਹੀਂ। ਅਜਿਹੇ ਹੀ ਲੋਕਾਂ ਵਿੱਚੋਂ ਇੱਕ ਸਨ ਬਿਹਾਰ ਦੇ ਵਾਸੀ ਦਸ਼ਰਥ ਮਾਂਝੀ, ਜਿਨ੍ਹਾਂ ਨੂੰ ‘ਪਹਾੜ ਪੁਰਸ਼’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਦੱਸਿਆ ਜਾਂਦਾ ਹੈ ਕਿ ਦਸ਼ਰਥ ਮਾਂਝੀ ਦੀ ਪਤਨੀ ਫੁੱਲਗੁਣੀ ਦੇਵੀ ਰੋਜ਼ ਵਾਂਗ ਪਹਾੜ ਤੋਂ ਪਾਰ ਪਾਣੀ ਦਾ ਘੜਾ ਲੈਣ ਜਾਂਦੀ ਸੀ ਅਤੇ ਲੱਕੜੀਆਂ ਕੱਟਦੇ ਮਾਂਝੀ ਨੂੰ ਖਾਣਾ ਦੇਣ ਵਾਸਤੇ ਵੀ ਉਸ ਨੂੰ ਪਹਾੜ ਦੇ ਪਾਰ ਜਾਣਾ ਪੈਂਦਾ ਸੀ। ਇੱਕ ਦਿਨ ਪਹਾੜੀ ਦੇ ਪੱਥਰ ਨਾਲ ਟਕਰਾ ਕੇ ਫੁੱਲਗੁਣੀ ਡਿਗ ਪਈ। ਉਸ ਸਮੇਂ ਉਹ ਗਰਭਵਤੀ ਸੀ ਤੇ ਪੱਥਰ ਨਾਲ ਟਕਰਾ ਕੇ ਡਿਗਣ ਕਰਕੇ ਉਸ ਨੂੰ ਗੰਭੀਰ ਸੱਟਾਂ ਲੱਗ ਗਈਆਂ। ਉਸ ਨੂੰ ਲਾਗਲੇ ਸ਼ਹਿਰ ਵਜ਼ੀਰਗੰਜ ਹਸਪਤਾਲ ਵਿੱਚ ਲਿਜਾਇਆ ਗਿਆ ਜੋ ਕਿ ਇੱਕ ਪਹਾੜੀ ਦੀ ਵਜਾਹ ਕਰਕੇ ਉੱਥੋਂ 70 ਕਿਲੋਮੀਟਰ ਦੂਰ ਪੈਂਦਾ ਸੀ। ਫੁੱਲਗੁਣੀ ਨੂੰ ਹਸਪਤਾਲ ਲਿਜਾਂਦੇ ਵਕਤ ਕਾਫੀ ਵਕਤ ਲੱਗ ਗਿਆ, ਜਿਸ ਕਰਕੇ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ।
ਮਾਂਝੀ ਉਸ ਵਕਤ 27 ਸਾਲ ਦਾ ਨੌਜਵਾਨ ਸੀ ਅਤੇ ਉਸ ਨੂੰ ਆਪਣੀ ਪਤਨੀ ਦੀ ਮੌਤ ਦਾ ਬਹੁਤ ਜ਼ਿਆਦਾ ਗ਼ਮ ਲੱਗਿਆ। ਉਸਨੇ ਮਹਿਸੂਸ ਕੀਤਾ ਕਿ ਪਹਾੜੀ ਦੀ ਰੁਕਾਵਟ ਕਰਕੇ ਹੀ ਉਸ ਦੀ ਪਤਨੀ ਦੀ ਮੌਤ ਹੋਈ ਹੈ। ਬੱਸ ਫਿਰ ਕੀ ਸੀ, 1960 ਵਿੱਚ ਮਾਂਝੀ ਨੇ 300 ਫੁੱਟ ਉੱਚੀ ਪਹਾੜੀ ਦਾ ਸੀਨਾ ਚੀਰਨਾ ਸ਼ੁਰੂ ਕਰ ਦਿੱਤਾ। ਹਥੌੜਾ ਸ਼ੈਣੀ ਅਤੇ ਸੱਬਲ ਖਰੀਦਣ ਲਈ ਵੀ ਉਸ ਕੋਲ ਪੈਸੇ ਨਹੀਂ ਸਨ। ਉਸਨੇ ਆਪਣੀ ਬੱਕਰੀਆਂ ਵੇਚ ਕੇ ਇਹ ਔਜ਼ਾਰ ਖਰੀਦੇ। ਗਰੀਬ ਦਲਿਤ ਹੋਣ ਕਰਕੇ ਉਹ ਪਹਾੜ ਨੂੰ ਕੱਟਣ ਲਈ ਪੂਰਾ ਸਮਾਂ ਨਹੀਂ ਦੇ ਸਕਦਾ ਸੀ, ਅੱਧਾ ਦਿਨ ਉਹ ਆਪਣੇ ਪਿੰਡ ਦੇ ਸਰਪੰਚ ਕੋਲ ਦਿਹਾੜੀ ਦਾ ਕੰਮ ਕਰਦਾ ਅਤੇ ਅੱਧਾ ਦਿਨ ਪਹਾੜ ਨੂੰ ਕੱਟਣ ਲਈ ਲਾ ਦਿੰਦਾ। ਮਾਂਝੀ ਨੂੰ ਇਸ ਪਾਸੇ ਲੱਗੇ ਨੂੰ ਦੇਖਣ ਵਾਲੇ ਕਈ ਲੋਕ ਪਾਗਲ ਅਤੇ ਕਈ ਸਨਕੀ ਕਹਿ ਕੇ ਮਜ਼ਾਕ ਕਰਦੇ ਸਨ ਪਰ ਮਾਂਝੀ ਨੇ ਆਪਣੀ ਜ਼ਿੱਦ ਨਾ ਛੱਡੀ। ਉਹ ਹਰ ਰੋਜ਼ ਪਹਾੜ ਨੂੰ ਕੱਟਦਾ ਗਿਆ। ਆਖਿਰਕਾਰ 22 ਸਾਲ ਬਾਅਦ ਉਸ ਦੀ ਮਿਹਨਤ ਨੂੰ ਬੂਰ ਪਿਆ। ਇਸ ਦ੍ਰਿੜ੍ਹ ਇਰਾਦੇ ਵਾਲੇ ਦਸ਼ਰਥ ਮਾਂਝੀ ਨੇ ਪਹਾੜੀ ਕੱਟ ਕੇ 25 ਫੁੱਟ ਉਚਾ, 360 ਫੁੱਟ ਲੰਮਾ, 30 ਫੁੱਟ ਚੌੜਾ ਪਹਾੜ ਕੱਟ ਕੇ ਰਸਤਾ ਬਣਾ ਦਿੱਤਾ। ਇਸ ਨਾਲ ਵਜ਼ੀਰਗੰਜ ਦਾ 70 ਕਿਲੋਮੀਟਰ ਦਾ ਵਲਾਵੇਂ ਵਾਲਾ ਰਸਤਾ ਸਿਰਫ 7 ਕਿਲੋਮੀਟਰ ਤਕ ਰਹਿ ਗਿਆ। ਜਿਸ ਸ਼ਹਿਰ ਨੂੰ ਜਾਣ ਲਈ ਸਾਰਾ ਦਿਨ ਲੱਗ ਜਾਂਦਾ ਸੀ, ਉਹ ਤਕਰੀਬਨ ਅੱਧੇ ਘੰਟੇ ਦੀ ਮਾਰ ਰਹਿ ਗਿਆ।
ਅਤਰੀ ਅਤੇ ਵਜ਼ੀਰਗੰਜ ਬਲਾਕਾਂ ਵਿਚਲੀ ਦੂਰੀ ਪਹਿਲਾਂ 80 ਕਿਲੋਮੀਟਰ ਸੀ, ਜੋ ਘਟ ਕੇ ਸਿਰਫ 13 ਕਿਲੋਮੀਟਰ ਰਹਿ ਗਈ। ਗਹਿਲੌਰ ਦੇ ਨੇੜੇ ਤੇੜੇ ਦੇ ਤਕਰੀਬਨ 60 ਪਿੰਡਾਂ ਨੂੰ ਇਸ ਰਸਤੇ ਦਾ ਫਾਇਦਾ ਹੋਇਆ ਤੇ ਉਹੀ ਪਾਗਲ ਮਾਂਝੀ ਮਹਾਨ ‘ਪਰਬਤ ਪੁਰਸ਼” ਤੇ ਲੋਕਾਂ ਦਾ ਬਾਬਾ ਬਣ ਗਿਆ - ਇੱਕ ਪੂਜਨੀਕ ਹਸਤੀ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਬੰਦੇ ਦੀ ਜਿਉਂਦੇ ਜੀ ਵੁੱਕਤ ਘੱਟ ਅਤੇ ਮਰਨ ਤੋਂ ਬਾਅਦ ਜ਼ਿਆਦਾ ਪੈਂਦੀ ਹੈ ਇਸੇ ਤਰ੍ਹਾਂ ਹੀ ਦਸਰਥ ਮਾਂਝੀ ਨਾਲ ਵੀ ਹੋਇਆ। 17 ਅਗਸਤ 2007 ਨੂੰ ਉਹਨਾਂ ਦੀ 73 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਪਰ ਉਹਨਾਂ ਦਾ ਇੱਕ ਸੁਪਨਾ ਸੀ ਕਿ ਉਹਨਾਂ ਦੇ ਪਿੰਡ ਦੀ ਸੜਕ, ਹਸਪਤਾਲ ਤੇ ਸਕੂਲ ਬਣਵਾ ਦਿੱਤੇ ਜਾਣ। ਉਹਨਾਂ ਦਾ ਇਹ ਸੁਪਨਾ ਉਹਨਾਂ ਦੇ ਜਿਉਂਦੇ ਜੀ ਪੂਰਾ ਨਹੀਂ ਹੋ ਸਕਿਆ।
ਦਸ਼ਰਥ ਮਾਂਝੀ ਬਾਰੇ ਇੱਕ ਹਿੰਦੀ ਫਿਲਮ ਬਾਇਓਪਿਕ ਬਣ ਚੁੱਕੀ ਹੈ ਜੋ ਕਿ ਕਾਫੀ ਮਕਬੂਲ ਵੀ ਹੋਈ ਹੈ। ਅਖਬਾਰਾਂ ਅਤੇ ਟੀਵੀ ਵਿੱਚ ਵੀ ਉਨ੍ਹਾਂ ਬਾਰੇ ਬਹੁਤ ਕੁਝ ਦਿਖਾਇਆ ਗਿਆ ਪਰ ਅਸਲੀਅਤ ਵਿੱਚ ਮਾਂਝੀ ਪਰਿਵਾਰ ਅਤੇ ਗਹਿਲੌਰ ਦੇ ਕਿਰਤੀ ਗਰੀਬਾਂ ਦੀ ਹੋਣੀ ਨਹੀਂ ਬਦਲੀ। ਦਸ਼ਰਥ ਮਾਂਝੀ ਨੂੰ ਦਲਿਤ ਹੋਣ ਕਰਕੇ ਪਿੰਡ ਦੇ ਸਰਪੰਚ ਨੇ ਇੱਕ ਵਾਰ ਗ੍ਰਿਫਤਾਰ ਵੀ ਕਰਵਾ ਦਿੱਤਾ ਸੀ, ਬੇਸ਼ਕ ਬਿਹਾਰ ਸਰਕਾਰ ਨੇ ਉਸ ਨੂੰ ਭਾਰਤ ਰਤਨ ਅਵਾਰਡ ਦੇਣ ਦੀ ਸਿਫਾਰਸ਼ ਕੀਤੀ ਸੀ ਪਰ ਇੱਥੇ ਵੀ ਉਸਦੀ ਗਰੀਬੀ ਅੜਿੱਕ ਬਣ ਗਈ।
ਮਾਂਝੀ ਦੇ ਪੁੱਤਰ ਭਾਗੀਰਥ ਮਾਂਝੀ ਨੂੰ ਵੀ ਇਸ ਗੱਲ ਦਾ ਗਿਲਾ ਰਿਹਾ ਕਿ ਉਸ ਦੇ ਬਾਪੂ ਨੂੰ ਜਿਉਂਦੇ ਜੀ ਕਿਸੇ ਨੇ ਪੁੱਛਿਆ ਨਹੀਂ, ਹੁਣ ਭਾਵੇਂ ਉਸਦੀ ਪੂਜਾ ਹੁੰਦੀ ਹੈ। ਜਿਹੜਾ ਰਸਤਾ ਮਾਂਝੀ ਨੇ ਪਹਾੜ ਚੀਰ ਕੇ ਬਣਾਇਆ ਸੀ ਉਸ ਉੱਤੇ ‘ਮਾਂਝੀ ਮਾਰਗ’ ਲਿਖਿਆ ਹੋਇਆ ਹੈ ਅਤੇ ਉੱਥੇ ਹੀ ਇੱਕ ਸਮਾਧੀ ਬਣੀ ਹੋਈ ਹੈ ਜਿਸ ਉੱਤੇ ਮਾਂਝੀ ਦੀ ਤਸਵੀਰ ਲੱਗੀ ਹੋਈ ਹੈ।
ਹੁਣ ਮਾਂਝੀ ਦੇ ਦੋਸਤ ਰਾਮ ਚਰਿਤ ਪ੍ਰਸਾਦ ਅਤੇ ਕੁਝ ਹੋਰ ਪ੍ਰਸ਼ੰਸਕਾਂ ਦੇ ਯਤਨਾਂ ਸਦਕਾ ਉਸ ਦੇ ਪਿੰਡ ਵਿੱਚ ਇੱਕ ਸਕੂਲ ਵੀ ਖੁੱਲ੍ਹ ਗਿਆ ਹੈ ਤੇ ਪੱਕੀ ਸੜਕ ਵੀ ਬਣ ਚੁੱਕੀ ਹੈ। ਹੁਣ ਗਹਿਲੌਰ ਸੈਲਾਨੀ ਸਤਲ ਵਜੋਂ ਵੀ ਉੱਭਰ ਰਿਹਾ ਹੈ। ਇੱਥੇ ਮਾਂਝੀ ਦੀ ਬਰਸੀ ਵਾਲੇ ਦਿਨ, ਭਾਵ 17 ਅਗਸਤ ਨੂੰ ਦਸ਼ਰਥ ਮਾਂਝੀ ਉਤਸਵ ਵੀ ਮਨਾਇਆ ਜਾਂਦਾ ਹੈ। ਇਹ ਕੋਈ ਮਿਥਿਹਾਸਿਕ ਕਹਾਣੀ ਨਹੀਂ ਹੈ, ਇਹ ਇੱਕ ਗਰੀਬ, ਸਿਰੜੀ, ਕਿਰਤੀ ਅਤੇ ਸਿਦਕਵਾਨ ਇਨਸਾਨ ਦੀ ਕਹਾਣੀ ਹੈ, ਜਿਸ ਨੂੰ ‘ਦ ਮਾਉਂਟੇਨ ਮੈਨ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਜਿਸਨੇ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਇੱਥੇ ਕੁਝ ਵੀ ਅਸੰਭਵ ਨਹੀਂ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4652)
(ਸਰੋਕਾਰ ਨਾਲ ਸੰਪਰਕ ਲਈ: (