“ਧੀਆਂ ਦੀ ਅਹਿਮੀਅਤ ਦਾ ਉਨ੍ਹਾਂ ਨੂੰ ਜ਼ਿਆਦਾ ਪਤਾ ਹੈ ਜਿਨ੍ਹਾਂ ਦੇ ...”
(23 ਜਨਵਰੀ 2025)
ਮੇਰਾ ਭਾਰਤ ਮਹਾਨ?
ਇਹ ਜ਼ੁਲਮ ਨਹੀਂ ਤਾਂ ਹੋਰ ਕੀ ਹੈ?
ਹਰ ਸਾਲ 24 ਜਨਵਰੀ ਨੂੰ ਦੇਸ਼ ਵਿੱਚ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਜਾਂਦਾ ਹੈ ਜਿਸਦਾ ਦਾ ਮੁੱਖ ਉਦੇਸ਼ ਭਰੂਣ ਹੱਤਿਆ, ਬਾਲ ਵਿਆਹ ਬਾਰੇ ਸੁਚੇਤ ਕਰਨਾ ਅਤੇ ਲੜਕੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ ਆਦਿ ਹੈ। ਇਸਦੇ ਨਾਲ ਨਾਲ ਹੀ ਉਨ੍ਹਾਂ ਨੂੰ ਪੜ੍ਹਨ, ਅੱਗੇ ਵਧਣ ਦੇ ਸਾਰੇ ਮੌਕੇ ਦਿੱਤੇ ਜਾਣ ਅਤੇ ਲੜਕਿਆਂ ਵਾਂਗ ਹੀ ਸਮਾਨ ਅਧਿਕਾਰ ਦੇਣ ਤੇ ਜ਼ੋਰ ਦਿੱਤਾ ਜਾਂਦਾ ਹੈ। ਅਗਰ ਅਮਰੀਕਾ, ਚੀਨ, ਜਪਾਨ, ਕਨੇਡਾ, ਜਰਮਨੀ ਵਰਗੇ ਖ਼ੁਸ਼ਹਾਲ ਦੇਸ਼ਾਂ ਦੀ ਕੁੜੀਆਂ ਦੀ ਗੱਲ ਕਰੀਏ ਤਾਂ ਉੱਥੇ ਲਿੰਗ ਭੇਦ ਭਾਵ ਨਾ ਦੇ ਬਰਾਬਰ ਹੈ। ਉੱਥੇ ਚਿਰਾਂ ਤੋਂ ਔਰਤ ਸਮਾਜ ਅਜ਼ਾਦ ਹੈ ਅਤੇ ਬਰਾਬਰਤਾ ਦਾ ਅਨੰਦ ਮਾਣ ਰਿਹਾ ਹੈ ਪਰ ਜੇਕਰ ਅਸੀਂ ਭਾਰਤੀ ਇਤਿਹਾਸ ਦੇ ਪਿਛਲੇ ਸਮਿਆਂ ’ਤੇ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਸਾਡੇ ਦੇਸ਼ ਦਾ ਔਰਤ ਵਰਗ ਸਦੀਆਂ ਤੋਂ ਗੁਲਾਮੀ ਦੀ ਦਲਦਲ ਵਿੱਚ ਫਸਿਆ ਹੋਇਆ ਹੈ। ਸਦੀਆਂ ਪਹਿਲਾਂ ਜਦੋਂ ਦੇਸ਼ ਵਿੱਚ ਮੰਨੂ ਵੱਲੋਂ ਜ਼ਾਤੀ ਵਿਵਸਥਾ ਬਣਾਈ ਗਈ ਸੀ, ਉਸ ਵਿੱਚ ਵੀ ਔਰਤ ਨੂੰ ਸਮਾਨਤਾ ਦਾ ਦਰਜਾ ਨਹੀਂ ਦਿੱਤਾ ਗਿਆ ਸੀ। ਉਸ ਨੂੰ ਪੜ੍ਹਨ ਲਿਖਣ ਅਤੇ ਅਜ਼ਾਦ ਘੁੰਮਣ ਵਰਗੇ ਅਧਿਕਾਰਾਂ ਤੋਂ ਵੰਚਿਤ ਰੱਖਿਆ ਗਿਆ ਸੀ। ਜਿਉਂ ਜਿਉਂ ਵਕਤ ਬਦਲਦਾ ਗਿਆ ਅਤੇ ਮਨੁੱਖ ਜਾਗਰੂਕ ਹੁੰਦਾ ਗਿਆ ਅਤੇ ਔਰਤਾਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੁੰਦੀਆਂ ਗਈਆਂ। ਅੱਜ ਭਾਵੇਂ ਦੁਨੀਆਂ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਔਰਤਾਂ ਵੀ ਅਸਮਾਨ ਵਿੱਚ ਉਡਾਰੀਆਂ ਲਾ ਰਹੀਆਂ ਹਨ ਪਰ ਅਜੇ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਔਰਤਾਂ ਅਸਮਾਨਤਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ। ਇਸੇ ਕਰਕੇ ਹੀ ਭਾਰਤ ਦੇਸ਼ ਨੇ ਵੀ 2008 ਤੋਂ ਬਾਲੜੀਆਂ ਲਈ 24 ਜਨਵਰੀ ‘ਰਾਸ਼ਟਰੀ ਬਾਲੜੀ ਦਿਵਸ’ ਘੋਸ਼ਿਤ ਕੀਤਾ ਸੀ। ਇਸ ਦਿਵਸ ਦਾ ਉਦੇਸ਼ ਲੜਕੀਆਂ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ’ਤੇ ਧਿਆਨ ਕੇਂਦਰਿਤ ਕਰਨਾ ਹੈ।
ਭਾਰਤ ਸਰਕਾਰ ਦੀਆਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਰਗੀਆਂ ਵਿਆਪਕ ਪ੍ਰਚਾਰ ਯੋਜਨਾਵਾਂ ਦੇ ਬਾਵਜੂਦ ਭਾਰਤ ਵਿੱਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸੰਕਲਪਾਂ ਦਾ ਟੀਚਾ ਅਜੇ ਨੇੜੇ ਨਹੀਂ ਆ ਰਿਹਾ ਹੈ। ਭਾਰਤ ਹੀ ਇੱਕ ਅਜਿਹਾ ਵੱਡਾ ਦੇਸ਼ ਹੈ, ਜਿੱਥੇ ਲੜਕਿਆਂ ਨਾਲੋਂ ਲੜਕੀਆਂ ਦੀ ਜਨਮ ਦਰ ਘੱਟ ਅਤੇ ਮੌਤ ਦਰ ਜ਼ਿਆਦਾ ਹੈ ਅਤੇ ਕੁੜੀਆਂ ਦੇ ਸਕੂਲ ਛੱਡਣ ਦੀ ਸੰਭਾਵਨਾ ਵੀ ਜ਼ਿਆਦਾ ਹੈ। ਭਾਰਤ ਵਿੱਚ ਰੁਜ਼ਗਾਰ, ਭੀਖ ਮੰਗਣ, ਜਿਣਸੀ ਸ਼ੋਸ਼ਣ ਅਤੇ ਬਾਲ ਮਜ਼ਦੂਰੀ ਵਰਗੇ ਕਈ ਉਦੇਸ਼ਾਂ ਲਈ ਅਣਗਿਣਤ ਬੱਚਿਆਂ ਦੀ ਤਸਕਰੀ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਕੁੜੀਆਂ ਦੀ ਹੁੰਦੀ ਹੈ। ਤਸਕਰੀ ਕੀਤੀਆਂ ਜਾਂਦੀਆਂ ਕੁੜੀਆਂ ਅਤੇ ਔਰਤਾਂ ਦੀ ਸਭ ਤੋਂ ਵੱਡੀ ਪ੍ਰਤੀਸ਼ਤ ਮੁੰਬਈ ਅਤੇ ਕੋਲਕਾਤਾ ਸ਼ਹਿਰਾਂ ਤੋਂ ਪਾਈ ਗਈ ਹੈ।
ਦੇਸ਼ ਵਿੱਚ ਹਰ ਸਾਲ 60 ਹਜ਼ਾਰ ਤੋਂ ਵੱਧ ਬੱਚੇ ਲਾਪਤਾ ਹੋ ਜਾਂਦੇ ਹਨ, ਜਿਨ੍ਹਾਂ ਵਿੱਚ ਕੁੜੀਆਂ ਦੀ ਪ੍ਰਤੀਸ਼ਤਤਾ ਜ਼ਿਆਦਾ ਹੈ। ਦੇਸ਼ ਵਿੱਚ ਕੁੜੀਆਂ ਲਈ ਕੁਝ ਖਤਰੇ, ਉਲੰਘਣਾਵਾਂ ਅਤੇ ਕਮਜ਼ੋਰੀਆਂ ਹਨ, ਜਿਨ੍ਹਾਂ ਦਾ ਉਹ ਸਿਰਫ਼ ਇਸ ਲਈ ਸਾਹਮਣਾ ਕਰਦੀਆਂ ਹਨ ਕਿਉਂਕਿ ਉਹ ਕੁੜੀਆਂ ਹਨ। ਇਨ੍ਹਾਂ ਵਿੱਚੋਂ ਬਹੁਤੇ ਜੋਖਮ ਸਿੱਧੇ ਤੌਰ ’ਤੇ ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਨੁਕਸਾਨਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦਾ ਲੜਕੀਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਸਾਡੇ ਦੇਸ਼ ਵਿੱਚ ਜਿਨ੍ਹਾਂ ਕੁੜੀਆਂ ਨੂੰ ਅਜ਼ਾਦ ਮਾਹੌਲ ਮਿਲਿਆ ਹੈ, ਉਹ ਵੱਖ-ਵੱਖ ਖੇਤਰਾਂ ਵਿੱਚ ਵਿਸ਼ਵ ਪੱਧਰ ’ਤੇ ਮਿਸਾਲ ਬਣ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਕਲਪਨਾ ਚਾਵਲਾ ਵਰਗੀਆਂ ਕੁੜੀਆਂ ਅਸਮਾਨ ਵਿੱਚ ਉੱਚੀਆਂ ਉਡਾਣਾ ਭਰ ਚੁੱਕੀਆਂ ਹਨ। ਅੱਜ ਭਾਰਤ ਦੀਆਂ ਧੀਆਂ ਨਾ ਸਿਰਫ਼ ਲੜਾਕੂ ਜਹਾਜ਼ ਉਡਾ ਰਹੀਆਂ ਹਨ, ਸਗੋਂ ਜੰਗ ਦੇ ਮੋਰਚੇ ’ਤੇ ਵੀ ਤਾਇਨਾਤ ਹਨ। ਚੰਦ੍ਰਯਾਨ-3 ਦੀ ਸਫ਼ਲਤਾ ਵਿੱਚ ਭਾਰਤ ਦੀਆਂ ਧੀਆਂ ਦਾ ਵੀ ਅਹਿਮ ਯੋਗਦਾਨ ਹੈ। ਫਿਰ ਵੀ ਭਾਰਤੀ ਸਮਾਜ ਵਿੱਚ ਪਿਤਾ-ਪੁਰਖੀ ਵਿਚਾਰ, ਮਰਯਾਦਾ, ਪਰੰਪਰਾਵਾਂ ਅਤੇ ਢਾਂਚੇ ਕਾਇਮ ਹਨ, ਜਿਸ ਕਾਰਨ ਬਹੁਤੀਆਂ ਕੁੜੀਆਂ ਆਪਣੇ ਕਈ ਹੱਕਾਂ ਦਾ ਪੂਰਾ ਆਨੰਦ ਨਹੀਂ ਮਾਣ ਪਾਉਂਦੀਆਂ। ਲਿੰਗਕ ਵਿਤਕਰੇ ਅਤੇ ਸਮਾਜਿਕ ਨਿਯਮਾਂ ਅਤੇ ਪ੍ਰਥਾਵਾਂ ਦੇ ਪ੍ਰਚਲਣ ਕਾਰਨ ਲੜਕੀਆਂ ਨੂੰ ਬਾਲ ਵਿਆਹ, ਕਿਸ਼ੋਰ ਗਰਭ ਅਵਸਥਾ, ਘਰੇਲੂ ਕੰਮ, ਮਾੜੀ ਸਿੱਖਿਆ ਅਤੇ ਸਿਹਤ, ਜਿਣਸੀ ਸ਼ੋਸ਼ਣ ਅਤੇ ਹਿੰਸਾ ਦੀਆਂ ਸੰਭਾਵਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਕਸਿਤ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਵਿੱਚ ਲੜਕਿਆਂ ਨੂੰ ਕੁੜੀਆਂ ਦੇ ਮੁਕਾਬਲੇ ਵਧੇਰੇ ਆਜ਼ਾਦੀ ਦਾ ਅਨੁਭਵ ਹੁੰਦਾ ਹੈ। ਕੁੜੀਆਂ ਨੂੰ ਆਜ਼ਾਦੀ ਨਾਲ ਘੁੰਮਣ ਅਤੇ ਫੈਸਲੇ ਲੈਣ ਦੀ ਸਮਰੱਥਾ ’ਤੇ ਵਿਆਪਕ ਸੀਮਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਹਨਾਂ ਦੇ ਕੰਮ, ਸਿੱਖਿਆ, ਵਿਆਹ ਅਤੇ ਸਮਾਜਿਕ ਸੰਬੰਧਾਂ ਨੂੰ ਪ੍ਰਭਾਵਤ ਕਰਦੀਆਂ ਹਨ। ਜਿਵੇਂ-ਜਿਵੇਂ ਕੁੜੀਆਂ ਅਤੇ ਮੁੰਡੇ ਵੱਡੇ ਹੁੰਦੇ ਜਾਂਦੇ ਹਨ, ਕੁੜੀਆਂ ਲਈ ਰੁਕਾਵਟਾਂ ਵਧਦੀਆਂ ਜਾਂਦੀਆਂ ਹਨ ਅਤੇ ਅਖੀਰ ਤਕ ਜਾਰੀ ਰਹਿੰਦੀਆਂ ਹਨ।
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਲੜੀ ਦਿਵਸ ਦੇ ਸਮਾਗਮਾਂ ਅਤੇ ਸਰਕਾਰੀ ਪ੍ਰੋਗਰਾਮਾਂ ਅਤੇ ਸਕੀਮਾਂ ਦੇ ਬਾਵਜੂਦ ਲੜਕੀਆਂ ਪ੍ਰਤੀ ਸਮਾਜ ਦੇ ਰਵਈਏ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਈ। ਭਰੂਣ ਹੱਤਿਆ, ਬਾਲ ਵਿਆਹ ਅਤੇ ਬਾਲ ਗਰਭ ਅਵਸਥਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 2019-21 ਦੇ ਅਨੁਸਾਰ ਲਿੰਗ ਅਨੁਪਾਤ 1000 ਲੜਕੇ ਅਤੇ 1020 ਲੜਕੀਆਂ ਦਾ ਹੋ ਗਿਆ ਸੀ ਜੋ ਕਿ 2024 ਵਿੱਚ 1000 ਲੜਕੇ 934 ਲੜਕੀਆਂ ਦਾ ਰਹਿ ਗਿਆ ਹੈ। ਪਰ ਇਹ ਲਿੰਗਕ ਤਰੱਕੀ ਵਿਸ਼ੇਸ਼ ਅਧਿਕਾਰ ਪ੍ਰਾਪਤ ਅਤੇ ਅਖੌਤੀ ਪੜ੍ਹੇ-ਲਿਖੇ, ਜਾਗਰੂਕ ਸ਼ਹਿਰੀਆਂ ਦੇ ਘਰਾਂ ਵਿੱਚ ਨਹੀਂ ਸਗੋਂ ਪੇਂਡੂ ਖੇਤਰਾਂ ਵਿੱਚ ਹੋਈ ਹੈ। ਅੱਜ ਵੀ ਸ਼ਹਿਰਾਂ ਵਿੱਚ ਪ੍ਰਤੀ ਹਜ਼ਾਰ ਲੜਕਿਆਂ ਪਿੱਛੇ ਕੁੜੀਆਂ ਦੀ ਗਿਣਤੀ ਪੇਂਡੂ ਖੇਤਰਾਂ ਨਾਲੋਂ ਘੱਟ ਹੈ। ਇਸਦਾ ਮਤਲਬ ਇਹ ਹੈ ਕਿ ਜਿਨ੍ਹਾਂ ਸ਼ਹਿਰਾਂ ਵਿੱਚ ਗਰਭ ਅਵਸਥਾ ਦੌਰਾਨ ਭਰੂਣ ਜਾਂਚ ਦੀਆਂ ਸਹੂਲਤਾਂ ਹਨ, ਉੱਥੇ ਵੀ ਬੱਚੀ ਦਾ ਭਰੂਣ ਸੁਰੱਖਿਅਤ ਨਹੀਂ ਹੈ।
ਪੇਂਡੂ ਖੇਤਰਾਂ ਵਿੱਚ ਸੰਤੋਸ਼ਜਨਕ ਲਿੰਗ ਅਨੁਪਾਤ ਦੇ ਬਾਵਜੂਦ, ਉੱਥੇ ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਨਵਜੰਮੇ ਬੱਚਿਆਂ ਤੋਂ ਲੈ ਕੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਜ਼ਿਆਦਾ ਹੈ, ਜਿਸ ਵਿੱਚ ਲੜਕੀਆਂ ਦੀ ਪ੍ਰਤੀਸ਼ਤਤਾ ਜ਼ਿਆਦਾ ਹੈ। ਇਸੇ ਸਰਵੇਖਣ ਅਨੁਸਾਰ ਦੇਸ਼ ਵਿੱਚ ਅਜੇ ਵੀ 23 ਫੀਸਦੀ ਕਿਸ਼ੋਰਾਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਹੋ ਜਾਂਦਾ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਲੜਕੀਆਂ ਹਨ। ਸਰਵੇਖਣ ਵਿੱਚ 15 ਤੋਂ 19 ਸਾਲ ਦੀ ਉਮਰ ਦੀਆਂ 6.8 ਫੀਸਦੀ ਕੁੜੀਆਂ ਬਾਲ ਵਿਆਹ ਕਾਰਨ ਗਰਭਵਤੀ ਜਾਂ ਮਾਵਾਂ ਪਾਈਆਂ ਗਈਆਂ। ਲੜਕੀਆਂ ਵਿਰੁੱਧ ਜਿਣਸੀ ਅਪਰਾਧਾਂ ਵਿੱਚ ਵੀ ਵਾਧਾ ਹੋਇਆ ਹੈ। ਬੇਸ਼ਕ ਭਾਰਤੀ ਸੰਸਕ੍ਰਿਤੀ ਵਿੱਚ ਕੰਨਿਆ ਨੂੰ ਲਕਸ਼ਮੀ ਮੰਨਿਆ ਜਾਂਦਾ ਹੈ ਅਤੇ ਕਈ ਮੌਕਿਆਂ ’ਤੇ ਪੂਜਾ ਕੀਤੀ ਜਾਂਦੀ ਹੈ ਪਰ ਸਮਾਜ ਵਿੱਚ ਮੌਜੂਦ ਕੁਝ ਸ਼ੈਤਾਨ ਲੋਕਾਂ ਕਰਕੇ ਦੇਸ਼ ਵਿੱਚ ਦੇਵੀਆਂ ਵਜੋਂ ਪੂਜੀਆਂ ਵਾਲੀਆਂ ਕੁੜੀਆਂ ਅਸੁਰੱਖਿਅਤ ਹਨ। 2021 ਵਿੱਚ ਲੜਕੀਆਂ ਨਾਲ ਬਲਾਤਕਾਰ ਦੇ 37,511 ਮਾਮਲੇ ਦਰਜ ਕੀਤੇ ਗਏ, ਜੋ 2022 ਵਿੱਚ ਵਧ ਕੇ 38,030 ਹੋ ਗਏ। 2023 ਵਿੱਚ ਇਹ ਅੰਕੜੇ 32000 ਦੇ ਕਰੀਬ ਸਨ। ਇਸੇ ਤਰ੍ਹਾਂ ਜਿਣਸੀ ਹਮਲਿਆਂ ਦੀ ਗਿਣਤੀ ਵਿੱਚ 3.1 ਪ੍ਰਤੀਸ਼ਤ ਅਤੇ ਜਿਣਸੀ ਉਤਪੀੜਨ ਵਿੱਚ 10.4 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।
ਭਾਰਤ ਉਦੋਂ ਤਕ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਵੇਗਾ ਜਦੋਂ ਤਕ ਲੜਕੀਆਂ ਅਤੇ ਲੜਕਿਆਂ, ਦੋਵਾਂ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਤਕ ਪਹੁੰਚਣ ਦੇ ਬਰਾਬਰ ਮੌਕੇ ਨਹੀਂ ਦਿੱਤੇ ਜਾਂਦੇ। ਹਰ ਬੱਚਾ ਆਪਣੀ ਪੂਰੀ ਸਮਰੱਥਾ ਤਕ ਪਹੁੰਚਣ ਦਾ ਹੱਕਦਾਰ ਹੈ ਪਰ ਉਹਨਾਂ ਦੇ ਜੀਵਨ ਵਿੱਚ ਅਤੇ ਉਹਨਾਂ ਦੀ ਦੇਖਭਾਲ ਕਰਨ ਵਾਲਿਆਂ ਦੇ ਜੀਵਨ ਵਿੱਚ ਲਿੰਗ ਅਸਮਾਨਤਾਵਾਂ ਇਸ ਅਸਲੀਅਤ ਵਿੱਚ ਰੁਕਾਵਟ ਪਾਉਂਦੀਆਂ ਹਨ। ਸਿੱਖਿਆ, ਜੀਵਨ ਦੇ ਹੁਨਰਾਂ, ਖੇਡਾਂ ਅਤੇ ਹੋਰ ਬਹੁਤ ਕੁਝ ਵਿੱਚ ਨਿਵੇਸ਼ ਕਰਕੇ ਅਤੇ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕਰਕੇ ਲੜਕੀਆਂ ਦੀ ਮਹੱਤਤਾ ਨੂੰ ਉੱਚਾ ਚੁੱਕਣਾ ਮਹੱਤਵਪੂਰਨ ਹੈ। ਰਾਜਨੀਤਿਕ ਅਧਾਰ ’ਤੇ ਲੜਕੀਆਂ ’ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਮੁਆਫ਼ ਕਰਨਾ ਜਾਂ ਉਨ੍ਹਾਂ ਦੀ ਰੱਖਿਆ ਕਰਨਾ ਵੀ ਇੱਕ ਗੰਭੀਰ ਸਮਾਜਿਕ ਅਪਰਾਧ ਹੈ। ਲੜਕੀਆਂ ਦੀ ਮਹੱਤਤਾ ਨੂੰ ਵਧਾ ਕੇ ਅਸੀਂ ਸਮੂਹਿਕ ਤੌਰ ’ਤੇ ਖਾਸ ਨਤੀਜਿਆਂ ਦੀ ਪ੍ਰਾਪਤੀ ਵਿੱਚ ਯੋਗਦਾਨ ਪਾ ਸਕਦੇ ਹਾਂ। ਸਾਡੇ ਦੇਸ਼ ਦੀਆਂ ਧੀਆਂ ਬਹੁਤ ਹੀ ਸਮਝਦਾਰ ਅਤੇ ਮਿਹਨਤੀ ਹਨ। ਅਗਰ ਉਨ੍ਹਾਂ ਨੂੰ ਉੱਡਣ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਦੀ ਉਡਾਰੀ ਲੜਕਿਆਂ ਨਾਲੋਂ ਲੰਮੀ ਅਤੇ ਉੱਚੀ ਹੋ ਨਿੱਬੜਦੀ ਹੈ। ਦੇਖਣ ਵਿੱਚ ਆਇਆ ਹੈ ਕਿ ਰਾਜਨੀਤਕ, ਪ੍ਰਸ਼ਾਸਨਿਕ ਅਤੇ ਹੋਰ ਬਹੁਤ ਸਾਰੀਆਂ ਥਾਵਾਂ ’ਤੇ ਮਹਿਲਾਵਾਂ ਜ਼ਿਆਦਾ ਸਫਲ ਰਹੀਆਂ ਹਨ। ਸਿਆਣੇ ਕਹਿੰਦੇ ਹਨ ਕਿ ਧੀ ਬਿਨਾਂ ਪਰਿਵਾਰ ਅਧੂਰਾ ਹੁੰਦਾ ਹੈ। ਇਹ ਬਿਲਕੁਲ ਸੱਚ ਹੈ। ਧੀਆਂ ਦੀ ਅਹਿਮੀਅਤ ਦਾ ਉਨ੍ਹਾਂ ਨੂੰ ਜ਼ਿਆਦਾ ਪਤਾ ਹੈ ਜਿਨ੍ਹਾਂ ਦੇ ਘਰ ਧੀ ਨਹੀਂ ਹੈ। ਉਮਰ ਦੇ ਇੱਕ ਮੁਕਾਮ ’ਤੇ ਪਹੁੰਚ ਕੇ ਇਨਸਾਨ ਸੋਚਦਾ ਹੈ ਕਿ ਕਾਸ਼ ਉਸਦੀ ਵੀ ਇੱਕ ਧੀ ਹੁੰਦੀ? ਅੱਜ ਸਾਨੂੰ 24 ਜਨਵਰੀ ਰਾਸ਼ਟਰੀ ਬਾਲੜੀ ਦਿਵਸ਼ ਮੌਕੇ ਸੰਕਲਪ ਲੈਣਾ ਬਣਦਾ ਹੈ ਕਿ ਧੀਆਂ ਨੂੰ ਹੋਰ ਖੁਸ਼ਹਾਲ ਕਰੀਏ। ਜੇਕਰ ਦੇਸ਼ ਦੀਆਂ ਧੀਆਂ ਖ਼ੁਸ਼ਹਾਲ ਹੋਣਗੀਆਂ ਤਾਂ ਹੀ ਦੇਸ਼ ਖੁਸ਼ਹਾਲ ਹੋਵੇਗਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)