“ਜੇਕਰ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਇੱਥੇ ਤਕਰੀਬਨ 22 ਅਧਿਕਾਰਤ ਭਾਸ਼ਾਵਾਂ ਹਨ ...”
(21 ਫਰਵਰੀ 2025)
ਜੇਕਰ ਸੋਚ ਕੇ ਦੇਖਿਆ ਜਾਵੇ ਕਿ ਜੇ ਦੁਨੀਆਂ ’ਤੇ ਭਾਸ਼ਾ ਨਾ ਹੁੰਦੀ ਅਤੇ ਅੱਖਰ ਨਾ ਹੁੰਦੇ ਤਾਂ ਇਨਸਾਨ ਕਿਹੋ ਜਿਹਾ ਹੋਣਾ ਸੀ। ਸ਼ਾਇਦ ਸਭ ਦਾ ਜਵਾਬ ਇਹੋ ਹੋਵੇਗਾ ਕਿ ਮਨੁੱਖ ਜੰਗਲੀ ਬਿਰਤੀ ਵਾਲਾ ਹੋਣਾ ਸੀ। ਉਹ ਸ਼ਾਇਦ ਖਾਣ ਪੀਣ ਅਤੇ ਸੌਣ ਤੋਂ ਇਲਾਵਾ ਕੁਝ ਹੋਰ ਸੋਚ ਹੀ ਨਾ ਸਕਦਾ। ਇਹ ਅੱਖਰ ਅਤੇ ਭਾਸ਼ਾ ਦਾ ਹੀ ਕਮਾਲ ਹੈ ਕਿ ਮਨੁੱਖ ਪੱਥਰ ਯੁਗ ਤੋਂ ਚੰਨ ਤਕ ਪਹੁੰਚ ਚੁੱਕਾ ਹੈ। ਜੇਕਰ ਵਿਸ਼ਵ ਮਾਤ ਭਾਸ਼ਾ ਦਿਵਸ ਦੀ ਗੱਲ ਕਰੀਏ ਤਾਂ ਪਤਾ ਚਲਦਾ ਹੈ ਕਿ ਸਾਲ 1952 ਵਿੱਚ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਮਾਜ ਸੇਵੀਆਂ ਵੱਲੋਂ ਆਪਣੀ ਮਾਂ ਬੋਲੀ ਦੀ ਹੋਂਦ ਨੂੰ ਕਾਇਮ ਰੱਖਣ ਲਈ 21 ਫਰਵਰੀ ਨੂੰ ਇੱਕ ਅੰਦੋਲਨ ਚਲਾਇਆ ਗਿਆ। ਇਸ ਅੰਦੋਲਨ ਵਿੱਚ ਸ਼ਹੀਦ ਹੋਏ ਨੌਜਵਾਨਾਂ ਦੀ ਯਾਦ ਵਿੱਚ ਯੂਨੈਸਕੋ ਨੇ ਸਾਲ 1999 ਵਿੱਚ ਪਹਿਲੀ ਵਾਰ 21 ਫਰਵਰੀ ਨੂੰ ਮਾਂ ਬੋਲੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਇਸ ਦਿਨ ਨੂੰ ਪਹਿਲੀ ਵਾਰ ਸਾਲ 2000 ਵਿੱਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਵਜੋਂ ਮਨਾਇਆ ਗਿਆ ਸੀ। ਇਸ ਦਿਨ ਨੂੰ ਮਨਾਉਣ ਦਾ ਮਕਸਦ ਹਰ ਨਾਗਰਿਕ ਨੂੰ ਆਪਣੀ ਮਾਤ ਭਾਸ਼ਾ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਹੈ।
ਭਾਸ਼ਾ ਸ਼ਬਦ ਸੰਸਕ੍ਰਿਤ ਦੇ ਭਾਸ਼ ਧਾਤੁ ਤੋਂ ਬਣਿਆ ਹੈ, ਜਿਸਦਾ ਮਤਲਬ ਹੈ ਬੋਲਣਾ ਜਾਂ ਕਹਿਣਾ। ਅਰਥਾਤ ਭਾਸ਼ਾ ਉਹ ਹੈ ਜਿਸ ਨੂੰ ਬੋਲਿਆ ਜਾਵੇ। ਭਾਸ਼ਾ ਸੰਚਾਰ ਦਾ ਮਾਧਿਅਮ ਹੈ, ਜਿਸ ਦੁਆਰਾ ਅਸੀਂ ਆਪਣੇ ਮਨ ਦੇ ਵਿਚਾਰਾਂ, ਭਾਵਾਂ ਨੂੰ ਇੱਕ ਦੂਜੇ ਦੇ ਸਾਹਮਣੇ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦੇ ਹਾਂ। ਬੋਲੀ ਜਾਂ ਭਾਸ਼ਾ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਜਾਂ ਆਪਣੇ ਮਨੋਭਾਵਾਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਦਾ ਹੈ। ਹਰ ਦੇਸ਼ ਦੀਆਂ ਆਪਣੀਆਂ ਆਪਣੀਆਂ ਭਾਸ਼ਾਵਾਂ ਹਨ ਅਤੇ ਦੇਸ਼ ਦੇ ਅਲੱਗ ਅਲੱਗ ਰਾਜਾਂ ਦੀਆਂ ਆਪਣੀਆਂ ਆਪਣੀਆਂ ਮਾਤ ਭਾਸ਼ਾਵਾਂ ਹਨ। ਹਰ ਕੋਈ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਦਾ ਹਾਂ। ਅਸਲ ਵਿੱਚ ਮਾਤ-ਭਾਸ਼ਾ ਮਨੁੱਖ ਦੀ ਪਛਾਣ ਹੈ ਅਤੇ ਉਸ ਦੀ ਹੋਂਦ ਅਤੇ ਉਸ ਦੇ ਜੀਉਂਦੇ ਰਹਿਣ ਦੀ ਗਵਾਹੀ ਹੈ। ਬੰਦੇ ਦਾ ਸਭ ਤੋਂ ਨੇੜਲਾ ਰਿਸ਼ਤਾ ਮਾਂ ਨਾਲ ਹੁੰਦਾ ਹੈ। ਜੇਕਰ ਮਾਂ ਮਨੁੱਖ ਨੂੰ ਜਨਮ ਦਿੰਦੀ ਹੈ, ਤਾਂ ਮਾਂ ਬੋਲੀ ਉਸ ਨੂੰ ਜ਼ਿੰਦਗੀ ਦੇ ਅਰਥ ਦੱਸਦੀ ਹੈ, ਜਿਊਣ ਦਾ ਢੰਗ ਸਮਝਾਉਂਦੀ ਹੈ। ਇਸੇ ਗੂੜ੍ਹੇ ਰਿਸ਼ਤੇ ਕਰਕੇ ਮਨੁੱਖ ਨੇ ਬੋਲੀ ਨਾਲ ‘ਮਾਂ’ ਦਾ ਰਿਸ਼ਤਾ ਜੋੜ ਲਿਆ ਹੈ। ਮਾਂ-ਬੋਲੀ ਉਹ ਬੋਲੀ ਹੈ, ਜਿਸਨੂੰ ਬੱਚਾ ਜਨਮ ਤੋਂ ਬਾਅਦ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਮਾਂ ਵਾਂਗ ਹੀ ਬੋਲੀ ਨਾਲ ਵੀ ਉਸਦਾ ਨਾਤਾ ਜਨਮ ਤੋਂ ਹੀ ਜੁੜ ਜਾਂਦਾ ਹੈ, ਜੋ ਮਰਨ ਤਕ ਕਾਇਮ ਰਹਿੰਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਮਾਂ-ਬੋਲੀ ਕਿਹਾ ਜਾਂਦਾ ਹੈ। ਮਾਂ-ਬੋਲੀ ਰੱਬੀ ਤੇ ਕੁਦਰਤੀ ਦਾਤ ਹੁੰਦੀ ਹੈ, ਜਿਸਦੇ ਸ਼ੀਸ਼ੇ ਵਿੱਚੋਂ ਆਪਣੀ ਹੋਂਦ ਅਤੇ ਵਿਰਸੇ ਦੇ ਝਲਕਾਰੇ ਪੈਂਦੇ ਰਹਿੰਦੇ ਹਨ। ਜਿਸ ਭਾਸ਼ਾ ਰਾਹੀਂ ਸਾਡੀ ਸੋਚਣੀ ਗਤੀਸ਼ੀਲ ਹੁੰਦੀ ਹੈ ਅਤੇ ਜਿਸ ਭਾਸ਼ਾ ਵਿੱਚ ਅਸੀਂ ਸੁਪਨੇ ਲੈਂਦੇ ਹਾਂ, ਉਹ ਹੀ ਮੂਲ ਰੂਪ ਵਿੱਚ ਸਾਡੀ ਮਾਤ ਭਾਸ਼ਾ ਬਣ ਜਾਂਦੀ ਹੈ ਅਤੇ ਇਹੋ ਮਾਤ ਭਾਸ਼ਾ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤਕ ਨਾਲ ਵਿਚਰਦੀ ਹੈ ਅਤੇ ਮਨੁੱਖ ਮਾਤ ਭਾਸ਼ਾ ਵਿੱਚ ਹੀ ਆਪਣੇ ਅਤਿ ਸੂਖਮ, ਮੁਢਲੇ, ਹਾਰਦਿਕ ਵਲਵਲਿਆਂ, ਜਜ਼ਬਾਤਾਂ ਅਤੇ ਅਹਿਸਾਸਾਂ ਦਾ ਪ੍ਰਗਟਾਵਾ ਕਰਦਾ ਰਹਿੰਦਾ ਹੈ। ਮਾਂ-ਬੋਲੀ ਸਾਡੀ ਅਸਲ ਪਛਾਣ ਹੈ, ਇਹ ਸਾਡੀ ਹੋਂਦ ਤੇ ਸਾਡੇ ਜਿਊਂਦੇ ਰਹਿਣ ਦੀ ਗਵਾਹੀ ਭਰਦੀ ਹੈ। ਇਸ ਰਾਹੀਂ ਸਾਡੀ ਸੋਚਣੀ ਗਤੀਸ਼ੀਲ ਹੁੰਦੀ ਹੈ ਤੇ ਇਹ ਸਾਡੇ ਜਨਮ ਤੋਂ ਲੈ ਕੇ ਮੌਤ ਤਕ ਸਾਡੇ ਨਾਲ ਵਿਚਰਦੀ ਹੈ।
ਦੁਨੀਆ ਭਰ ਦੀਆਂ ਖੋਜਾਂ ਦਰਸਾਉਂਦੀਆਂ ਹਨ ਕਿ ਹਰ ਇਨਸਾਨ ਨੂੰ ਆਪਣੀ ਮਾਂ-ਬੋਲੀ ਨਾਲ ਬਹੁਤ ਲਗਾਓ ਹੁੰਦਾ ਹੈ ਕਿਉਂਕਿ ਅਸੀਂ ਆਪਣੇ ਜਜ਼ਬਾਤਾਂ ਵਲਵਲਿਆਂ ਅਤੇ ਅਹਿਸਾਸਾਂ ਨੂੰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਖੁੱਲ੍ਹ ਕੇ ਪ੍ਰਗਟ ਕਰ ਸਕਦੇ ਹਾਂ। ਜੇਕਰ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਇੱਕ ਅੰਦਾਜ਼ੇ ਮੁਤਾਬਿਕ ਇੱਥੇ 7200 ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਜੇਕਰ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਇੱਥੇ ਤਕਰੀਬਨ 22 ਅਧਿਕਾਰਤ ਭਾਸ਼ਾਵਾਂ ਹਨ ਅਤੇ 19500 ਦੇ ਕਰੀਬ ਮਾਤ ਭਾਸ਼ਾਵਾਂ ਹਨ, ਜਿਨ੍ਹਾਂ ਵਿੱਚੋਂ ਪੰਜਾਬੀ ਮਾਂ ਬੋਲੀ ਦਾ ਆਪਣਾ ਰੁਤਬਾ ਹੈ। ਪੰਜਾਬੀ ਭਾਸ਼ਾ ਦੇ ਮੂਲ ਨੂੰ ਲੈ ਕੇ ਵੱਖ ਵੱਖ ਮਾਹਿਰਾਂ ਦੇ ਵੱਖ-ਵੱਖ ਤਰਕ ਹਨ। ਕੁਝ ਦਾ ਕਹਿਣਾ ਹੈ ਕਿ ਪੰਜਾਬੀ ਇੱਕ ਇੰਡੋ-ਆਰੀਅਨ ਭਾਸ਼ਾ ਹੈ, ਜਦਕਿ ਕੁਝ ਪੰਜਾਬੀ ਬੋਲੀ ਦਾ ਮੂਲ ਸੰਸਕ੍ਰਿਤੀ ਨੂੰ ਨਹੀਂ ਮੰਨਦੇ। ਮਾਹਰਾਂ ਮੁਤਾਬਕ ਪੰਜਾਬੀ ਦਾ ਜਨਮ ਸਪਤਸਿੰਧੂ ਦੇ ਇਲਾਕੇ ਤੋਂ ਹੋਇਆ। ਉਸ ਵੇਲੇ ਇਸ ਬੋਲੀ ਨੂੰ ਸਪਤਸਿੰਧ ਵੀ ਕਿਹਾ ਜਾਂਦਾ ਸੀ। ਪੰਜਾਬੀ ਦੀਆਂ ਦੋ ਲਿਪੀਆਂ ਹਨ ਸ਼ਾਹਮੁਖੀ ਅਤੇ ਗੁਰਮੁਖੀ। ਸ਼ਾਹਮੁਖੀ ਲਹਿੰਦੇ ਪੰਜਾਬ ਦੀ ਪੰਜਾਬੀ ਲਿਪੀ ਹੈ, ਜਦਕਿ ਗੁਰਮੁਖੀ ਚੜ੍ਹਦੇ ਪੰਜਾਬ ਦੀ ਲਿਪੀ। ਇਨ੍ਹਾਂ ਦੋਵਾਂ ਵਿੱਚ ਅੱਖਰਾਂ ਦੀ ਬਣਤਰ ਦਾ ਫ਼ਰਕ ਹੈ। ਸ਼ਾਹਮੁਖੀ ਵਿੱਚ ਬਾਬਾ ਸ਼ੇਖ ਫਰੀਦ ਦੀਆਂ ਰਚਨਾਵਾਂ ਅਤੇ ਗੁਰਮੁਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੱਟੀ ਹੈ। ਮਾਹਿਰਾਂ ਮੁਤਾਬਕ “ਪੈਂਤੀ ਅੱਖਰੀ” ਦਾ ਸਭ ਤੋਂ ਪਹਿਲਾ ਸਬੂਤ ਨਾਨਕ ਦੀ ਪੱਟੀ ਵਿੱਚ ਮਿਲਦਾ ਹੈ। ਉਸ ਵਿੱਚ ਪੈਂਤੀ ਹੀ ਅੱਖਰ ਹਨ। ਉਂਝ ਸਾਡੀ ਮਾਂ-ਬੋਲੀ ਪੰਜਾਬੀ ਮਹਾਨ ਗੁਰੂਆਂ, ਸੂਫ਼ੀਆਂ, ਪੀਰਾਂ, ਫਕੀਰਾਂ ਤੇ ਸੰਤਾਂ ਦੀ ਬੋਲੀ ਹੈ। ਇਸ ਨੂੰ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਹੋਣ ਦਾ ਮਾਣ ਵੀ ਪ੍ਰਾਪਤ ਹੈ। ਸੰਸਾਰ ਭਰ ਦੀਆਂ ਬੋਲੀਆਂ ਦੀ ਜਾਣਕਾਰੀ ਦੇਣ ਵਾਲੇ ਵਿਸ਼ਵ ਗਿਆਨਕੋਸ਼ ਐਥਨੋਲੋਗ ਅਨੁਸਾਰ ਪੂਰੀ ਦੁਨੀਆ ਵਿੱਚ 8.8 ਕਰੋੜ ਵਿਅਕਤੀ ਪੰਜਾਬੀ ਬੋਲੀ ਬੋਲਦੇ ਹਨ। ਇਸੇ ਕਰਕੇ ਪੰਜਾਬੀ ਨੂੰ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦਸਵੀਂ ਬੋਲੀ ਮੰਨਿਆ ਗਿਆ ਹੈ। ਭਾਰਤ ਦੀ 2011 ਦੀ ਮਰਦਮਸ਼ੁਮਾਰੀ ਅਨੁਸਾਰ ਸਮੁੱਚੇ ਭਾਰਤ ਵਿੱਚ 3, 11, 44, 095 ਲੋਕ ਪੰਜਾਬੀ ਬੋਲਦੇ ਹਨ ਅਤੇ ਪਾਕਿਸਤਾਨ ਦੀ 2008 ਦੀ ਮਰਦਮਸ਼ੁਮਾਰੀ ਅਨੁਸਾਰ ਪੂਰੇ ਪਾਕਿਸਤਾਨ ਵਿੱਚ 76,334,300 ਲੋਕ ਪੰਜਾਬੀ ਬੋਲਦੇ ਹਨ। ਸਿਆਣੇ ਕਹਿੰਦੇ ਹਨ ਕਿ ਕੁਝ ਕੋਹ ਦੀ ਦੂਰੀ ’ਤੇ ਪਾਣੀ ਤੇ ਭਾਸ਼ਾ ਅਕਸਰ ਬਦਲ ਜਾਂਦੇ ਹਨ। ਇਸੇ ਤਰ੍ਹਾਂ ਪੰਜਾਬੀ ਬੋਲੀ ਦੀਆਂ ਵੀ ਕਈ ਉਪ ਭਾਸ਼ਾਵਾਂ ਹਨ, ਜੋ ਵੱਖ-ਵੱਖ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਮੁੱਖ ਹਨ ਮਾਝੀ, ਦੁਆਬੀ, ਮਲਵਈ, ਪੁਆਧੀ, ਪੋਠੋਹਾਰੀ, ਮੁਲਤਾਨੀ ਤੇ ਡੋਗਰੀ, ਜਿਸ ਨੂੰ ਪਹਾੜੀ ਬੋਲੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਮਾਝੀ ਬੋਲੀ ਨੂੰ ਪੰਜਾਬੀ ਦੀ ਟਕਸਾਲੀ ਬੋਲੀ ਮੰਨਿਆ ਗਿਆ ਹੈ।
ਪੂਰੀ ਦੁਨੀਆਂ ਵਿੱਚ ਪੰਜਾਬੀ ਬੋਲੀ ਬੋਲਣ ਵਾਲੇ ਲੋਕਾਂ ਦੀ ਇੰਨੀ ਵੱਡੀ ਤਾਦਾਦ ਦੇ ਅੰਕੜੇ ਇਹ ਸਿੱਧ ਕਰਦੇ ਹਨ ਕਿ ਪੰਜਾਬੀ ਬੋਲੀ ਸੰਸਾਰ ਦੀਆਂ ਪਹਿਲੀਆਂ 10 ਪ੍ਰਮੁੱਖ ਹਰਮਨ ਪਿਆਰੀਆਂ ਬੋਲੀਆਂ ਵਿੱਚ ਆਪਣਾ ਇੱਕ ਵੱਖਰਾ ਸਥਾਨ ਰੱਖਦੀ ਹੈ। ਬਿਨਾਂ ਸ਼ੱਕ ਗੁਰੂਆਂ ਦੀ ਇਹ ਬੋਲੀ ਕਦੇ ਖ਼ਤਮ ਨਹੀਂ ਹੋ ਸਕਦੀ ਪਰ ਅੱਜ ਬਹੁਤ ਸਾਰੇ ਲੋਕ ਪੰਜਾਬੀ ਬੋਲਣ ਵੇਲੇ ਝਿਜਕ ਮਹਿਸੂਸ ਕਰਦੇ ਹਨ, ਜੋ ਕਿ ਚੰਗੀ ਗੱਲ ਨਹੀਂ। ਲਹਿੰਦੇ ਪੰਜਾਬ ਦੇ ਕਵੀ ਪੰਜਾਬੀ ਬੋਲੀ ਨੂੰ ਕਿੰਨਾ ਪਿਆਰ ਕਰਦੇ ਹਨ, ਉਨ੍ਹਾਂ ਦੀਆਂ ਕਵਿਤਾਵਾਂ ਤੋਂ ਸਹਿਜੇ ਪਤਾ ਲੱਗ ਜਾਂਦਾ ਹੈ।
ਉਰਦੂ ਦਾ ਮੈਂ ਦੋਖੀ ਨਾਹੀਂ
ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ।
ਪੁੱਛਦੇ ਓ ਮੇਰੇ ਦਿਲ ਦੀ ਬੋਲੀ,
ਹਾਂ ਜੀ ਹਾਂ ਪੰਜਾਬੀ ਏ।
ਹਾਂ ਜੀ ਹਾਂ ਪੰਜਾਬੀ ਏ।
ਪੰਜਾਬੀ ਮਾਂ ਬੋਲੀ ਨੂੰ ਗਿਲਾ ਹੈ ਕਿ ਅੱਜ ਆਉਣ ਵਾਲੀਆਂ ਪੀੜ੍ਹੀਆਂ ਉਸ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਬੱਚੇ ਹੌਲੀ ਹੌਲੀ ਆਪਣੀ ਮਾਂ ਬੋਲੀ ਪੰਜਾਬੀ ਦੀ ਗੋਦ ਦੀ ਨਿੱਘ ਤੋਂ ਵਾਂਝੇ ਹੁੰਦੇ ਜਾ ਰਹੇ ਹਨ। ਆਪਣੀ ਮਾਂ ਬੋਲੀ ਪੰਜਾਬੀ ਤੋਂ ਦੂਰ ਹੁੰਦੇ ਲੋਕ ਇੱਕ ਤਰ੍ਹਾਂ ਦੀ ਹੀਣ-ਭਾਵਨਾ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਕੀ ਅਸੀਂ ਕਦੇ ਇਸ ਹੀਣਤਾ ਦਾ ਭਾਵ ਤਿਆਗ ਸਕਾਂਗੇ? ਕੀ ਕਦੇ ਆਪਣੀ ਮਾਂ-ਬੋਲੀ ਦੇ ਸੱਚੇ ਕਦਰਦਾਨ ਬਣ ਕੇ ਇਹਦੀ ਰੂਹ ਨੂੰ ਆਪਣੇ ਅੰਦਰ ਵਸਾ ਸਕਾਂਗੇ? ਅਜਿਹੇ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਇੱਕ ਪੰਜਾਬੀ ਨੂੰ ਆਪਣੇ ਅੰਦਰੋਂ ਹੀ ਲੱਭਣਾ ਪਵੇਗਾ। ਪੰਜਾਬੀ ਮਾਂ ਬੋਲੀ ਦੇ ਸੱਚੇ ਕਦਰਦਾਨ ਬਾਰੇ ਪਾਕਿਸਤਾਨ ਸ਼ਾਇਰ ਉਸਤਾਦ ਦਾਮਨ ਨੇ ਬੜਾ ਵਧੀਆ ਲਿਖਿਆ ਹੈ:
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਦ੍ਹੀ ਵਿੱਚ ਪਲਕੇ ਜਵਾਨ ਹੋਇਓਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ, ਪੰਜਾਬੀ ਹੀ ਕੂਕਣਾ ਈ,
ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ।
ਮੈਨੂੰ ਇੰਝ ਲਗਦਾ, ਲੋਕੀਂ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।
ਅਖੀਰ ਵਿੱਚ ਇਹੀ ਕਹਾਂਗਾ ਕਿ ਸਾਨੂੰ ਵਿਸ਼ਵ ਮਾਂ ਬੋਲੀ ਦਿਵਸ ਮਨਾਉਣ ਦਾ ਤਾਂ ਹੀ ਫਾਇਦਾ ਹੈ ਜੇਕਰ ਪੰਜਾਬ ਦੇ ਲੋਕ, ਭਾਸ਼ਾ ਵਿਭਾਗ ਅਤੇ ਪੰਜਾਬ ਸਰਕਾਰ ਮਿਲਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਹੋਰ ਮਿਹਨਤ ਕਰਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)