“ਅਸੀਂ ਇਹ ਵੀ ਭਰਮ ਪਾਲ਼ ਰੱਖਿਆ ਹੈ ਕਿ ਵਿਗਿਆਨਕ ਸੂਝ ਸਾਨੂੰ ਰੂਹਾਨੀਅਤ ਤੋਂ ਪਰੇ ਲਿਜਾ ਰਹੀ ਹੈ। ਪਰ ...”
(30 ਨਵੰਬਰ 2024)
ਹਰ ਸਾਲ ਸ਼ਾਂਤੀ ਅਤੇ ਵਿਕਾਸ ਲਈ 10 ਨਵੰਬਰ ਨੂੰ ਵਿਸ਼ਵ ਵਿਗਿਆਨ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਿਸਦਾ ਉਦੇਸ਼ ਸਮਾਜ ਵਿੱਚ ਵਿਗਿਆਨ ਦੀ ਭੂਮਿਕਾ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਜਿਸਦੇ ਜ਼ਰੀਏ ਆਮ ਆਦਮੀ ਦੀ ਜ਼ਿੰਦਗੀ ਵਿੱਚ ਵਿਗਿਆਨ ਦੇ ਪ੍ਰਭਾਵ ਨੂੰ ਪ੍ਰਦਰਸ਼ਿਤ ਕਰਨਾ ਅਤੇ ਲੋਕਾਂ ਵਿੱਚ ਜਾਗਰੂਕਤਾ ਵਧਾਉਣਾ ਹੈ। ਵਿਗਿਆਨ ਵਿੱਚ ਅੱਜ ਬਹੁਤ ਪ੍ਰਾਪਤੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਪੱਛਮੀ ਵਿਗਿਆਨੀਆਂ ਦੁਆਰਾ ਪਾਏ ਗਏ ਵੱਡੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਵਿਗਿਆਨ ਦਾ ਇਤਿਹਾਸ ਦੱਸਦਾ ਹੈ ਕਿ ਅੱਜ ਅਸੀਂ ਜੋ ਵੀ ਸੂਈ ਤੋਂ ਲੈਕੇ ਜਹਾਜ਼ ਤਕ ਦਾ ਅਨੰਦ ਮਾਣ ਰਹੇ ਹਾਂ, ਇਹ ਸਭ ਵਿਗਿਆਨ ਦੀ ਹੀ ਦੇਣ ਹੈ। ਪਰ ਅਫਸੋਸ ਕਿ ਸਾਡੇ ਭਾਰਤ ਦੇਸ਼ ਦੇ ਕੁਝ ਹਾਸ਼ੀਏ ’ਤੇ ਬੈਠੇ ਅਰਧ-ਬੁੱਧੀਜੀਵੀ ਪੁਰਾਤਨ ਭਾਰਤ ਦੀਆਂ ਪ੍ਰਮਾਣ-ਰਹਿਤ, ਬੇਹਿਸਾਬ ਕਾਲਪਨਿਕ ਪ੍ਰਾਪਤੀਆਂ ਦੀ ਬੀਨ ਵਜਾਉਂਦੇ ਰਹਿੰਦੇ ਹਨ। ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਵਿਗਿਆਨ ਦੀ ਹਾਲਤ ਬਹੁਤ ਪਤਲੀ ਹੋ ਚੁੱਕੀ ਹੈ। ਦੇਸ਼ ਵਿੱਚ ਅੰਧਵਿਸ਼ਵਾਸ ਅਤੇ ਧਾਰਮਿਕ ਕੱਟੜਤਾ ਵਿਗਿਆਨਕ ਸੋਚ ਉੱਤੇ ਭਾਰੁ ਹੋ ਚੁੱਕੀ ਹੈ। ਵਿਦਿਆਰਥੀਆਂ ਨੂੰ ਵਿਗਿਆਨ ਪ੍ਰਤੀ ਜਾਗਰੂਕ ਕਰਨ ਲਈ ਕੋਈ ਖਾਸ ਉਪਰਾਲੇ ਨਹੀਂ ਕੀਤੇ ਜਾ ਰਹੇ। ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਮਿਥਿਹਾਸਕ ਕਹਾਣੀਆਂ ਪੜ੍ਹਾਈਆਂ ਅਤੇ ਸੁਣਾਈਆਂ ਜਾਂਦੀਆਂ ਹਨ ਜਦੋਂ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਸ਼ੁਰੂ ਤੋਂ ਹੀ ਬੱਚਿਆਂ ਨੂੰ ਵਿਗਿਆਨ ਅਤੇ ਤਰਕਵਾਦੀ ਸੋਚ ਨਾਲ ਜੋੜਨ ਉੱਤੇ ਜ਼ੋਰ ਦਿੱਤਾ ਜਾਂਦਾ ਹੈ।
ਸਾਡੇ ਦੇਸ਼ ਦੇ ਕੁਝ ਲੋਕ ਅਜੇ ਵੀ ਇਸ ਵਿਚਾਰ ਨਾਲ ਸਹਿਮਤ ਹਨ ਕਿ ਧਰਤੀ ਬਲਦ ਦੇ ਸਿੰਗਾਂ ਉੱਤੇ ਖੜ੍ਹੀ ਹੈ। ਸੂਰਜ, ਚੰਨ ਤਾਰੇ, ਅੱਗ ਪਾਣੀ ਸਭ ਦੇਵਤੇ ਹਨ। ਅਸੀਂ ਅਜੇ ਵੀ 84 ਲੱਖ ਜੂਨ ਦੀ ਮਿਥ ਅਤੇ ਸਵਰਗ, ਨਰਕ ਦੇ ਚੱਕਰ ਵਿੱਚੋਂ ਬਾਹਰ ਨਹੀਂ ਨਿਕਲ ਸਕੇ। ਅਨਪੜ੍ਹ ਲੋਕਾਂ ਦਾ ਅੰਧਵਿਸ਼ਵਾਸ ਵਿੱਚ ਫਸੇ ਰਹਿਣਾ ਤਾਂ ਮੰਨਿਆ ਪਰ ਇੱਥੇ ਕੁਝ ਵਿਗਿਆਨ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਇਸ ਚੱਕਰਵਿਊ ਵਿੱਚ ਫਸਿਆ ਦੇਖਕੇ ਦੁੱਖ ਲਗਦਾ ਹੈ। ਕੁਝ ਕੁ ਵਿਗਿਆਨੀਆਂ ਨੂੰ ਛੱਡ ਕੇ ਸਾਡੇ ਦੇਸ਼ ਵਿੱਚ ਵਿਗਿਆਨਕ ਖੋਜਾਂ ਲਈ ਕੋਈ ਬਹੁਤੀ ਵੱਡੀ ਉਪਲਬਧੀ ਨਹੀਂ ਹੋ ਸਕੀ। ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਅੱਜ ਤਕ ਕਿਸੇ ਵੀ ਸਰਕਾਰ ਨੇ ਵਿਗਿਆਨ ਨੂੰ ਕੋਈ ਜ਼ਿਆਦਾ ਮਹੱਤਤਾ ਨਹੀਂ ਦਿੱਤੀ। ਸਿਰਫ ਸੱਤਾ ਹਾਸਲ ਕਰਨ ਲਈ ਅੰਧਵਿਸ਼ਵਾਸ ਅਤੇ ਧਾਰਮਿਕ ਭਾਵਨਾਵਾਂ ਦਾ ਸਹਾਰਾ ਲਿਆ ਜਾਂਦਾ ਰਿਹਾ ਹੈ।
ਅੱਜ ਸਾਡੇ ਦੇਸ਼ ਦੇ ਹਾਲਾਤ ਇਹ ਹਨ ਕਿ ਹਜ਼ਾਰਾਂ ਹੀ ਧਾਰਮਿਕ ਸਥਾਨਾਂ ਦੇ ਮੁਕਾਬਲੇ ਵਿਗਿਆਨ ਭਵਨਾਂ ਦੀ ਉਸਾਰੀ ਨਾ ਦੇ ਬਰਾਬਰ ਹੈ। ਸਾਡੇ ਦੇਸ਼ ਦੇ ਵੱਡੇ ਵੱਡੇ ਚੈਨਲ ਸਵੇਰ ਦੀ ਸ਼ੁਰੂਆਤ ਕਿਸਮਤ ਦੇ ਸਿਤਾਰਿਆਂ ਤੋਂ ਕਰਦੇ ਹਨ ਅਤੇ ਵਿਗਿਆਨ ਅਤੇ ਤਰਕ ਦਾ ਕੋਈ ਪ੍ਰੋਗਰਾਮ ਦੇਖਣ ਨੂੰ ਨਹੀਂ ਮਿਲਦਾ। ਅਜੇ ਵੀ ਸਾਡੇ ਦੇਸ਼ ਦੇ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਛਿੱਕ ਆਉਣ ਤੋਂ ਰੁਕ ਜਾਂਦੇ ਹਨ, ਬਿੱਲੀ ਲੰਘਣ ਤੋਂ ਰਸਤਾ ਬਦਲ ਲੈਂਦੇ ਹਨ ਅਤੇ ਹੋਰ ਬਹੁਤ ਕੁਝ ਇਸੇ ਤਰ੍ਹਾਂ ਚਲਦਾ ਹੈ। ਵਿਗਿਆਨਕ ਨਜ਼ਰੀਏ ਦੀ ਅਣਹੋਂਦ ਕਾਰਨ ਅੰਧਵਿਸ਼ਵਾਸ ਵੀ ਭਲੀ ਪ੍ਰਕਾਰ ਪਣਪ ਰਹੇ ਹਨ। ਸਾਡਾ ਹਾਲ ਇਹ ਹੈ ਕਿ ਅਸੀਂ ਹਰ ਇੱਕ ਖੇਤਰ ਵਿੱਚ ਅੰਧਵਿਸ਼ਵਾਸ ਪਾਲ ਰੱਖੇ ਹਨ ਅਤੇ ਜੀਵਨ ਨਾਲ ਜੁੜੀ ਹਰ ਇੱਕ ਪਰਿਸਥਿਤੀ ਨੂੰ ਅਸੀਂ ਇਨ੍ਹਾਂ ਦੇ ਹੀ ਝਰੋਖੇ ਵਿੱਚੋਂ ਜਾਚਣ ਦੇ ਆਦੀ ਹੋ ਚੁੱਕੇ ਹਾਂ। ਇਸਦੇ ਬਾਵਜੂਦ ਵੀ ਕਿ ਗ੍ਰਹਿਆਂ ਬਾਰੇ ਸਭ ਜਾਣਦੇ ਹਨ ਕਿ ਇਹ ਕੀ ਹਨ ਅਤੇ ਅਕਾਸ਼ ਵਿਖੇ ਇਹ ਕਿਉਂ ਭਟਕ ਰਹੇ ਹਨ, ਤਾਂ ਵੀ ਅਸੀਂ ਧਾਰ ਰੱਖਿਆ ਹੈ ਕਿ ਪ੍ਰਿਥਵੀ ਉੱਪਰ ਰਹਿ ਰਹੇ ਅਰਬਾਂ ਵਿਅਕਤੀਆਂ ਦੀ ਤਕਦੀਰ ਗ੍ਰਹਿਆਂ ਦੇ ਹੱਥ ਹੈ, ਜਿਹੜੇ ਸਾਡਾ ਭਵਿੱਖ ਨਿਰਧਾਰਿਤ ਕਰਨ ਲਈ ਭਟਕ ਰਹੇ ਹਨ ਅਤੇ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਮੇਰੇ ਦੇਸ਼ ਵਾਸੀਓ ਜ਼ਰਾ ਸੋਚੋ! ਕੀ ਅਜਿਹਾ ਸੰਭਵ ਹੈ? ਗ੍ਰਹਿਆਂ ਦੀ ਉਮਰ 4 ਅਰਬ ਵਰ੍ਹਿਆਂ ਤੋਂ ਵੀ ਉੱਪਰ ਹੈ ਅਤੇ ਸੱਭਿਆਚਾਰਕ ਮਨੁੱਖ ਦੀ ਉਮਰ ਕੁਝ ਹਜ਼ਾਰਾਂ ਵਰ੍ਹਿਆਂ ਦੀ ਹੈ। ਅਰਬਾਂ ਵਰ੍ਹੇ ਜੋ ਕੁਝ ਵੀ ਗ੍ਰਹਿ ਕਰਦੇ ਰਹੇ ਸਨ, ਉਹੋ ਹੀ ਉਹ ਅੱਜ ਵੀ ਕਰ ਰਹੇ ਹੋਣਗੇ। ਮਨੁੱਖ ਦੀ ਤਕਦੀਰ ਨਾਲ ਉਨ੍ਹਾਂ ਦਾ ਕੀ ਸੰਬੰਧ ਹੋ ਸਕਦਾ ਹੈ?
ਗੈਬੀ ਹਸਤੀਆਂ ਨੂੰ ਭਰਮਾਉਣ ਲਈ ਅਸੀਂ ਰੀਤਾਂ-ਰਿਵਾਜ਼ਾਂ ਵਿੱਚ ਉਲਝਿਆ ਜੀਵਨ ਭੋਗ ਰਹੇ ਹਾਂ ਅਤੇ ਮੰਨ ਕੇ ਚੱਲ ਰਹੇ ਹਾਂ ਕਿ ਇਨ੍ਹਾਂ ਦੀ ਪੈਰਵੀ ਕਰਨਾ ਸਾਡੇ ਸੁਖ ਦਾ ਸਾਧਨ ਸਿੱਧ ਹੋ ਸਕਦਾ ਹੈ। ਜੀਵਨ ਦੀ ਦਿਲਚਸਪੀ ਵਿੱਚ ਵਾਧਾ ਕਰਨ ਲਈ ਰੀਤਾਂ-ਰਿਵਾਜ਼ਾਂ ਦੀ ਪੈਰਵੀ ਕਰਨਾ ਤਾਂ ਭਾਵੇਂ ਉਚਿਤ ਹੈ, ਪਰ ਇਨ੍ਹਾਂ ਨੂੰ ਜੀਵਨ ਦਾ ਮੰਤਵ ਬਣਾ ਕੇ ਸੁਖੀ ਜੀਵਨ ਦੇ ਸੁਪਨੇ ਤੱਕਣਾ ਫਜ਼ੂਲ ਹੈ। ਦੁਖਾਂਤ ਇਹੋ ਹੈ ਕਿ ਜਿਸ ਪਰਖ ਆਧਾਰਿਤ ਗਿਆਨ ਨੇ ਸਾਡੇ ਜੀਵਨ ਨੂੰ ਸੁਖਾਲਾ ਬਣਾਇਆ ਅਤੇ ਸਾਡੇ ਜੀਵਨ ਨੂੰ ਜਿਉਣਯੋਗ ਬਣਾਇਆ, ਉਸੇ ਪਰਖ ਆਧਾਰਿਤ ਗਿਆਨ ਦਾ ਤ੍ਰਿਸਕਾਰ ਕਰਦੇ ਹੋਏ ਅਸੀਂ ਅੰਧਵਿਸ਼ਵਾਸਾਂ ਦਾ ਆਸਰਾ ਲੈ ਰੱਖਿਆ ਹੈ ਅਤੇ ਅਜਿਹਾ ਕਰਕੇ ਅਸੀਂ ਆਪਣੀਆਂ ਉਲਝਣਾਂ ਵਿੱਚ ਵਾਧਾ ਹੀ ਕਰੀ ਜਾ ਰਹੇ ਹਾਂ। ਫਿਲਾਸਫੀ ਮਰਨ ਕਿਨਾਰੇ ਆ ਰਹੀ ਹੈ ਅਤੇ ਵਿਗਿਆਨ ਦੇ ਸੁਝਾਏ ਰਾਹ ਅਣਡਿੱਠ ਹੋ ਰਹੇ ਹਨ। ਫਲਸਰੂਪ ਰੋਗ ਵਧ ਰਹੇ ਹਨ, ਵਾਤਾਵਰਣ ਬਦਲਦਾ ਜਾ ਰਿਹਾ ਹੈ, ਤਾਪਮਾਨ ਉਧਲ ਰਿਹਾ ਹੈ, ਰੁੱਤਾਂ ਬਦਲ ਰਹੀਆਂ ਹਨ। ਨਾ ਪਾਣੀ ਪੀਣ ਯੋਗ ਰਿਹਾ ਹੈ ਅਤੇ ਨਾ ਹਵਾ ਸਾਹ ਲੈਣ ਯੋਗ।
ਅਸੀਂ ਇਹ ਵੀ ਭਰਮ ਪਾਲ਼ ਰੱਖਿਆ ਹੈ ਕਿ ਵਿਗਿਆਨਕ ਸੂਝ ਸਾਨੂੰ ਰੂਹਾਨੀਅਤ ਤੋਂ ਪਰੇ ਲਿਜਾ ਰਹੀ ਹੈ। ਪਰ ਸਥਿਤੀ ਸਗੋਂ ਇਸਦੇ ਉਲਟ ਹੈ, ਇਹ ਤਾਂ ਸਾਡੀ ਰੂਹਾਨੀਅਤ ਨਾਲ ਪਛਾਣ ਕਰਵਾ ਰਹੀ ਹੈ। ਜੀਵਨ ਅਤੇ ਕੁਦਰਤ ਦੇ ਰਹੱਸਾਂ ਨੂੰ ਪ੍ਰਤੱਖ ਕਰਦਾ ਹੋਇਆ ਵਿਗਿਆਨ ਸਾਨੂੰ ਅਰੋਗ ਅਤੇ ਸੰਤੁਸ਼ਟ ਜੀਵਨ ਭੋਗਣ ਲਈ ਇਹ ਸਲਾਹ ਦੇ ਕੇ ਪਰੇਰ ਵੀ ਰਿਹਾ ਹੈ ਕਿ ਸੰਜਮ ਨਾਲ ਖਾਓ, ਸੰਜਮ ਨਾਲ ਵਿਚਰੋ ਅਤੇ ਅਖੀਰਲੇ ਸਾਹ ਤਕ ਮਾਨਸਿਕ ਅਤੇ ਸਰੀਰਕ ਸਰਗਰਮੀਆਂ ਵਿੱਚ ਰੁੱਝੇ ਰਹੋ। ਸੱਚਮੁੱਚ ਵਿਗਿਆਨ ਅਤੇ ਇਸਦੇ ਨਜ਼ਰੀਏ ਨੂੰ ਅਣਡਿੱਠ ਕਰਕੇ ਅਸੀਂ ਆਪਣੇ ਆਪ ਨਾਲ ਧ੍ਰੋਹ ਕਮਾ ਰਹੇ ਹਾਂ। ਜੇਕਰ ਅਸੀਂ ਅੱਜ ਵਿਕਾਸਸ਼ੀਲ ਦੇਸ਼ਾਂ ’ਤੇ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਇਨ੍ਹਾਂ ਦੇਸ਼ਾਂ ਨੇ ਵਿਗਿਆਨ ਨੂੰ ਕਿੰਨੀ ਅਹਿਮੀਅਤ ਦਿੱਤੀ ਹੈ। ਇਹ ਸ਼ੁਰੂ ਤੋਂ ਹੀ ਬੱਚਿਆਂ ਨੂੰ ਸਾਇੰਸ ਅਤੇ ਖੋਜਕਾਰੀ ਬਾਰੇ ਜਾਗਰੂਕ ਕਰਦੇ ਹਨ। ਸ਼ਾਇਦ ਇਹੋ ਕਾਰਨ ਹੈ ਕਿ ਇਨ੍ਹਾਂ ਦੇਸ਼ਾਂ ਨੇ ਦੁਨੀਆ ਨੂੰ ਬਹੁਤ ਸਾਰੇ ਖੋਜਕਾਰੀ ਦਿੱਤੇ ਹਨ। ਜ਼ਰਾ ਸੋਚ ਕੇ ਦੇਖੋ, ਜੇਕਰ ਖੋਜਕਾਰਾਂ ਨੇ ਰੇਲ ਗੱਡੀ, ਜਹਾਜ਼, ਕਾਰਾਂ, ਟੈਲੀਫੋਨ, ਦਵਾਈਆਂ ਅਤੇ ਹੋਰ ਬਹੁਤ ਸਾਰੀਆਂ ਸੁਖ ਸਹੂਲਤਾਂ ਵਾਲੀਆਂ ਚੀਜ਼ਾਂ ਨਾ ਬਣਾਈਆਂ ਹੁੰਦੀਆਂ ਤਾਂ ਦੁਨੀਆਂ ਕਿਹੋ ਜਿਹੀ ਹੁੰਦੀ? ਪਰ ਅਫਸੋਸ ਸਾਡੇ ਦੇਸ਼ ਵਿੱਚ ਖੋਜਕਾਰਾਂ ਨੂੰ ਬਹੁਤ ਘੱਟ ਯਾਦ ਕੀਤਾ ਜਾਂਦਾ ਹੈ ਅਤੇ ਖੋਜਕਾਰਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ। ਇਸ ਤੋਂ ਵੀ ਵੱਡਾ ਦੁਖਾਂਤ ਇਹ ਹੈ ਕਿ ਰੱਬ ਦੇ ਨਾਂ ’ਤੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਢੌਂਗੀ ਬਾਬੇ ਕਾਰ ਅਤੇ ਜਹਾਜ਼ ਵਿੱਚ ਬੈਠ ਕੇ ਵਿਗਿਆਨ ਨੂੰ ਨਿੰਦਦੇ ਹਨ।
ਵਿਗਿਆਨ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਤਰੱਕੀ ਦਾ ਰਾਜ ਕਹਿਣਾ ਗਲਤ ਨਹੀਂ ਹੋਵੇਗਾ। ਅੱਜ ਸਾਡੇ ਦੇਸ਼ ਦੀ ਕਰੀਮ ਡਾਕਟਰ, ਇੰਜਨੀਅਰ ਅਤੇ ਹੋਰ ਬਹੁਤ ਸਾਰੇ ਨੌਜਵਾਨ ਵਿਕਾਸਸ਼ੀਲ ਦੇਸ਼ਾਂ ਵਿੱਚ ਜਾਣ ਨੂੰ ਤਰਜੀਹ ਦੇ ਰਹੇ ਹਨ ਅੱਜ ਦੇਸ਼ ਵਿੱਚੋਂ ‘ਬਰੇਨ ਡਰੇਨ’ ਰੋਕਣ ਲਈ ਚੰਗੇ ਸਿਸਟਮ ਅਤੇ ਨੀਤੀਆਂ ਦੀ ਲੋੜ ਹੈ। ਸਾਡੇ ਮੁਲਕ ਵਿੱਚ ਵੀ ਲੋਕ ਬਹੁਤ ਮਿਹਨਤੀ ਅਤੇ ਤੇਜ਼ ਦਿਮਾਗ ਹਨ। ਬੱਸ ਇਹ ਸਰਕਾਰਾਂ ’ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਕਿਸ ਦਿਸ਼ਾ ਵੱਲ ਲੈਕੇ ਜਾਣਾ ਹੈ। ਆਪਣੇ ਬਲਬੂਤੇ ’ਤੇ ਸੀ. ਵੀ ਰਮਨ ਅਤੇ ਅਬਦੁਲ ਕਲਾਮ ਨੇ ਵੀ ਵਿਗਿਆਨ ਦੇ ਖੇਤਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਅੱਜ ਦੇਸ਼ ਦੀ ਨਵੀਂ ਪੀੜ੍ਹੀ ਨੂੰ ਅੰਧਵਿਸ਼ਵਾਸ ਅਤੇ ਮਿਥਿਹਾਸਕ ਗੇੜ ਵਿੱਚੋਂ ਕੱਢ ਕੇ ਵਿਗਿਆਨਕ ਸੋਚ ਨਾਲ ਜੋੜਨ ਦੀ ਲੋੜ ਹੈ, ਤਾਂ ਹੀ ਦੇਸ਼ ਬਦਲੇਗਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5490)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)