Gurdip S Dhuddi 7ਮਾਸਟਰ ਜੀ, ਇਹ ਬੱਚੇ ਹਨਇਨ੍ਹਾਂ ਨੂੰ ਪੰਜਾਬੀ ਪੜ੍ਹਨੀ ਲਿਖਣੀ ...
(20 ਫਰਵਰੀ 2025)

 

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਗ਼ੈਰ-ਕਾਨੂੰਨੀ ਤਰੀਕੇ ਅਮਰੀਕਾ ਗਏ ਭਾਰਤੀਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਪਾ ਕੇ ਫ਼ੌਜੀ ਜਹਾਜ਼ ਭਰ-ਭਰ ਕੇ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਲਾਹ ਰਿਹਾ ਹੈ। ਇਸ ਗੱਲੋਂ ਲੋਕ ਟਰੰਪ, ਉਸ ਦੇ ‘ਦੋਸਤ’ ਨਰਿੰਦਰ ਮੋਦੀ ਅਤੇ ਪੰਜਾਬ ਸਰਕਾਰ ਨੂੰ ਪਾਣੀ ਪੀ-ਪੀ ਕੇ ਕੋਸ ਰਹੇ ਹਨ। ਇਸੇ ਤਰ੍ਹਾਂ ਦੀ ਹਨੇਰੀ ਇੰਗਲੈਂਡ ਤੋਂ ਆਉਣ ਦੀ ਕਨਸੋ ਵੀ ਹੈ। ਵਿਦੇਸ਼ੀਂ ਜਾ ਕੇ ਵਸੇ ਅਤੇ ਵਸਣ ਦੇ ਚਾਹਵਾਨਾਂ ਨੂੰ ਇਹ ਬਹੁਤ ਮਾੜਾ ਲੱਗ ਰਿਹਾ ਹੈ। ਇਸ ਗੱਲ ਨੂੰ ਇੱਥੇ ਹੀ ਛੱਡ ਦੇਈਏ ਤਾਂ ਵਿਦੇਸ਼ਾਂ ਵਿੱਚ ਵਸੇ ਲੋਕ ਬੜੇ ਮਾਣ ਨਾਲ ਦੱਸਦੇ ਹਨ ਕਿ ਉਨ੍ਹਾਂ ਨੇ ਪੰਜਾਬੀਅਤ ਨੂੰ ਉੱਥੇ ਪੂਰੀ ਤਰ੍ਹਾਂ ਸੰਭਾਲਿਆ ਹੋਇਆ। ਪੰਜਾਬੀ ਸੱਭਿਆਚਾਰ (ਗਾਣੇ ਗਾਉਣ ਤੇ ਨੱਚਣ ਟੱਪਣ ਨੂੰ ਸੱਭਿਆਚਾਰ ਆਖਿਆ ਜਾਂਦਾ ਹੈ) ਅਤੇ ਭਾਸ਼ਾ ਨੂੰ ਬਚਾ ਕੇ ਰੱਖਿਆ ਹੋਇਆ ਹੈ। ਉੱਥੇ ਤਾਂ ਪੰਜਾਬੀ ਦੀ ਪੜ੍ਹਾਈ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ। ਪੰਜਾਬੀਅਤ ਦੀ ਚੜ੍ਹਾਈ ਹੈ। ਕੁਝ ਸੜਕਾਂ ਦੇ ਨਾਮ ਪੰਜਾਬੀ ਵਿੱਚ ਲਿਖੇ ਹੋਏ ਹਨ। … ਲੱਖ ਅੰਕੜਿਆਂ ਦੇ ਬਾਵਜੂਦ ਮੈਂ ਅਜਿਹੀ ਕਿਸੇ ਗੱਲ ਨਾਲ ਸਹਿਮਤ ਨਹੀਂ ਹੋ ਸਕਿਆ।...

ਉਦੋਂ ਮੇਰੀ ਸਰਵਿਸ ਦਾ ਅਜੇ ਦੂਜਾ ਸਾਲ ਹੀ ਚੱਲ ਰਿਹਾ ਸੀ, ਐਡਹਾਕ ਅਧਾਰ ’ਤੇ ਅਧਿਆਪਕ ਸਾਂ। 1978 ਵਿੱਚ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ। ਮੇਰੀ ਤਾਇਨਾਤੀ ਮਲੋਟ ਨੇੜਲੇ ਇੱਕ ਮਿਡਲ ਸਕੂਲ ਵਿੱਚ ਸੀ। ਇਨ੍ਹਾਂ ਛੁੱਟੀਆਂ ਵਿੱਚ ਪੱਕੇ ਅਧਿਆਪਕਾਂ ਅਤੇ ਬੱਚਿਆਂ ਨੇ ਸਕੂਲ ਨਹੀਂ ਸੀ ਆਉਣਾ, ਕੇਵਲ ਐਡਹਾਕ ਅਧਿਆਪਕਾਂ ਨੇ ਸਕੂਲ ਵਿੱਚ ਆ ਕੇ ਸਕੂਲ ਦੇ ਹਾਜ਼ਰੀ ਰਜਿਸਟਰ ’ਤੇ ਹਾਜ਼ਰੀ ਲਗਾਉਣੀ ਸੀ। ਮੇਰੀ ਰਿਹਾਇਸ਼ ਉਸੇ ਸਕੂਲ ਵਿੱਚ ਹੋਣ ਕਰ ਕੇ ਮੈਂ ਸਾਰਾ ਦਿਨ ਸਕੂਲ ਵਿੱਚ ਹੀ ਰਹਿੰਦਾ ਸਾਂ। ਇੱਕ ਦਿਨ ‘ਡਰਨਾ’ ਜਿਹਾ ਜਾਪਦਾ ਬੰਦਾ ਮੇਰੇ ਕੋਲ ਆਇਆ। ਉਸ ਦਾ ਮੈਲ਼ਾ-ਕੁਚੈਲ਼ਾ ਕੁੜਤਾ ਚਾਦਰਾ, ਸਿਰ ’ਤੇ ਵੱਟਾਂ ਵਾਲਾ ਪਰਨਾ, ਪੈਰਾਂ ਵਿੱਚ ਠਿੱਬੀ ਜੁੱਤੀ ਅਤੇ ਮਾੜਚੂ ਸਰੀਰ ਦੇਖ ਕੇ ਗੁਰਬਤ ਦਾ ਸਿਖਰ ਦੇਖਿਆ ਜਾ ਸਕਦਾ ਸੀ। “ਜੀ ਥੋਨੂੰ ਸਰਦਾਰ ਸਹਿਬ ਨੇ ਬੁਲਾਇਆ।” ਦੂਰੋਂ ਹੀ ਆਪਣੇ ਹੱਥ ਨੂੰ ਸਿਰ ਤੋਂ ਉਤਾਂਹ ਚੁੱਕਦਿਆਂ ਉਸ ਨੇ ਸਲਾਮ ਕਰਨ ਵਾਲਿਆਂ ਵਾਂਗ ਕਰ ਕੇ ਆਖਿਆ।

ਮੈਂ ਪੁੱਛਿਆ, “ਕਿਹੜੇ ਸਰਦਾਰ ਨੇ?

ਜੀ, ਭੁੱਲਰ ਸਰਦਾਰ ਨੇ।” ਉਸ ਦੇ ਅਗਲੇ ਦੰਦ ਟੁੱਟੇ ਹੋਣ ਕਰ ਕੇ ਹਵਾ ਉਨ੍ਹਾਂ ਵਿੱਚੋਂ ਦੀ ਆਪੇ ਨਿਕਲ ਜਾਂਦੀ ਸੀ ਪ੍ਰੰਤੂ ਮੈਨੂੰ ਫਿਰ ਵੀ ਗੱਲਬਾਤ ਦੀ ਸਮਝ ਆ ਰਹੀ ਸੀ। ਮੈਂ ਫਿਰ ਆਖਿਆ, “ਭਾਈ ਕਿਹੜੇ ਭੁੱਲਰ ਸਾਹਿਬ ਨੇ? ਮੈਂ ਜਾਣਦਾ ਨਹੀਂ।”

“ਜੀ, ਉੱਥੇ ਆ ਜੋ, ਮੈਂ ਦੱਸ ਦੇਊਂ।” ਆਖ ਕੇ ਉਹ ਛਿੱਥਾ ਜਿਹਾ ਪੈ ਗਿਆ। ਭੁੱਲਰ ਸਰਦਾਰ ਦਾ ਨਾਮ ਲੈਣ ਦੀ ਉਸ ਵਿੱਚ ਹਿੰਮਤ ਨਹੀਂ ਸੀ।

“ਚੱਲ, ਮੈਂ ਆਉਂਦਾ ਹਾਂ।” ਆਖਦਿਆਂ ਮੈਂ ਸੁਰਖ਼ੁਰੂ ਹੋਣਾ ਹੀ ਬਿਹਤਰ ਸਮਝਿਆ।

ਖ਼ੈਰ, ਮੈਂ ਚਲਾ ਗਿਆ। ਸਰਦਾਰ ਨੇ ਮੈਨੂੰ ਬਾਹਰਲੀ ਬੈਠਕ ਵਿੱਚ ਬਿਠਾ ਲਿਆ। ਥੋੜ੍ਹੀ ਜਿਹੀ ਗੱਲਬਾਤ ਕਰ ਕੇ ਉਸਨੇ ਨੌਕਰ ਨੂੰ ਬੁਲਾਇਆ। “ਛਿੰਦੀ, ਜਾ ਮਾਸਟਰ ਜੀ ਵਾਸਤੇ ਦੁੱਧ ਲਿਆ ਤੇ ਨਾਲੇ ਬੱਚਿਆਂ ਨੂੰ ਬੁਲਾ ਕੇ ਲਿਆ।”

ਦੁੱਧ ਵਾਲੀ ਟਰੇਅ ਦੇ ਨਾਲ ਹੀ ਬੱਚੇ ਆ ਗਏ।

“ਵਿਸ਼ ਕਰੋ ਟੀਚਰ ਨੂੰ, ਹੀ ਵਿੱਲ ਟੀਚ ਯੂ। ਮਾਸਟਰ ਜੀ, ਇਹ ਬੱਚੇ ਹਨ, ਇਨ੍ਹਾਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਸਿਖਾ ਦਿਓ।” ਪਹਿਲਾ ਵਾਕ ਉਸ ਨੇ ਬੱਚਿਆਂ ਨੂੰ ਕਿਹਾ ਅਤੇ ਦੂਜਾ ਮੈਨੂੰ। ਉਹ ਭਾਵੇਂ ਆਪਣੇ ਵੱਲੋਂ ਆਦਰ ਨਾਲ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦੇ ਬੋਲਣ ਦਾ ਲਹਿਜਾ ਹੁਕਮੀਆ ਸੀ, ਜਿਸ ਵਿੱਚੋਂ ਸਰਦਾਰੀ ਦੀ ਝਲਕ ਸਪਸ਼ਟ ਦਿਸ ਰਹੀ ਸੀ। ਲੋੜੀਂਦੇ ਕੈਦੇ, ਪੈੱਨਸਿਲਾਂ ਆਦਿ ਦੱਸ ਕੇ ਮੈਂ ਅਗਲੇ ਦਿਨ ਆਉਣ ਦਾ ਆਖ ਕੇ ਵਾਪਸ ਆ ਗਿਆ।

ਦੂਜੇ ਦਿਨ ਮੈਂ ਜਾ ਕੇ ਉਸੇ ਬੈਠਕ ਵਿੱਚ ਬੈਠ ਗਿਆ। ਤਿੰਨੋਂ ਬੱਚੇ ਆਏ, ਮਸ਼ਕਰੀ ਕਰਨ ਵਾਲਿਆਂ ਵਾਂਗ ਮੈਨੂੰ ‘ਹਾਇ ਹੈਲੋ’ ਕੀਤੀ। ਮੈਂ ਪੰਜਾਬੀ ਪੜ੍ਹਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਸਿੱਖਣ ਦੀ ਕੋਸ਼ਿਸ਼ ਨਾ ਕਰਦੇ।

“ਵੂਈ ਡੌਂਟ ਵਾਂਟ ਟੂ ਲਰਨ ਦਿਸ ਲੈਂਗੂਏਜ਼, ਵੂਈ ਡਿੱਡ ਨਾਟ ਲਾਈਕ ਇੱਟ। ਵੂਈ ਵਿੱਲ ਗੋ ਟੂ ਆਵਰ ਕੰਟਰੀ, ਦਿਅਰ ਦੇ ਡੂ ਨਾਟ ਕੰਪੈਲ ਅੱਸ ਟੂ ਲਰਨ ਦਿਸ ਲੈਂਗੁਏਜ਼।” ਤੀਜੇ ਚੌਥੇ ਦਿਨ ਇਹ ਆਖਦਿਆਂ ਉਨ੍ਹਾਂ ਆਪਣਾ ਇਰਾਦਾ ਸਪਸ਼ਟ ਕਰ ਦਿੱਤਾ। ਮੈਂ ‘ਸਰਦਾਰ’ ਨੂੰ ਦੱਸ ਕੇ ਅਗਲੇ ਦਿਨ ਤੋਂ ਨਾ ਆਉਣ ਦਾ ਕਹਿ ਕੇ ਆ ਗਿਆ।

ਪੰਜਾਬੀਅਤ ਨੂੰ ਉਨ੍ਹਾਂ ਮੁਲਕਾਂ ਵਿੱਚ ਕਿੰਨਾ ਕੁ ਸੰਭਾਲਿਆ ਅਤੇ ਵਿਕਸਿਤ ਕੀਤਾ, ਇਹ ਕਥਾ ਪੜ੍ਹ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਹ ਲੋਕ ਉਸ ਮੁਲਕ ਦੇ ਡਾਲਰਾਂ ਦੀ ਕਮਾਈ ਖਾਂਦੇ ਹਨ, ਫਿਰ ਉਹ ਆਲੇ-ਦੁਆਲੇ ਤੋਂ ਅਭਿੱਜ ਕਿਵੇਂ ਰਹਿ ਸਕਦੇ ਹਨ? ਇਸ ਲਈ ‘ਜਿਸ ਦੀ ਖਾਈਏ ਬਾਜਰੀ ਉਸ ਦੀ ਭਰੀਏ ਹਾਜ਼ਰੀ’ ਤੋਂ ਅਸੀਂ ਭੱਜਣ ਦਾ ਭਰਮ ਨਾ ਪਾਲੀਏ। ਉਹ ਲੋਕ ਮਾਤ-ਭਾਸ਼ਾ ਦੇ ਭਾਵ-ਅਰਥ ਭੁੱਲ ਜਾਂਦੇ ਹਨ।

ਜਨਮ ਦੇਣ ਵਾਲੀ ਆਪਣੀ ਮਾਂ ਤੋਂ ਸਿੱਖੀ ਭਾਸ਼ਾ ਹੀ ਮਾਤ-ਭਾਸ਼ਾ ਨਹੀਂ ਹੁੰਦੀ ਅਤੇ ਉਸ ਦੀ ਜਵਾਨੀ ਤਕ ਦੀ ਜੀਵਨ ਜਾਚ ਹੀ ਸੱਭਿਆਚਾਰ ਨਹੀਂ ਹੁੰਦਾ। ਮਾਤ-ਭਾਸ਼ਾ ਅਤੇ ਸੱਭਿਆਚਾਰ ਤਾਂ ਸਾਡੇ ਰਹਿਣ ਵਾਲੇ ਥਾਂ, ਵਿਚਰਨ ਦੇ ਢੰਗ ਤਰੀਕੇ ਦੇ ਅਨੁਸਾਰੀ ਹੁੰਦੇ ਹਨ। ਯੂਪੀ, ਬਿਹਾਰ ਆਦਿ ਰਾਜਾਂ ਤੋਂ ‘ਸਾਡੇ ਪੰਜਾਬ’ ਵਿੱਚ ਆ ਕੇ ਕਿਰਤ ਕਮਾਈ ਕਰ ਕੇ ਪਲਣ ਵਾਲੇ ਲੋਕਾਂ ਦਾ ਪਿਆਰ ਵੀ ਪੰਜਾਬ ਅਤੇ ਪੰਜਾਬੀਅਤ ਨਾਲ ਓਨਾ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਇੱਧਰ ਜੰਮ ਪਲ਼ ਰਹੇ ਬੱਚਿਆਂ ਦਾ ‘ਦੇਸ਼’ ਤਾਂ ਯੂਪੀ ਬਿਹਾਰ ਨਹੀਂ ਸਗੋਂ ਪੰਜਾਬ ਹੈ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਗੁਰਦੀਪ ਸਿੰਘ ਢੁੱਡੀ

ਪ੍ਰਿੰ. ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)

More articles from this author