““ਤੂੰ ਬੋਲਦਾ ਕਿਵੇਂ ਐਂ ਉਏ? ਤੈਨੂੰ …।” ਮਲਕੀਤ ਸਿੰਘ ਅੰਦਰੋਂ ਲਾਵਾ ਫੁੱਟਣ ਵਾਂਗ ਹੋ ਗਿਆ। ਉਸ ਦੀਆਂ ਕਾਲੀਆਂ ...”
(12 ਜੂਨ 2024)
ਇਸ ਸਮੇਂ ਪਾਠਕ: 600.
ਜਿਵੇਂ ਹੀ ਅਧਿਆਪਨ ਕੋਰਸ ਦਾ ਨਤੀਜਾ ਆਇਆ, ਅਸੀਂ ਚਾਰਾਂ ਜਮਾਤੀਆਂ ਨੇ ਰੁਜ਼ਗਾਰ ਦਫਤਰ ਵੱਲ ਰੁਖ਼ ਕਰ ਲਿਆ ਤੇ ਅਧਿਆਪਕਾਂ ਦੀਆਂ ਅਸਾਮੀਆਂ ਵਾਸਤੇ ਨਾਮ ਦਰਜ ਕਰਾਉਣ ਲਈ ਲੋੜੀਂਦੀ ਕਾਰਵਾਈ ਬਾਰੇ ਕਰਮਚਾਰੀ ਨੂੰ ਪੁੱਛਿਆ। ਕਰਮਚਾਰੀ ਨੇ ਆਖਿਆ, “ਤੁਸੀਂ ਆਪਣੇ ਪ੍ਰਿੰਸੀਪਲ ਤੋਂ ਆਪਣੇ ਪਾਸ ਹੋਣ ਬਾਰੇ ਲਿਖਵਾ ਕੇ ਲਿਆਵੋ, ਤੁਹਾਨੂੰ ਇੰਟਰਵਿਊ ਕਾਰਡ ਦੇਈਏ।” ਪਿਆਸੇ ਨੂੰ ਪਾਣੀ ਦਾ ਭਰਿਆ ਦਰਿਆ ਦਿਸਣ ਵਾਂਗ ਮਹਿਸੂਸ ਹੋਇਆ ਅਤੇ ਅਸੀਂ ਪੱਬਾਂ ਭਾਰ ਕਾਲਜ ਪਹੁੰਚ ਗਏ।
“ਜੀ ਸਾਨੂੰ ਪਾਸ ਹੋਣ ਦਾ ਸਰਟੀਫ਼ਿਕੇਟ ਬਣਾ ਦੇਵੋ। ਰੁਜ਼ਗਾਰ ਦਫਤਰ ਵਾਲਿਆਂ ਨੇ ਮੰਗਿਆ।” ਦਫਤਰ ਜਾ ਕੇ ਬਾਬੂ ਜੀ ਨੂੰ ਬੇਨਤੀ ਕੀਤੀ।
“ਪਰ ਪ੍ਰਿੰਸੀਪਲ ਸਾਹਿਬ ਤਾਂ ਚਲੇ ਗਏ ਅੰਮ੍ਰਿਤਸਰ ਨੂੰ।” ਬਾਬੂ ਨੇ ਖਚਰੀ ਜਿਹੀ ਮੁਸਕਾਨ ਆਪਣੇ ਬੁੱਲ੍ਹਾਂ ’ਤੇ ਲਿਆਉਂਦਿਆਂ ਕਤਰੀਆਂ ਹੋਈਆਂ ਮੁੱਛਾਂ ’ਤੇ ਹੱਥ ਫੇਰਦਿਆਂ ਆਖਿਆ। ਰੁਜ਼ਗਾਰ ਸੰਬੰਧੀ ਉਸ ਸਮੇਂ ਅਜਿਹੇ ਹਾਲਾਤ ਸਨ ਕਿ ਅਰਥ ਸ਼ਾਸਤਰ ਦੇ ‘ਮੰਗ ਤੇ ਪੂਰਤੀ’ ਦੇ ਸਿਧਾਂਤ ਵਾਂਗ ਸਾਨੂੰ ਵਿਹਲੇ ਨਹੀਂ ਰਹਿਣਾ ਪਿਆ। ਸਾਡੀ ਆਰਜ਼ੀ ਨਿਯੁਕਤੀ ਕੋਰਸ ਕਰਦਿਆਂ ਸਾਰ ਹੋ ਗਈ; ਬਾਅਦ ਵਿੱਚ ਥੋੜ੍ਹੇ ਜਿਹੇ ਸੰਘਰਸ਼ ਮਗਰੋਂ ਸਰਕਾਰ ਨੇ ਨੀਤੀ ਬਣਾ ਕੇ ਸਾਨੂੰ ਰੈਗੂਲਰ ਕਰ ਦਿੱਤਾ। ਮੇਰੀ ਨਿਯੁਕਤੀ ਸਕੂਲ ਦੇ ਮੁੱਖ ਅਧਿਆਪਕ ਦੁਆਰਾ ਕੀਤੀ ਗਈ ਸੀ ਅਤੇ ਫਿਰ ਰੈਗੂਲਰ ਕਰਮਚਾਰੀ ਦੇ ਆਉਣ ’ਤੇ ਛੇ-ਸੱਤ ਮਹੀਨਿਆਂ ਦੇ ਵਕਫ਼ੇ ਵਿੱਚ ਤੀਜੇ ਸਕੂਲ ਵਿੱਚ ਹਾਜ਼ਰ ਹੋਇਆ ਸਾਂ। ਇਹ ਮਿਡਲ ਸਕੂਲ ਸੀ, ਪ੍ਰਾਇਮਰੀ ਦੇ ਅਧਿਆਪਕਾਂ ਸਮੇਤ 11 ਅਧਿਆਪਕ ਸਨ।
ਮਿਡਲ ਵਿਭਾਗ ਦੇ ਅਧਿਆਪਕ ਓਮ ਪ੍ਰਕਾਸ਼ ਦੀ ਸ਼ਖ਼ਸੀਅਤ ਮੈਨੂੰ ਬਹੁਤ ਅਜੀਬ ਮਹਿਸੂਸ ਹੋਈ। ਲੰਬੂਤਰੇ ਜਿਹੇ ਸਿਰ ਦੇ ਲੰਮੇ ਵਾਲ ਉਹ ਲੋੜੋਂ ਜ਼ਿਆਦਾ ਤੇਲ ਨਾਲ ਚੋਪੜ ਕੇ ਰੱਖਦਾ। ਅੱਖਾਂ ’ਤੇ ਵੱਡੀਆਂ ਰੰਗਦਾਰ ਐਨਕਾਂ, ਜਿਨ੍ਹਾਂ ’ਤੇ ਧੱਬੇ ਜਿਹੇ ਆਮ ਹੀ ਦਿਸਦੇ। ਕਰੇੜੇ ਵਾਲੇ ਵਿਰਲੇ ਦੰਦ। ਗੂੜ੍ਹੇ ਰੰਗ ਦੀ ਧਾਰੀਆਂ ਵਾਲੀ ਕਮੀਜ਼ ਅਤੇ ਖੁੱਲ੍ਹੀ ਪੈਂਟ ਪਾ ਕੇ ਬੜਾ ਓਪਰਾ ਜਿਹਾ ਲਗਦਾ। ਗਰਮੀਆਂ ਵਿੱਚ ਉਹ ਕਾਲ਼ੇ ਰੰਗ ਦੇ ਸੈਂਡਲ ਪਾਉਂਦਾ ਜਿਨ੍ਹਾਂ ਵਿੱਚੋਂ ਪੈਰਾਂ ਦੀਆਂ ਪਾਟੀਆਂ ਬਿਆਈਆਂ ਉਸ ਦੀ ਸ਼ਖ਼ਸੀਅਤ ਵਰਗੀਆਂ ਹੀ ਜਾਪਦੀਆਂ। ਉਸ ਦੀ ਆਮ ਬੋਲ-ਚਾਲ ਵਿੱਚੋਂ ਜਾਤ-ਪਾਤ ਦੀ ਗਿੱਲੀ ਰੂੜੀ ਵਰਗੀ ਆਉਂਦੀ ਬੂਅ ਤੋਂ ਮੈਨੂੰ ਕਚਿਆਣ ਜਿਹੀ ਆਉਂਦੀ। ਤੋਰ ਉਸ ਦੀ ਓਭੜ-ਖਾਬੜ ਥਾਂ ’ਤੇ ਤੁਰਨ ਵਾਲੇ ਬੰਦੇ ਵਰਗੀ ਸੀ। ਥੋੜ੍ਹੇ ਚਿਰ ਬਾਅਦ ਪਤਾ ਲੱਗਿਆ ਕਿ ਉਹਦਾ ਪਰਿਵਾਰਕ ਜੀਵਨ ਵੀ ਰੇਤ ਦੇ ਟਿੱਬੇ ’ਤੇ ਪਈ ਡੰਡੀ ਵਰਗਾ ਸੀ।
ਉਨ੍ਹੀਂ ਦਿਨੀਂ ਦਫਤਰ ਦਾ ਸਾਰਾ ਕੰਮ ਹੱਥੀਂ ਹੀ ਹੁੰਦਾ ਸੀ। ਮਿਡਲ ਸਕੂਲਾਂ ਦੀਆਂ ਡੀਡੀਓ ਪਾਵਰਾਂ (ਤਨਖਾਹ ਕਢਾਉਣ ਅਤੇ ਵੰਡਣ ਦੀਆਂ ਸ਼ਕਤੀਆਂ) ਜ਼ਿਲ੍ਹਾ ਸਿੱਖਿਆ ਦਫਤਰ ਕੋਲ ਹੁੰਦੀਆਂ ਸਨ। ਅਧਿਆਪਕਾਂ ਦੀ ਤਨਖਾਹ ਦੇ ਬਿੱਲ ਸਕੂਲ ਮੁਖੀ ਦੁਆਰਾ ਸਾਦਾ ਕਾਗਜ਼ ’ਤੇ ਬਣਾ ਕੇ ਦਫਤਰ ਭੇਜੇ ਜਾਂਦੇ ਸਨ। ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜ਼ੀਫ਼ੇ ਦੇ ਬਿੱਲ ਬਕਾਇਦਾ ਨਿਰਧਾਰਤ ਪ੍ਰੋਫਾਰਮਿਆਂ ’ਤੇ ਤਿਆਰ ਕਰ ਕੇ ਦਫਤਰ ਨੂੰ ਭੇਜਣੇ ਹੁੰਦੇ ਸਨ। ਇਹ ਦਫਤਰੀ ਕੰਮ ਆਮ ਨਾਲੋਂ ਵਧੇਰੇ ਮਿਹਨਤ ਅਤੇ ਧਿਆਨ ਦੀ ਮੰਗ ਕਰਦਾ ਸੀ।
ਇੱਕ ਦਿਨ ਸਕੂਲ ਮੁਖੀ ਨੇ ਸਕੂਲ ਦੇ ਕੰਮਾਂ ਦੀ ਵੰਡ ਵਾਸਤੇ ਸਾਰੇ ਅਧਿਆਪਕਾਂ ਦੀ ਮੀਟਿੰਗ ਬੁਲਾਈ। ਮੀਟਿੰਗ ਦੇ ਅਖੀਰ ’ਤੇ ਵਜ਼ੀਫ਼ੇ ਦੇ ਬਿੱਲ ਬਣਾਉਣ ਅਤੇ ਭੇਜਣ ਦੀ ਵਾਰੀ ਆਈ ਤਾਂ ਇਸਦਾ ਠੁਣਾ ਓਮ ਪ੍ਰਕਾਸ਼ ’ਤੇ ਆਣ ਭੱਜਿਆ। ਓਮ ਪ੍ਰਕਾਸ਼ ਤਾਂ ਜਮਾਤ ਵਿੱਚ ਜਾ ਕੇ ਪੀਰੀਅਡ ਲਾਉਣ ਨੂੰ ਵੀ ਬੋਝ ਮੰਨਦਾ ਸੀ, ਵਜ਼ੀਫ਼ੇ ਦੇ ਬਿੱਲਾਂ ਨੂੰ ਤਾਂ ਉਹ ਬਹੁਤ ਹੀ ਹੇਠਲੇ ਦਰਜੇ ਦਾ ਕੰਮ ਸਮਝਦਾ ਸੀ।
“ਬਰਾੜ ਸਾਹਿਬ, ਵਜ਼ੀਫ਼ੇ ਦਾ ਕੰਮ ਮਲਕੀਤ ਸਿਹੁੰ ਨੂੰ ਦੇਵੋ। ਨਾਲੇ ਇਹ ਤਾਂ ਆਪ ਵੀ ਵਜ਼ੀਫ਼ਾ ਲੈਂਦਾ ਰਿਹਾ ਹੈ, ਸੌਖਿਆਂ ਹੀ ਇਹ ਕੰਮ ਕਰ ਲਵੇਗਾ।” ਓਮ ਪ੍ਰਕਾਸ਼ ਨੇ ਦੰਦ ਘੁੱਟ ਕੇ ਨੱਪਦਿਆਂ ਸਕੂਲ ਮੁਖੀ ਵੱਲ ਟੇਢੀ ਅੱਖ ਨਾਲ ਝਾਕਦਿਆਂ ਆਖਿਆ। ਓਮ ਪ੍ਰਕਾਸ਼ ਦੇ ਕਹਿਣ ਦਾ ਅੰਦਾਜ਼ ਕੁਝ ਇਸ ਤਰ੍ਹਾਂ ਦਾ ਸੀ ਕਿ ਮੀਟਿੰਗ ਵਿੱਚ ਇਕਦਮ ਸੰਨਾਟਾ ਜਿਹਾ ਛਾ ਗਿਆ।
“ਤੂੰ ਬੋਲਦਾ ਕਿਵੇਂ ਐਂ ਉਏ? ਤੈਨੂੰ …।” ਮਲਕੀਤ ਸਿੰਘ ਅੰਦਰੋਂ ਲਾਵਾ ਫੁੱਟਣ ਵਾਂਗ ਹੋ ਗਿਆ। ਉਸ ਦੀਆਂ ਕਾਲੀਆਂ ਤੇ ਉਤਾਂਹ ਨੂੰ ਖੜ੍ਹੀਆਂ ਕੀਤੀਆਂ ਮੁੱਛਾਂ ਫਰਕਣ ਲੱਗ ਪਈਆਂ। ਹੱਥ ਇਸ ਤਰ੍ਹਾਂ ਕੰਬ ਰਹੇ ਸਨ ਜਿਵੇਂ ਉਹ ਹੁਣੇ ਹੀ ਓਮ ਪ੍ਰਕਾਸ਼ ਦੇ ਗਲ਼ਵੇਂ ਨੂੰ ਹੱਥ ਪਾ ਲਵੇਗਾ। ਖ਼ੈਰ, ਮੁੱਖ ਅਧਿਆਪਕ ਨੇ ਮਲਕੀਤ ਸਿੰਘ ਨੂੰ ਸ਼ਾਂਤ ਕੀਤਾ ਅਤੇ ਵਜ਼ੀਫ਼ੇ ਵਾਲਾ ਕੰਮ ਵੰਡੇ ਬਗੈਰ ਹੀ ਮੀਟਿੰਗ ਸਮਾਪਤ ਕਰ ਦਿੱਤੀ।
ਹੁਣ ਮੈਂ ਲੰਮਾ ਸਮਾਂ ਅਧਿਆਪਨ ਕਾਰਜ ਤੋਂ ਬਾਅਦ ਸੇਵਾ ਮੁਕਤ ਹੋਇਆ ਹਾਂ। ਆਪਣੇ ਸੇਵਾ ਕਾਲ ਦੇ ਉੱਪਰਲੇ ਸਮੇਂ ਤੋਂ ਲੈ ਕੇ ਸੇਵਾ ਮੁਕਤੀ ਤਕ ਇਸ ਤਰ੍ਹਾਂ ਦਾ ਅਹਿਸਾਸ ਗਾਹੇ-ਬਗਾਹੇ ਹੁੰਦਾ ਰਿਹਾ ਹੈ, ਜਦੋਂ ਅਧਿਆਪਕਾਂ ਵਿੱਚ ਜਾਤ-ਪਾਤ ਉੱਭਰਵੇਂ ਰੂਪ ਵਿੱਚ ਦੇਖਣ ਨੂੰ ਮਿਲਦੀ ਰਹੀ। ਸੋਚਿਆ ਜਾਵੇ ਤਾਂ ਜਿਨ੍ਹਾਂ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਨੂੰ ਸਮਾਜਿਕ ਕੁਹਜ ਦੂਰ ਕਰਨ ਦੀ ਸਿੱਖਿਆ ਦੇਣੀ ਹੁੰਦੀ ਹੈ, ਜੇ ਉਹ ਆਪ ਹੀ ਸਮਾਜਿਕ ਕੁਹਜ ਦੀਆਂ ਪੰਡਾਂ ਬੰਨ੍ਹੀ ਫਿਰਦੇ ਹੋਣਗੇ, ਉਹ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦਿੰਦੇ ਹੋਣਗੇ? ਇਨ੍ਹਾਂ ਅਧਿਆਪਕਾਂ ਨੂੰ ਦੇਖ ਕੇ ਮੈਨੂੰ ਦੀਵੇ ਥੱਲੇ ਹਨੇਰੇ ਵਾਲੇ ਮੁਹਾਵਰੇ ਦਾ ਸੱਚ ਪਤਾ ਲੱਗਿਆ। ਇਸ ਸਮਾਜਿਕ ਕੁਹਜ ਨੂੰ ਵਿਚਾਰਧਾਰਾਈ ਅਧਿਆਪਕ ਹੀ ਦੂਰ ਕਰ ਸਕਦੇ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਸਾਡੇ ਸਮਾਜਿਕ ਤਾਣੇ-ਬਾਣੇ ਨੇ ਲੋਕਾਂ ਵਿੱਚ ਅਗਾਂਹਵਧੂ ਵਿਚਾਰਾਂ ਦੀ ਥਾਂ ਪਿਛਾਂਹਖਿੱਚੂ ਵਿਚਾਰਾਂ ਨੂੰ ਹਵਾ ਦਿੱਤੀ ਹੋਈ ਹੈ ਅਤੇ ਅਸੀਂ ਹਰ ਪਲ ਦੋ ਕਦਮ ਪਿਛਾਂਹ ਵੱਲ ਤੁਰਦੇ ਰਹਿੰਦੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5047)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)