“ਤੂੰ ਸਾਈਨ ਕਰਦੈਂ ਕਿ ਨਹੀਂ? ... ਸਾਲ਼ਾ ਇਹ ਈ ਆਟੇ ਦਾ ਸ਼ੀਂਹ ਬਣਿਆ ਬੈਠਾ। ਤੇਰਾ ਕੀ ...”
(12 ਮਾਰਚ 2025)
ਮਨੁੱਖ ਦਾ ਚਰਿੱਤਰ ਬਣਨ ਅਤੇ ਵਿਗਸਣ ਵਿੱਚ ਉਸ ਨੂੰ ਮਿਲਿਆ ਹੋਇਆ ਪਿਤਰੀ ਵਾਤਾਵਰਣ ਕੰਮ ਕਰਦਾ ਹੁੰਦਾ ਹੈ। ਬੜੀ ਵਾਰੀ ਉਸ ਨੂੰ ਮਿਲਿਆ ਹੋਇਆ ਆਲ਼ਾ-ਦੁਆਲ਼ਾ ਪ੍ਰਭਾਵਿਤ ਕਰਦਾ ਹੈ, ਜਾਂ ਫਿਰ ਕਿਸੇ ਨਾਲ ਮੇਲ-ਮਿਲਾਪ ਹੀ ਇੰਨਾ ਅਸਰ ਕਰ ਜਾਂਦਾ ਹੈ ਕਿ ਬੰਦੇ ਦੀ ਤੋਰ ਹੀ ਬਦਲ ਜਾਂਦੀ ਹੈ। ਜਾਂ ਫਿਰ ਵਾਪਰੀ ਹੋਈ ਕੋਈ ਘਟਨਾ ਉਸਦੀ ਜੀਵਨ ਸ਼ੈਲੀ ਬਦਲ ਦਿੰਦੀ ਹੈ। ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਮਨੁੱਖ ਨੂੰ ਮਿਲਿਆ ਹੋਇਆ ਕੋਈ ਕੱਚਾ-ਪੱਕਾ ਸੁਭਾਅ, ਕਿਸੇ ਨਤੀਜੇ ਕਾਰਨ ਪੱਕਾ ਇੱਟ ਵਰਗਾ ਹੋ ਜਾਂਦਾ ਹੈ। ਬੜੀ ਵਾਰੀ ਕਿਸੇ ਕੰਮ ਦੇ ਨਤੀਜੇ ਵਜੋਂ ਮਿਲਿਆ ਹੋਇਆ ਇਨਾਮ ਜਾਂ ਸਜ਼ਾ ਵੀ ਬੰਦੇ ਨੂੰ ਬਦਲ ਕੇ ਰੱਖ ਦਿੰਦੀ ਹੈ, ਬਸ਼ਰਤੇ ਕਿ ਬੰਦੇ ਵਿੱਚ ਸੰਵੇਦਨਸ਼ੀਲਤਾ ਸਿਖ਼ਰ ਦੀ ਹੋਵੇ ਅਤੇ ਉਹ ਹਰ ਵਰਤਾਰੇ ਨੂੰ ਗੰਭੀਰਤਾ ਨਾਲ ਲੈਣ ਵਾਲਾ ਹੋਵੇ।
ਆਪਣੇ ਆਪ ਬਾਰੇ ਭਾਵੇਂ ਮੈਂ ਸਪਸ਼ਟ ਨਿਰਣਾ ਤਾਂ ਨਹੀਂ ਕਰ ਸਕਦਾ ਪ੍ਰੰਤੂ ਫਿਰ ਵੀ ਕਦੇ ਕੋਈ ਘਟਨਾ, ਮੇਲ-ਮਿਲਾਪ ਜਾਂ ਫਿਰ ਪਿਤਰੀ ਦੇਣ ਮੇਰੇ ਦੁਆਲ਼ੇ ਘੁੰਮਦੀ ਰਹਿੰਦੀ ਹੈ। ਮੈਂ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕੀਤਾ ਕਹਾਂ ਜਾਂ ਕੁਝ ਹੋਰ, ਇਹ ਨਿਰਣਾ ਕਰਨਾ ਮੇਰੇ ਵੱਸ ਦਾ ਰੋਗ ਨਹੀਂ ਹੈ। ਇਸ ਨੇ ਮੈਨੂੰ ਦੋਨਾਂ ਤਰ੍ਹਾਂ ਦੇ ਵਿਸ਼ੇਸ਼ਣਾਂ ਨਾਲ ਨਿਵਾਜਿਆ ਹੈ ਅਤੇ ਮੈਂ ਜੋ ਵੀ ਅੱਜ ਹਾਂ ਅਤੇ ਜੋ ਵੀ ਅੱਜ ਤਕ ਕਰ ਸਕਿਆ ਹਾਂ, ਇਸ ਬਾਰੇ ਮੈਂ ਅੱਜ ਵੀ ਮਾਣ ਕਰਨ ਵਾਲਿਆਂ ਵਾਂਗ ਮਾਣ ਕਰਦਾ ਹਾਂ।
ਮੈਨੂੰ ਅਧਿਆਪਕ ਲੱਗੇ ਨੂੰ ਉਦੋਂ ਅਜੇ ਚੌਥਾ ਕੁ ਸਾਲ ਹੀ ਸੀ, ਮੈਂ ਐਡਹਾਕ ਅਧਾਰ ’ਤੇ ਹੀ ਕੰਮ ਕਰ ਰਿਹਾ ਸਾਂ ਕਿ ਮੈਨੂੰ ਆਪਣੇ ਅਧਿਆਪਨ ਕਾਰਜ ਦੇ ਨਾਲ ਹੀ ਸਕੂਲ ਦੇ ਕਲਰਕ ਦੇ ਤੌਰ ’ਤੇ ਵੀ ਕੰਮ ਕਰਨ ਦਾ ਮੌਕਾ ਮਿਲਿਆ। ਅਸਲ ਵਿੱਚ ਇਸ ਤੋਂ ਪਹਿਲਾਂ ਇੱਕ ਸਾਇੰਸ ਮਾਸਟਰ ਸਾਇੰਸ ਪੜ੍ਹਾਉਣ ਦੇ ਨਾਲ ਹੀ ਕਲੈਰੀਕਲ ਕੰਮ ਵੀ ਕਰਿਆ ਕਰਦਾ ਸੀ। ਵਿਹਲੇ ਸਮੇਂ ਵਿੱਚ ਉਹ ਮੈਨੂੰ ਆਪਣੇ ਨਾਲ ਕੰਮ ਕਰਨ ਲਾ ਲੈਂਦਾ। ਉਸ ਦੀ ਬਦਲੀ ਹੋਣ ’ਤੇ ਇਹ ਕੰਮ ਪੂਰੀ ਤਰ੍ਹਾਂ ਮੇਰੇ ਜ਼ਿੰਮੇ ਆਣ ਪਿਆ। ਪੁੱਛ ਦੱਸ ਕੇ ਮੈਂ ਇਸ ਕੰਮ ਨੂੰ ਪੂਰਾ ਕਰਦਾ ਰਿਹਾ। ਇਹ ਉਹ ਸਮਾਂ ਸੀ (1981 ਤੋਂ 1984) ਜਦੋਂ ਪੰਜਾਬ ਵਿਚਲਾ ਕਾਲ਼ਾ ਦੌਰ ਆਪਣੀ ਚਰਮ ਸੀਮਾ ਵੱਲ ਪਹੁੰਚਣਾ ਸ਼ੁਰੂ ਹੋ ਚੁੱਕਿਆ ਸੀ। ਇਸੇ ਸਮੇਂ ਸਕੂਲ ਵਿੱਚ ਨਵੇਂ ਮੁੱਖ ਅਧਿਆਪਕ ਨੇ ਜੁਆਇਨ ਕਰ ਲਿਆ। ਉਹ ਪਹਿਲਾਂ ਸ਼ਹਿਰੀ ਸਕੂਲ ਵਿੱਚ ਗਣਿਤ ਵਿਸ਼ੇ ਦੇ ਅਧਿਆਪਕ ਸਨ ਅਤੇ ਪਦ ਉਨਤੀ ਉਪਰੰਤ ਉਹ ਇੱਥੇ ਆਏ ਸਨ। ਹਿੰਦੂ ਧਰਮ ਨਾਲ ਸੰਬੰਧਿਤ ਹੋਣ ਕਰਕੇ ਉਹ ਇਕੱਲਿਆਂ ਆਉਣ ਜਾਣ ਸਮੇਂ ਭੈਅ ਮੰਨਿਆ ਕਰਦੇ ਸਨ। ਮੁਲਾਜ਼ਮਾਂ ਨੂੰ ਉਦੋਂ ਨਕਦ ਤਨਖਾਹ ਮਿਲਿਆ ਕਰਦੀ ਸੀ। ਮੇਰੀ ਉਮਰ ਦਾ ਤਕਾਜ਼ਾ ਸੀ ਜਾਂ ਫਿਰ ਨਾਸਮਝੀ ਕਿ ਮੈਂ ਇਕੱਲਿਆਂ ਹੀ ਬੱਸ ’ਤੇ ਬੈਠ ਕੇ ਸਕੂਲ ਤਨਖਾਹ ਲੈ ਕੇ ਆ ਜਾਣਾ ਅਤੇ ਸਕੂਲ ਦੇ ਕਰਮਚਾਰੀਆਂ ਵਿੱਚ ਵੰਡ ਦੇਣੀ। ਇਸ ਤੋਂ ਬਾਅਦ ਜਨਵਰੀ 1988 ਵਿੱਚ ਇੱਕ ਹੋਰ ਸਕੂਲ ਵਿੱਚ ਵੀ ਇਵੇਂ ਕਰਿਆ ਕਰਦਾ ਸਾਂ। ਦੋਨਾਂ ਸਕੂਲਾਂ ਦੇ ਮੁਖੀਆਂ ਨੇ ਮੇਰੇ ਇਮਾਨਦਾਰ ਹੋਣ ਦਾ ਜਿਵੇਂ ਸਰਟੀਫ਼ਿਕੇਟ ਹੀ ਜਾਰੀ ਕਰ ਦਿੱਤਾ ਸੀ। ਇਸ ਤੋਂ ਅੱਗੇ ਵਾਪਰੀ ਇੱਕ ਘਟਨਾ ਨੇ ਮੇਰੇ ਇਸ ਵਿਹਾਰ ਨੂੰ ਪੱਥਰ ’ਤੇ ਲਕੀਰ ਵਾਂਗ ਕਰ ਦਿੱਤਾ। ਸਰਕਾਰੀ ਹਾਈ ਸਕੂਲ ਭਾਣਾ ਵਿੱਚ ਕੰਮ ਕਰਦਿਆਂ ਸਕੂਲ ਮੁਖੀ ਨੇ ਕਿਸੇ ਵੀ ਕਾਗਜ਼ ’ਤੇ ਹਸਤਾਖ਼ਰ ਕਰਨ ਤੋਂ ਪਹਿਲਾਂ ਮੈਥੋਂ ਹਾਮੀ ਭਰਵਾਉਣ ਦਾ ਨਿਯਮ ਲਾਗੂ ਕਰ ਦਿੱਤਾ। ਗੱਲ ਇਹ 1995 ਤੋਂ ਪਹਿਲਾਂ ਦੀ ਹੈ। ਮੇਰੇ ਇੱਕ ਸਹਿਕਰਮੀ ਨੇ ਕੋਈ ਪਿਛਲਾ ਬਕਾਇਆ ਕਢਵਾਉਣਾ ਸੀ ਅਤੇ ਇਸ ਨਾਲ ਉਸ ਨੂੰ ਮਾਸਿਕ ਤਨਖਾਹ ਦਾ ਵੀ ਫਰਕ ਪੈਣਾ ਸੀ। ਉਹ ਇੱਕ ਕਾਗਜ਼ ਲੈ ਕੇ ਸਕੂਲ ਮੁਖੀ ਤੋਂ ਹਸਤਾਖ਼ਰ ਕਰਵਾਉਣ ਲਈ ਗਿਆ। ਸਕੂਲ ਮੁਖੀ ਨੇ ਮੇਰੀ ਹਾਮੀ ਭਰਵਾਉਣ ਵਾਸਤੇ ਆਖ ਕੇ ਉਸ ਨੂੰ ਕਾਗਜ਼ ਵਾਪਸ ਕਰ ਦਿੱਤੇ। ਉਹ ਉਹੀ ਕਾਗਜ਼ ਲੈ ਕੇ ਮੇਰੇ ਕੋਲ ਆ ਗਿਆ। ਮੈਂ ਵੇਖਿਆ, ਉਸਦੇ ਕਾਗਜ਼ਾਂ ਵਿੱਚ ਇੱਕ ਗੰਭੀਰ ਊਣਤਾਈ ਸੀ ਅਤੇ ਇਹ ਲਾਭ ਉਸ ਨੂੰ ਮਿਲ ਨਹੀਂ ਸਕਦਾ ਸੀ। ਇਸ ਅਧਿਆਪਕ ਨਾਲ ਮੇਰੇ ਦੋਸਤਾਂ ਵਰਗੇ ਸੰਬੰਧ ਵੀ ਸਨ। ਮੇਰਾ ਇਹ ਦੋਸਤ ਲੋੜੋਂ ਜ਼ਿਆਦਾ ਹੱਸਣ ਵਾਲੇ ਸੁਭਾਅ ਵਾਲਾ ਸੀ ਅਤੇ ਬੜੀ ਵਾਰੀ ਬੋਲਦੇ ਹੋਇਆਂ ਉਸ ਦਾ ਸੁਰ ਇੰਨਾ ਖ਼ਰ੍ਹਵਾ ਹੋ ਜਾਂਦਾ ਸੀ ਕਿ ਉਹ ਲੜਨ ਵਾਲਿਆਂ ਵਰਗਾ ਜਾਪਦਾ ਹੁੰਦਾ ਸੀ। ਗੱਲ ਗੱਲ ’ਤੇ ਗਾਲ਼ ਕੱਢਣੀ ਉਸਦੇ ਤਕੀਏ ਕਲਾਮ ਵਰਗਾ ਹੀ ਸੀ। “ਲੈ ਕਰ ਉਏ ਇਸ ’ਤੇ ਦਸਖ਼ਤ, ਬੀਬੀ ਤੇਰੇ ਦਸਖ਼ਤਾਂ ਬਿਨਾਂ ਨਹੀਂ ਮੰਨਦੀ।” ਉਸ ਨੇ ਆਪਣੇ ਵਿਸ਼ੇਸ਼ ਲਹਿਜੇ ਵਿੱਚ ਕਿਹਾ।
“ਕੀ ਹੈ ਇਹ, ਮੈਨੂੰ ਵੇਖ ਲੈਣ ਦੇ।” ਮੈਂ ਆਖਿਆ।
“ਇਸ ਵਿੱਚ ਭੈ ... ... ਸੱਪ ਆ, ਜਿਹੜਾ ਤੇਰੇ ਸੀਨੇ ਵਿੱਚ ਲੜ ਜੂ?” ਉਸ ਨੇ ਆਪਣੇ ਸੁਭਾਅ ਵਾਲੀ ਮੋਟੀ ਸਾਰੀ ਗਾਲ਼ ਕੱਢਦਿਆਂ ਫਿਰ ਆਖਿਆ।
“ਮੈਨੂੰ ਥੋੜ੍ਹਾ ਜਿਹਾ ਚੈੱਕ ਕਰ ਲੈਣ ਦੇ ...।” ਕਾਗਜ਼ ਫ਼ੜ ਕੇ ਰੱਖਦਿਆਂ ਮੈਂ ਅਖਿਆ।
“ਤੂੰ ਸਾਈਨ ਕਰਦੈਂ ਕਿ ਨਹੀਂ? ਸਾਲ਼ਾ ਇਹ ਈ ਆਟੇ ਦਾ ਸ਼ੀਂਹ ਬਣਿਆ ਬੈਠਾ। ਤੇਰਾ ਕੀ ਜਾਂਦਾ ਹੈ, ਤੇਰੀ ਘੁੱਗੀ ਵੇਖ ਕੇ ਬੀਬੀ ਨੇ ਸਾਈਨ ਕਰ ਦੇਣੇ ਆ।” ਉਸ ਦਾ ਅਗਲਾ ਹੁਕਮ ਸੀ।
“ਤੂੰ ਦਫਤਰੀ ਕੰਮ ਕਰਨਾ ਛੱਡ ਦੇ, ਮੈਂ ਆਪੇ ਕਰਵਾ ਲਵਾਂਗਾ।” ਕਾਗਜ਼ਾਂ ਦੇ ਗਲਤ ਹੋਣ ਬਾਰੇ ਜਦੋਂ ਮੈਂ ਆਖਿਆ ਤਾਂ ਉਸ ਨੇ ਅਗਲਾ ਹੁਕਮ ਛੱਡਦਿਆਂ ਕਿਹਾ।
ਬਿਨਾਂ ਸਕੂਲ ਮੁਖੀ ਨੂੰ ਦੱਸਿਆਂ ਮੈਂ ਕੰਮ ਕਰਨਾ ਛੱਡ ਦਿੱਤਾ। ਦਫਤਰ ਦਾ ਕੰਮ ਅਧੂਰਾ ਪਿਆ ਸੀ ਕਿ ਇੱਕ ਦਿਨ ਅਚਨਚੇਤ ਉਪ ਜ਼ਿਲ੍ਹਾ ਸਿੱਖਿਆ ਅਫਸਰ ਆ ਗਏ। ਕੰਮ ਦੇ ਅਧੂਰੇ ਹੋਣ ਕਰਕੇ ਉਨ੍ਹਾਂ ਨੇ ਸਕੂਲ ਮੁਖੀ ਨੂੰ ਇਸ ਸੰਬੰਧੀ ਤਾੜਨਾ ਕਰਨ ਵਾਲਿਆਂ ਵਾਂਗ ਆਖਿਆ। ਅਫਸਰ ਦੇ ਜਾਣ ਤੋਂ ਬਾਅਦ ਸਕੂਲ ਮੁਖੀ ਨੇ ਮੈਨੂੰ ਬੁਲਾਇਆ।
“ਕੰਮ ਕਿਉਂ ਨਹੀਂ ਕੀਤਾ? “ਸਕੂਲ ਮੁਖੀ ਨੇ ਮੈਨੂੰ ਪੁੱਛਿਆ।
“ਜੀ ਗਲਤੀ ਹੋ ਗਈ।” ਮੈਂ ਸਾਥੀ ਅਧਿਆਪਕ ਵਾਲੀ ਗਲਤ ਗੱਲ ਕਹਿਣ ਤੋਂ ਗੁਰੇਜ਼ ਕੀਤਾ।
“ਬੀਬੀ ਜੀ, ਅਸਲ ਗੱਲ ਇਹ ਹੈ ਕਿ ਭੱਲਾ ਇਸ ਤੋਂ ਗਲਤ ਕੰਮ ਕਰਵਾਉਣਾ ਚਾਹੁੰਦਾ ਸੀ, ਇਸ ਨੇ ਕੀਤਾ ਨਹੀਂ। ਉਸਦੇ ਕਹਿਣ ’ਤੇ ਹੀ ਇਸ ਨੇ ਕੰਮ ਕਰਨ ਤੋਂ ਗੁਰੇਜ਼ ਕੀਤਾ।” ਕੋਲ ਬੈਠੇ ਗਰੇਵਾਲ ਨੇ ਸਾਰੀ ਗੱਲ ਵਿਸਥਾਰ ਸਹਿਤ ਦੱਸ ਦਿੱਤੀ।
“ਵੇਖੋ, ਇਮਾਨਦਾਰੀ ਦੇ ਰਾਹ ’ਤੇ ਚਲਦਿਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਸ਼ਵਾਰੀਆਂ ਸਹਿਣੀਆਂ ਪੈਂਦੀਆਂ ਹਨ। ਪ੍ਰੰਤੂ ਇਸਦਾ ਭਾਵ ਇਹ ਵੀ ਨਹੀਂ ਕਿ ਅਸੀਂ ਆਪਣੀ ਤੋਰ ਹੀ ਵਿਗਾੜ ਲਈਏ। ਹੰਸਾਂ ਨੂੰ ਕਾਂਵਾਂ ਵੱਲ ਨਹੀਂ ਵੇਖਣਾ ਚਾਹੀਦਾ। ਤੁਹਾਡੀ ਇਮਾਨਦਾਰੀ ਦਾ ਨਤੀਜਾ ਤੁਹਾਨੂੰ ਇਸ ਥਾਂ ਤੋਂ ਲੈ ਕੇ ਅਗਲੇ ਜਹਾਨ ਤਕ ਮਿਲਦਾ ਹੈ ...।” ਵਾਹਵਾ ਸਾਰੀਆਂ ਉਪਦੇਸ਼ਕ ਗੱਲਾਂ ਆਖ ਕੇ ਉਨ੍ਹਾਂ ਨੇ ਮੈਨੂੰ ਕੰਮ ਨਿਬੇੜਨ ਦੇ ਨਿਰਦੇਸ਼ ਦੇ ਦਿੱਤੇ।
ਇਸ ਘਟਨਾ ਨੇ ਭਵਿੱਖ ਵਿੱਚ ਮੇਰੇ ਵਿਅਤਤਵ ਨੂੰ ਹੀ ਨਿਰਧਾਰਤ ਕਰ ਦਿੱਤਾ। ਪ੍ਰਿੰਸੀਪਲ ਵਜੋਂ ਕੰਮ ਕਰਦਿਆਂ ਦਾਨ ਦੀ ਲੱਖਾਂ ਰੁਪਏ ਦੀ ਰਾਸ਼ੀ, ਸਮੇਤ ਸਕੂਲ ਦੇ ਫੰਡਾਂ ਅਤੇ ਸਰਕਾਰੀ ਗਾਂਟਾਂ ਵਿੱਚੋਂ ਲੱਖਾਂ ਰੁਪਏ ਲਾ ਕੇ ਸਕੂਲ ਦੇ ਵਿਕਾਸ ਕਾਰਜ ਕੀਤੇ। ਇਸੇ ਦੌਰਾਨ ਮੇਰੇ ’ਤੇ ਗੰਭੀਰ ਦੋਸ਼ ਲਾਏ ਗਏ। ਸ਼ਿਕਾਇਤਾਂ ਕੀਤੀਆਂ ਗਈਆਂ। ਨਿਰਾਸ਼ਤਾ ਨੇ ਮੇਰਾ ਬੜੀ ਵਾਰੀ ਆਪਣੇ ਆਪ ਨਾਲ ਘੋਲ ਕਰਵਾਇਆ ਪ੍ਰੰਤੂ ਅਖੀਰ ਵਿੱਚ ਮੈਂ ਆਪਣੀ ਧੁਨ ਵਿੱਚ ਲੱਗਿਆ ਹੋਇਆ ਇਨ੍ਹਾਂ ਕੰਮਾਂ ਨੂੰ ਨਿਰੰਤਰ ਕਰਦਾ ਰਿਹਾ। ਮੈਨੂੰ ਇਸ ਗੱਲ ਦੀ ਤਸੱਲੀ ਵੀ ਹੈ ਕਿ ਅਨੇਕਾਂ ਤਰ੍ਹਾਂ ਦੀਆਂ ਹੇਠਲੇ ਪੱਧਰ ਤੋਂ ਲੈ ਕੇ ਚੋਣ ਕਮਿਸ਼ਨ ਤਕ ਕੀਤੀਆਂ ਮੇਰੀਆਂ ਸ਼ਿਕਾਇਤਾਂ ਵਿੱਚੋਂ ਮੈਂ ਹਰ ਥਾਂ ’ਤੇ ਸਹੀ ਸਾਬਤ ਹੋਇਆ। ਮੇਰੀ ਖੱਜਲ਼ ਖ਼ਵਾਰੀ ਤਾਂ ਬਹੁਤ ਹੁੰਦੀ ਰਹੀ ਪ੍ਰੰਤੂ ਮੈਨੂੰ ਕਿਤੇ ਵੀ ਗਲਤ ਨਹੀਂ ਠਹਿਰਾਇਆ ਗਿਆ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (