“ਸਕੂਲ ਵਿੱਚ ਕੰਮ ਕਰਦੇ ਹੋਏ ਦੀ ਆਪਣੇ ਅਧਿਆਪਕ ਸਾਥੀਆਂ ਨਾਲ ਮੇਰੀ ਅਣਬਣ ਹੋਈ ਰਹਿੰਦੀ ਸੀ। ਅਧਿਆਪਕਾਂ ...”
(18 ਜਨਵਰੀ 2024)
ਇਸ ਸਮੇਂ ਪਾਠਕ: 490.
ਇਹ ਸ਼ਾਇਦ ਮਨੁੱਖ ਦੁਆਰਾ ਕੀਤੇ ਵਿਕਾਸ ਦੀ ਗਤੀ ਦਾ ਅਸਰ ਹੈ ਕਿ ਜਿਸ ਤਬਦੀਲੀ ਬਾਰੇ ਅਸੀਂ ਇੰਨਾ ਸੋਚਿਆ ਨਾ ਹੋਵੇ ਜਾਂ ਫਿਰ ਜੋ ਕੁਝ ਸਾਨੂੰ ਆਚੰਭਤ ਕਰਦਾ ਰਿਹਾ ਹੋਵੇ, ਉਹ ਕੁਝ ਸਾਨੂੰ ਆਪਣੀ ਹੀ ਉਮਰ ਵਿੱਚ ਵੇਖਣ, ਸੁਣਨ, ਵਰਤਣ ਨੂੰ ਮਿਲ ਜਾਵੇ ਤਾਂ ਫਿਰ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਜਾਂਦੇ ਹਨ। ਅਸੀਂ ਹੇਰਵਿਆਂ ਵਿੱਚ ਗ੍ਰਸਤ ਹੋ ਜਾਂਦੇ ਹਾਂ। ਇਹ ਸ਼ੰਕੇ, ਹੇਰਵੇ ਆਪਣੇ ਆਪ ’ਤੇ ਵੀ ਹੋ ਸਕਦੇ ਹਨ, ਹੋਰਨਾਂ ’ਤੇ ਵੀ ਅਤੇ ਵਿਕਾਸ ਦੇ ਭਰਮ-ਭਲੇਖੇ ਵੀ ਬਣ ਸਕਦੇ ਹਨ। ਇਨ੍ਹਾਂ ਸ਼ੰਕਿਆਂ ਦੀ ਨਵਿਰਤੀ ਕਰਨ ਦੀ ਥਾਂ ਅਸੀਂ ਇਨ੍ਹਾਂ ਨੂੰ ਠੀਕ ਸ਼ੰਕੇ ਹੀ ਮੰਨਦੇ ਹਾਂ, ਝੂਰਦੇ ਹਾਂ। ਬਹੁਤ ਘੱਟ ਮਨੁੱਖ ਇਸ ਤਰ੍ਹਾਂ ਦੇ ਮਿਲਣਗੇ ਜਿਹੜੇ ‘ਆਪਨੜੇ ਗਿਰੀਵਾਨ’ ਵੱਲ ਵੇਖਦੇ ਹੋਏ ਅਸਲੀਅਤ ਵਿੱਚ ਜਾਣਗੇ। ਅਸੀਂ ਆਪਣੇ ਆਪ ਨੂੰ ਠੀਕ ਮੰਨਣ ਜਾਂ ਫਿਰ ਅਖਵਾਉਣ ਲਈ ਇਸ ਤਰ੍ਹਾਂ ਦੀਆਂ ਤਬਦੀਲੀਆਂ ਵਿੱਚ ਨੁਕਸ ਕੱਢਣ ਲਈ ਵਿਰਲਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਉਵੇਂ ਹੀ, ਜਿਵੇਂ ਮਨੁੱਖੀ ਸੁਭਾਅ ਵਿੱਚ ਇਹ ਤੱਥ ਪਏ ਹਨ ਕਿ ਮਨੁੱਖ ਆਪਣੇ ਆਪ ਨੂੰ ਠੀਕ ਦਰਸਾਉਣ ਲਈ ਚੰਗੇ ਜਾਂ ਫਿਰ ਮਾੜੇ ਵਿੱਚ ਵੱਧ ਤੋਂ ਵੱਧ ਗੁਣ, ਨੁਕਸ ਦਰਸਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦਾ ਹੈ। ਮਨੁੱਖ ਨੂੰ ਆਪਣਾ ਆਪ ਅਤੇ ਆਪਣਾ ਸਮਾਂ ਦਰੁਸਤ ਕਹਿੰਦਿਆਂ ਆਪਾਂ ਅੱਜ ਵੀ ਆਮ ਹੀ ਸੁਣ ਵੇਖ ਸਕਦੇ ਹਾਂ। ਬਹੁਤ ਸਾਰੇ ਵਿਅਕਤੀ ਤਾਂ ਵਰਤਮਾਨ ਨਾਲ ਇਕਸੁਰ ਹੋਣ ਦੀ ਥਾਂ ਬੜਾ ਕੁਝ ਉਲਟ-ਪੁਲਟ ਸਿਰਜ ਲੈਂਦੇ ਹਨ। ਇਸੇ ਤਰ੍ਹਾਂ ਦੀ ਇੱਕ ਗੱਲ ਯਾਦ ਆ ਗਈ ਹੈ।
ਗੱਲ ਅੱਜ ਤੋਂ ਅੱਧੀ ਸਦੀ ਪਹਿਲਾਂ ਦੀ ਹੈ। ਉਦੋਂ ਮੈਂ ਸੱਤਵੀਂ ਜਾਂ ਫਿਰ ਅੱਠਵੀਂ ਜਮਾਤ ਵਿੱਚ ਪੜ੍ਹਦਾ ਹੋਵਾਂਗਾ। ਪਿੰਡ ਵਿੱਚ ਅਜੇ ਬਿਜਲੀ ਨਹੀਂ ਆਈ ਸੀ ਅਤੇ ਬਿਜਲੀ ਨਾਲ ਚੱਲਣ ਵਾਲੇ ਜੰਤਰ ਵੀ ਨਹੀਂ ਵੇਖੇ ਸਨ। ਪਰ ਉਦੋਂ ਹੀ ਕੁਝ ਘਰਾਂ ਵਿੱਚ ਰੇਡੀਓ ਆ ਗਿਆ ਸੀ। ਜਿਨ੍ਹਾਂ ਮੁੰਡਿਆਂ-ਖੁੰਡਿਆਂ ਨੇ ਰੇਡੀਓ ਲਿਆਂਦੇ ਸਨ, ਉਹ ਆਨ੍ਹੀ-ਬਹਾਨ੍ਹੀ ਇਸਦਾ ਵਿਖਾਵਾ ਕਰਨ ਦੀ ਵੀ ਕੋਸ਼ਿਸ਼ ਕਰਦੇ ਸਨ। ਘਰਾਂ ਦੀਆਂ ਕੰਧੋਲ਼ੀਆਂ’ ਤੇ ਜਾਂ ਫਿਰ ਕੋਠਿਆਂ ਉੱਤੇ ਚੜ੍ਹ ਕੇ ਉੱਚੀ ਆਵਾਜ਼ ਵਿੱਚ ਰੇਡੀਓ ਉਹ ਅਕਸਰ ਹੀ ਸੁਣਿਆ ਕਰਦੇ ਸਨ। ਜਿਵੇਂ ਅੱਜ ਟੈਲੀਵਿਜ਼ਨ ਵੇਖਦੇ ਹੋਏ ਜਾਂ ਫਿਰ ਮੋਬਾਇਲ ਫ਼ੋਨ ’ਤੇ ਗੱਲਬਾਤ ਕਰਦੇ ਜਾਂ ਫਿਰ ਵਟਸਐਪ, ਫੇਸਬੁੱਕ, ਇੰਸਟਾਗਰਾਮ ’ਤੇ ਚੈਟਿੰਗ ਕਰਦੇ ਸਮੇਂ ਇਹ ਜੰਤਰ ਵੇਖਣ ਵਾਲੇ ਵਾਸਤੇ ਸਮਾਂ ਅਤੇ ਬਹੁਤ ਹੀ ਜ਼ਰੂਰੀ ਕੰਮ ਕਿਧਰੇ ਗੁਆਚ ਜਾਂਦਾ ਹੈ, ਇਸਦੇ ਵਿਪਰੀਤ ਰੇਡੀਓ ਦੀ ਇਹ ਸਿਫ਼ਤ ਸੀ (ਹੈ ਵੀ) ਕਿ ਇਹ ਸੁਣਦੇ ਸਮੇਂ ਕੰਮ ਛੁੱਟਦਾ ਨਹੀਂ ਹੈ ਅਤੇ ਇਹ ਸੁਣਿਆ ਵੀ ਜਾਂਦਾ ਹੈ। ਇਸਦੇ ਸੁਣਨ ਵਿੱਚ ਮਨੋਰੰਜਨ ਵੀ ਹੁੰਦਾ ਸੀ/ਹੈ, ਗਿਆਨ ਵੀ ਹਾਸਲ ਹੁੰਦਾ ਸੀ/ਹੈ ਅਤੇ ਸਾਡੇ ਕੰਮ ’ਤੇ ਵੀ ਕੋਈ ਗਿਣਤੀਯੋਗ, ਗੁਣਾਤਮਿਕ ਅਸਰ ਨਹੀਂ ਹੁੰਦਾ ਸੀ। ਸਾਡੀ ਪੀੜ੍ਹੀ ਵਾਸਤੇ ਇਹ ਚੰਗਾ ਹੋਣ ਕਰਕੇ ਅਸੀਂ ਅਜਿਹੇ ਜੰਤਰਾਂ, ਕੰਮਾਂ ਦੀ ਅੱਜ ਵੀ ਸਿਫ਼ਤ ਕਰਦੇ ਹਾਂ। ਜਦੋਂ ਕਿ ਵਰਤਮਾਨ ਦੀ ਅਸੀਂ ਨੁਕਤਾਚੀਨੀ ਕਰਦੇ ਥੱਕਦੇ ਹੀ ਨਹੀਂ।
ਮੇਰੀ ਸੇਵਾਮੁਕਤੀ ਤੋਂ ਪਹਿਲਾਂ ਸਕੂਲ ਵਿੱਚ ਕੰਮ ਕਰਦੇ ਹੋਏ ਦੀ ਆਪਣੇ ਅਧਿਆਪਕ ਸਾਥੀਆਂ ਨਾਲ ਮੇਰੀ ਅਣਬਣ ਹੋਈ ਰਹਿੰਦੀ ਸੀ। ਅਧਿਆਪਕਾਂ ਦੁਆਰਾ ਲੱਗੇ ਹੋਏ ਪੀਰੀਅਡ ਵਿੱਚ ਮੋਬਾਇਲ ਫ਼ੋਨ ਦੀ ਵਰਤੋਂ ਕਰਨੀ ਮੈਨੂੰ ਚੁਭਣ ਕਰਕੇ ਮੈਂ ਉਨ੍ਹਾਂ ਨੂੰ ਟੋਕਿਆ ਕਰਦਾ ਸਾਂ। (ਕਰੋਨਾ ਕਾਲ ਵਿੱਚ ਇਸੇ ਮੋਬਾਇਲ ਦੀ ਖੁੱਲ੍ਹ ਕੇ ਵਰਤੋਂ ਹੋਈ ਸੀ।) ਇਹ ਗੱਲ ਵੱਖਰੀ ਹੈ ਕਿ ਅੱਜ ਯੂਨੈਸਕੋ ਨੇ ਸਕੂਲੀ ਵਿਦਿਆਰਥੀਆਂ ਦੇ ਮੋਬਾਇਲ ਫ਼ੋਨ ਦੀ ਵਰਤੋਂ ਉੱਤੇ ਪਾਬੰਦੀ ਦੀ ਗੱਲ ਕੀਤੀ ਹੈ।
ਜਿਹੜੇ ਰੇਡੀਓ ਦੇ ਸੁਣਨ ਦੀ ਗੱਲ ਚੱਲਦੀ ਸੀ, ਉਸ ਰੇਡੀਓ ਤੇ ਦੋ ਤਿੰਨ ਸਟੇਸ਼ਨ ਸਾਨੂੰ ਸੁਣਨ ਨੂੰ ਮਿਲਿਆ ਕਰਦੇ ਸਨ। ਸਭ ਤੋਂ ਵੱਧ ਲਹੌਰ ਸਟੇਸ਼ਨ ਚੱਲਦਾ ਸੀ ਅਤੇ ਇਸ ’ਤੇ ਵੱਜਣ ਵਾਲੇ ਗੀਤ ਵੀ ਬਹੁਤ ਜ਼ਿਆਦਾ ਸੁਣੀਂਦੇ ਸਨ। ਇਸ ਸਟੇਸ਼ਨ ’ਤੇ ਉਦੋਂ ‘ਪੱਕੀ ਪਕਾਈ ਤਾਜ਼ਾ ਰੋਟੀ’ ਦੀ ਮਸ਼ਹੂਰੀ ਆਇਆ ਕਰਦੀ ਸੀ, ਜਿਸ ਵਿੱਚ ਇਸਦੇ ਮਿਲਣ ਦੇ ਸਥਾਨ ਬਾਰੇ ਵੀ ਜ਼ਿਕਰ ਹੋਇਆ ਕਰਦਾ ਸੀ। ‘ਭਲਾ ਕਿਸੇ ਇੱਕ ਥਾਂ ਤੋਂ ਚੱਲ ਕੇ ਦੂਸਰੇ ਥਾਂ ’ਤੇ ਆਉਣ ਵਾਲੀ ਪੱਕੀ ਪਕਾਈ ਰੋਟੀ ਤਾਜ਼ਾ ਕਿਵੇਂ ਮਿਲ ਸਕਦੀ ਹੈ?’ ਇਹ ਮੇਰੇ ਮਨ ਵਿਚਲਾ ਹੈਰਾਨ ਕਰਨ ਵਾਲਾ ਸਵਾਲ ਅਜੇ ਤਕ ਵੀ ਬਰਕਰਾਰ ਹੈ। ਇਸੇ ਕਰਕੇ ਤਾਂ ਘਰ ਵਿੱਚ ਆਪਣੇ ਹੀ ‘ਜੁਆਕਾਂ’ ਨਾਲ ਮੈਂ ਇੱਕ-ਸੁਰ ਨਹੀਂ ਹੋ ਸਕਿਆ ਹਾਂ।
ਵਰਤਮਾਨ ਸਮੇਂ ਦੇ ਚੱਲਣ ਵਾਂਗ ਮੇਰੇ ਘਰ ਵਿੱਚ ਬੜਾ ਕੁਝ ਨਵਾਂ ਹੁੰਦਾ ਹੈ ਜਿਸਦੀ ਨੁਕਤਾਚੀਨੀ ਕਰਦਾ ਹੋਇਆ ਮੈਂ ਉਸੇ ਤਰ੍ਹਾਂ ਕਰਨ ਲਈ ਮਜਬੂਰ ਵੀ ਹੋਇਆ ਕਰਦਾ ਹਾਂ ਜਿਸ ਤਰ੍ਹਾਂ ਬੱਚੇ ਚਾਹੁੰਦੇ ਹਨ। ਅੱਜ ਬਾਹਰ ਲੰਚ ਕਰਾਂਗੇ, ਅੱਜ ਰਾਤ ਨੂੰ ਡਿਨਰ ’ਤੇ ਜਾਣਾ ਹੈ, ਇਤਿਆਦਿ ਅਕਸਰ ਹੀ ਘਰ ਵਿੱਚ ਸੁਣਦਿਆਂ ਮੈਂ ‘ਚੋਰੀ ਛਿਪੇ’ ਆਪਣੀ ਪਤਨੀ ਨਾਲ ਗੱਲ ਕਰਿਆ ਕਰਦਾ ਹਾਂ, “ਭਾਗਵਾਨੇ ਤੂੰ ਭਾਵੇਂ ਘਰੇ ਕਣਕ ਧੋ ਕੇ ਪੀਹਣ ਬਣਾ ਕੇ ਮੈਨੂੰ ਚੱਕੀ ’ਤੇ ਭੇਜ ਦਿੰਦੀ ਹੈਂ, ਸਾਗ ਸਬਜ਼ੀ ਆਪਾਂ ਘਰੇ ਬਣਾ ਲੈਂਦੇ ਹਾਂ ਪ੍ਰੰਤੂ ਇਹ ਗੱਲ ਮੈਂ ਯਕੀਨ ਨਾਲ ਆਖਦਾ ਹਾਂ ਕਿ ਇਹ ਸਾਰੇ ‘ਯੱਭ’ ਸਾਡੇ ਨਾਲ ਹੀ ਸਮਾਪਤ ਹੋ ਜਾਣਗੇ। ਸਾਡੇ ਇੱਕ ਜਣੇ ਦੇ ਤੁਰ ਜਾਣ ਤੋਂ ਬਾਅਦ ਦੂਸਰਾ ਤਾਂ ਆਪਣੇ ਅੱਖੀਂ ਵੇਖ ਲਵੇਗਾ। ਆਟਾ, ਚੱਕੀ ’ਤੇ ਪਿਸਵਾ ਕੇ ਲਿਆਉਣ ਦੀ ਥਾਂ ਥੈਲੀਆਂ ਵਿੱਚ ਆਇਆ ਕਰੇਗਾ।”
“ਨਹੀਂ, ਨਹੀਂ, ਇੱਥੇ ਵੀ ਤੁਸੀਂ ਬਹੁਤ ਪਿੱਛੇ ਹੋ। ਥੈਲੀਆਂ ਵਾਲੇ ਆਟੇ ਦੀ ਥਾਂ ਪੱਕੀ ਪਕਾਈ ਤਾਜ਼ਾ ਰੋਟੀ ਆਇਆ ਕਰੇਗੀ। ਅੱਬਲ ਤਾਂ ਰੋਟੀ ਦੀ ਥਾਂ ਪੀਜ਼ਾ, ਬਰਗਰ, ਪਾਸਤਾ, ਓਟਸ ਆਇਆ ਕਰਨਗੇ।” ਪਤਨੀ ਮੈਥੋਂ ਵੀ ਅਗੇਰੇ ਦੀ ਸੋਚ ਰਹੀ ਹੈ।
ਇਸੇ ਕਰਕੇ ਤਾਂ ਅੱਜ ਤੋਂ ਅੱਧੀ ਸਦੀ ਪਹਿਲਾਂ ਦੀ ਰੇਡੀਓ ’ਤੇ ਸੁਣੀ ਹੋਈ ਇਸ਼ਤਿਹਾਰ ਵਾਲੀ ‘ਪੱਕੀ ਪਕਾਈ ਤਾਜ਼ਾ ਰੋਟੀ’ ਵਾਲੀ ਗੱਲ ਪਿੱਛੇ ਹੁਣ ਮੈਨੂੰ ਵਿਸਮਕ ਚਿੰਨ੍ਹ ਲਾਉਣ ਦੀ ਜ਼ਰੂਰਤ ਨਹੀਂ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4643)
(ਸਰੋਕਾਰ ਨਾਲ ਸੰਪਰਕ ਲਈ: (