DavinderHionBanga 7ਆਸ ਕਰਦੇ ਹਾਂ ਕਿ ਇਹ ਨਵੀਂ ਸਰਕਾਰ ਆਪਣੀ ਉਮਰ ਲੰਬੀ ਕਰਨ ਲਈ ਆਪਣੇ ਪੁਰਾਣੇ ਹੰਕਾਰ ਨੂੰ ਮਾਰ ਕੇ ਲੋਕਾਂ ਦੀਆਂ ...
(9 ਜੂਨ 2024)
ਇਸ ਸਮੇਂ ਪਾਠਕ: 335.


2024 ਦੀਆਂ ਲੋਕ ਸਭਾ ਚੋਣਾਂ ਦਾ ਮਹਾਂ ਉਤਸਵ ਲਗਭਗ ਸਮਾਪਤੀ ਦੇ ਕੰਢੇ ’ਤੇ ਹੈ ਆਖਰੀ ਰਸਮਾਂ ਚੱਲ ਰਹੀਆਂ ਹਨ
ਇਸ ਉਤਸਵ ਦੌਰਾਨ ਭਾਰਤ ਦੇ ਲੋਕਾਂ ਦੇ ਸਨਮੁੱਖ ਸਿਆਸੀ ਆਗੂਆਂ ਖਾਸ ਕਰਕੇ ਸੱਤਾਧਾਰੀ ਆਗੂਆਂ ਦੇ ਅਨੇਕਾਂ ਰੰਗ-ਰੂਪ ਦੇਖਣ ਨੂੰ ਮਿਲੇ ਹਨ। ਵਿਸ਼ੇਸ਼ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੂੰਆਂਧਾਰ ਭਾਸ਼ਣਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਉਨ੍ਹਾਂ ਇਸ ਸ਼ਾਨਾਮੱਤੇ ਅਹੁਦੇ ਨੂੰ ਦਾਗਦਾਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਮੀਟ-ਮੱਛੀ ਤੋਂ ਲੈ ਕੇ ਮੰਦਰ-ਮਸਜਿਦ, ਹਿੰਦੂ-ਮੁਸਲਿਮ, ਮੰਗਲਸੂਤਰ, ਮੱਝਾਂ, ਟੂਟੀਆਂ, ਬਾਬਰੀ ਤਾਲਾ, ਪੰਜ ਕਿਲੋ ਰਾਸ਼ਨ, ਪਾਪ-ਪੁੰਨ ਤੇ ਵਿਰੋਧੀਆਂ ਦੀਆਂ ਸੱਤ ਪੀੜ੍ਹੀਆਂ ਦੇ ਭੇਦ ਖੋਲ੍ਹਣ ਦੀਆਂ ਧਮਕੀਆਂ ਤਕ ਪਹੁੰਚ ਗਏ, ਜਿਸ ਨੂੰ ਚੋਣ ਕਮਿਸ਼ਨ ਨੇ ਵੀ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਕੇ ਆਪਣੇ ਆਕਾ ਦਾ ਸਾਥ ਨਿਭਾਇਆਪ੍ਰਧਾਨ ਮੰਤਰੀ ਨੇ ਆਪਣੇ ਮੂੰਹ ਮੀਆਂ ਮਿੱਠੂ ਬਣਦਿਆਂ ਮੋਦੀ ਦੀ ਗਰੰਟੀ, ਮੋਦੀ ਸਰਕਾਰ ਦਾ ਰਾਗ ਤਾਂ ਬਹੁਤ ਅਲਾਪਿਆ ਪਰ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਗਰੀਬੀ, ਬੇਇਨਸਾਫੀ, ਅਗਨੀਵੀਰ ਯੋਜਨਾ ਆਦਿ ਲੋਕਾਂ ਦੇ ਭਖਦੇ ਮਸਲਿਆਂ ਬਾਰੇ ਇੱਕ ਲਫ਼ਜ਼ ਵੀ ਨਹੀਂ ਬੋਲਿਆ ਸਗੋਂ ਉਲਟਾ ਭਾਜਪਾ ਦੇ ਕਾਫੀ ਆਗੂਆਂ ਨੇ ‘ਚਾਰ ਸੌ ਪਾਰ’ ਦਾ ਨਾਅਰਾ ਲਾਉਂਦਿਆਂ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀਆਂ ਗੈਰ-ਕਾਨੂੰਨੀ ਗੱਲਾਂ ਬੜੀ ਬੇਸ਼ਰਮੀ ਨਾਲ ਕੀਤੀਆਂ

ਇਨ੍ਹਾਂ ਜ਼ਹਿਰੀਲੇ ਭਾਸ਼ਣਾਂ ਦਾ ਭਾਰਤ ਦੇ ਬਹਾਦਰ ਲੋਕਾਂ ਨੇ ਮੂੰਹ ਤੋੜ ਜਵਾਬ ਦਿੰਦਿਆਂ ਭਾਜਪਾ ਨੂੰ ਬਹੁਮਤ ਦੇ 272 ਤੋਂ ਕਾਫ਼ੀ ਹੇਠਾਂ 240 ਸੀਟਾਂ ’ਤੇ ਲਿਆ ਸੁੱਟਿਆ। ਫਿਰ ਵੀ ਭਾਜਪਾ ਆਪਣੇ ਸਰਮਾਏਦਾਰ ਮਿੱਤਰਾਂ ਦੇ ਸਹਾਰੇ ਅਤੇ ਕੁਝ ਐੱਨ ਡੀ ਏ ਸਮਰਥਕ ਪਾਰਟੀਆਂ ਖਾਸ ਤੌਰ ’ਤੇ ਨਿਤੀਸ਼ ਕੁਮਾਰ ਦੀ ਜੇ ਡੀ ਯੂ ਅਤੇ ਚੰਦਰਬਾਬੂ ਨਾਇਡੂ ਦੀ ਟੀ ਡੀ ਪੀ ਨੂੰ ਨਾਲ ਰਲਾ ਕੇ ਨਰਿੰਦਰ ਮੋਦੀ ਨੇ ਕੁਝ ਸੁੱਖ ਦਾ ਸਾਹ ਲਿਆ ਹੈਜਿਸ ਮੋਦੀ ਨੂੰ ਦਸ ਸਾਲ ਭਾਜਪਾ ਜਾਂ ਮੋਦੀ ਸਰਕਾਰ ਤੋਂ ਸਿਵਾਏ ਕੋਈ ਹੋਰ ਸ਼ਬਦ ਸੁਣਨਾ ਵੀ ਗਵਾਰਾ ਨਹੀਂ ਸੀ, ਉਸ ਨੇ ਖੁਦ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਐੱਨ ਡੀ ਏ ਮੀਟਿੰਗ ਵਿੱਚ ਨੇਤਾ ਚੁਣੇ ਜਾਣ ਮੌਕੇ ਦਿੱਤੇ ਲੰਬੇ ਭਾਸ਼ਣ ਦੌਰਾਨ ਇੱਕ ਵਾਰ ਵੀ ਭਾਜਪਾ ਜਾਂ ਮੋਦੀ ਸਰਕਾਰ ਕਹਿਣ ਦੀ ਗਲਤੀ ਨਹੀਂ ਕੀਤੀ ਸਗੋਂ ਵਾਰ-ਵਾਰ ਐੱਨ ਡੀ ਏ ਸਰਕਾਰ ਦਾ ਨਾਮ ਜਪਿਆ

ਇਹ ਅਨੋਖਾ ਵਰਤਾਰਾ ਵੀ ਪਹਿਲੀ ਵਾਰ ਵੇਖਿਆ ਗਿਆ ਕਿ ਆਪਣੀ ਪਾਰਟੀ ਦੇ ਚੁਣੇ ਗਏ ਸੰਸਦ ਮੈਂਬਰਾਂ ਨੂੰ ਕਿਨਾਰੇ ਕਰਕੇ ਸਿੱਧਾ ਗਠਜੋੜ ਬੁਲਾ ਕੇ ਨੇਤਾ ਦੀ ਚੋਣ ਕੀਤੀ ਗਈ ਜਦੋਂ ਕਿ ਹਮੇਸ਼ਾ ਹੀ ਪਹਿਲਾਂ ਆਪਣੀ ਪਾਰਟੀ ਦੇ ਚੁਣ ਕੇ ਆਏ ਨੁਮਾਇੰਦਿਆਂ ਦੀ ਮੀਟਿੰਗ ਬੁਲਾ ਕੇ ਸਹਿਮਤੀ ਲਈ ਜਾਂਦੀ ਹੈ ਪ੍ਰੰਤੂ ‘ਮੋਦੀ ਹੈ ਤੋਂ ਮੁਮਕਿਨ ਹੈ।” ਪਰ ਇੱਥੇ ਇਹ ਸਵਾਲ ਜ਼ਰੂਰ ਪੈਦਾ ਹੋ ਗਿਆ ਹੈ ਕਿ ਨਰਿੰਦਰ ਮੋਦੀ ਆਪਣੀ ਹੀ ਪਾਰਟੀ ਭਾਜਪਾ ਦੇ ਸੰਸਦ ਮੈਂਬਰਾਂ ਤੋਂ ਸਹਿਮਤੀ ਲੈਣ ਤੋਂ ਕਿਉਂ ਭੱਜ ਰਹੇ ਹਨ? ਕੀ ਹੁਣ ਆਪਣੇ ਹੱਥੀਂ ਚੁਣੇ ਨੁਮਾਇੰਦਿਆਂ ’ਤੇ ਵੀ ਵਿਸ਼ਵਾਸ ਨਹੀਂ ਰਿਹਾ? ਜਾਂ ਫਿਰ ਮੋਦੀ ਨੂੰ ਇਸ ਗੱਲ ਦਾ ਡਰ ਹੈ ਕਿ ਉਸ ਦੇ ਐੱਮ ਪੀ ਉਸ ਨੂੰ ਪਾਸੇ ਕਰਕੇ ਕਿਤੇ ਨੀਤਿਨ ਗਡਕਰੀ ਜਾਂ ਰਾਜਨਾਥ ਸਿੰਘ ਦਾ ਨਾਮ ਨਾ ਅੱਗੇ ਕਰ ਦੇਣਖੈਰ, ਜੋ ਹੋਣਾ ਸੀ ਹੋ ਗਿਆ ਪਰ ਹੁਣ ਅੱਗੋਂ ਇਹ ਦੇਖਣਾ ਬਾਕੀ ਹੈ ਕਿ ਅਜਿਹੇ ਬੇਵਿਸ਼ਵਾਸੀ ਅਤੇ ਡਰ ਦੇ ਮਾਹੌਲ ਵਿੱਚੋਂ ਜਨਮੀ ਸਰਕਾਰ ਕਿੰਨੀ ਕੁ ਮਜ਼ਬੂਤੀ ਨਾਲ ਅਤੇ ਕਿੰਨਾ ਕੁ ਸਮਾਂ ਕੱਢੇਗੀ। ਇਹ ਲਗਭਗ ਸਾਫ ਨਜ਼ਰ ਆ ਰਿਹਾ ਹੈ ਕਿ ਜਿੰਨਾ ਚਿਰ ਵੀ ਸਰਕਾਰ ਚੱਲੇ ਇਹ ਸਰਕਾਰ ਐੱਨ ਡੀ ਏ ਸਰਕਾਰ ਦੇ ਨਾਮ ਹੇਠ ਹੀ ਚੱਲ ਸਕੇਗੀ। ਜਦੋਂ ਵੀ ਇਹ ਪਹਿਲਾਂ ਵਾਲੇ ਅਥਾਹ ਬਹੁਮਤ ਦੇ ਹੰਕਾਰ ਵਿੱਚ ਚੂਰ ‘ਤਾਨਾਸ਼ਾਹ ਮੋਦੀ ਸਰਕਾਰ’ ਨਾਮ ਦੇ ਪਹਾੜ ’ਤੇ ਚੜ੍ਹਨ ਦੀ ਕੋਸ਼ਿਸ਼ ਕਰੇਗੀ ਤਾਂ ਧੜੱਮ ਹੇਠਾਂ ਡਿਗ ਕੇ ਚਕਨਾਚੂਰ ਹੋ ਜਾਵੇਗੀ

ਆਸ ਕਰਦੇ ਹਾਂ ਕਿ ਇਹ ਨਵੀਂ ਸਰਕਾਰ ਆਪਣੀ ਉਮਰ ਲੰਬੀ ਕਰਨ ਲਈ ਆਪਣੇ ਪੁਰਾਣੇ ਹੰਕਾਰ ਨੂੰ ਮਾਰ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਵਿਰੋਧੀਆਂ ਨੂੰ ਹਰ ਵਕਤ ਕੋਸਣ ਦੀ ਬਜਾਏ, ਉਨ੍ਹਾਂ ਨੂੰ ਨਾਲ ਲੈ ਕੇ ਸੱਚਮੁੱਚ ਹੀ ‘ਸਭ ਦਾ ਸਾਥ, ਸਭ ਦਾ ਵਿਕਾਸ ਤੇ ਸਭ ਦਾ ਵਿਸ਼ਵਾਸ’ ਦਾ ਆਪਣਾ ਨਾਅਰਾ ਸੱਚੇ ਮਨ ਨਾਲ ਲਾਗੂ ਕਰੇਗੀ ਜਾਂ ਫਿਰ ਉਸੇ ਪੁਰਾਣੀ ਆਦਤ ਮੁਤਾਬਕ ਦੋ-ਚਾਰ ਧਨਕੁਬੇਰਾਂ ਨੂੰ ਖੁਸ਼ ਕਰਨ ਲਈ ਕਰੋੜਾਂ ਲੋਕਾਂ ਨੂੰ ਬਰਬਾਦੀ ਦੀ ਭੱਠੀ ਵਿੱਚ ਝੋਕਣ ਵੱਲ ਵਧੇਗੀ? ਅਗਰ ਪਹਿਲਾਂ ਵਾਂਗ ਜਬਰ ਜ਼ੁਲਮ ਦਾ ਆਲਮ ਜਾਰੀ ਰਿਹਾ ਤਾਂ ਦੇਸ਼ ਦੀ ਜਨਤਾ ਇਸ ਵਾਰ ਮੁਆਫ ਨਹੀਂ ਕਰੇਗੀ, ਅਜਿਹਾ ਸਬਕ ਸਿਖਾਏਗੀ ਕਿ ਵਿਸ਼ਵ ਦੀ ਸਭ ਤੋਂ ਵੱਡੀ ਕਹਾਉਣ ਵਾਲੀ ਪਾਰਟੀ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ ਅਤੇ ਇਹ ਵੀ ਯਾਦ ਰਹੇ ਕਿ ਹੁਣ ਵਿਰੋਧੀ ਪਾਰਟੀਆਂ ਪਹਿਲਾਂ ਵਾਂਗ ਕਮਜ਼ੋਰ ਨਹੀਂ, ਉਨ੍ਹਾਂ ਨੂੰ ਵੀ ਲੋਕਾਂ ਨੇ ਦਿਲ ਖੋਲ੍ਹ ਕੇ ਭਰਪੂਰ ਸਮਰਥਨ ਦਿੱਤਾ ਹੈਸੋ ਆਸ ਕੀਤੀ ਜਾਂਦੀ ਹੈ ਕਿ ਸੱਤਾਧਾਰੀ ਧਿਰ ਵੱਲੋਂ ਇਨ੍ਹਾਂ ਚੋਣ ਨਤੀਜਿਆਂ ਤੋਂ ਕੋਈ ਸਬਕ ਸਿੱਖ ਕੇ ਅੱਗੋਂ ਕੁਝ ਸੁਧਾਰ ਕੀਤੇ ਜਾਣਗੇਬਾਕੀ ਸਾਹਬ ਦੀ ਮਰਜ਼ੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5039)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਦਵਿੰਦਰ ਹੀਉਂ ਬੰਗਾ

ਦਵਿੰਦਰ ਹੀਉਂ ਬੰਗਾ

Hion, Banga, Punjab, India.
WhatsApp (At Present: Italy - 39  320 345 9870)
Email: (davinderpaul33@gmail.com)

More articles from this author