“ਕਹਿਣ ਨੂੰ ਭਾਵੇਂ ਵਿਧਾਨ ਸਭਾ ਦੇ ਵਿਧਾਇਕਾਂ ਦੀ ਗਿਣਤੀ ਵਿੱਚ ਤੇਜਸਵੀ ਗਰੁੱਪ ਦੀ ਹਾਰ ਹੋਈ ਹੈ ਪਰ ਉਸ ਦੇ ਵਿਚਾਰਾਂ ...”
(16 ਫਰਵਰੀ 2024)
ਇਸ ਸਮੇਂ ਪਾਠਕ: 975.
ਬਿਹਾਰ ਵਿਧਾਨ ਸਭਾ ਵਿੱਚ ਇਤਿਹਾਸਕ ਭਾਸ਼ਣ
ਮਨੁੱਖ ਦਾ ਆਚਰਣ ਉਸਦੇ ਚਾਲ-ਚੱਲਣ, ਕਹਿਣੀ-ਕਰਨੀ ਅਤੇ ਆਦਤਾਂ ਤੋਂ ਹੀ ਪਛਾਣਿਆ ਜਾਂਦਾ ਹੈ, ਜਿਸਦੀ ਤਾਜ਼ਾ ਮਿਸਾਲ ਬਿਹਾਰ ਦੀ ਰਾਜਨੀਤੀ ਵਿੱਚ ਕੁਝ ਦਿਨਾਂ ਤੋਂ ਚੱਲ ਰਹੀ ਉਥਲ-ਪੁਥਲ ਨਾਲ ਸਭ ਦੇ ਸਾਹਮਣੇ ਆਈ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਿਸ ਤੇਜ਼ ਰਫਤਾਰ ਨਾਲ ਦੋ ਦਲਾਂ ਵਿਚਕਾਰ ਇੱਕ ਪੈਰ ਇੱਧਰ ਅਤੇ ਇੱਕ ਪੈਰ ਉੱਧਰ ਛੜੱਪੇ ਮਾਰ-ਮਾਰ ਕੇ ਨੌਂਵੀਂ ਵਾਰ ਸੌਂਹ ਚੁੱਕਣ ਦਾ ਇਤਿਹਾਸਕ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਨਿਤੀਸ਼ ਕੁਮਾਰ ਦੀਆਂ ਇਨ੍ਹਾਂ ਟਪੂਸੀਆਂ ਕਾਰਨ ਲੋਕਾਂ ਵੱਲੋਂ ਉਸ ਨੂੰ ‘ਪਲਟੂ ਰਾਮ’, ‘ਆਇਆ ਰਾਮ - ਗਿਆ ਰਾਮ’, ‘ਗਿਰਗਿਟ’, ‘ਕੁਰਸੀ ਕੁਮਾਰ’ ਆਦਿ ਖਿਤਾਬਾਂ ਨਾਲ ਨਿਵਾਜਿਆ ਜਾ ਰਿਹਾ ਹੈ। ਪਿਛਲੇ ਸਾਲ ਜਦੋਂ ਨਿਤੀਸ਼ ਕੁਮਾਰ ਭਾਜਪਾ ਖੇਮੇ ਨੂੰ ਤਿਆਗ ਕੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਘਰ ਆ ਕੇ ਬੀਤੀਆਂ ਗਲਤੀਆਂ ਦੀ ਮੁਆਫੀ ਮੰਗਣ ਉਪਰੰਤ ਉਸ ਨੇ ਰਾਜਦ, ਕਾਂਗਰਸ ਅਤੇ ਕਮਿਊਨਿਸਟ ਪਾਰਟੀਆਂ ਦੇ ਸਾਂਝੇ ਮੋਰਚੇ ਨਾਲ ਮਿਲ ਕੇ ਸਰਕਾਰ ਬਣਾਈ ਅਤੇ ਫਿਰ ਭਾਜਪਾ ਦੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਬਣੇ ‘ਇੰਡੀਆ’ ਗਠਜੋੜ ਨੂੰ ਬਣਾਉਣ ਲਈ ਮੋਹਰੀ ਭੂਮਿਕਾ ਨਿਭਾਈ ਅਤੇ ਫਿਰ ਜਦੋਂ ਮੋਦੀ ਸਰਕਾਰ ਨੂੰ ਲਾਹੁਣ ਦਾ ਮੌਕਾ ‘ਲੋਕ ਸਭਾ’ ਚੋਣਾਂ ਸਿਰ ’ਤੇ ਆ ਗਈਆਂ ਤਾਂ ਅਚਾਨਕ ਹੀ ਫਿਰ ਪਲਟੀ ਮਾਰ ਕੇ ਭਾਜਪਾ ਨਾਲ ਮਿਲ ਕੇ ਨੌਂਵੀਂ ਵਾਰ ਮੁੱਖ ਮੰਤਰੀ ਦੀ ਸੌਂਹ ਚੁੱਕਦਾ ਨਜ਼ਰ ਆਇਆ। ਅਜਿਹਾ ਕਰਕੇ ਉਸਨੇ ਨਾ ਸਿਰਫ ਬਿਹਾਰ ਦੇ ਆਮ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਸਗੋਂ ਪੂਰੇ ਦੇਸ਼ ਪੱਧਰ ’ਤੇ ਭਾਰਤੀ ਲੋਕਤੰਤਰ ਅਤੇ ਸੰਵਿਧਾਨ ਨੂੰ ਖਤਮ ਕਰਨ ਲਈ ਬਜ਼ਿੱਦ ਭਾਜਪਾ ਨੂੰ ਹਰਾਉਣ ਲਈ ਬਣਾਏ ਗਏ ‘ਇੰਡੀਆ’ ਗਠਜੋੜ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਘਿਨਾਉਣਾ ਯਤਨ ਕੀਤਾ। ਪਰ ਨਿਤੀਸ਼-ਭਾਜਪਾ ਦੀ ਨਵੀਂ ਬਣੀ ਸਰਕਾਰ ਸਾਹਮਣੇ ਜਦੋਂ 12 ਫਰਵਰੀ ਨੂੰ ਵਿਧਾਨ ਸਭਾ ਵਿੱਚ ਵਿਸ਼ਵਾਸ ਮੱਤ ਹਾਸਲ ਕਰਨ ਲਈ ਅਹਿਮ ਸਮਾਂ ਆਇਆ ਤਾਂ ‘ਇੰਡੀਆ’ ਗਠਜੋੜ ਦੇ ਆਗੂ, ਜੋ ਨਿਤੀਸ਼ ਨਾਲ ਸਾਂਝੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਰਹੇ ਤੇਜਸਵੀ ਯਾਦਵ (ਬਿਹਾਰ ਦੇ ਨਿਧੜਕ ਆਗੂ ਲਾਲੂ ਪ੍ਰਸਾਦ ਦੇ ਪੁੱਤਰ) ਨੇ ਨਿਤੀਸ਼ ਕੁਮਾਰ ਦੀ ਭਾਜਪਾ ਗਠਜੋੜ ਸਰਕਾਰ ਦੇ ਖਿਲਾਫ ਅਜਿਹਾ 39 ਮਿੰਟ ਦਾ ਇਤਿਹਾਸਕ ਭਾਸ਼ਣ ਦਿੱਤਾ, ਜਿਸ ਨੇ ਇਸ ਨਵੀਂ ਸਰਕਾਰ ਨੂੰ ਪੂਰੇ ਦੇਸ਼ ਦੀ ਜਨਤਾ ਸਾਹਮਣੇ ਨੰਗਾ ਕਰਦਿਆਂ ਮੂੰਹ ਦਿਖਾਉਣ ਜੋਗੇ ਨਹੀਂ ਰਹਿਣ ਦਿੱਤਾ।
ਤੇਜਸਵੀ ਦੇ ਭਾਸ਼ਣ ਨੇ ਇਹ ਵੀ ਦਿਖਾ ਦਿੱਤਾ ਕਿ ਅਸਲ ਵਿੱਚ 56 ਇੰਚ ਦਾ ਸੀਨਾ ਕਿਸਦਾ ਹੈ। ਉਸ ਦਾ ਇਹ ਭਾਸ਼ਣ ਸੋਸ਼ਲ ਮੀਡੀਆ ’ਤੇ ਪੂਰੀ ਤਰ੍ਹਾਂ ਅੱਗ ਵਾਂਗ ਫੈਲ ਚੁੱਕਾ ਹੈ ਅਤੇ ਜੋ ਵੀ ਸੁਣਦਾ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਵਿਚਾਰਧਾਰਾ ਦਾ ਧਾਰਨੀ ਹੋਵੇ, ਹਰ ਕੋਈ ਇਸ ਦਲੇਰਾਨਾ ਭਾਸ਼ਣ ਦੀ ਪੁਰਜ਼ੋਰ ਸਿਫਤ ਕਰਨ ਲਈ ਮਜਬੂਰ ਹੋ ਰਿਹਾ ਹੈ। ਉਸ ਦਾ ਇਹ ਭਾਸ਼ਣ “ਇੰਡੀਆ ਗੱਠਜੋੜ” ਦੇ ਸਮਰਥਕਾਂ ਦਾ ਹੌਸਲਾ ਵੀ ਬੁਲੰਦ ਕਰਦਾ ਹੈ ਜਦੋਂ ਉਹ ਮੁੱਖ ਮੰਤਰੀ ਦੇ ਸਾਹਮਣੇ ਖੜ੍ਹੇ ਹੋ ਕੇ ਹਿੱਕ ਥਾਪੜ ਕੇ ਇਹ ਆਖਦਾ ਹੈ ਕਿ “ਨਿਤੀਸ਼ ਜੀ, ਜੋ ਝੰਡਾ ਆਪਨੇ ਉਠਾਇਆ ਥਾ ਦੇਸ਼ ਮੇਂ ਨਫਰਤ ਬੀਜਨੇ ਵਾਲੀ ਸਰਕਾਰ ਕੋ ਸੱਤਾ ਸੇ ਉਖਾੜਨਾ ਹੈ, ਵੋਹ ਝੰਡਾ ਅਬ ਆਪਕਾ ਭਾਤੀਜਾ ਤੇਜਸਵੀ ਉਠਾ ਕਰ ਮੋਦੀ ਕੋ ਬਿਹਾਰ ਮੇ ਰੋਕਨੇ ਕਾ ਕਾਮ ਕਰੇਗਾ। ਉਸ ਨੇ ਆਪਣੇ ਸਹਿਯੋਗੀ ਕਾਂਗਰਸ ਅਤੇ ਕਮਿਊਨਿਸਟ ਪਾਰਟੀਆਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਅਸੀਂ ਮਿਲ ਕੇ, ਲੋਕਾਂ ਨੂੰ ਨਾਲ ਲੈ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਵਾਸਤੇ ਲੜਾਈ ਦੇ ਮੈਦਾਨ ਵਿੱਚ ਜਾਵਾਂਗੇ ਅਤੇ ਇੰਡਿਆ ਨੂੰ ਮਜ਼ਬੂਤ ਕਰਦੇ ਹੋਏ ਫਿਰਕਾਪ੍ਰਸਤ ਅਤੇ ਸਰਮਾਏਦਾਰ ਪੱਖੀ ਤਾਨਾਸ਼ਾਹੀ ਸਰਕਾਰ ਨੂੰ ਹਰਾ ਕੇ ਲੋਕ ਪੱਖੀ ਸਰਕਾਰ ਲਿਆਉਣ ਲਈ ਪੂਰੀ ਵਾਹ ਲਾ ਦੇਵਾਂਗੇ।
ਕਹਿਣ ਨੂੰ ਭਾਵੇਂ ਵਿਧਾਨ ਸਭਾ ਦੇ ਵਿਧਾਇਕਾਂ ਦੀ ਗਿਣਤੀ ਵਿੱਚ ਤੇਜਸਵੀ ਗਰੁੱਪ ਦੀ ਹਾਰ ਹੋਈ ਹੈ ਪਰ ਉਸ ਦੇ ਵਿਚਾਰਾਂ ਨੇ ਭਾਰਤ ਦੇ ਕਰੋੜਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ। ਉਸਦੇ ਇਸ ਭਾਸ਼ਣ ਦੌਰਾਨ ਉਠਾਏ ਗਏ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਜਾਂ ਉਸਦੇ ਭਾਜਪਾ ਗਠਜੋੜ ਦਾ ਕੋਈ ਆਗੂ ਵੀ ਨਹੀਂ ਦੇ ਸਕਿਆ। ਜਿਹੜੇ ਲੋਕ ਪਹਿਲਾਂ ਇਹ ਕਹਿੰਦੇ ਨਹੀਂ ਥੱਕਦੇ ਸਨ ਕਿ ਮੋਦੀ ਦੇ ਮੁਕਾਬਲੇ ਕੋਈ ਨਹੀਂ ਹੈ, ਉਹੀ ਲੋਕ ਹੁਣ ਇਹ ਕਹਿਣ ਲਈ ਮਜਬੂਰ ਹੋ ਰਹੇ ਹਨ ਕਿ “ਇੰਡੀਆ ਗਠਜੋੜ ਕੋਲ ਤਾਂ ਬਹੁਤ ਹੀ ਬਹਾਦਰ ਆਗੂਆਂ ਦੀ ਭਰਮਾਰ ਹੈ ਜੋ ਇੱਕ ਦੂਜੇ ਤੋਂ ਵਧਕੇ ਹਨ, ਚਾਹੇ ਰਾਹੁਲ ਗਾਂਧੀ, ਖੜਗੇ, ਪ੍ਰਿਆਕਾ ਗਾਂਧੀ, ਕੇਰਲਾ ਦੇ ਮੁੱਖ ਮੰਤਰੀ ਕਾਮਰੇਡ ਪੀ ਵਿਯਐਨ, ਤਾਮਿਲਨਾਡੂ ਦੇ ਸਟਾਲਿਨ, ਝਾਰਖੰਡ ਦੇ ਹੇਮੰਤ ਸੁਰੇਨ, ਅਖਲੇਸ਼ ਯਾਦਵ, ਤੇਜਸਵੀ ਯਾਦਵ, ਉਦੈ ਠਾਕਰੇ, ਕਾਮਰੇਡ ਸੀਤਾ ਰਾਮ ਯੇਚੁਰੀ, ਕੇਜਰੀਵਾਲ, ਮਮਤਾ, ਪੁਪੇਸ਼ ਬਘੇਲ, ਡੀ ਰਾਜਾ, ਸਚਿਨ ਪਾਇਲਟ, ਸ਼ਰਦ ਪਵਾਰ, ਡੀ ਕੇ ਸ਼ਿਵ ਕੁਮਾਰ ਆਦਿ ਹੋਰ ਵੀ ਬਹੁਤ ਸਾਰੇ ਕਾਬਲ ਆਗੂਆਂ ਦੀ ਲੰਬੀ ਲਾਈਨ ਹੈ, ਭਾਰਤ ਦੇ ਲੋਕਾਂ ਨੂੰ ਜਿਨ੍ਹਾਂ ’ਤੇ ਬਹੁਤ ਉਮੀਦਾਂ ਹਨ। ਆਸ ਕਰਦੇ ਹਾਂ ਕਿ ਇੰਡੀਆ ਗਠਜੋੜ ਆਪਣੀ ਏਕਤਾ ਨੂੰ ਮਜ਼ਬੂਤ ਕਰਦੇ ਹੋਏ ਦਲੇਰੀ ਨਾਲ ਭਾਜਪਾ ਦੀ ਤਾਨਾਸ਼ਾਹ ਸਰਕਾਰ ਦੇ ਹਰੇਕ ਜਬਰ ਜ਼ੁਲਮ ਦਾ ਟਾਕਰਾ ਕਰਦੇ ਹੋਏ ਸਫਲਤਾ ਹਾਸਲ ਕਰੇਗਾ। ਲੋਕਾਂ ਨੂੰ ਮਹਿੰਗਾਈ, ਬੇਕਾਰੀ, ਗਰੀਬੀ ਅਤੇ ਬੇਇਨਸਾਫੀ ਦੀ ਦਲਦਲ ਵਿੱਚੋਂ ਬਾਹਰ ਕੱਢਕੇ ਇੱਕ ਉਜਵਲ ਭਵਿੱਖ ਦੀ ਸਥਾਪਨਾ ਕਰੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4728)
(ਸਰੋਕਾਰ ਨਾਲ ਸੰਪਰਕ ਲਈ: (