“ਜਿੰਨਾ ਵੀ ਇੰਡੀਆ ਗੱਠਜੋੜ ਮਜ਼ਬੂਤ ਹੋਵੇਗਾ ਉੰਨਾ ਹੀ ਭਾਜਪਾ ਦਾ ਤੀਜੀ ਵਾਰ ਸੱਤਾ ਸੁਖ ਭੋਗਣ ਦਾ ਸੁਪਨਾ ...”
(6 ਜਨਵਰੀ 2024)
ਇਸ ਸਮੇਂ ਪਾਠਕ: 120.
ਆਰ ਐੱਸ ਐੱਸ ਦੇ ਥਾਪੜੇ ਨਾਲ ਭਾਰਤ ਦੀ ਸੱਤਾ ’ਤੇ ਵਿਰਾਜਮਾਨ ਨਰਿੰਦਰ ਮੋਦੀ ਦੀ ਛਤਰਛਾਇਆ ਹੇਠ ਚੱਲ ਰਹੀ ਭਾਜਪਾ ਸਰਕਾਰ ਆਪਣੀਆਂ ਕੱਟੜ ਸਰਮਾਏਦਾਰ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਵਿਵਾਦਾਂ ਵਿੱਚ ਘਿਰੀ ਰਹਿਣ ਦੇ ਬਾਵਜੂਦ ਚਤੁਰ-ਚਲਾਕੀਆਂ ਨਾਲ ਖੁਦ ਨੂੰ ਦੋਸ਼-ਮੁਕਤ ਸਾਬਤ ਕਰਨ ਅਤੇ ਸਾਰਾ ਭਾਂਡਾ ਵਿਰੋਧੀ ਪਾਰਟੀਆਂ ਦੇ ਸਿਰ ਭੰਨਣ ਵਿੱਚ ਖਾਸ ਮੁਹਾਰਤ ਰੱਖਦੀ ਹੈ। ਬੀਤੇ ਸਾਢੇ ਨੌਂ ਸਾਲ ਦੇ ਰਾਜ ਦੌਰਾਨ ਝੂਠੇ ਲਾਰਿਆਂ (ਜੁਮਲਿਆਂ) ਤੋਂ ਇਲਾਵਾ ਮੋਦੀ ਸਰਕਾਰ ਨੇ ਆਮ ਲੋਕਾਂ ਦਾ ਜੀਵਨ ਸੁਖਾਲਾ ਬਣਾਉਣ ਲਈ ਇੱਕ ਡੱਕਾ ਤਕ ਨਹੀਂ ਤੋੜਿਆ, ਸਗੋਂ ਉਲਟਾ ਨੋਟਬੰਦੀ, ਤਿੰਨ ਕਾਲੇ ਕਿਸਾਨ ਵਿਰੋਧੀ ਕਾਨੂੰਨ, ਵਿਵਾਦਤ ਨਾਗਰਿਕਤਾ ਕਾਨੂੰਨ, ਟਰੱਕ ਡਰਾਈਵਰਾਂ ਵਿਰੁੱਧ ਕਾਨੂੰਨ, ਚੋਣ ਕਮਿਸ਼ਨ ਦੀ ਚੋਣ ਆਪਣੇ ਅਧੀਨ ਲੈ ਕੇ ਗੁਲਾਮ ਬਣਾਉਣ ਸੰਬੰਧੀ ਕਾਨੂੰਨ, ਸਰਕਾਰ ਖਿਲਾਫ ਬੋਲਣ ’ਤੇ ਦੇਸ਼ ਧ੍ਰੋਹ ਦਾ ਕਾਨੂੰਨ ਆਦਿ ਬਣਾ ਕੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਵੱਲੋਂ ਬਣਾਏ ਸਰਬ-ਉੱਚ ਤੇ ਸਤਿਕਾਰਤ ਸੰਵਿਧਾਨ ਨੂੰ ਦਿਨੋ-ਦਿਨ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਆਰ ਐੱਸ ਐੱਸ ਦੇ ਖਤਰਨਾਕ ਇਰਾਦੇ, ਮੁਲਕ ਨੂੰ ਹਿੰਦੂ-ਰਾਸ਼ਟਰ ਬਣਾ ਕੇ ਸੰਵਿਧਾਨ ਦੀ ਥਾਂ ਮੰਨੂ ਸਮਰਿਤੀ ਲਾਗੂ ਕਰਨ ਵੱਲ ਵਧਿਆ ਜਾ ਰਿਹਾ ਹੈ।
ਭਾਜਪਾ ਦੇ ਇਨ੍ਹਾਂ ਭਿਆਨਕ ਇਰਾਦਿਆਂ ਨੂੰ ਭਾਂਪਦੇ ਹੋਏ ਭਾਰਤ ਦੇਸ਼ ਨੂੰ ਘੋਰ ਬਰਬਾਦੀ ਤੋਂ ਬਚਾਉਣ ਲਈ ਅਨੇਕਾਂ ਵਖਰੇਵੇਂ ਹੋਣ ਦੇ ਬਾਵਜੂਦ ਵੀ ਵਿਰੋਧੀ ਪਾਰਟੀਆਂ ਨੇ ਇਕਮੁੱਠ ਹੋ ਕੇ ਭਾਜਪਾ ਦੀ ਜਾਬਰ ਸਰਕਾਰ ਨੂੰ ਜੜ੍ਹੋਂ ਪੁੱਟਣ ਲਈ ਇੰਡੀਅਨ ਨੈਸ਼ਨਲਜ਼ ਡਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਦੀ ਸਥਾਪਨਾ ਕੀਤੀ ਹੈ। ਭਾਵੇਂ ਕਿ ਸੱਤਾਧਾਰੀਆਂ ਦੇ ਹਰੇਕ ਵਾਰ (ਈਡੀ ਸੀਡੀ ਵਗੈਰਾ ਦੇ ਛਾਪੇ) ਦਾ ਟਾਕਰਾ ਕਰਦਿਆਂ ਹੋਇਆਂ ਇੱਕ ਮਜ਼ਬੂਤ ਗੱਠਜੋੜ ਬਣਾਉਣ ਵਿੱਚ ਕਾਫ਼ੀ ਸਫ਼ਲਤਾ ਹਾਸਲ ਕੀਤੀ ਹੈ ਪਰ ਅਜੇ ਵੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਬਾਕੀ ਹੈ ਜਿਸ ਵਾਸਤੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਣੀ ਧੀਮੀ ਰਫਤਾਰ ਨੂੰ ਕਈ ਗੁਣਾਂ ਤੇਜ਼ ਕਰਨਾ ਹੋਵੇਗਾ। ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਅਤੇ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਨੂੰ ਜੱਗ ਜ਼ਾਹਰ ਕਰਨ ਲਈ ਇੱਕ ਸਾਂਝਾ ਪ੍ਰੋਗਰਾਮ ਤਿਆਰ ਕਰਕੇ ਘਰ-ਘਰ ਤਕ ਪਹੁੰਚਾਉਣਾ ਪਵੇਗਾ ਕਿਉਂਕਿ ਇੰਡੀਆ ਗਠਜੋੜ ਦੀ ‘ਲੋਕ ਮੁੱਦਿਆਂ’ ਦੀ ਲੜਾਈ ਨੂੰ ਖੁੰਢਾ ਕਰਨ ਲਈ ਮੋਦੀ ਸਰਕਾਰ ਤੀਜੀ ਵਾਰ ਸੱਤਾ ਵਿੱਚ ਆਉਣ ਲਈ ਧਰਮ ਦਾ ਜਜ਼ਬਾਤੀ ਹਥਿਆਰ ਵਜੋਂ ਅਧੂਰੇ ਬਣੇ “ਅਯੁੱਧਿਆ ਵਿੱਚ ਰਾਮ ਮੰਦਰ” ਦਾ ਉਦਘਾਟਨ ਕਰਕੇ ਰਾਮ ਦੇ ਨਾਂ ’ਤੇ ਵੋਟਾਂ ਲੈ ਕੇ ਆਪਣੇ ਜਾਬਰੀ ਰਾਜ ਕਾਇਮ ਅਤੇ ਮਜ਼ਬੂਤ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ। ਇਸ 22 ਜਨਵਰੀ ਨੂੰ ਰਾਮ ਮੰਦਰ ਸਮਾਗਮ ਮੌਕੇ ਮੋਦੀ ਨੇ ਆਪਣੇ ਸਿਆਸੀ ਗੁਰੂ ਅਤੇ ਬਾਬਰੀ ਮਸਜਿਦ ਨੂੰ ਤੋੜ ਕੇ ਰਾਮ ਮੰਦਰ ਬਣਾਉਣ ਲਈ ਵੱਡੀ ਲੜਾਈ ਲੜਨ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਨਾ ਆਉਣ ਦਾ ਫਰਮਾਨ ਜਾਰੀ ਕਰ ਕੇ ਬਹੁਤ ਸਾਰੀਆਂ ਨਾਮੀ-ਗਰਾਮੀ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਹੈ। ਕਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਸੱਦਾ ਭੇਜਿਆ ਹੈ ਜਿਸ ਨੂੰ ਲੈ ਕੇ ਇੰਡੀਆ ਗਠਜੋੜ ਦੀਆਂ (ਕਾਂਗਰਸ ਸਮੇਤ) ਪਾਰਟੀਆਂ ਦੁਬਿਧਾ ਵਿੱਚ ਦਿਖਾਈ ਦੇ ਰਹੀਆਂ ਹਨ ਪਰ ਇਸ ਸਮੇਂ ਸੀ ਪੀ ਆਈ (ਐੱਮ) ਵੱਲੋਂ ਕਾਮਰੇਡ ਸੀਤਾ ਰਾਮ ਯੇਚੁਰੀ ਤੇ ਬਰਿੰਦਾ ਕਾਰਤ ਨੇ ਸਾਫ ਨਾਂਹ ਕਰਦਿਆਂ ਕਿਹਾ ਹੈ ਕਿ ਇਹ ਇੱਕ ਨਿਰੋਲ ਧਾਰਮਿਕ ਸਮਾਗਮ ਹੋਣਾ ਚਾਹੀਦਾ ਹੈ, ਇਸ ਵਿੱਚ ਸਿਆਸੀ ਲਾਭ ਲੈਣ ਵਾਸਤੇ ਜੋ ਅਡੰਬਰ ਰਚਿਆ ਜਾ ਰਿਹਾ ਹੈ ਉਸਦਾ ਵਿਰੋਧ ਕਰਦੇ ਹਾਂ। ਸੋ ਬਾਕੀ ਪਾਰਟੀਆਂ ਨੂੰ ਵੀ ਹਿੱਕ ਠੋਕ ਕੇ ਦੋ ਟੁੱਕ ਜਵਾਬ ਦੇਣਾ ਚਾਹੀਦਾ ਹੈ। ਅਸੀਂ ਅਯੁੱਧਿਆ ਵਿੱਚ ਮੋਦੀ ਦੀ ਜੈ ਜੈ ਕਾਰ ਕਰਨ ਲਈ ਪਾਪ ਦੇ ਭਾਗੀਦਾਰ ਨਹੀਂ ਬਣਾਂਗੇ। ਮੰਦਰ ਪੂਰਾ ਤਿਆਰ ਹੋਣ ਉਪਰੰਤ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕਰਨ ਜਾਵਾਂਗੇ।
ਇਸ ਸਮੇਂ ਇੰਡੀਆ ਗੱਠਜੋੜ ਦੇ ਸਮੂਹ ਆਗੂਆਂ ਨੂੰ ਜਲਦੀ-ਜਲਦੀ ਸੀਟਾਂ ਦੀ ਵੰਡ ਦਾ ਕੰਮ ਨਿਬੇੜ ਕੇ ਲੋਕਾਂ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਜਿੱਥੇ ਰਾਹੁਲ ਗਾਂਧੀ ਦੀ ਅਗਵਾਈ ਹੇਠ 14 ਜਨਵਰੀ ਨੂੰ ਮਨੀਪੁਰ ਤੋਂ ਸ਼ੁਰੂ ਹੋਣ ਵਾਲੀ ਮੁੰਬਈ ਤਕ 15 ਪ੍ਰਾਂਤਾਂ ਦੀ “ਭਾਰਤ ਜੋੜੇ ਇਨਸਾਫ ਯਾਤਰਾ” ਨੂੰ ਸਫਲ ਬਣਾਉਣ ਅਤੇ ਸਾਰੇ ਦੇਸ਼ ਵਿੱਚ ਸਾਂਝੀਆਂ ਮੀਟਿੰਗਾਂ, ਕਨਵੈਨਸ਼ਨਾਂ, ਸੈਮੀਨਾਰ ਅਤੇ ਰੈਲੀਆਂ ਦੀ ਹਨੇਰੀ ਲਿਆਉਣ ਦੀ ਬਹੁਤ ਅਹਿਮ ਲੋੜ ਹੈ ਤਾਂ ਜੋ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਨਾਇਨਸਾਫ਼ੀ ਅਤੇ ਜਬਰ-ਜ਼ੁਲਮ ਦੇ ਸਿਤਾਏ ਲੋਕ ਆਪਣੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਸੜਕਾਂ ’ਤੇ ਆਉਣ ਲਈ ਤਿਆਰ ਹੋ ਜਾਣ। ਇਸਦੇ ਚਲਦਿਆਂ ਹੋਇਆ ਨਾਲ-ਨਾਲ ਗਠਜੋੜ ਦੇ ਘੇਰੇ ਨੂੰ ਹੋਰ ਮਜ਼ਬੂਤ ਅਤੇ ਵਿਸ਼ਾਲ ਕਰਨ ਲਈ ਜਿਹੜੀਆਂ ਕੁਝ ਪਾਰਟੀਆਂ ਅਜੇ ਵੀ ਇਸ ਤੋਂ ਬਾਹਰ ਹਨ, ਉਨ੍ਹਾਂ ਨੂੰ ਇੰਡੀਆ ਦੀ ਮਾਲਾ ਵਿੱਚ ਪਰੋਣ ਲਈ ਸਿਰਤੋੜ ਯਤਨ ਵੀ ਖੁੱਲ੍ਹੇ ਦਿਲ ਨਾਲ ਜਾਰੀ ਰਹਿਣੇ ਚਾਹੀਦੇ ਹਨ। ਜਿੰਨਾ ਵੀ ਇੰਡੀਆ ਗੱਠਜੋੜ ਮਜ਼ਬੂਤ ਹੋਵੇਗਾ ਉੰਨਾ ਹੀ ਭਾਜਪਾ ਦਾ ਤੀਜੀ ਵਾਰ ਸੱਤਾ ਸੁਖ ਭੋਗਣ ਦਾ ਸੁਪਨਾ ਚਕਨਾਚੂਰ ਹੁੰਦਾ ਜਾਵੇਗਾ। ਆਸ ਕਰਦੇ ਕਿ ਦੇਸ਼ ਦੇ ਬਹਾਦਰ ਲੋਕ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਮੰਗਣ ਆਏ ਭਾਜਪਾ ਆਗੂਆਂ ਨੂੰ ਜ਼ਰੂਰ ਪੁੱਛਣਗੇ ਕਿ ਕਿੱਥੇ ਹਨ ਸਾਡੇ 15-15 ਲੱਖ ਰੁਪਏ, ਕਿਉਂ ਨਹੀਂ ਮਿਲੀਆਂ ਹਰ ਸਾਲ ਢਾਈ ਕਰੋੜ ਨੌਕਰੀਆਂ, ਹੁਣ ਕਿਉਂ ਹੈ ਮਹਿੰਗਾਈ ਦੀ ਮਾਰ, ਕਿੱਥੇ ਡੁੱਬ ਗਈ ਮੋਦੀ ਦੀ ਐੱਮ ਐੱਸ ਪੀ ਦੀ ਗਰੰਟੀ, ਮਨੀਪੁਰ ਵਿੱਚ ਔਰਤਾਂ ਨੂੰ ਸੜਕਾਂ ’ਤੇ ਨੰਗਾ ਘੁਮਾ ਕੇ ਇੱਜ਼ਤਾਂ ਮਿੱਟੀ ਵਿੱਚ ਰੋਲ ਕੇ ਕਹਿੰਦੇ ਹੋ ਬੇਟੀ ਪੜ੍ਹਾਓ ਬੇਟੀ ਬਚਾਓ, ਦੇਸ਼ ਅੰਦਰ ਨਸਲੀ ਦੰਗੇ ਕਰਵਾ ਕੇ ਲੋਕਾਂ ਦੀਆਂ ਲਾਸ਼ਾਂ ’ਤੇ ਖੜ੍ਹੇ ਹੋ ਕੇ ਕਹਿੰਦੇ ਹੋ ਸਭ ਦਾ ਸਾਥ ਸਭ ਦਾ ਵਿਕਾਸ। ਜਾਓ, ਨਹੀਂ ਚਾਹੀਦੀ ਝੂਠੀ, ਨਿਕੰਮੀ ਤੇ ਲੁਟੇਰਿਆਂ ਦੀ ਹਿੱਟਲਰਸ਼ਾਹੀ ਸਰਕਾਰ - ਇਸ ਵਾਰ “ਜੁੜੇਗਾ ਭਾਰਤ - ਜਿੱਤੇਗਾ ਇੰਡੀਆ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4603)
(ਸਰੋਕਾਰ ਨਾਲ ਸੰਪਰਕ ਲਈ: (