“ਸੱਤਾ ਦੀ ਹਰ ਹੀਲੇ ਪ੍ਰਾਪਤੀ ਲਈ ਭਾਜਪਾ ਵੱਲੋਂ ਅਪਾਰ ਧਨ-ਬਲ ਦਾ ਜ਼ੋਰ ਅਜ਼ਮਾਇਆ ਜਾ ਰਿਹਾ ਹੈ, ਫਿਰ ਵੀ ...”
(12 ਮਈ 2024)
ਇਸ ਸਮੇਂ ਪਾਠਕ: 110.
ਭਾਰਤੀ ਲੋਕਤੰਤਰ ਦੇ ਸਭ ਤੋਂ ਵੱਡੇ ਮਹਾਂ-ਉਤਸਵ ਭਾਵ 2024 ਦੀਆਂ ਲੋਕ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਦਿਆਂ ਰਾਜ ਕਰਦੀ ਪਾਰਟੀ (ਭਾਰਤੀ ਜਨਤਾ ਪਾਰਟੀ) ਨੇ ਆਪਣੇ ਵਰਕਰਾਂ ਵਿੱਚ ਜੋਸ਼ ਭਰਨ ਲਈ “ਅਬ ਕੀ ਬਾਰ ਚਾਰ ਸੌ ਪਾਰ” ਦਾ ਨਾਅਰਾ ਬੜੀ ਤੇਜ਼ੀ ਨਾਲ ਪ੍ਰਚਲਿਤ ਕੀਤਾ ਸੀ। ਉਂਝ ਵੀ ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਪ੍ਰਾਪਤੀ ਦੱਸਣ ਵਾਲੀ ਕੋਈ ਵੀ ਗੱਲ ਭਾਜਪਾ ਕੋਲ ਹੈ ਹੀ ਨਹੀਂ ਜਿਸਦੇ ਸਹਾਰੇ ਲੋਕਾਂ ਕੋਲ ਜਾ ਕੇ ਵੋਟਾਂ ਲਈ ਅਪੀਲ ਕਰ ਸਕੇ। 2014 ਵਿੱਚ ਕਾਂਗਰਸ ਵਿਰੋਧੀ ਲਹਿਰ ਅਤੇ ਵੱਡੇ-ਵੱਡੇ ਜੁਮਲਿਆਂ ਦੇ ਸਹਾਰੇ ਸੱਤਾ ’ਤੇ ਆਈ ਭਾਜਪਾ ਦੀ ਮੋਦੀ ਸਰਕਾਰ ਪੰਜ ਸਾਲ ਵਿੱਚ ਹਰ ਪੱਖ ਤੋਂ ਨਿਕੰਮੀ ਸਾਬਤ ਹੋਈ। 2019 ਵਿੱਚ ਚੋਣਾਂ ਦੇ ਐਨ ਮੌਕੇ ’ਤੇ ਹੋਏ ਦੁਖਦਾਈ ਪੁਲਵਾਮਾ ਹਮਲੇ ਦੌਰਾਨ ਮਾਰੇ ਗਏ 44 ਸ਼ਹੀਦ ਸੈਨਿਕਾਂ ਦੇ ਨਾਮ ਦਾ ਭਰਪੂਰ ਲਾਹਾ ਲੈਂਦਿਆਂ ਭਾਜਪਾ ਪੂਰਨ ਬਹੁਮਤ ਨਾਲ ਦੁਬਾਰਾ ਸਰਕਾਰ ਬਣਾਉਣ ਵਿੱਚ ਸਫਲ ਹੋ ਗਈ। ਪਰ ਇਸ ਵਾਰ 10 ਸਾਲ ਦੇ ਅੱਤ ਮਾੜੇ ਅਤੇ ਲੋਕ ਵਿਰੋਧੀ ਕਾਰਜਕਾਲ ਕਾਰਨ ਦੇਸ਼ ਦੇ ਬਹੁ-ਗਿਣਤੀ ਲੋਕਾਂ ਵਿਚਕਾਰ ਬੇਹੱਦ ਨਿਰਾਸ਼ਾ ਦਾ ਆਲਮ ਹੈ।
ਇਸ ਵਕਤ ਚੋਣ ਪ੍ਰਕਿਰਿਆ ਦੇ ਤਿੰਨ ਪੜਾਵਾਂ ਦੀਆਂ ਵੋਟਾਂ ਜੋ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਚੁੱਕੀਆਂ ਹਨ, ਦੌਰਾਨ ਤਕਰੀਬਨ ਅੱਧੀਆਂ ਸੀਟਾਂ ਦੀ ਸਮਾਪਤੀ ਉਪਰੰਤ ਜੋ ਰੁਝਾਨ ਦੇਖਣ ਨੂੰ ਮਿਲਿਆ ਹੈ, ਉਸ ਨੇ ਸੱਤਾਧਾਰੀ ਭਾਜਪਾ ਦੇ ਹੋਸ਼ ਉਡਾ ਦਿੱਤੇ ਹਨ ਅਤੇ ਵਿਰੋਧੀ ਧਿਰ “ਇੰਡੀਆ ਗੱਠਜੋੜ” ਦੇ ਹੌਸਲੇ ਹੋਰ ਬੁਲੰਦ ਕਰਨ ਵਿੱਚ ਮਦਦ ਕੀਤੀ ਹੈ। ਜਿਵੇਂ-ਜਿਵੇਂ ਇਹ ਤਸਵੀਰ ਕੁਝ ਸਾਫ ਹੋ ਰਹੀ ਹੈ, ਤਿਵੇਂ-ਤਿਵੇਂ ਹੀ ਭਾਜਪਾ ਆਗੂਆਂ, ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣਾਂ ਦੌਰਾਨ ਲਫ਼ਜ਼ਾਂ ਦਾ ਮਿਆਰ ਹੇਠਾਂ ਡਿਗਦਾ ਜਾ ਰਿਹਾ ਹੈ। ਉਹ ਇਸ ਚੋਣ ਮੁਹਿੰਮ ਨੂੰ ਲੋਕ ਮੁੱਦਿਆਂ ਤੋਂ ਭਟਕਾ ਕੇ ਹਿੰਦੂ-ਮੁਸਲਿਮ ਫਿਰਕੂ ਰੰਗਤ ਦੇ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਬਾਰੇ ਝੂਠ ਤੁਫਾਨ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਕਦੇ ਆਖਦੇ ਹਨ ਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ਮੁਸਲਿਮ ਲੀਗ ਵਾਲਾ ਹੈ, ਕਦੇ ਜੇਕਰ ਕਾਂਗਰਸ ਦਾ ਰਾਜ ਆ ਗਿਆ ਤਾਂ ਘਰਾਂ ਦੇ ਗਹਿਣੇ ਗੱਟੇ ਤੇ ਔਰਤਾਂ ਦੇ ਮੰਗਲਸੂਤਰ ਚੁੱਕ ਕੇ ਮੁਸਲਮਾਨਾਂ ਨੂੰ ਦੇਣਗੇ, ਤੁਹਾਡੀਆਂ ਮੱਝਾਂ ਖੋਲ੍ਹਕੇ ਲੈ ਜਾਣਗੇ, ਸਾਇਕਲ ਚੁੱਕਕੇ ਲੈ ਜਾਣਗੇ ਆਦਿ ਕੀ ਕੀ ਕੂੜ ਕੁਸੱਤ ਬੋਲਿਆ ਜਾ ਰਿਹਾ ਹੈ ਜੋ ਕਿ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦਾ। ਅਜਿਹੇ ਮੌਕੇ ’ਤੇ ਚੋਣ ਕਮਿਸ਼ਨ ਭਾਜਪਾ ਦਾ ਨਿੱਜੀ ਨੌਕਰ ਬਣਿਆ ਨਜ਼ਰ ਆ ਰਿਹਾ ਹੈ, ਜੋ ਉਸ ਦੀਆਂ ਗੈਰ ਕਾਨੂੰਨੀ ਹਰਕਤਾਂ ਦਾ ਪੂਰਾ ਸਾਥ ਦੇ ਰਿਹਾ ਹੈ। ਇਸ ਵਾਰ ਭਾਜਪਾ ਵੱਲੋਂ ਹਰੇਕ ਤਰ੍ਹਾਂ ਦੇ ਹਥਕੰਡੇ ਵਰਤਣ ਦੇ ਬਾਵਜੂਦ ਵੀ ਲੋਕ ਉਸ ਦੇ ਛਲਾਵਿਆਂ ਦੇ ਘੇਰੇ ਵਿੱਚ ਨਹੀਂ ਆਉਂਦੇ ਦਿਖਾਈ ਦੇ ਰਹੇ ਹਨ।
ਇਸ ਵਾਰ ਭਾਜਪਾ ਨੂੰ ਜਿੱਥੇ ਅੱਤ ਦੀ ਮਹਿੰਗਾਈ, ਬੇਰੁਜ਼ਗਾਰੀ, ਅਗਨੀਵੀਰ, ਅਲੈਕਟੋਰਲ ਬਾਂਡ (ਚੋਣ ਚੰਦਾ), ਸਮਾਜਿਕ, ਆਰਥਿਕ ਅਤੇ ਰਾਜਨੀਤਕ ਇਨਸਾਫ, ਮਹਿਲਾ ਸੁਰੱਖਿਆ, ਪਬਲਿਕ ਅਦਾਰਿਆਂ ਦਾ ਨਿੱਜੀਕਰਨ ਆਦਿ ਭਖਦੇ ਮਸਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਸਮੁੱਚੀ ਪਾਰਟੀ ਨੂੰ ਪਿੱਛੇ ਕਰਕੇ ਸਿਰਫ਼ ਮੋਦੀ ਦਾ ਨਾਂ ਚਮਕਾਉਣ ਕਾਰਨ ਪਾਰਟੀ ਦੇ ਅੰਦਰੂਨੀ ਵਿਰੋਧ ਅਤੇ ਆਪਣੇ ਜਨਮਦਾਤਾ ਆਰ ਐੱਸ ਐੱਸ ਸੰਗਠਨ ਨੂੰ ਅੱਖੋਂ ਪਰੋਖੇ ਕਰਨਾ ਵੀ ਨਰਿੰਦਰ ਮੋਦੀ ਨੂੰ ਬਹੁਤ ਮਹਿੰਗਾ ਸਾਬਤ ਹੋ ਰਿਹਾ ਹੈ। ਇਸਦੇ ਨਾਲ ਹੀ ‘ਚਾਰ ਸੌ ਪਾਰ’ ਦੇ ਨਾਅਰੇ ਪਿੱਛੇ ਛੁਪੇ ਭਾਰਤ ਦੇ ਸੰਵਿਧਾਨ ਬਦਲਣ ਦੇ ਘਿਨਾਉਣੇ ਮਨਸੂਬਿਆਂ ਦਾ ਪੋਲ ਖੁੱਲ੍ਹ ਜਾਣ ਕਾਰਨ ਲੋਕਾਂ ਖਾਸ ਕਰਕੇ ਦਲਿਤ ਭਾਈਚਾਰੇ ਵਿਚਕਾਰ ਭਾਜਪਾ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ, ਜਿਸਦਾ ਨਤੀਜਾ ਵੋਟਾਂ ਦੌਰਾਨ ਨਜ਼ਰ ਆਉਣਾ ਲਾਜ਼ਮੀ ਹੈ। ਕਿਸਾਨਾਂ ਦੇ ਗੁੱਸੇ ਕਾਰਨ ਭਾਜਪਾ ਉਮੀਦਵਾਰਾਂ ਤੇ ਲੀਡਰਾਂ ਨੂੰ ਪੰਜਾਬ ਤੇਅ ਹਰਿਆਣਾ ਦੇ ਪਿੰਡਾਂ ਵਿੱਚ ਵੜਨਾ ਔਖਾ ਹੋ ਗਿਆ ਹੈ।
ਸੱਤਾ ਦੀ ਹਰ ਹੀਲੇ ਪ੍ਰਾਪਤੀ ਲਈ ਭਾਜਪਾ ਵੱਲੋਂ ਅਪਾਰ ਧਨ-ਬਲ ਦਾ ਜ਼ੋਰ ਅਜ਼ਮਾਇਆ ਜਾ ਰਿਹਾ ਹੈ, ਫਿਰ ਵੀ ਹਾਲਾਤ ਉਸ ਦੇ ਪੱਖ ਵਿੱਚ ਆਉਂਦੇ ਨਹੀਂ ਜਾਪਦੇ। ਇਸ ਵਾਰ ਤਾਂ ਭਾਜਪਾ ਦੇ ਪੱਕੇ ਸਮਰਥਕ ਰਹੇ ਰਾਜਪੂਤ ਤੇ ਖੱਤਰੀ ਭਾਈਚਾਰੇ ਦੇ ਲੋਕਾਂ ਨੇ ਵੀ ‘ਗੁਰੂ ਕੁੱਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਈ’ ਆਖਦੇ ਹੋਏ ਕਸਮਾਂ ਖਾਧੀਆਂ ਹਨ ਕਿ ਇਸ ਵਾਰ ਭਾਜਪਾ ਨੂੰ ਕਰਾਰਾ ਝਟਕਾ ਦੇਣਾ ਹੈ। ਅਜਿਹੀ ਸਥਿਤੀ ਵਿੱਚ ਹਰ ਕੋਈ ਇਹੀ ਕਿਆਸ ਕਰ ਰਿਹਾ ਹੈ ਜੇਕਰ ਬਿਨਾਂ ਕੋਈ ਘਪਲੇਬਾਜ਼ੀ ਦੇ ਇਮਾਨਦਾਰੀ ਨਾਲ ਚੋਣਾਂ ਹੋਈਆਂ ਤਾਂ ਭਾਜਪਾ ਸੱਤਾ ਤੋਂ ਦੂਰ ਰਹਿੰਦਿਆਂ ਦੋ ਸੌ ਵੀ ਪਾਰ ਨਹੀਂ ਕਰ ਸਕੇਗੀ।
ਹੁਣ ਤਕ ਪਈਆਂ ਵੋਟਾਂ, ਵਿੱਚ ਜਿਸ ਦੌਰਾਨ ਕੇਰਲ, ਤਾਮਿਲਨਾਡੂ, ਕਰਨਾਟਕ, ਰਾਜਸਥਾਨ, ਗੁਜਰਾਤ ਆਦਿ ਸੂਬੇ ਮੁਕੰਮਲ ਹੋ ਚੁੱਕੇ ਹਨ ਅਤੇ ਵੱਡੇ-ਵੱਡੇ ਸੂਬੇ ਜਿੱਥੇ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਸੀ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਮੱਧ ਪ੍ਰਦੇਸ਼, ਹਰਿਆਣਾ, ਬੰਗਾਲ ਜਿੱਥੋਂ ਭਾਜਪਾ ਨੂੰ ਬਹੁਤ ਆਸਾਂ ਸਨ ਉਸ ਦੀਆਂ ਉਮੀਦਾਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਭਾਵੇਂ ਕਿ ਇੰਡੀਆ ਗਠਜੋੜ ਲੋਕਾਂ ਦੀ ਆਸ ਮੁਤਾਬਕ ਉੰਨਾ ਮਜ਼ਬੂਤੀ ਨਾਲ ਨਕਸ਼ੇ ’ਤੇ ਉੱਭਰ ਕੇ ਸਾਹਮਣੇ ਨਹੀਂ ਆਇਆ, ਲੋਕਾਂ ਦੇ ਆਪ ਮੁਹਾਰੇ ਸਹਿਯੋਗ ਨੇ ਉਸ ਨੂੰ ਤਾਕਤਵਰ ਬਣਾ ਦਿੱਤਾ ਹੈ।
ਦੇਸ਼ ਦੀ ਜਨਤਾ ਵੀ ਹੁਣ ਇਹੀ ਉਮੀਦ ਕਰਦੀ ਹੈ ਇੰਡੀਆ ਗਠਜੋੜ ਵੀ ਉਨ੍ਹਾਂ ਦੇ ਹੱਕਾਂ-ਹਿਤਾਂ ਉੱਤੇ ਪੂਰੀ ਇਮਾਨਦਾਰੀ ਨਾਲ ਪਹਿਰਾ ਦਿੰਦੇ ਹੋਏ ਲੁੱਟ-ਖਸੁੱਟ ਦਾ ਖਾਤਮਾ ਕਰਕੇ ਚੰਗੇਰੇ ਭਵਿੱਖ ਵਾਸਤੇ ਅੱਗੇ ਵਧੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4960)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)