“ਲੇਓਨਾਰਡੋ ਦੀਆਂ ਦੋ ਪੇਂਟਿੰਗ ਦੁਨੀਆਂ ਭਰ ਵਿੱਚ ਬੇਹੱਦ ਮਸ਼ਹੂਰ ਹੋਈਆਂ ਹਨ, ਜਿਨ੍ਹਾਂ ਵਿੱਚ ਇੱਕ ਦਾ ਨਾਮ ...”
(24 ਸਤੰਬਰ 2023)
ਇਸ ਸੰਸਾਰ ਅੰਦਰ ਸਮੇਂ-ਸਮੇਂ ’ਤੇ ਬਹੁਤ ਸਾਰੇ ਮਹਾਨ ਵਿਅਕਤੀਆਂ ਨੇ ਜਨਮ ਲਿਆ ਹੈ ਜਿਨ੍ਹਾਂ ਨੇ ਆਪਣੇ ਵੱਡੇ-ਵੱਡੇ ਕਾਰਜਾਂ ਨਾਲ ਦੁਨੀਆਂ ਨੂੰ ਹੈਰਾਨ ਕੀਤਾ ਹੈ। ਅਜਿਹੀ ਹੀ ਇੱਕ ਸਰਵਗੁਣ ਸਕਸ਼ੀਅਤ ਦਾ ਨਾਮ ਹੈ, “ਲੇਓਨਾਰਡੋ ਦਾ ਵਿੰਚੀ”। ਲੇਓਨਾਰਡੋ ਇੰਨੇ ਵਿਸ਼ਿਆਂ ਵਿੱਚ ਮਾਹਰ ਸੀ ਜਿੰਨੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਵੀ ਨਹੀਂ ਸਿਖਾਏ ਜਾਂਦੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਤਾਂ ਕਦੇ ਕਿਸੇ ਸਕੂਲ ਵਿੱਚ ਵੀ ਨਹੀਂ ਸੀ ਗਏ ਅਤੇ ਫਿਰ ਵੀ ਉਹ ਮਹਾਨ ਵਿਦਵਾਨ, ਵਿਗਿਆਨੀ, ਸਾਹਿਤਕਾਰ, ਮੂਰਤੀਕਾਰ, ਚਿੱਤਰਕਾਰ, ਵਸਤੂਕਾਰ, ਗਣਿਤਕਾਰ, ਇੰਜਨੀਅਰ, ਲੇਖਕ, ਸੰਗੀਤਕ, ਸਿਧਾਂਤਕ, ਮਨੁੱਖੀ ਸਰੀਰ ਰਚਨਾ ਦੇ ਜਾਣਕਾਰ ਆਦਿ ਹੋਣ ਦੇ ਪ੍ਰਸਿੱਧ ਵਿਦਵਾਨ ਕਹਿਲਾਉਣ ਵਾਲੇ ਸਫਲ ਵਿਅਕਤੀ ਬਣੇ।
ਲੇਓਨਾਰਡੋ ਦਾ ਜਨਮ ਇਟਲੀ ਦੇ ਸੂਬੇ ਫਲੋਰੈਂਸ ਅੰਦਰ ਪਿੰਡ ਵਿੰਚੀ ਵਿੱਚ ਤਕਰੀਬਨ 570 ਸਾਲ ਪਹਿਲਾਂ 15 ਅਪਰੈਲ 1452 ਈਸਵੀ ਵਿੱਚ ਹੋਇਆ। ਪਿੰਡ ਦਾ ਨਾਮ ਨਾਲ ਜੋੜ ਕੇ ਉਸ ਦਾ ਨਾਮ ਲੇਓਨਾਰਡੋ ਦਾ ਵਿੰਚੀ ਪਿਆ। ਵਿੰਚੀ ਨੂੰ ਬਚਪਨ ਤੋਂ ਹੀ ਸੰਗੀਤ, ਮੂਰਤੀਆਂ ਘੜਨ ਤੇ ਚਿੱਤਰਕਾਰੀ ਦਾ ਬਹੁਤ ਸ਼ੌਕ ਪੈ ਗਿਆ ਸੀ। ਸ਼ੁਰੂ ਵਿੱਚ ਉਹ ਗਿਰਜਾਘਰਾਂ ਲਈ ਮੂਰਤੀਆਂ ਅਤੇ ਚਿੱਤਰ ਬਣਾਉਂਦਾ ਸੀ। ਉਸਦੇ ਇਸ ਸ਼ੌਕ ਨੂੰ ਦੇਖਦੇ ਹੋਏ ਉਸਦੇ ਪਿਤਾ ਨੇ ਉਸ ਨੂੰ ਕੰਮ ਸਿੱਖਣ ਲਈ ਪ੍ਰਸਿੱਧ ਚਿੱਤਰਕਾਰ ਆਂਦਰਿਆ ਦੇਲ ਵੇਰੀਚੀਓ ਪਾਸ ਭੇਜ ਦਿੱਤਾ। ਉੱਥੋਂ ਉਹ ਕੁਝ ਸਮੇਂ ਬਾਅਦ ਇੱਕ ਅਮੀਰ ਵਿਅਕਤੀ ਲੁਡੋਵੀਨੋ ਸਫੋਰਸਾ ਨਾਲ ਮਿਲਾਨ ਸ਼ਹਿਰ ਵਿੱਚ ਚਲੇ ਗਏ। ਉੱਥੇ ਵਿੰਚੀ ਨੇ ਲੁਡੋਵੀਨੋ ਦੇ ਪਿਤਾ ਦੀ ਘੋੜ ਸਵਾਰ ਮੂਰਤੀ ਬਣਾਈ ਤੇ ‘ਆਖਰੀ ਸਫਰ’ ਨਾਮ ਨਾਲ ਜਾਣਿਆ ਜਾਂਦਾ ਮਸ਼ਹੂਰ ਚਿੱਤਰ ਪੂਰਾ ਕੀਤਾ। ਵਿੰਚੀ ਨੂੰ ਬੋਟਨੀ (Botany) ਤੇ ਹਿਸਟਰੀ ਦਾ ਵੀ ਬਹੁਤ ਗਿਆਨ ਸੀ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਉਹ ਦੋਵਾਂ ਹੱਥਾਂ ਨਾਲ ਲਿਖ ਲੈਂਦਾ ਸੀ। ਇੱਕੋ ਸਮੇਂ ਉਹ ਇੱਕ ਹੱਥ ਨਾਲ ਲਿਖਦਾ ਤੇ ਦੂਜੇ ਹੱਥ ਨਾਲ ਪੇਂਟਿੰਗ ਤਿਆਰ ਕਰ ਲੈਂਦਾ ਸੀ। ਵਿੰਚੀ ਉਲਟਾ ਵੀ ਲਿਖਦਾ ਸੀ ਜਿਸ ਨੂੰ ਮਿਰਰ ਰਾਇਟਿੰਗ ਕਿਹਾ ਜਾਂਦਾ ਹੈ। ਉਸ ਦੀਆਂ ਜ਼ਿਆਦਾ ਲਿਖਤਾਂ ਮਿਰਰ ਰਾਇਟਿੰਗ ਵਿੱਚ ਹੀ ਮਿਲਦੀਆਂ ਹਨ, ਜਿਸ ਨੂੰ ਸ਼ੀਸ਼ੇ ਸਾਹਮਣੇ ਕਰਕੇ ਪੜ੍ਹਿਆ ਜਾ ਸਕਦਾ ਹੈ।
1994 ਵਿੱਚ ਅਮਰੀਕਾ ਦੇ ਬਿੱਲ ਗੇਟਸ ਨੇ ਵਿੰਚੀ ਦੀ ਕਿਤਾਬ ਕੋਰਡਸ ਹੈਮਰ ਨੂੰ 30,802,500 ਡਾਲਰ ਵਿੱਚ ਖਰੀਦਿਆ ਸੀ। ਬਿੱਲ ਗੇਟਸ ਨੇ ਇਸ ਕਿਤਾਬ ਦੇ ਕੁਝ ਪੇਜਾਂ ਨੂੰ ਵਿੰਡੋਜ਼ 95 ਦੇ ਸਕਰੀਨ ਸਿਵਰ ਦੇ ਰੂਪ ਵਿੱਚ ਇਸਤੇਮਾਲ ਕੀਤਾ ਸੀ। ਤਿੰਨ ਸਾਲ ਬਾਅਦ ਇਸ ਕਿਤਾਬ ਦਾ ਕੁਝ ਹਿੱਸਾ ਉਸਨੇ ਦੁਨੀਆਂ ਲਈ ਜਾਰੀ ਕੀਤਾ ਸੀ। ਲੇਓਨਾਰਡੋ ਦਾ ਵਿੰਚੀ ਉਹ ਪਹਿਲਾ ਵਿਗਿਆਨੀ ਹੈ ਜਿਸ ਨੇ ਦੱਸਿਆ ਸੀ ਕਿ ਅਕਾਸ਼ ਦਾ ਰੰਗ ਨੀਲਾ ਕਿਉਂ ਹੁੰਦਾ ਹੈ, ਕਿਉਂਕਿ ਹਵਾ ਸੂਰਜ ਤੋਂ ਆਉਣ ਵਾਲੀ ਰੌਸ਼ਨੀ ਨੂੰ ਖਿਲਾਰ ਦਿੰਦੀ ਹੈ ਜਿਸ ਵਿੱਚ ਨੀਲਾ ਰੰਗ ਸਭ ਤੋਂ ਜ਼ਿਆਦਾ ਫੈਲਦਾ ਹੈ। ਇਸੇ ਕਰਕੇ ਸਾਨੂੰ ਅਕਾਸ਼ ਨੀਲਾ ਦਿਖਾਈ ਦਿੰਦਾ ਹੈ। ਕੌਨਟੈਕਟ ਲੈਂਜ਼ ਤੇ ਕੈਂਚੀ ਵੀ ਵਿੰਚੀ ਦੀ ਦੇਣ ਹੈ। ਵਿੰਚੀ ਮਨੁੱਖੀ ਅੰਗਾਂ ਬਾਰੇ ਖੋਜ ਕਰਨ ਲਈ ਰਾਤ ਨੂੰ ਕਬਰਸਤਾਨ ਵਿੱਚ ਜਾ ਕੇ ਕਬਰਾਂ ਪੁੱਟ ਕੇ ਲਾਸ਼ਾਂ ਕੱਢ ਲਿਆਉਂਦਾ ਸੀ ਤੇ ਫਿਰ ਉਨ੍ਹਾਂ ਉੱਤੇ ਗੰਭੀਰਤਾ ਨਾਲ ਖੋਜ ਕਰਦਾ ਸੀ। ਇਸ ਤਰ੍ਹਾਂ ਉਸ ਨੇ ਤੀਹ ਦੇ ਕਰੀਬ ਲਾਸ਼ਾਂ ਕੱਢੀਆਂ ਸਨ।
ਅੱਜ ਤੋਂ ਪੰਜ ਸੌ ਸਾਲ ਪਹਿਲਾਂ ਹੀ ਉਸਨੇ ਇਨਸਾਨ ਦੇ ਅੰਗਾਂ ਦਾ ਸਪਸ਼ਟ ਚਿੱਤਰ ਬਣਾਇਆ ਸੀ ਜੋ ਕਿ Vitruvian man ਦੇ ਨਾਮ ਵਜੋਂ ਜਾਣਿਆ ਜਾਂਦਾ ਹੈ। ਉਹ ਇਟਲੀ ਦੇ ਪਿੰਡ-ਪਿੰਡ ਘੁੰਮਦਾ। ਜਿੱਥੇ ਵੀ ਕੁਝ ਮਨ ਨੂੰ ਭਾਉਂਦਾ ਕੋਈ ਸੁੰਦਰ ਨਜ਼ਾਰਾ ਨਜ਼ਰ ਆਉਂਦਾ, ਉਹ ਉਸ ਚਿੱਤਰ ਬਣਾਉਂਦਾ। ਅਗਰ ਉਹ ਕਿਸੇ ਇਨਸਾਨ ਦਾ ਚਿੱਤਰ ਬਣਾਉਣਾ ਚਾਹੁੰਦਾ ਸੀ ਤਾਂ ਪੂਰਾ ਦਿਨ ਉਸ ਦੇ ਮਗਰ ਘੁੰਮਦਾ ਰਹਿੰਦਾ ਤੇ ਉਸ ਨੂੰ ਹਰ ਕੋਣ ਤੋਂ ਪੂਰੀ ਗੰਭੀਰਤਾ ਨਾਲ ਵਾਚਕੇ ਦਿਮਾਗ ਵਿੱਚ ਫਿੱਟ ਕਰ ਲੈਂਦਾ ਸੀ ਤੇ ਫਿਰ ਘਰ ਜਾ ਕੇ ਹੁਬਹੂ ਉਸਦੀ ਤਸਵੀਰ ਬਣਾ ਦਿੰਦਾ ਸੀ। ‘ਅਰਨੋ ਵੈਲੀ’ ਉਸ ਦੀ ਪਹਿਲੀ ਪੇਂਟਿੰਗ ਹੈ ਜਿਸ ਨੂੰ ਉਸਨੇ 1473 ਈਸਵੀ ਵਿੱਚ ਬਣਾਇਆ ਸੀ।
ਲੇਓਨਾਰਡੋ ਪੰਜ ਸੌ ਸੱਤਰ ਸਾਲ ਪਹਿਲਾਂ ਇਸ ਧਰਤੀ ’ਤੇ ਪੈਦਾ ਹੋ ਕੇ ਬਹੁਤ ਹੀ ਅੱਗੇ ਚੱਲ ਰਹੇ ਸਨ। ਉਸ ਸਮੇਂ ਵਿੱਚ ਉਸਨੇ ਜਾਨਵਰਾਂ ’ਤੇ ਹੁੰਦੇ ਅੱਤਿਆਚਾਰ ਰੋਕਣ ਲਈ ਕਾਫੀ ਉਪਰਾਲੇ ਕੀਤੇ। ਜਾਨਵਰਾਂ ਦੇ ਪ੍ਰੇਮ ਵਿੱਚ ਉਹ ਲਿਖਦੇ ਹਨ ਕਿ ਅਗਰ ਇਨਸਾਨ ਅਜ਼ਾਦੀ ਚਾਹੁੰਦਾ ਹੈ ਤਾਂ ਫਿਰ ਉਹ ਪਸ਼ੁ-ਪੰਛੀਆਂ ਨੂੰ ਕਿਉਂ ਪਿੰਜਰੇ ਵਿੱਚ ਕੈਦ ਕਰਦਾ ਹੈ? ਬਹੁਤੀ ਵਾਰੀ ਉਹ ਪਿੰਜਰੇ ਵਾਲਿਆਂ ਤੋਂ ਪੰਛੀ ਖਰੀਦ ਕੇ ਅਜ਼ਾਦ ਛੱਡ ਦਿੰਦਾ ਸੀ। 16 ਵੀਂ ਸਦੀ ਵਿੱਚ ਹੀ ਵਿੰਚੀ ਨੇ ਕਈ ਹੈਰਾਨੀਜਨਕ ਕੰਮ ਕੀਤੇ, ਜਿਨ੍ਹਾਂ ਵਿੱਚ ਉਸਨੇ ਉਸ ਵਕਤ ਪੈਰਾਸ਼ੂਟ, ਹੈਲੀਕਾਪਟਰ, ਟੈਂਕ ਤੇ ਹਵਾਈ ਜਹਾਜ਼ ਵਰਗੇ ਕਈ ਚੀਜ਼ਾਂ ਦੇ ਡਿਜ਼ਾਇਨ ਤਿਆਰ ਕਰ ਲਏ ਸਨ। ਲੇਓਨਾਰਡੋ ਹਰ ਖੇਤਰ ਵਿੱਚ ਨਿਪੁੰਨ ਹੋਣ ਦੇ ਵਾਵਯੂਦ ਕਾਫੀ ਆਲਸੀ ਵੀ ਸੀ ਜਿਸ ਕਰਕੇ ਉਸ ਦੀਆਂ ਬਹੁਤ ਸਾਰੀਆਂ ਪੇਂਟਿੰਗ ਅਧੂਰੀਆਂ ਰਹਿ ਗਈਆਂ।
ਲੇਓਨਾਰਡੋ ਦੀਆਂ ਦੋ ਪੇਂਟਿੰਗ ਦੁਨੀਆਂ ਭਰ ਵਿੱਚ ਬੇਹੱਦ ਮਸ਼ਹੂਰ ਹੋਈਆਂ ਹਨ, ਜਿਨ੍ਹਾਂ ਵਿੱਚ ਇੱਕ ਦਾ ਨਾਮ ਆਖਰੀ ਸਫਰ ਹੈ। ਇਸ ਵਿੱਚ ਜਿਸੂ ਨੂੰ ਸੂਲੀ ਟੰਗੇ ਜਾਣ ਤੋਂ ਪਹਿਲਾਂ ਆਖਰੀ ਵਾਰ ਖਾਣਾ ਖਾਂਦੇ ਵਿਖਾਇਆ ਗਿਆ ਹੈ। ਤੇ ਦੂਜੀ ਮੋਨਾ ਲੀਜਾ ਦੀ ਹੈ ਜੋ ਗਿੰਨੀਜ ਵਰਲਡ ਰਿਕਾਰਡ ਅਨੁਸਾਰ ਸਭ ਤੋਂ ਸੁਰੱਖਿਅਤ ਤੇ ਮਹਿੰਗੀ ਪੇਂਟਿੰਗ ਮੰਨੀ ਗਈ ਹੈ। ਮੋਨਾ ਲੀਜਾ ਦੀ ਪੇਂਟਿੰਗ 1911 ਵਿੱਚ ਪੈਰਿਸ (ਫਰਾਂਸ) ਦੇ ਲੂਵੇਰਾ ਮਿਊਜ਼ੀਅਮ ਵਿੱਚੋਂ ਚੋਰੀ ਹੋ ਗਈ ਸੀ, ਜੋ ਕੁਝ ਅਰਸੇ ਬਾਅਦ ਮਿਲ ਗਈ ਸੀ। 2015 ਵਿੱਚ ਇਸ ਪੇਂਟਿੰਗ ਦੀ ਕੀਮਤ 5,300 ਕਰੋੜ ਦੱਸੀ ਗਈ ਸੀ। ਮੋਨਾ ਲੀਜਾ ਦੀ ਪੇਂਟਿੰਗ ਬਹੁਤ ਹੀ ਅਜੀਬ ਤਰ੍ਹਾਂ ਨਾਲ ਤਿਆਰ ਕੀਤੀ ਸੀ ਵਿੰਚੀ ਨੇ ਕਿਉਂਕਿ ਇਹ ਤਸਵੀਰ ਵੱਖ-ਵੱਖ ਐਂਗਲ ਤੋਂ ਵੇਖਣ ਤੇ ਹਰ ਤਰਫ ਤੋਂ ਵੱਖਰੀ ਤਰ੍ਹਾਂ ਬਦਲੀ ਹੋਈ ਨਜ਼ਰ ਆਉਂਦੀ ਹੈ। ਇਸ ਤਸਵੀਰ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਨ ਵਾਲੇ ਮਾਹਰ ਦੱਸਦੇ ਹਨ ਕਿ ਮੋਨਾ ਲੀਜ਼ਾ ਦੀ ਸੱਜੀ ਅੱਖ ਦੀ ਪੁਤਲੀ ਵਿੱਚ ਲੇਓਨਾਰਡੋ ਦਾ ਵਿੰਚੀ ਦੇ ਦਸਤਖਤ ਕੀਤੇ ਹੋਏ ਪਾਏ ਗਏ ਹਨ। ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਵਿੰਚੀ ਨੇ ਪਹਿਲਾਂ ਮੋਨਾ ਲੀਜ਼ਾ ਦੀ ਇੱਕ ਨਗਨ ਅਵਸਥਾ ਦੀ ਤਸਵੀਰ ਬਣਾਈ ਸੀ, ਜੋ ਤਸਵੀਰ ਅੱਜ ਵੀ ਮੌਜੂਦ ਹੈ।
ਇੱਕ ਖੋਜ ਅਨੁਸਾਰ ਮੋਨਾ ਲੀਜ਼ਾ ਤਸਵੀਰ ਵਿੱਚ 83%ਖੁਸ਼, 9% ਨਫਰਤ ਕਰਨ ਵਾਲੀ, 6%ਡਰੀ ਹੋਈ ਤੇ 2%ਗੁੱਸੇ ਵਾਲੀ ਦਿਖਾਈ ਦਿੰਦੀ ਹੈ। ਲੇਓਨਾਰਡੋ ਨੂੰ 1513 ਤੋਂ 1516 ਤਕ ਰੋਮ ਵਿਖੇ ਰਹਿਣ ਉਪਰੰਤ ਫਰਾਂਸ ਦਾ ਰਾਜਾ ਫਰੈਂਸਿਸ ਪ੍ਰਥਮ ਆਪਣੇ ਨਾਲ ਫਰਾਂਸ ਲੈ ਗਿਆ ਅਤੇ 2 ਮਈ 1519 ਨੂੰ ਫਰਾਂਸ ਵਿੱਚ ਹੀ ਆਪਣੇ ਦੋਸਤ ਰਾਜਾ ਫਰੈਂਸਿਸ ਦੇ ਹੱਥਾਂ ਵਿੱਚ ਲੇਓਨਾਰਡੋ ਦਾ ਵਿੰਚੀ ਸਦਾ ਲਈ ਅੱਖਾਂ ਮੀਟ ਗਿਆ। ਫਰਾਂਸ ਵਿੱਚ ਅੰਬੁਆਸ ਵਿੱਚ ਉਸ ਨੂੰ ਦਫਨਾਇਆ ਗਿਆ।
ਲੇਓਨਾਰਡੋ ਦੇ ਆਖਰੀ ਸ਼ਬਦ ਸਨ ਕਿ ਮੈਂ ਰੱਬ ਅਤੇ ਇਨਸਾਨ ਨੂੰ ਨਰਾਜ਼ ਕੀਤਾ ਹੈ ਕਿਉਂਕਿ ਮੈਂ ਆਪਣੇ ਕਾਰਜਾਂ ਨੂੰ ਉੰਨਾ ਗੁਣੀ-ਉਪਯੋਗੀ ਨਹੀਂ ਕਰ ਸਕਿਆ ਜਿੰਨਾ ਕਰਨਾ ਚਾਹੀਦਾ ਸੀ। ਅਲਾਰਮ ਘੜੀ ਦਾ ਨਿਰਮਾਣ ਵੀ ਵਿੰਚੀ ਨੇ ਕੀਤਾ ਸੀ। ਲੇਓਨਾਰਡੋ ਦੇ ਕਾਫੀ ਵਿਚਾਰ ਸਾਡੇ ਮਹਾਨ ਗੁਰੂ ਸਾਹਿਬਾਨਾਂ ਨਾਲ ਮਿਲਦੇ ਜੁਲਦੇ ਹਨ, ਜਿਸ ਤਰ੍ਹਾਂ ਗੁਰੂ ਰਵੀਦਾਸ ਜੀ ਆਖਦੇ ਹਨ ਕਿ ‘ਹਾਡ ਮਾਸ ਨਾੜੀ ਕੋ ਪਿੰਜਰ ਪੰਛੀ ਵਸੈ ਵਿਚਾਰਾ” ਉਵੇਂ ਹੀ ਮਨੁੱਖੀ ਜੀਵਨ ਬਾਰੇ ਵਿੰਚੀ ਨੇ ਆਖਿਆ ਹੈ ਕਿ ਇਨਸਾਨ ਵੀ ਬਿਲਕੁਲ ਕੁਦਰਤ ਵਾਂਗ ਹੀ ਵਿਚਰਦਾ ਹੈ। ਗੁਰੂ ਨਾਨਕ ਦੇਵ ਜੀ, ਸ਼ੇਖ ਫਰੀਦ ਤੇ ਬਾਬਾ ਬੁੱਲੇ ਸ਼ਾਹ ਵਾਂਗ ਹੀ ਵਿੰਚੀ ਨੇ ਕਿਹਾ ਹੈ ਕਿ ਮਨੁੱਖ ਦੇ ਅੰਦਰ ਹੀ ਰੱਬ ਵਸਦਾ ਹੈ। ਜਿਸ ਤਰ੍ਹਾਂ ਦੀ ਸੋਚ-ਵਿਚਾਰ ਮਨ ਅੰਦਰ ਬਣਦੀ ਜਾਂਦੀ ਹੈ, ਉਸੇ ਤਰ੍ਹਾਂ ਦਾ ਉਸ ਮਨੁੱਖ ਦਾ ਜੀਉਣ ਦਾ ਤਰੀਕਾ ਤੇ ਤਜਰਬਾ ਹੁੰਦਾ ਹੈ। ਲੇਓਨਾਰਡੋ ਨੇ ਵਿਚਾਰ ਦਿੰਦੇ ਹੋਏ ਕਿਹਾ. “ਮੈਂ ਉਨ੍ਹਾਂ ਨਾਲ ਪ੍ਰੇਮ ਕਰਦਾ ਹਾਂ ਜੋ ਮੁਸੀਬਤਾਂ ਵਿੱਚ ਵੀ ਮੁਸ਼ਕਰਾ ਸਕੇ, ਜੋ ਸੰਕਟ ਸਮੇਂ ਸ਼ਕਤੀ ਇਕੱਠੀ ਕਰ ਸਕੇ ਤੇ ਆਪਾ-ਪੜਚੋਲ ਕਰਦਿਆਂ ਦਲੇਰ ਬਣ ਸਕੇ। ਜਿੱਥੇ ਮੈਂ ਸੋਚਦਾ ਸੀ ਕਿ ਮੈਂ ਜੀਣਾ ਸਿੱਖ ਰਿਹਾ ਹਾਂ, ਪਰ ਉੱਥੇ ਮੈਂ ਮਰਨਾ ਸਿੱਖ ਰਿਹਾ ਸੀ। ਸਾਦਗੀ ਹੀ ਸਭ ਤੋਂ ਉੱਤਮ ਹੈ। ਇੱਕ ਚੰਗੇ ਤਰੀਕੇ ਨਾਲ ਬਿਤਾਇਆ ਦਿਨ ਰਾਤ ਨੂੰ ਇੱਕ ਮਿੱਠੀ ਨੀਂਦ ਲੈ ਕੇ ਆਉਂਦਾ ਹੈ। ਸਭ ਤੋਂ ਵੱਡੀ ਖੁਸ਼ੀ ਸਮਝਣ ਦੀ ਖੁਸ਼ੀ ਹੁੰਦੀ ਹੈ। ਪਾਣੀ ਕਾਇਨਾਤ ਦੀ ਅਸਲੀ ਤਾਕਤ ਹੈ। ਸਿੱਖਣਾ ਕਦੇ ਵੀ ਦਿਮਾਗ ਨੂੰ ਥਕਾਉਂਦਾ ਨਹੀਂ। ਚੰਗੇ ਢੰਗ ਨਾਲ ਬਿਤਾਇਆ ਜੀਵਨ ਹਮੇਸ਼ਾ ਲੰਬਾ ਹੁੰਦਾ ਹੈ। ਸ਼ਾਦੀ ਸੱਪਾਂ ਦੇ ਭਰੇ ਥੈਲੇ ਵਿੱਚ ਇਸ ਆਸ ਨਾਲ ਹੱਥ ਪਾਉਣਾ ਹੈ ਕਿ ਮੱਛੀ ਨਿਕਲੇ। ਜਿੱਥੇ ਆਤਮਾ ਹੱਥਾਂ ਨਾਲ ਕੰਮ ਨਹੀਂ ਕਰਦੀ, ਉੱਥੇ ਕੋਈ ਕਲਾ ਨਹੀਂ ਹੈ। ਸਮਾਂ ਉਸ ਵਾਸਤੇ ਲੰਬੇ ਸਮੇਂ ਤਕ ਬਰਕਰਾਰ ਰਹਿੰਦਾ ਹੈ, ਜੋ ਉਸਦਾ ਇਸਤੇਮਾਲ ਕਰਦਾ ਹੈ। ਜੋ ਅਦਰਸ਼ ਬੀਜਦਾ ਹੈ ਉਹ ਸਨਮਾਨ ਖੱਟਦਾ ਹੈ। ਅੰਤ ਦੀ ਥਾਂ ਸ਼ੁਰੂ ਵਿੱਚ ਵਿਰੋਧ ਕਰਨਾ ਸੌਖਾ ਹੁੰਦਾ ਹੈ। ਲੋਕ ਪਿਆਰ ਨਾਲੋਂ ਵੱਧ ਡਰ ਨਾਲ ਕੰਮ ਕਰਦੇ ਹਨ। ਜਿੰਨਾ ਤੁਹਾਡੇ ਕੋਲ ਜ਼ਿਆਦਾ ਹੈ, ਉੰਨਾ ਜ਼ਿਆਦਾ ਉਸਦੇ ਗਵਾਚਣ ਦਾ ਡਰ ਹੈ।”
ਦੋਸਤੋ ਕਈ ਦੇਸ਼ਾਂ ਦੇ ਮਾਹਰਾਂ ਦੀ ਟੀਮ ਅੱਜ ਵੀ ਲੇਓਨਾਰਡੋ ਦਾ ਵਿੰਚੀ ਬਾਰੇ ਤਹਿ ਤਕ ਪਹੁੰਚਣ ਲਈ ਖੋਜ ਕਰਨ ਵਿੱਚ ਪੂਰੀ ਸਰਗਰਮੀ ਨਾਲ ਜੱਦੋਜਹਿਦ ਕਰ ਰਹੀ ਹੈ। ਸੋ ਆਸ ਹੈ ਕਿ ਹੋਰ ਵੀ ਬਹੁਤ ਸਾਰੇ ਤੱਥ ਵਿੰਚੀ ਬਾਰੇ ਸਾਹਮਣੇ ਆਉਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4242)
(ਸਰੋਕਾਰ ਨਾਲ ਸੰਪਰਕ ਲਈ: (