Sukhinder2ਖੰਡ ਦੀ ਚਾਸ਼ਨੀ ਵਿੱਚ ਡੁੱਬੇ ਸ਼ਬਦਤੁਹਾਨੂੰ, ਪਲ ਕੁ ਭਰ ਲਈ, ਤਾਂ ਸੁਆਦ ਦੇਣਗੇ ...”
(ਅਗਸਤ 12, 2015)

           1.

    ਤਲਖ ਹਕੀਕਤਾਂ

ਮੈਨੂੰ, ਤਲਖ ਹਕੀਕਤਾਂ ਬਾਰੇ
ਕਵਿਤਾ ਲਿਖਣੀ ਚੰਗੀ ਲਗਦੀ ਹੈ-

ਹਕੀਕਤਾਂ ਮੰਗ ਕਰਦੀਆਂ ਨੇ
ਕਿ ਅਸੀਂ, ਉਨ੍ਹਾਂ ਨੂੰ
ਬਿਨਾਂ ਕਿਸੇ ਲਿਹਾਜ਼ ਜਾਂ
ਪੱਖਪਾਤ ਦੇ ਬਿਆਨ ਕਰੀਏ

ਸ਼ਬਦਾਂ ਨੂੰ ਖੰਡ ਦੀ
ਚਾਸ਼ਨੀ ਵਿੱਚ ਡੋਬਣ ਤੋਂ ਬਿਨਾਂ
ਰੁੱਖੇ, ਕੌੜੇ ਅਤੇ ਕੁਸੈਲੇ ਸ਼ਬਦਾਂ ਵਿੱਚ
ਕਵਿਤਾ ਪੜ੍ਹ ਕੇ, ਜੇਕਰ
ਨਿੰਮ ਦੇ ਪੱਤਿਆਂ ਜਿਹਾ
ਕੌੜਾ ਸੁਆਦ ਆਉਂਦਾ ਹੈ
ਤਾਂ, ਨਿਰਸੰਦੇਹ
ਕਵਿਤਾ, ਤੁਹਾਡੇ
ਮਾਨਸਿਕ ਅਤੇ ਸਰੀਰਕ
ਪ੍ਰਬੰਧ ਨੂੰ ਸਾਫ ਅਤੇ
ਜੀਣ ਜੋਗਾ ਕਰੇਗੀ-

ਖੰਡ ਦੀ ਚਾਸ਼ਨੀ ਵਿੱਚ
ਡੁੱਬੇ ਸ਼ਬਦ, ਤੁਹਾਨੂੰ
ਪਲ ਕੁ ਭਰ ਲਈ
ਤਾਂ ਸੁਆਦ ਦੇਣਗੇ
ਪਰ ਡਾਇਬੀਟੀਜ਼ ਵਰਗੀ
ਨਾਮੁਰਾਦ ਮਾਨਸਿਕ ਬਿਮਾਰੀ
ਵਿੱਚ ਵੀ ਜਕੜ ਦੇਣਗੇ

ਜਿੱਥੋਂ ਤੁਸੀਂ
ਚਾਹੁੰਦਿਆਂ ਹੋਇਆਂ ਵੀ
ਉਮਰ ਭਰ, ਨਿੱਕਲ ਨਹੀਂ ਸਕੋਗੇ

ਸ਼ਬਦਾਂ ਨੂੰ, ਹਮੇਸ਼ਾ
ਹਕੀਕਤਾਂ ਦੇ ਮੇਲ ਦਾ ਹੋਣ ਦਿਓ-

ਨਹੀਂ ਤਾਂ, ਅਨਜੋੜ
ਵਿਆਹਾਂ ਵਾਂਗ, ਤੁਹਾਡੇ
ਸ਼ਬਦ ਵੀ, ਪਾਠਕ ਦੀ
ਮਾਨਸਿਕਤਾ ਵਿੱਚ, ਹਮੇਸ਼ਾ
ਇੱਟ-ਖੜੱਕਾ ਹੀ
ਕਰਦੇ ਰਹਿਣਗੇ

ਕਵਿਤਾ ਨੂੰ, ਭਰਮ ਪਾਲਣ ਦੀ
ਲੋੜ ਨਹੀਂ-
ਕਵਿਤਾ ਨੂੰ, ਹਕੀਕਤਾਂ ਦਾ
ਸਾਹਮਣਾ ਕਰਨ ਦੀ ਹੀ
ਜਾਚ ਸਿੱਖਣ ਦਿਓ

       **

       2.

      ਕੁੱਤੇ

ਤੁਰੇ ਜਾਂਦਿਆਂ, ਜਦੋਂ
ਤੁਹਾਨੂੰ ਇਸ ਗੱਲ ਦਾ
ਅਹਿਸਾਸ ਹੋ ਜਾਏ
ਸੜਕ ਦੇ ਦੂਜੇ ਪਾਸੇ
ਖੂੰਖਾਰ ਕੁੱਤੇ ਖੜ੍ਹੇ ਹਨ

ਤਾਂ, ਸੰਭਲ, ਸੰਭਲ ਕੇ
ਚੱਲਣ ਵਿੱਚ ਹੀ
ਬੇਹਤਰੀ ਹੈ-

ਜ਼ਿੰਦਗੀ ਵਿੱਚ, ਮੇਰੇ ਨਾਲ
ਅਨੇਕਾਂ ਹੀ ਵਾਰ, ਅਜਿਹਾ
ਵਾਪਰਿਆ ਹੈ

ਜ਼ਿੰਦਗੀ ਦੀਆਂ ਤੰਗ
ਅਤੇ ਹਨ੍ਹੇਰੀਆਂ ਗਲੀਆਂ ’ਚੋਂ
ਲੰਘਦਿਆਂ, ਕਿਸੇ ਵੀ ਮੋੜ ਉੱਤੇ
ਹੱਡਾ-ਰੋੜੀ ਕੋਲ ਘੁੰਮਦੇ
ਇਨ੍ਹਾਂ ਕੁੱਤਿਆਂ ਦੀ
ਤੁਸੀਂ ਕਦੀ ਵੀ
ਨਜ਼ਰ ਚੜ੍ਹ ਸਕਦੇ ਹੋ

ਉਨ੍ਹਾਂ ਦੇ ਮੂੰਹ, ਖ਼ੂਨ ਨਾਲ
ਲਿਬੜੇ ਹੁੰਦੇ ਹਨ, ਅਤੇ
ਜੁਬਾੜ੍ਹਿਆਂ ਹੇਠ ਕਿਸੇ ਦੀਆਂ
ਹੱਡੀਆਂ ਕਿਰਚ ਕਿਰਚ
ਕਰ ਰਹੀਆਂ ਹੁੰਦੀਆਂ ਹਨ

ਹੋ ਸਕਦੈ, ਤੁਹਾਨੂੰ
ਭੁਲੇਖਾ ਦੇਣ ਲਈ
ਉਹ ਅਚਨਚੇਤ
ਕੋਈ ਮਨੁੱਖੀ ਜਾਮਾ ਪਹਿਨ
ਤੁਹਾਡੇ ਰਾਹਾਂ ਵਿੱਚ
ਆ ਖਲੋਣ, ਅਤੇ
ਤੁਹਾਡੇ ਪੈਰਾਂ ਵਿੱਚ ਲਿਟ ਕੇ
ਆਪਣੀਆਂ ਲੰਬੀਆਂ ਲੰਬੀਆਂ
ਪੂਛਾਂ ਨਾਲ, ਕਲੋਲਾਂ ਕਰਨੀਆਂ
ਸ਼ੁਰੂ ਕਰ ਦੇਣ

ਪਰ, ਤੁਸੀਂ
ਇਸ ਪਲ, ਕਿਸੇ ਵੀ ਤਰ੍ਹਾਂ
ਉਨ੍ਹਾਂ ਦੇ ਮੋਹ ਦੇ ਰੰਗਾਂ ਵਿੱਚ
ਨਾ ਰੰਗੇ ਜਾਣਾ

ਬਸ, ਸੜਕ ਉੱਤੇ
ਤੁਰੇ ਜਾਂਦਿਆਂ, ਦੂਜੇ ਪਾਸੇ
ਜਦੋਂ, ਖੂੰਖਾਰ ਕੁੱਤੇ ਖੜ੍ਹੇ ਹੋਣ-
ਤਾਂ, ਸੰਭਲ, ਸੰਭਲ ਕੇ
ਚੱਲਣ ਵਿੱਚ ਹੀ
ਤੁਹਾਡੀ ਬੇਹਤਰੀ ਹੈ

       **

        3.

ਆਪਣੇ ਆਪਣੇ ਕੈਦੀ

ਆਪਣਾ, ਆਪਣਾ, ਸੱਚ
ਛੁਪਾਉਣ ਦੀ ਕਾਹਲ ’ਚ
ਲੋਕੀਂ, ਆਪਣੀ, ਆਪਣੀ
ਸਿਰਜੀ, ਜੇਹਲ ਦੇ
ਕੈਦੀ ਹੋ ਚੁੱਕੇ ਹਨ-

ਨਿੱਕੀਆਂ, ਨਿੱਕੀਆਂ ਇੱਛਾਵਾਂ ਦੀ
ਸਖਤ ਗੁਲਾਮੀ ਦੇ ਸੰਗਲਾਂ ਵਿੱਚ
ਜਕੜੇ ਹੋਏ, ਆਪਣੇ, ਆਪਣੇ
ਅੰਗਾਂ ਨੂੰ, ਅਣਇੱਛਤ ਬਾਹਾਂ ਦੀ
ਗਲਵੱਕੜੀ ਵਿੱਚ ਡੋਬ ਰਹੇ ਨੇ

ਸੁਰਖ ਗੁਲਾਬੀ ਹੋਠਾਂ ਦੇ ਚੁੰਮਣ
ਕੌਡੀਆਂ ਦੇ ਭਾਅ ਪਏ ਵਿਕਦੇ
ਚਿਕਨੇ ਜੁੱਸੇ, ਵਿੱਚ ਦੁਕਾਨਾਂ ਸਜ ਕੇ
ਰੀਸੋ, ਰੀਸੀ ਰੋਲ ਰਹੇ ਨੇ

ਮੰਡੀ ਯੁੱਗ ਹੈ, ਇੰਟਰਨੈੱਟ ਦੀ
ਹਰ ਪਾਸੇ ਸਰਦਾਰੀ, ਤਲੀ ’ਤੇ
ਰੱਖ ਕੇ, ਚਾਂਦੀ ਰੰਗੇ ਡਾਲਰ ਨੂੰ
ਭਾਵੇਂ, ਪਲ ਛਿਣ ਲਈ ਹੀ
ਵਸਤ-ਬਾਜ਼ਾਰ ਚ ਲਿਸ਼ਕਣ ਦੇਵੋ

ਸਭ ਰਿਸ਼ਤੇ-ਨਾਤੇ, ਕੱਚੇ-ਧਾਗੇ
ਵਾਂਗੂੰ, ਤਰੋੜ-ਮਰੋੜ ਕੇ
ਸੁੱਟਣ ਦੀ ਕਾਹਲ ’ਚ, ਭੇਡਾਂ ਦੇ
ਇੱਜੜ ਭੱਜੇ ਆਉਂਦੇ

ਨਕਲੀ ਰੋਸੇ, ਨਕਲੀ ਹਾਸੇ
ਨਕਲੀ ਚੁੰਮਣ, ਨਕਲੀ ਹੀ ਮੁਸਕਾਨਾਂ

ਅਸਲੀ ਚਿਹਰਿਆਂ ਉੱਤੇ ਲੋਕਾਂ
ਪਹਿਨ ਲਏ ਨੇ, ਕਈ ਕਈ
ਮੁਖੌਟੇ, ਭਾਵੇਂ ਸਾਰੀ ਰਾਤ ਉਨ੍ਹਾਂ ਦੀ
ਜਿਸਮ ਵੇਚਦਿਆਂ ਦੀ
ਲੰਘੀ ਹੋਵੇ, ਪਰ ਦਿਨ ਚੜ੍ਹੇ
ਸੂਰਜ ਦੀ ਪਹਿਲੀ ਕਿਰਨ ਸੰਗ
ਉਨ੍ਹਾਂ ਦੇ ਵਿਹੜੇ ਚੋਂ
ਸੁਰ ਅਲਾਹੀ ਗੂੰਜੇ

ਹੁਣ ਤਾਂ ਲੋਕੀਂ
ਇੱਕ ਕੰਨ ਚੋਂ ਸੁਣਦੇ
ਦੂਜੇ ਕੰਨ ਚੋਂ ਕੱਢ ਦਿੰਦੇ
ਹਰ ਕੋਈ ਕਹਿੰਦਾ-
ਮੇਰਾ ਸੱਚ ਤਾਂ
ਮੇਰਾ ਸੱਚ ਹੈ
ਤੂੰ ਮੇਰੇ ਸੱਚ ਦੀ
ਕੀ ਥਾਹ ਜਾਣੇਂ

ਆਪਣਾ, ਆਪਣਾ, ਸੱਚ
ਛੁਪਾਉਣ ਦੀ ਕਾਹਲ ’ਚ
ਲੋਕੀਂ, ਆਪਣੀ, ਆਪਣੀ
ਸਿਰਜੀ, ਜੇਹਲ ਦੇ
ਕੈਦੀ ਹੋ ਚੁੱਕੇ ਹਨ-

ਇੱਕ ਦੂਜੇ ਨੂੰ ਮਿਲਣ ਤਾਂ
ਬਸ, ਉਹ ਹੁਣ
ਵਾਂਗ ਪ੍ਰਹੁਣਿਆਂ ਆਉਂਦੇ

        **

         4.

ਨਿੱਕੀਆਂ, ਨਿੱਕੀਆਂ ਗੱਲਾਂ

ਜ਼ਿੰਦਗੀ ਦਾ ਸਿਲਸਿਲਾ
ਅਜੀਬ ਤੋਰ ਤੁਰਦਾ ਹੈ-

ਨਿੱਕੀਆਂ, ਨਿੱਕੀਆਂ ਗੱਲਾਂ
ਅਕਸਰ, ਮੀਲਾਂ ਲੰਬੀ
ਖਾਈ ਬਣ ਜਾਂਦੀਆਂ

ਅਤੇ ਸਾਥੋਂ, ਲੱਖ ਯਤਨਾਂ ਦੇ
ਬਾਵਜੂਦ ਵੀ, ਉਹ
ਖਾਈ ਟੱਪੀ ਨਹੀਂ ਜਾਂਦੀ-

ਦਰੋਪਦੀ ਦੇ ਕਹੇ, ਇੱਕ ਹੀ
ਸ਼ਬਦ ਨੇ, ਮਹਾਂ-ਭਾਰਤ ਨੂੰ
ਜਨਮ ਦੇ ਦਿੱਤਾ

ਸ਼ਬਦ, ਮਾਰੂ ਹਥਿਆਰਾਂ ਤੋਂ ਵੀ
ਵੱਧ ਅਸਰਦਾਰ-

ਸ਼ਬਦਾਂ ਦਾ ਛੱਡਿਆ ਤੀਰ
ਮਨੁੱਖ ਦੀ ਚੇਤਨਾ ਨੂੰ
ਚੀਥੜਾ, ਚੀਥੜਾ ਕਰ ਦਿੰਦਾ

ਰੀੜ੍ਹ ਦੀ ਹੱਡੀ ਦੇ
ਮਣਕਿਆਂ ਨੂੰ, ਝਟਕੇ ਦੇਣ ਦੀ
ਇੱਕ ਨਿਰੰਤਰ ਪ੍ਰਕ੍ਰਿਆ ਵਿੱਚਪਾ,
ਤੁਹਾਡੇ ਪੈਰਾਂ ਹੇਠ
ਬਲਦੇ ਅੰਗਿਆਰ ਰੱਖ ਦਿੰਦਾ

ਨਿੱਕੀਆਂ, ਨਿੱਕੀਆਂ ਗੱਲਾਂ
ਤਿੱਖੀਆਂ ਨੋਕਾਂ ਵਾਲੀਆਂ
ਬਰਛੀਆਂ ਬਣ ਕੇ, ਸਾਡੇ
ਅੰਗ, ਅੰਗ ਨੂੰ ਵਿੰਨ੍ਹਦੀਆਂ

ਨਿੱਕੀਆਂ, ਨਿੱਕੀਆਂ ਗੱਲਾਂ
ਪਲਾਂ, ਛਿਣਾਂ ਵਿੱਚ ਹੀ
ਮਿੱਤਰਾਂ ਨੂੰ ਜਾਣਕਾਰਾਂ ਵਿੱਚ
ਬਦਲ ਦਿੰਦੀਆਂ,
ਜਾਣਕਾਰਾਂ ਨੂੰ
ਅਜਨਬੀ ਬਣਾ ਦਿੰਦੀਆਂ

ਨਿੱਕੀਆਂ, ਨਿੱਕੀਆਂ ਗੱਲਾਂ
ਸਾਡੀਆਂ, ਅੰਤਰੀਵ-ਇੱਛਾਵਾਂ
ਬਣ, ਬਣ ਨਿੱਕਲਦੀਆਂ

ਨਿੱਕੀਆਂ, ਨਿੱਕੀਆਂ ਗੱਲਾਂ ਨਾਲ
ਰਿਸ਼ਤੇ, ਬਣਦੇ, ਟੁੱਟਦੇ, ਭੁਰਦੇ, ਖੁਰ ਜਾਂਦੇ

ਨਿੱਕੀਆਂ, ਨਿੱਕੀਆਂ ਗੱਲਾਂ ਨਾਲ-
ਤਿਤਲੀਆਂ ਦੇ ਪਰ ਉੱਗ ਆਉਂਦੇ
ਫੁੱਲ ਪੌਣਾਂ ਸੰਗ ਝੂਮਣ ਲੱਗ ਜਾਂਦੇ
ਨੀਲੇ ਅਸਮਾਨ ਵਿੱਚ ਸਤਰੰਗੀ ਪੀਂਘ ਪੈ ਜਾਂਦੀ
ਮੂਸਲਾਧਾਰ ਬਰਸਾਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ
ਬੰਜਰ ਜ਼ਮੀਨਾਂ ’ਚੋਂ ਕਰੂੰਬਲਾਂ ਫੁੱਟ ਪੈਂਦੀਆਂ

ਉਮਰਾਂ ਤੋਂ ਮੁਰਝਾਏ ਚਿਹਰਿਆਂ ’ਤੇ ਰੌਣਕ ਪਰਤ ਆਉਂਦੀ
ਕਿਸੇ ਦੀ ਉਡੀਕ ਵਿੱਚ ਨਜ਼ਰਾਂ ਬੇਹਬਲ ਹੋ ਉੱਠਦੀਆਂ

                  *****

(48)

About the Author

ਸੁਖਿੰਦਰ

ਸੁਖਿੰਦਰ

Sukhinder (Editor: Sanvad)
Toronto, Canada.
Email: (poet_sukhinder@hotmail.com)