“”
(12 ਜੁਲਾਈ 2022)
1. ਤਮਾਸ਼ਾ
ਗਾਇਕ, ਆਪਣੇ ਆਪ ਨੂੰ
ਗੈਂਗਸਟਰ ਆਖਦਾ ਹੈ।
ਬੁੱਧੀਜੀਵੀ, ਗੈਂਗਸਟਰ ਗਾਇਕ ਨੂੰ
ਨਾਇਕ ਆਖਦਾ ਹੈ।
ਸੰਪਾਦਕ, ਬੁੱਧੀਜੀਵੀ ਨੂੰ
ਖਲਨਾਇਕ ਆਖਦਾ ਹੈ।
ਗੈਂਗਸਟਰ ਦਾ, ਹੁਣ
ਹਰ ਪਾਸੇ ਹੀ, ਬੋਲਬਾਲਾ ਹੈ
ਲੱਗਦਾ ਹੈ, ਹੁਣ
ਦਾਲ ਵਿੱਚ ਹੀ, ਕੁਝ, ਕਾਲਾ ਹੈ
ਰਾਜਨੀਤੀਵਾਨ ਦਾ, ਹੁਣ
ਗੈਂਗਸਟਰ, ਹੀ, ਸਰਵਾਲਾ ਹੈ।
ਗੈਂਗਸਟਰ, ਗਾਇਕ, ਆਪਣੀ, ਡੱਬ ਵਿੱਚ
ਰੱਖੇ ਪਿਸਤੌਲ ਦੀ ਗੱਲ ਕਰਦਾ ਹੈ
ਟੀਵੀ ਰਿਪੋਰਟਰ, ਗੈਂਗਸਟਰ ਦੀ ਸ਼ਰਟ ਦੇ
ਮਹਿੰਗੇ, ਬਰਾਂਡ ਦੀ ਗੱਲ ਕਰਦਾ ਹੈ
ਆਮ ਬੰਦਾ, ਘਰ ਵਿੱਚ ਬੈਠਾ ਵੀ
ਗੈਂਗਸਟਰ ਦੀ, ਦਹਿਸ਼ਤ ਤੋਂ ਡਰਦਾ ਹੈ।
ਗੈਂਗਸਟਰ, ਪੁਲਿਸ ਦੀ ਭੀੜ ਵਿੱਚ
ਬੌਲੀਵੁੱਡ ਹੀਰੋ ਵਾਂਗ ਦਿਖਦਾ ਹੈ
ਪੁਲਿਸ ਦੀ, ਭੀੜ ’ਚ ਲੱਗਦਾ ਹੈ
ਹੁਣ, ਕਾਨੂੰਨ ਵਿੱਕਦਾ ਹੈ
ਦੇਸ਼ ਅਤੇ ਸੰਵਿਧਾਨ, ਇੰਝ ਹੀ
ਜੁਰਮ ਦੇ, ਪੈਰਾਂ ਵਿੱਚ ਡਿੱਗਦਾ ਹੈ।
ਦੇਸ਼ ਦਾ ਨਾਗਰਿਕ, ਫਿਰ ਵੀ
ਟੀਵੀ ਸਕਰੀਨ ਉੱਤੇ ਆ ਰਿਹਾ
ਘਿਨੌਉਣਾ, ਦ੍ਰਿਸ਼ ਦੇਖ-
ਪੂਰੇ ਜ਼ੋਰ ਨਾਲ, ਤਾੜੀਆਂ ਮਾਰਦਾ ਹੈ
ਅਤੇ ਖਿੜਖਿੜਾ ਕੇ, ਹੱਸਦਾ ਹੈ।
***
2. ਸਾਡੀਆਂ ਖੁਸ਼ੀਆਂ
ਅਸੀਂ, ਖੁਸ਼ ਹਾਂ-
ਸਾਡੇ, ਬੱਚੇ ਗੈਂਗਸਟਰ ਕਲਚਰ ਵਿੱਚ
ਪਲ ਰਹੇ ਹਨ।
ਅਸੀਂ, ਖੁਸ਼ ਹਾਂ-
ਸਾਡੇ, ਬੁੱਧੀਜੀਵੀ ਗੈਂਗਸਟਰਾਂ ਨੂੰ ਰਹਿਨੁਮਾਵਾਂ ਵਜੋਂ
ਮਾਨ-ਸਨਮਾਨ ਦੇ ਰਹੇ ਹਨ।
ਅਸੀਂ, ਖੁਸ਼ ਹਾਂ-
ਸਾਡੇ, ਪੱਤਰਕਾਰ ਗੈਂਗਸਟਰਾਂ ਬਾਰੇ ਖਬਰਾਂ
ਮਸਾਲੇ ਲਗਾ ਲਗਾ ਕੇ ਪੇਸ਼ ਕਰ ਰਹੇ ਹਨ।
ਅਸੀਂ, ਖੁਸ਼ ਹਾਂ-
ਸਾਡੇ, ਪੁਲਿਸਕਰਮੀ ਗੈਂਗਸਟਰਾਂ ਨੂੰ ਨਾਇਕਾਂ ਵਾਂਗ
ਸੁਰੱਖਿਆ ਦੇ ਰਹੇ ਹਨ।
ਅਸੀਂ, ਖੁਸ਼ ਹਾਂ-
ਸਾਡੇ, ਰਾਜਨੀਤੀਵਾਨ ਗੈਂਗਸਟਰਾਂ ਦੇ ਕੀਰਨੇ ਪਾ ਪਾ
ਵੋਟਾਂ ਮੰਗ ਰਹੇ ਹਨ।
ਅਸੀਂ, ਖੁਸ਼ ਹਾਂ-
ਸਾਡੇ, ਚੌਗਿਰਦੇ ਵਿੱਚ ਹਰ ਸ਼ੈਅ ਗੈਂਗਸਟਰ ਗੀਤਾਂ ਦੀਆਂ
ਧੁੰਨਾਂ ਉੱਤੇ ਨੱਚ ਰਹੀ ਹੈ।
ਅਸੀਂ, ਖੁਸ਼ ਹਾਂ-
ਸਾਡੇ, ਗੈਂਗਸਟਰ ਗਾਇਕ ਯੁਵਕਾਂ ਦੀ ਮਾਨਸਿਕਤਾ
ਗੰਧਲੀ ਕਰ ਰਹੇ ਹਨ।
ਅਸੀਂ, ਖੁਸ਼ ਹਾਂ-
ਸਾਡੇ, ਦਿਲਾਂ ਦਿਮਾਗ਼ਾਂ ਵਿੱਚ ਗੈਂਗਸਟਰ ਸੋਚ
ਫਨੀਅਰ ਸੱਪ ਬਣ ਬੈਠ ਰਹੀ ਹੈ।
ਅਸੀਂ, ਖੁਸ਼ ਹਾਂ-
ਸਾਡੇ, ਦਿਸ਼ਾਹੀਣ, ਅਗਿਆਨੀ, ਹੰਕਾਰੀ, ਸੁਭਾਅ ਕਾਰਨ
ਬੱਚਿਆਂ ਦੇ ਭਵਿੱਖ ਉੱਤੇ ਵੀ, ਗੈਂਗਸਟਰ ਖ਼ੂਨੀ ਤਲਵਾਰ ਦੀ ਜਕੜ
ਦਿਨ-ਬ-ਦਿਨ, ਹੋਰ ਮਜ਼ਬੂਤੀ ਪਕੜ ਰਹੀ ਹੈ।
***
3. ਰੁਝਾਨ
ਕਵੀ ਨੇ ਆਖਿਆ :
ਮੈਂ ਗੈਂਗਸਟਰਾਂ ਦੀ ਹਿਮਾਇਤ ਵਿੱਚ
ਇੱਕ, ਗੀਤ ਲਿਖ ਸਕਦਾ ਹਾਂ-
ਜੇਕਰ, ਕੋਈ, ਰਾਗੀ, ਢਾਡੀ, ਮੇਰੇ
ਇਸ ਗੀਤ ਦੀ ਤਾਰੀਫ ਵਿੱਚ
ਬਚਨ ਬਿਲਾਸ ਕਰ ਸਕੇ, ਤਾਂ
ਗਾਇਕ ਨੇ ਆਖਿਆ:
ਮੈਂ ਗੈਂਗਸਟਰਾਂ ਦੀ ਹਿਮਾਇਤ ਵਿੱਚ
ਇੱਕ, ਗੀਤ ਗਾ ਸਕਦਾ ਹਾਂ-
ਜੇਕਰ, ਕੋਈ, ਸੋਸ਼ਲ ਮੀਡਿਆ, ਮੇਰੇ
ਇਸ ਗੀਤ ਨੂੰ ਲੱਖਾਂ ਸਰੋਤਿਆਂ
ਤੱਕ ਪਹੁੰਚਾ ਸਕੇ, ਤਾਂ
ਸੰਗੀਤਕਾਰ ਨੇ ਆਖਿਆ:
ਮੈਂ ਗੈਂਗਸਟਰਾਂ ਦੀ ਹਿਮਾਇਤ ਵਿੱਚ
ਇੱਕ, ਗੀਤ ਸੁਰਬੱਧ ਕਰ ਸਕਦਾ ਹਾਂ-
ਜੇਕਰ, ਕੋਈ ਡਾਇਰੈਕਟਰ, ਮੇਰੇ
ਇਸ ਗੀਤ ਨੂੰ ਆਪਣੀ ਕਿਸੇ
ਫਿਲਮ ਵਿੱਚ ਸ਼ਾਮਿਲ ਕਰ ਸਕੇ, ਤਾਂ
ਫਿਲਮਸਾਜ਼ ਨੇ ਆਖਿਆ:
ਮੈਂ ਗੈਂਗਸਟਰਾਂ ਦੀ ਹਿਮਾਇਤ ਵਿੱਚ
ਇੱਕ, ਗੀਤ ਨੂੰ ਫਿਲਮ ਦਾ ਹਿੱਸਾ ਬਣਾ ਸਕਦਾ ਹਾਂ-
ਜੇਕਰ, ਸੈਂਸਰ ਬੋਰਡ, ਮੇਰੇ
ਇਸ ਗੀਤ ਨੂੰ ਮੰਜ਼ੂਰੀ
ਦੇ ਸਕੇ, ਤਾਂ
ਜ਼ਾਹਿਰ ਹੈ ਕਿ
ਗੈਂਗਸਟਰ ਸ਼ਬਦ
ਸਾਡੀ ਜ਼ਿੰਦਗੀ ਦਾ
ਹੁਣ, ਅਨਿੱਖੜਵਾਂ
ਅੰਗ ਬਣ ਚੁੱਕਾ ਹੈ।
***
4. ਗੈਂਗਸਟਰ ਮਾਨਸਿਕਤਾ
ਨਾਹਰਾ ਸੁਣਦਿਆਂ ਹੀ, ਉਹ
ਤੁਰ ਪੈਂਦੇ ਹਨ-
ਪੈਟਰੋਲ, ਗੈਸ, ਤੇਲ, ਤਿਜ਼ਾਬ, ਲੈ ਕੇ
ਬੱਸਾਂ, ਗੱਡੀਆਂ, ਕਾਰਾਂ, ਟਰੱਕਾਂ, ਨੂੰ
ਅਗਨ ਭੇਟ ਕਰਨ ਲਈ।
ਨਾਹਰਾ ਸੁਣਦਿਆਂ ਹੀ, ਉਹ
ਤੁਰ ਪੈਂਦੇ ਹਨ-
ਤਲਵਾਰਾਂ, ਬਰਛੇ, ਤਿਰਸ਼ੂਲ, ਟਕੂਏ, ਲੈ ਕੇ
ਮਾਸੂਮਾਂ, ਬੇਗੁਨਾਹਾਂ, ਬੱਚਿਆਂ, ਬੁੱਢਿਆਂ, ਦਾ
ਕਤਲੇਆਮ ਕਰਨ ਲਈ।
ਨਾਹਰਾ ਸੁਣਦਿਆਂ ਹੀ, ਉਹ
ਤੁਰ ਪੈਂਦੇ ਹਨ-
ਲਾਠੀਆਂ, ਸਰੀਏ, ਕਹੀਆਂ, ਹਥੌੜੇ, ਲੈ ਕੇ
ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ, ਹਸਪਤਾਲਾਂ, ਨੂੰ
ਖੰਡਰ ਬਨਾਉਣ ਲਈ।
ਗੈਂਗਸਟਰ ਮਾਨਸਿਕਤਾ
ਅੱਖਾਂ ਤੋਂ ਅੰਨ੍ਹੀ
ਕੰਨਾਂ ਤੋਂ ਬੋਲੀ
ਮੂੰਹਾਂ ਤੋਂ ਗੁੰਗੀ
ਹੁੰਦੀ ਹੈ।
ਗੈਂਗਸਟਰ ਮਾਨਸਿਕਤਾ
ਜੰਗਲ ਦੀ ਅੱਗ ਵਾਂਗ ਫੈਲਦੀ ਹੈ
ਕੈਂਸਰ ਦੇ ਰੋਗ ਵਾਂਗ ਤਬਾਹੀ ਕਰਦੀ ਹੈ।
ਗੈਂਗਸਟਰ ਮਾਨਸਿਕਤਾ
ਅੱਲ੍ਹਾ-ਹੂ-ਅਕਬਰ, ਅੱਲ੍ਹਾ-ਹੂ-ਅਕਬਰ
ਹਰੇ ਰਾਮਾ, ਹਰੇ ਕ੍ਰਿਸ਼ਨਾ
ਜੀਸਸ, ਜੀਸਸ
ਵਾਹਿਗੁਰੂ, ਵਾਹਿਗੁਰੂ
ਦੇ ਸ਼ੋਰੀਲੇ ਨਾਹਰਿਆਂ ਨਾਲ
ਲੋਕਾਂ ਨੂੰ, ਪਾਗਲਪਨ ਦੀ
ਆਖਰੀ ਹੱਦ ਤੱਕ
ਲੈ ਕੇ ਜਾਂਦੀ ਹੈ।
ਗੈਂਗਸਟਰ ਮਾਨਸਿਕਤਾ
ਹੱਥਾਂ ਵਿੱਚ ਫੜੀਆਂ
ਏਕੇ-47 ਮਸ਼ੀਨ ਗੰਨਾਂ ਨਾਲ
ਗੋਲੀਆਂ ਦੀ ਬਰਸਾਤ ਕਰਕੇ
ਸੜਕਾਂ, ਬਾਜ਼ਾਰਾਂ, ਚੌਰਸਤਿਆਂ, ਵਿੱਚ
ਲੇਖਕਾਂ, ਕਲਾਕਾਰਾਂ, ਗਾਇਕਾਂ, ਅਦਾਕਾਰਾਂ, ਦੀਆਂ
ਲਾਸ਼ਾਂ ਦੇ ਅੰਬਾਰ ਲਗਾ ਕੇ
ਤਾਂਡਵ ਨਾਚ ਕਰਦੀ ਹੈ।
ਗੈਂਗਸਟਰ ਮਾਨਸਿਕਤਾ
ਫੇਸਬੁੱਕ, ਇੰਟਰਨੈੱਟ, ਇੰਸਟਾਗਰਾਮ, ਯੂਟਿਊਬ, ਦੇ
ਗਲੋਬਲੀ, ਰਾਜਸਿੰਘਾਸਨਾਂ ਉੱਤੇ ਬੈਠ
ਕਬਰਸਤਾਨਾਂ, ਸ਼ਮਸ਼ਾਨ ਘਰਾਂ, ਗੈਸ ਚੈਂਬਰਾਂ, ਦੀ
ਸਲਾਮਤੀ ਲਈ, ਦੁਆਵਾਂ ਕਰਦੀ ਹੈ।
**
5. ਹਮਾਮ ਵਿੱਚ ਸਭ ਨੰਗੇ
ਲਾਸ਼, ਅਜੇ
ਸ਼ਮਸ਼ਾਨ ਘਰ
ਪਹੁੰਚੀ, ਵੀ
ਨਹੀਂ ਸੀ-
ਰਾਜਨੀਤੀਵਾਨ, ਗਿਰਝਾਂ ਵਾਂਗ
ਆ ਬੈਠੇ, ਸੜਕਾਂ, ਬਾਜ਼ਾਰਾਂ, ਚੌਰਸਤਿਆਂ ਵਿੱਚ
ਆਪਣਾ, ਆਪਣਾ, ਰਾਜਨੀਤੀ ਦਾ
ਰਾਗ ਅਲਾਪਦੇ ਹੋਏ।
ਕੋਈ, ਲਾਸ਼ ਸਾਹਵੇਂ
ਗਾਂਧੀ ਦਾ ਚਰਖਾ ਕੱਤ ਰਿਹਾ ਸੀ
ਕੋਈ, ਲਾਸ਼ ਸਾਹਵੇਂ
ਜਨੂੰਨਸਤਾਨ ਜ਼ਿੰਦਾਬਾਦ ਕਹਿ ਰਿਹਾ ਸੀ
ਕੋਈ, ਲਾਸ਼ ਸਾਹਵੇਂ
ਪੰਥਕ ਏਕਤਾ ਦੀ ਰਟ ਲਗਾ ਰਿਹਾ ਸੀ
ਕੋਈ, ਲਾਸ਼ ਸਾਹਵੇਂ
ਰਾਸ਼ਟਰ ਏਕਤਾ ਦੀ ਪੱਟੀ ਪੜ੍ਹਾ ਰਿਹਾ ਸੀ।
ਕੱਲ੍ਹ ਤੱਕ, ਜਿਨ੍ਹਾਂ ਲਈ
ਲਾਸ਼, ਇੱਕ ਗੈਂਗਸਟਰ ਸੀ
ਉਹ, ਹੁਣ, ਮਗਰਮੱਛ ਵਾਂਗ
ਹੰਝੂ ਵਹਾਉਂਦਾ, ਲਾਸ਼ ਨੂੰ
ਕੌਮ ਦਾ ਹੀਰਾ
ਬਣਾ ਰਿਹਾ ਸੀ।
ਕੱਲ੍ਹ ਤੱਕ, ਜਿਨ੍ਹਾਂ ਲਈ
ਲਾਸ਼, ਹਥਿਆਰਾਂ ਦਾ ਵਿਉਪਾਰੀ ਸੀ
ਉਹ, ਹੁਣ, ਮਕਾਰ, ਸਿਆਸਤਦਾਨ ਵਾਂਗ
ਚਿਹਰੇ ’ਤੇ ਮੁਸਕਰਾਹਟ ਪਹਿਨ, ਲਾਸ਼ ਨੂੰ
ਪੰਜਾਬ ਦੇ ਮੱਥੇ ਦਾ ਮੁਕਟ
ਦਰਸਾ ਰਿਹਾ ਸੀ
ਪਰ, ਕਿਸੇ ਨੇ
ਇਹ ਭੇਦ ਨ ਖੋਹਲਿਆ-
ਹਥਿਆਰ, ਗਾਇਕੀ
ਕਿਉਂ, ਕਰਨ ਲੱਗ ਪਏ ਸਨ
ਗਾਇਕੀ, ਨਫ਼ਰਤ
ਕਿਉਂ, ਵੰਡਣ ਲੱਗ ਪਈ ਸੀ
ਕਲਾਕਾਰ, ਹੰਕਾਰੀਪਣ
ਕਿਉਂ, ਉੱਤਮ ਸਮਝਣ ਲੱਗ ਪਏ ਸਨ।
ਪਰ, ਕਿਸੇ ਨਾ
ਸੋਚਿਆ-
ਨਵੀਂ ਪੌਦ, ਖ਼ੁਦਕਸ਼ੀਆਂ ਨੂੰ ਹੀ
ਸ਼ੁਹਰਤ ਦੀਆਂ ਬੁਲੰਦੀਆਂ
ਕਿਉਂ, ਸਮਝਣ
ਲੱਗ ਪਈ ਸੀ।
ਪਰ, ਕਿਸੇ ਨਾ
ਸੋਚਿਆ-
ਪੰਜਾਬ ਦੀ ਧਰਤੀ
ਨਸ਼ਿਆਂ ’ਚ ਗਰਕ ਹੋ
ਇੱਕ ਦੂਜੇ ਦਾ ਕਤਲ ਕਰਨ ਨੂੰ ਹੀ, ਕਿਉਂ
ਜ਼ਿੰਦਗੀ ਦਾ ਮਨੋਰਥ
ਸਮਝਣ ਲੱਗ ਪਈ ਸੀ
ਪਰ, ਕਿਸੇ ਨਾ
ਸੋਚਿਆ-
ਸਾਡੀ ਸੋਚ, ਸਾਡੀ ਮਾਨਸਿਕਤਾ, ਸਾਡੀ ਹੋਂਦ
ਇਹ ਕਿਸ ਦਿਸ਼ਾ ਵੱਲ
ਤੁਰ ਪਈ ਸੀ।
*****