“ਉਹ ਕੈਨੇਡਾ ਆ ਕੇ ਵੀ ਇੰਡੀਆ ਵਾਲੇ ਅੱਜਕੱਲ੍ਹ ਦੇ ਗੁੰਡਾਰਾਜ ...”
(5 ਨਵੰਬਰ 2019)
ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਕਾਨੂੰਨਾਂ ਵਿੱਚ ਸੌਖ ਕਰ ਦਿੱਤੇ ਜਾਣ ਕਾਰਨ ਹੁਣ ਹਰ ਸਾਲ ਲੱਖਾਂ ਪੰਜਾਬੀ ਇੰਟਰਨੈਸ਼ਨਲ ਸਟੂਡੈਂਟਸ ਪੜ੍ਹਨ ਲਈ ਕੈਨੇਡਾ ਆ ਰਹੇ ਹਨ। ਇਹ ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਇੱਕ ਆਮ ਕੈਨੇਡੀਅਨ ਸਟੂਡੈਂਟ ਨਾਲੋਂ ਤਿੰਨ ਗੁਣਾ ਵੱਧ ਫੀਸਾਂ ਦਿੰਦੇ ਹਨ, ਜਿਸ ਕਾਰਨ ਹਰ ਸਾਲ ਕੈਨੇਡਾ ਨੂੰ ਕਰੋੜਾਂ ਡਾਲਰਾਂ ਦੀ ਵਾਧੂ ਕਮਾਈ ਹੁੰਦੀ ਹੈ। ਪਰ ਕੈਨੇਡਾ ਨੂੰ ਹੁੰਦੀ ਇਸ ਵਾਧੂ ਕਮਾਈ ਦੇ ਨਾਲ ਨਾਲ ਇੰਡੀਆ ਤੋਂ ਆਉਣ ਵਾਲੇ ਇਹ ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਕੈਨੇਡਾ ਲਈ ਅਨੇਕਾਂ ਤਰ੍ਹਾਂ ਦੀਆਂ ਸਮਾਜਿਕ, ਸੱਭਿਆਚਾਰਕ ਅਤੇ ਕਾਨੂੰਨ ਨਾਲ ਸਬੰਧਤ ਸਮੱਸਿਆਵਾਂ ਵੀ ਲੈ ਕੇ ਆ ਰਹੇ ਹਨ। ਇਨ੍ਹਾਂ ਸਮੱਸਿਆਵਾਂ ਬਾਰੇ ਕੈਨੇਡੀਅਨ ਮੇਨ ਸਟਰੀਮ ਮੀਡੀਆ ਦੇ ਨਾਲ ਨਾਲ ਕੈਨੇਡੀਅਨ ਪੰਜਾਬੀ ਰੇਡੀਓ, ਟੀਵੀ, ਪ੍ਰਿੰਟ ਮੀਡੀਆ ਵਿੱਚ ਪਿਛਲੇ ਤਕਰੀਬਨ ਇੱਕ ਸਾਲ ਤੋਂ ਜ਼ੋਰਦਾਰ ਚਰਚਾ ਛਿੜੀ ਹੋਈ ਹੈ।
ਕੈਨੇਡਾ ਦੇ ਸ਼ਹਿਰੀਆਂ ਵੱਲੋਂ ਵੀ ਇਸ ਵਿਚਾਰ-ਚਰਚਾ ਵਿੱਚ ਲਗਾਤਾਰ ਹਿੱਸਾ ਲਿਆ ਜਾ ਰਿਹਾ ਹੈ। ਕਈ ਕੈਨੇਡੀਅਨ ਪੰਜਾਬੀ ਰੇਡੀਓ ਚੈਨਲ ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਰੇਡੀਓ ਟਾਕ-ਸ਼ੌਅ/ਰੇਡੀਓ ਕਾਲ ਸ਼ੋਅ ਵੀ ਕਰ ਰਹੇ ਹਨ। ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਵੱਲੋਂ ਕੈਨੇਡਾ ਦੇ ਸ਼ਹਿਰਾਂ ਬਰੈਂਪਟਨ, ਮਿਸੀਸਾਗਾ, ਟੋਰਾਂਟੋ ਆਦਿ ਵਿੱਚ ਨਿੱਤ ਦਿਨ ਕੀਤੀਆਂ ਜਾ ਰਹੀਆਂ ਹਥਿਆਰਬੰਦ ਲੜਾਈਆਂ ਅਤੇ ਕਤਲਾਂ ਦੀਆਂ ਵੀਡੀਓ ਵੀ ਲਗਾਤਾਰ ਫੇਸਬੁੱਕ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ ਜਿਸ ਕਾਰਨ ਬਰੈਂਪਟਨ, ਮਿਸੀਸਾਗਾ ਆਦਿ ਸ਼ਹਿਰਾਂ ਵਿੱਚ ਵਧ ਰਹੇ ਕਰਾਈਮ ਵਿੱਚ ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਵੱਲੋਂ ਪਾਏ ਜਾ ਰਹੇ ਜ਼ਿਕਰਯੋਗ ਯੋਗਦਾਨ ਬਾਰੇ ਵੀ ਕੈਨੇਡੀਅਨ ਮੀਡੀਆ ਅਤੇ ਪੀਲ ਪੁਲਿਸ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਵੱਲੋਂ ਬਰੈਂਪਟਨ, ਮਿਸੀਸਾਗਾ ਆਦਿ ਸ਼ਹਿਰਾਂ ਦੀਆਂ ਸੜਕਾਂ, ਚੌਰਸਤਿਆਂ ਅਤੇ ਪਲਾਜ਼ਿਆਂ ਦੀਆਂ ਪਾਰਕਿੰਗ ਲਾਟਸ ਵਿੱਚ ਨਿੱਤ ਦਿਨ ਕੀਤੀਆਂ ਜਾ ਰਹੀਆਂ ਹਥਿਆਰਬੰਦ ਲੜਾਈਆਂ ਦੇ ਹੇਠ ਲਿਖੇ ਕਾਰਨ ਸਮਝੇ ਜਾ ਰਹੇ ਹਨ:
ਕੁਝ ਕੁ ਕਾਲਿਜਾਂ ਵਿੱਚ ਹੀ ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਨੂੰ ਵੱਡੀ ਗਿਣਤੀ ਵਿੱਚ ਦਾਖਲਾ ਦਿੱਤਾ ਜਾ ਰਿਹਾ ਹੈ।
ਕੁਝ ਕੁ ਗਿਣਤੀ ਦੇ ਹੀ ਵਿਗੜੇ ਹੋਏ ਅਤੇ ਨਸ਼ਿਆਂ ਦੇ ਸ਼ੌਕੀਨ ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਇਨ੍ਹਾਂ ਸਾਰੀਆਂ ਹਥਿਆਰਬੰਦ ਲੜਾਈਆਂ ਲਈ ਜ਼ਿੰਮੇਵਾਰ ਹਨ।
ਇਨ੍ਹਾਂ ਲੱਖਾਂ ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਵਿੱਚ ਕੁਝ ਅਜਿਹੇ ਲੋਕ ਵੀ ਕੈਨੇਡਾ ਵਿੱਚ ਪਹੁੰਚਣ ਵਿੱਚ ਸਫਲ ਹੋ ਰਹੇ ਹਨ ਜੋ ਕਿ ਸਿਰਫ ਡਾਲਰਾਂ ਦੇ ਜ਼ੋਰ ਨਾਲ ਕੈਨੇਡਾ ਪਹੁੰਚ ਰਹੇ ਹਨ, ਜਿਨ੍ਹਾਂ ਦਾ ਉਦੇਸ਼ ਇੱਥੇ ਆ ਕੇ ਪੜ੍ਹਨਾ ਬਿਲਕੁਲ ਹੀ ਨਹੀਂ ਹੈ।
ਇਨ੍ਹਾਂ ਵਿੱਚੋਂ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਦੇ ਸਖਤ ਕਾਨੂੰਨਾਂ ਦੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਇਸ ਲਈ ਉਹ ਕੈਨੇਡਾ ਆ ਕੇ ਵੀ ਇੰਡੀਆ ਵਾਲੇ ਅੱਜਕੱਲ੍ਹ ਦੇ ਗੁੰਡਾਰਾਜ ਵਾਲੇ ਮਾਹੌਲ ਦੀ ਸਿਰਜਣਾ ਕਰਨ ਵਿੱਚ ਲੀਨ ਹੋ ਜਾਂਦੇ ਹਨ।
ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਦੀਆਂ ਜਿਨ੍ਹਾਂ ਸਮੱਸਿਆਵਾਂ ਦਾ ਅੱਜਕੱਲ੍ਹ ਕੈਨੇਡੀਅਨ ਪੰਜਾਬੀ ਮੀਡੀਆ ਵਿੱਚ ਬਹੁਤ ਜ਼ਿਆਦਾ ਚਰਚਾ ਛਿੜਿਆ ਹੋਇਆ ਹੈ, ਉਨ੍ਹਾਂ ਵਿੱਚੋਂ ਸਭ ਤੋਂ ਅਹਿਮ ਸਮੱਸਿਆ ਹੈ ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਦੀਆਂ ਬਰੈਂਪਟਨ, ਮਿਸੀਸਾਗਾ, ਮਾਲਟਨ ਅਤੇ ਟੋਰਾਂਟੋ ਵਿੱਚ ਰਹਿਣ ਦੇ ਟਿਕਾਣਿਆਂ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ।
ਇਸ ਸਮੱਸਿਆ ਦੀ ਵਿਗੜਦੀ ਜਾਂਦੀ ਹਾਲਤ ਲਈ ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ, ਮਕਾਨ ਮਾਲਕ ਅਤੇ ਕੈਨੇਡਾ ਸਰਕਾਰ ਨੂੰ ਬਰਾਬਰ ਦੇ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ।
ਕੈਨੇਡਾ ਸਰਕਾਰ ਇਸ ਸਮੱਸਿਆ ਲਈ ਇਸ ਲਈ ਜ਼ਿੰਮੇਵਾਰ ਹੈ ਕਿਉਂਕਿ ਉਹ ਮਹਿਜ਼ ਹਰ ਸਾਲ ਕਰੋੜਾਂ ਡਾਲਰ ਕਮਾਉਣ ਖਾਤਰ ਇੰਡੀਆ ਤੋਂ ਲੱਖਾਂ ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਨੂੰ ਕੈਨੇਡਾ ਤਾਂ ਬੁਲਾਈ ਜਾ ਰਹੀ ਹੈ ਪਰ ਇਸ ਗੱਲ ਬਾਰੇ ਕਦੀ ਸੋਚਦੀ ਨਹੀਂ ਕਿ ਇਹ ਲੱਖਾਂ ਸਟੂਡੈਂਟਸ ਕੈਨੇਡਾ ਆ ਕੇ ਰਹਿਣਗੇ ਕਿੱਥੇ?
ਮਕਾਨ ਮਾਲਕ ਇਸ ਸਮੱਸਿਆ ਲਈ ਇਸ ਕਰਕੇ ਜ਼ਿੰਮੇਵਾਰ ਹਨ ਕਿਉਂਕਿ ਉਹ ਨਿੱਕੇ ਨਿੱਕੇ ਕਮਰਿਆਂ ਦਾ 800-900 ਡਾਲਰ ਮਹੀਨਾ ਤੱਕ ਕਿਰਾਇਆ ਲੈ ਰਹੇ ਹਨ। ਕਈ ਮਕਾਨ ਮਾਲਕ ਤਾਂ ਇਲਲੀਗਲ ਤੌਰ ਉੱਤੇ ਆਪਣੇ ਕਾਰ ਗੈਰਾਜ ਜਾਂ ਕਿਚਨ ਵਿੱਚ ਹੀ ਇੰਟਰਨੈਸ਼ਨਲ ਸਟੂਡੈਂਟਸ ਦੇ ਬੈੱਡ ਲਗਾ ਕੇ ਹਜ਼ਾਰਾਂ ਡਾਲਰ ਕਮਾ ਰਹੇ ਹਨ। ਇਹ ਮਕਾਨ ਮਾਲਕ ਸਰਕਾਰ ਨੂੰ ਆਪਣੇ ਇਨ੍ਹਾਂ ਗੈਰ-ਕਾਨੂੰਨੀ ਕੰਮਾਂ ਦਾ ਪਤਾ ਹੀ ਨਹੀਂ ਲੱਗਣ ਦਿੰਦੇ ਕਿਉਂਕਿ ਉਹ ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਨੂੰ ਕਿਰਾਏ ਦੀ ਰਸੀਦ ਹੀ ਨਹੀਂ ਦਿੰਦੇ। ਇਸ ਤਰ੍ਹਾਂ ਇਹ ਪੰਜਾਬੀ ਮਕਾਨ ਮਾਲਕ ਬਲੈਕ ਮਨੀ ਕਮਾ ਰਹੇ ਹਨ।
ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਇਸ ਸਮੱਸਿਆ ਲਈ ਇਸ ਕਰਕੇ ਜ਼ਿੰਮੇਵਾਰ ਹਨ ਕਿਉਂਕ, ਆਮ ਤੌਰ ਉੱਤੇ ਉਹ ਕਿਰਾਏ ਉੱਤੇ ਕਮਰਾ ਲੈਣ ਵੇਲੇ ਮਾਲਕ ਮਕਾਨ ਤੋਂ ਕੇਵਲ ਇੱਕ ਜਾਂ ਦੋ ਸਟੂਡੈਂਟਸ ਲਈ ਹੀ ਕਮਰਾ ਕਿਰਾਏ ਉੱਤੇ ਲੈਂਦੇ ਹਨ ਪਰ ਉਹ ਅੱਗੋਂ ਇਲਲੀਗਲ ਤੌਰ ਉੱਤੇ ਉਸ ਨਿੱਕੇ ਜਿਹੇ ਕਮਰੇ ਵਿੱਚ ਹੀ ਤਿੰਨ, ਚਾਰ ਹੋਰ ਸਟੂਡੈਂਟਸ ਨੂੰ ਕਿਰਾਏ ਉੱਤੇ ਆਪਣੇ ਨਾਲ ਰੱਖ ਲੈਂਦੇ ਹਨ। ਇਸ ਤਰ੍ਹਾਂ ਇੱਕ ਨਿੱਕੇ ਜਿਹੇ ਕਮਰੇ ਵਿੱਚ ਹੀ ਸੁੰਗੜ-ਸੁੰਗੜ ਕੇ ਸੁੱਤੇ ਹੋਏ ਪੰਜ, ਛੇ ਸਟੂਡੈਂਟ ਇੰਝ ਜਾਪਦੇ ਹਨ ਜਿਵੇਂ ਕਿਤੇ ਪੰਜ, ਛੇ ਮੱਝਾਂ, ਗਾਵਾਂ ਕਿਸੇ ਜਾਨਵਰਾਂ ਦੇ ਖੁੱਡੇ ਵਿੱਚ ਖੁਰਲੀਆਂ ਉੱਤੇ ਬੰਨ੍ਹੀਆਂ ਹੋਈਆਂ ਹੋਣ। ਕਈ ਇਹੋ ਜਿਹੇ ਪੰਜ ਪਾਂਡਵ ਆਪਣੇ ਇਸ ਨਿੱਕੇ ਜਿਹੇ ਘੁਰਨੇ ਵਿੱਚ ਹੀ ਇੱਕ ਦਰੋਪਦੀ ਵੀ ਵਾੜ ਲੈਂਦੇ ਹਨ। ਉਹ ਦਰੋਪਦੀ ਉਨ੍ਹਾਂ ਪਾਂਡਵਾਂ ਦਾ ਨਾਂ ਸਿਰਫ ਦਿਲ ਹੀ ਪਰਚਾਉਂਦੀ ਹੈ, ਬਲਕਿ ਰਾਤ ਦੇ 2/3 ਵਜੇ ਉੱਠ ਕੇ ਉਨ੍ਹਾਂ ਪੰਜਾਂ ਪਾਂਡਵਾਂ ਲਈ ਰੋਟੀ/ਪਾਣੀ ਵੀ ਤਿਆਰ ਕਰਦੀ ਹੈ। ਇਨ੍ਹਾਂ ਵਿੱਚੋਂ ਕਈ ਵਿਗੜੇ ਹੋਏ ਪਾਂਡਵ ਸਾਰੀ ਸਾਰੀ ਰਾਤ ਉੱਚੀ ਆਵਾਜ਼ ਉੱਤੇ ਮਿਊਜ਼ਿਕ ਵੀ ਸੁਣਨਾ ਪਸੰਦ ਕਰਦੇ ਹਨ, ਬਿਨਾਂ ਇਸ ਗੱਲ ਵੱਲ ਕੋਈ ਧਿਆਨ ਦਿੱਤੇ ਕਿ ਘਰ ਦੇ ਮਾਲਕ ਵੀ ਸੁੱਤੇ ਹੋਏ ਹਨ। ਕਈ ਅਜਿਹੇ ਵਿਗੜੇ ਹੋਏ ਇੰਟਰਨੈਸ਼ਨਲ ਪੰਜਾਬੀ ਸਟੂਡੈਂਟ ਵੀ ਹੁੰਦੇ ਹਨ ਜੋ ਕਿ ਘਰ ਦਾ ਫਾਇਰ ਆਲਰਮ ਵੀ ਬੰਦ ਕਰਕੇ ਸੌਂਦੇ ਹਨ ਤਾਂ ਕਿ ਉਨ੍ਹਾਂ ਦੀ ਨੀਂਦ ਨੂੰ ਕੋਈ ਡਿਸਟਰਬ ਨਾ ਕਰੇ? ਅਜਿਹੀਆਂ ਹਾਲਤਾਂ ਵਿੱਚ ਜੇਕਰ ਘਰ ਨੂੰ ਅੱਗ ਲੱਗ ਜਾਵੇ ਤਾਂ ਇਨ੍ਹਾਂ ਸਭ ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਦੀਆਂ ਮੌਤਾਂ ਬਾਰੇ ਕੌਣ ਜ਼ਿੰਮੇਵਾਰ ਹੋਵੇਗਾ ਅਤੇ ਘਰ ਦੀ ਲੱਖਾਂ ਡਾਲਰਾਂ ਦੀ ਇੰਸ਼ੋਰੈਂਸ ਲਈ ਕੌਣ ਜ਼ਿੰਮੇਵਾਰ ਹੋਵੇਗਾ?
ਅਜਿਹੇ ਘਰਾਂ ਦੀ ਸਾਫ਼-ਸਫ਼ਾਈ ਦਾ ਇਹ ਵਿਗੜੇ ਹੋਏ ਪਾਂਡਵ ਕਿਹੋ ਜਿਹਾ ਹਾਲ ਕਰਦੇ ਹਨ, ਇਸ ਗੱਲ ਦਾ ਤਾਂ ਇੱਥੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਈ ਮਕਾਨ ਮਾਲਕ ਤਾਂ ਇਹੋ ਜਿਹੇ ਪਾਂਡਵਾਂ ਨੂੰ ਆਪਣੀ ਜੇਬ ਵਿੱਚੋਂ ਡਾਲਰ ਦੇ ਕੇ ਆਪਣੇ ਘਰਾਂ ਵਿੱਚੋਂ ਬਾਹਰ ਕੱਢਦੇ ਹਨ।
ਕੁਝ ਦਿਨ ਪਹਿਲਾਂ ਇੱਕ ਪੰਜਾਬੀ ਰੇਡੀਓ ਉੱਤੇ ਇਹ ਖਬਰ ਵੀ ਆ ਰਹੀ ਸੀ ਕਿ ਇੱਕ ਮਕਾਨ ਮਾਲਕ ਨੇ ਇੱਕ ਇੰਟਰਨੈਸ਼ਨਲ ਪੰਜਾਬੀ ਸਟੂਡੈਂਟ ਦਾ ਸਮਾਨ ਚੁੱਕ ਕੇ ਬਾਹਰ ਸੜਕ ਉੱਤੇ ਸੁੱਟ ਦਿੱਤਾ ਅਤੇ ਉਸ ਸਟੂਡੈਂਟ ਨੂੰ ਇੱਕ ਗੈਸ ਸਟੇਸ਼ਨ ਉੱਤੇ ਹੀ ਸਾਰੀ ਰਾਤ ਗੁਜ਼ਾਰਨੀ ਪਈ ਸੀ। ਕਾਰਨ ਇਹ ਸੀ ਕਿ ਉਸ ਇੰਟਰਨੈਸ਼ਨਲ ਪੰਜਾਬੀ ਸਟੂਡੈਂਟ ਦੇ ਸਿਰ ਵਿੱਚ ਬਹੁਤ ਜੂੰਆਂ ਸਨ ਅਤੇ ਮਕਾਨ ਮਾਲਕ ਨੂੰ ਡਰ ਸੀ ਕਿ ਇਸ ਸਟੂਡੈਂਟ ਤੋਂ ਉਸਦੇ ਆਪਣੇ ਬੱਚਿਆਂ ਦੇ ਸਿਰਾਂ ਵਿੱਚ ਜੂੰਆਂ ਨਾ ਪੈ ਜਾਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1798)
(ਸਰੋਕਾਰ ਨਾਲ ਸੰਪਰਕ ਲਈ: