“ਭਾਵੇਂ ਕਿ ਮੁੱਢ ਵਿੱਚ ਉਸ ਦੇ ਗੀਤਾਂ ਵਿੱਚ ਅਜਿਹਾ ਨਹੀਂ ਸੀ; ਪਰ ਹੌਲੀ ਹੋਲੀ ਉਸ ਦੇ ਗੀਤਾਂ ਵਿੱਚ ਗੰਨ ਕਲਚਰ ...”
(6 ਜੁਲਾਈ 2022)
ਮਹਿਮਾਨ: 98.
ਸਾਲ 2016 ਦੇ ਅਖੀਰ ਵਿੱਚ ਸਿੱਧੂ ਮੂਸੇਵਾਲਾ ਇੰਟਰਨੈਸ਼ਨਲ ਸਟੂਡੈਂਟ ਬਣਕੇ ਇੰਡੀਆ ਤੋਂ ਕੈਨੇਡਾ ਪਹੁੰਚਿਆ। ਉਸਨੇ ਟੋਰਾਂਟੋ ਦੇ ਹੰਬਰ ਕਾਲਿਜ ਵਿੱਚ ਦਾਖਲਾ ਲਿਆ ਅਤੇ ਬਰੈਂਪਟਨ ਸ਼ਹਿਰ ਵਿੱਚ ਰਹਿਣ ਲੱਗਾ। ਇੱਥੇ ਆ ਕੇ ਉਸਨੇ ਪੜ੍ਹਾਈ ਦੇ ਨਾਲ ਨਾਲ ਆਪਣਾ ਖਰਚਾ ਚਲਾਉਣ ਲਈ ਇੱਕ ਬੇਕਰੀ ਵਿੱਚ ਕੰਮ ਕੀਤਾ। ਪਰ ਉਸ ਅੰਦਰ ਪੰਜਾਬੀ ਗਾਇਕੀ ਦੀ ਚਿਣਗ ਹੋਣ ਕਰਕੇ ਉਸ ਨੇ ਇੱਕ ਦੋਗਾਣਾ ਲਿਖਿਆ। ਚਰਚਿਤ ਪੰਜਾਬੀ ਗਾਇਕ ਅਮਰ ਚਮਕੀਲੇ ਵਾਂਗ, ਇਹ ਦੋਗਾਣਾ ਉਸਨੇ ਗਾਇਕਾ ਗੁਰਲੇਜ਼ ਅਖਤਰ ਨਾਲ ਮਿਲਕੇ ਗਾਇਆ। ‘ਜੀ ਵੈਗਨ’ ਨਾਮ ਹੇਠ ਇਹ ਦੋਗਾਣਾ ਰੀਕਾਰਡ ਕਰਵਾਇਆ ਅਤੇ ਰੀਲੀਜ਼ ਕੀਤਾ।
ਇਸ ਪਹਿਲੇ ਹੀ ਗੀਤ ਵਿੱਚ ਉਸਨੇ ਆਪਣੇ ਅਤੇ ਮਾਲਵੇ ਦੇ ਇਲਾਕੇ ਦੇ ਪੰਜਾਬੀਆਂ ਦੇ ਸੁਭਾਅ ਨੂੰ ਬਹੁਤ ਹੀ ਅੱਖੜ ਕਿਸਮ ਦੇ, ਤਾਨਾਸ਼ਾਹ, ਬੇਲਿਹਾਜ਼ ਅਤੇ ਹਥਿਆਰਾਂ ਨਾਲ ਪਿਆਰ ਕਰਨ ਵਾਲਿਆਂ ਦੇ ਰੂਪ ਵਿੱਚ ਪੇਸ਼ ਕੀਤਾ। ਉਸਦੀ ਇਹੀ ਅੱਖੜ ਕਿਸਮ ਦੇ ਬੰਦੇ ਵਾਲੀ ਪਛਾਣ ਉਸ ਦੇ ਅਗਲੇ ਵਧੇਰੇ ਗੀਤਾਂ ਵਿੱਚ ਵੀ ਪੇਸ਼ ਹੁੰਦੀ ਰਹੀ। ਉਸਦਾ ਮੋਹ ਹਥਿਆਰਾਂ ਨਾਲ ਮੋਹ ਰੱਖਣ ਵਾਲੇ ਗੈਂਗਸਟਰਾਂ ਨਾਲ ਵੀ ਵਧਦਾ ਗਿਆ। ਇਸੇ ਮੋਹ ਸਦਕਾ ਹੀ ਸਿੱਧੂ ਮੂਸੇਵਾਲਾ ਰੈਪ ਮਿਊਜ਼ਿਕ ਅਤੇ ਰੈਪ ਗਾਇਕਾਂ ਦੇ ਵੀ ਨੇੜੇ ਹੁੰਦਾ ਗਿਆ।
ਹੌਲੀ ਹੌਲੀ ਸਿੱਧੂ ਮੂਸੇਵਾਲਾ ਦੀ ਸ਼ਮੂਲੀਅਤ ਵੀ ਰੈਪ ਗਾਇਕਾਂ ਵਿੱਚ ਹੋਣ ਲੱਗੀ ਅਤੇ ਉਸਦੇ ਗੀਤਾਂ ਨੂੰ ਵੀ ਗੈਂਗਸਟਰ ਗੀਤ ਕਿਹਾ ਜਾਣ ਲੱਗਾ। ਉਸਦਾ ਕਤਲ ਹੋ ਜਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਨਾਮ ਵੀ ਦੁਨੀਆਂ ਭਰ ਦੇ ਉਨ੍ਹਾਂ 77 ਰੈਪ ਗਾਇਕਾਂ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਜੋ ਕਿ ਪਿਛਲੇ 25 ਸਾਲਾਂ ਵਿੱਚ ਕਿਸੇ ਨਾ ਕਿਸੇ ਕਾਰਨ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਹਨ।
ਪੇਸ਼ ਹਨ ਸਿੱਧੂ ਮੂਸੇਵਾਲਾ ਦੇ ਪਹਿਲੇ ਗੀਤ ‘ਜੀ ਵੈਗਨ’ ਵਿੱਚੋਂ ਜ਼ਿਕਰਯੋਗ ਤਿੰਨ ਪੈਰੇ ਤਾਂ ਕਿ ਉਸਦੀ ਗਾਇਕੀ ਦੇ ਮੁਢਲੇ ਸੁਭਾਅ ਬਾਰੇ ਜਾਣਿਆ ਜਾ ਸਕੇ:
ਗੀਤ: ਜੀ ਵੈਗਨ
ਓ ਜਿੱਥੇ ਖੱਬੀ ਖ਼ਾਨ ਨੇ ਘਰਾਣੇ ਬੱਲੀਏ,
ਵੈਲੀਆਂ ਦੇ ਵੱਢ ਖਾਣੇ ਲਾਣੇ ਬੱਲੀਏ,
ਰੱਖ ਕਿਰਪਾਨਾਂ ਉੱਤੇ ਖਾਂਦੇ ਰੋਟੀਆਂ,
ਓਥੋਂ ਦੇ ਨਿਆਣੇ ਕੀ ਸਿਆਣੇ ਬੱਲੀਏ
ਓ ਜਿਸਦੇ ਉੱਤੇ ਅੱਖ ਉਹ ਅਜੀਬ ਕਰਦੇ
ਅੜੀ ਦੀ ਗਵਾਹੀ ਸਾਰਾ ਜੱਗ ਭਰਦਾ।
**
ਓ ਮਾਲਵਾ ਬੈਲਟ ਵਿੱਚ ਪੈਂਦੇ ਜੱਟਾਂ ਦੀ,
ਦੇਖ ਤੂੰ ਕੈਨੇਡਾ ਤਕ ਪੈਂਦੀ ਧਾਕ ਨੀ,
ਤੂੰ ਜਿਹੜੀਆਂ ਦੁਨਾਲੀਆਂ ਦੀ ਗੱਲ ਕਰਦੀ,
ਸਾਡੇ ਪਿੰਡ ਚੱਕੀ ਫਿਰਦੇ ਜਵਾਕ ਨੀ,
ਉਹ ਬਾਡੀ ਦਾ ਬਣਾ ਦਿੰਦੇ ਰੋਸ਼ਨਦਾਨ ਨੀ,
ਓ ਲੰਡੂ ਬੰਦਾ ਜੇ ਕੋਈ ਵਾਧੂ ਸਿਰ ਚੱਕਦਾ,
ਓ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ,
ਜੱਟ ਉਸ ਪਿੰਡ ਤੋਂ ਬਿਲੋਂਗ ਕਰਦਾ।
3.
ਓ ਪਿੰਡ ਮੇਰਾ ਮੂਸਾ ਮਾਨਸਾ ਦਾ ਏਰੀਆ,
ਦੱਸ ਦੇਵੀਂ ਵੀਰਾਂ ਨੂੰ ਤੂੰ ਜਿੱਥੇ ਰਹਿੰਦੇ ਨੇ,
ਟੋਪੀ ਵਾਲੇ ਕਿੱਲ ਠੋਕਾਂ ਸ਼ੌਕ ਨਾਲ ਨੀ,
ਜੱਟ ਨੂੰ ਵੀ ਸਿੱਧੂ ਮੂਸੇਵਾਲਾ ਕਹਿੰਦੇ ਨੇ,
ਓ ਤਾਨਾਸ਼ਾਹ ਅਸੂਲ ਤੇ ਸੁਭਾਅ ਅੱਥਰਾ,
ਪਾਉਂਦਾ ਏ ਪਟਾਕੇ ਜਿੱਥੇ ਪੈਰ ਧਰਦਾ,
ਓ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ,
ਜੱਟ ਉਸ ਪਿੰਡ ਤੋਂ ਬਿਲੋਂਗ ਕਰਦਾ।
ਇੱਕ ਗੱਲ ਤਾਂ ਹੁਣ ਮੀਡੀਆ ਵਿੱਚ ਯਕੀਨ ਨਾਲ ਕਹੀ ਜਾ ਰਹੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਗੈਂਗਸਟਰ ਗਰੋਹਾਂ ਦਾ ਬੜਾ ਹੀ ਗਹਿਰਾ ਆਪਸੀ ਸਬੰਧ ਹੈ।
ਇਹ ਗੱਲ ਵੀ ਚਰਚਾ ਵਿੱਚ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਆਪਣੀ ਹਰੇਕ ਐਲਬਮ ਵਿੱਚ, ਘੱਟ ਤੋਂ ਘੱਟ, ਇੱਕ ਗੀਤ ਜ਼ਰੂਰ ਦਵਿੰਦਰ ਬੰਬੀਹਾ ਗੈਂਗਸਟਰ ਗਰੋਹ ਲਈ ਗਾਉਂਦਾ ਸੀ ਅਤੇ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੋਹ ਲਈ ਵੀ ਕਈ ਪੰਜਾਬੀ ਗਾਇਕ ਗੀਤ ਗਾਉਂਦੇ ਹਨ।
ਇਹ ਗੱਲ ਵੀ ਉੱਭਰ ਕੇ ਆ ਰਹੀ ਹੈ ਕਿ ਗੈਂਗਸਟਰ ਗਰੋਹ ਪੰਜਾਬੀ ਗਾਇਕਾਂ ਤੋਂ ਫਿਰੌਤੀਆਂ ਵਸੂਲ ਕਰਦੇ ਹਨ ਅਤੇ ਫਿਰੌਤੀਆਂ ਤੋਂ ਇਕੱਠਾ ਕੀਤਾ ਗਿਆ ਕਰੋੜਾਂ ਰੁਪਇਆ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਪਰਮੋਸ਼ਨ ਅਤੇ ਗੰਨ ਕਲਚਰ ਦੀ ਪਰਮੋਸ਼ਨ ਲਈ ਖਰਚ ਵੀ ਰਹੇ ਹਨ।
ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕ ਇਹ ਗੱਲ ਵੀ ਦੱਸ ਰਹੇ ਹਨ ਕਿ ਅੱਜ ਕੱਲ੍ਹ ਇੱਕ ਚੰਗੀ ਮਿਊਜ਼ੀਕਲ ਵੀਡੀਓ ਬਣਾਉਣ ਉੱਤੇ 10 ਲੱਖ ਰੁਪਏ ਤੋਂ ਲੈ ਕੇ 60 ਲੱਖ ਰੁਪਏ ਤਕ ਖਰਚਾ ਹੋ ਜਾਂਦਾ ਹੈ। ਇਸ ਕਾਰਨ ਹੀ ਹੋ ਸਕਦਾ ਹੈ ਕਿ ਅਨੇਕਾਂ ਪੰਜਾਬੀ ਗਾਇਕ ਆਪਣੀ ਮਿਊਜ਼ੀਕਲ ਵੀਡੀਓ ਬਣਾਉਣ ਲਈ ਆ ਰਹੇ ਭਾਰੀ ਖਰਚਿਆਂ ਵਾਸਤੇ ਆਰਥਿਕ ਮਦਦ ਲੈਣ ਲਈ ਗੈਂਗਸਟਰਾਂ ਨਾਲ ਦੋਸਤਾਨਾ ਸਬੰਧ ਬਣਾਉਣ ਲਈ ਮਜਬੂਰ ਹੋ ਜਾਂਦੇ ਹਨ। ਜਾਣਕਾਰੀ ਤਾਂ ਹੁਣ ਇੱਥੋਂ ਤਕ ਵੀ ਸਾਹਮਣੇ ਆ ਰਹੀ ਹੈ ਕਿ ਕਈ ਗੈਂਗਸਟਰਾਂ ਨੇ ਮਿਊਜ਼ੀਕਲ ਵੀਡੀਓ ਪਰੋਡਕਸ਼ਨ ਸਟੂਡੀਓ ਵੀ ਕਾਇਮ ਕਰ ਲਏ ਹਨ।
ਸ਼ਾਇਦ ਸਿੱਧੂ ਮੂਸੇਵਾਲਾ ਵੀ ਇਸੇ ਲਾਲਚ ਅਧੀਨ ਹੀ ਗੈਂਗਸਟਰਾਂ ਦੇ ਨੇੜੇ ਚਲਾ ਗਿਆ ਅਤੇ ਉਹਨਾਂ ਦਾ ਮਨਪਸੰਦ ਵਿਸ਼ਾ ਗੰਨ ਕਲਚਰ ਆਪਣੇ ਗੀਤਾਂ ਵਿੱਚ ਪਰਮੋਟ ਕਰਨ ਲੱਗ ਪਿਆ। ਜਿਸ ਕਾਰਨ ਦੇਖਦੇ ਹੀ ਦੇਖਦੇ 3-4 ਸਾਲਾਂ ਵਿੱਚ ਹੀ ਸਿੱਧੂ ਮੂਸੇਵਾਲਾ ਇੱਕ ‘ਰੈਪ ਗਾਇਕ’ ਵਜੋਂ ਪਰਸਿੱਧੀ ਪਰਾਪਤ ਕਰ ਗਿਆ ਅਤੇ ਉਸਦੇ ਗੀਤਾਂ ਨੂੰ ‘ਗੈਂਗਸਟਰ ਗੀਤ’ ਕਿਹਾ ਜਾਣ ਲੱਗਾ। ਪਰ ਅੰਤ ਵਿੱਚ ਉਸ ਨੂੰ ਇਸ ਤਰ੍ਹਾਂ ਦੀ ਝੂਠੀ ਸ਼ੌਹਰਤ ਪਰਾਪਤ ਕਰਨ ਅਤੇ ਦੌਲਤ ਇਕੱਠੀ ਕਰਨ ਦੀ ਵੱਡੀ ਕੀਮਤ ਅਦਾ ਕਰਨੀ ਪਈ। ਉਸ ਨੂੰ ਆਪਣੀ ਜਾਨ ਵੀ ਗਵਾਉਣੀ ਪਈ। ਅਖੀਰਲੇ ਦਿਨਾਂ ਵਿੱਚ ਸ਼ਾਇਦ ਉਸ ਨੂੰ ਆਪਣੀ ਇਸ ਗਲਤੀ ਦਾ ਅਹਿਸਾਸ ਵੀ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਉਸਨੇ ਆਪਣੇ ਗੀਤਾਂ ਵਿੱਚ ਲੋਕ ਮਸਲਿਆਂ ਬਾਰੇ ਗੱਲਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ। ਪਰ ਸ਼ਾਇਦ ਉਦੋਂ ਤਕ ਪੁਲਾਂ ਹੇਠੋਂ ਬਹੁਤ ਪਾਣੀ ਲੰਘ ਚੁੱਕਿਆ ਸੀ ਅਤੇ ਜ਼ਿੰਦਗੀ ਦਾ ਰੁਖ ਸਹੀ ਦਿਸ਼ਾ ਵੱਲ ਮੋੜਨਾ ਹੁਣ ਇੰਨਾ ਅਸਾਨ ਨਹੀਂ ਰਹਿ ਗਿਆ ਸੀ। ਉਹ ਮੌਤ ਨੂੰ ਮਸ਼ੂਕ ਵਾਂਗ ਉਡੀਕਣ ਲੱਗ ਪਿਆ ਸੀ।
ਪੇਸ਼ ਹਨ ਸਿੱਧੂ ਮੂਸੇਵਾਲਾ ਦੇ ਗੈਂਗਸਟਰ ਗੀਤਾਂ ਵਿੱਚੋਂ ਕੁਝ ਉਦਾਹਰਣਾਂ, ਤਾਂ ਕਿ ਉਸਦੀ ਮਾਨਸਿਕਤਾ ਦੇ ਇਸ ਪੱਖ ਨੂੰ ਵੀ ਕੁਝ ਹੋਰ ਚੰਗੀ ਤਰ੍ਹਾਂ ਸਮਝਿਆ ਜਾ ਸਕੇ:
ਗੀਤ: ਸੋ ਹਾਈ
ਓ ਦੁੱਕੀ ਤਿੱਕੀ ਪੂਰੀ ਠੋਕ ਠੋਕ ਰੱਖਦਾ,
ਡੇਂਜਰ ਤੇ ਜਾਨ ਲੇਵਾ ਸ਼ੌਕ ਰੱਖਦਾ,
ਦੂਰੀ ਫੁੱਟ ਦੀ ਬਣਾ ਕੇ ਹੈ ਮੰਡੀਰ ਖੜ੍ਹਦੀ,
ਡੱਬ ਵਿੱਚ ਭਰ ਕੇ ਗਲੋਕ ਰੱਖਦਾ।
**
ਓ ਨਾਮ ਕਰੇ ਸ਼ਾਈਨ ਜਿਵੇਂ ਧੁੱਪ ਬੱਲੀਏ,
ਮੂੰਹਾਂ ਉੱਤੇ ਰੱਖਦੇ ਹਾਂ ਚੁੱਪ ਬੱਲੀਏ,
ਸਕਸੈੱਸ ਰਹਿੰਦੀ ਸ਼ਹਿਰ ਵਿੱਚ ਸ਼ੋਰ ਕਰਦੀ,
ਸਾਡਾ ਟੌਪ ’ਤੇ ਬੰਦੂਕਾਂ ਦਾ ਗਰੁੱਪ ਬੱਲੀਏ।
**
ਜਿਨ੍ਹਾਂ ਜਿਨ੍ਹਾਂ ਨਾਲ ਮੇਰੀ ਯਾਰੀ ਅੱਲ੍ਹੜੇ,
ਮਾਰੂ ਹਥਿਆਰ ਦੇ ਸ਼ਿਕਾਰੀ ਅੱਲ੍ਹੜੇ,
ਧਰਤੀ ’ਤੇ ਸੁੱਟਦੇ ਨੇ ਪਾਰ ਦੀਆਂ।
**
ਗੀਤ: ਗੈਂਗਸਟਰ ਜੱਟ
ਦਾਹੂਦ ਵਾਂਗ ਅੱਖ ਤੇਰੀ ਗੱਲ ਕਰਦੀ,
ਤੂੰ ਕਰਦੀ ਇਸ਼ਾਰਿਆਂ ਐ ਡੀਲ ਸੋਹਣੀਏ,
ਦੋ ਮੂੰਹਾਂ ਆਲੇ ਪਿਸਤੌਲ ਰੱਖਦਾ,
ਮੇਰੀ ਗੁੰਡਾ ਟੱਚ ਐ ਅਪੀਲ ਸੋਹਣੀਏ।
**
ਗੰਨ ਮੈਕਸੀਕਨ ਬਰੈਂਡ ਬੱਲੀਏ,
ਗੱਡ ਦਿੰਦੀ ਬੰਦਾ ਵਿੱਚ ਲੈਂਡ ਬੱਲੀਏ,
ਇਹ ਨਾ ਛੋਟੇ ਵੱਡੇ ਦਾ ਲਿਹਾਜ਼ ਕਰਦੀ।
**
ਗੈਂਗਸਟਰ ਜੱਟ ਨੂੰ ਕਲਮ ਲੱਭ ਗਈ,
ਲਿਖ ਲਿਖ ਕਰਤੀ ਤਬਾਹੀ ਨਖਰੋ,
ਇਕੱਲਾ ਇਕੱਲਾ ਬੋਲ ਤੇਰੇ ਹਿੱਟ ਕਰਦਾ,
ਖ਼ੂਨ ਵਾਲੀ ਵਰਤਾਂ ਸਿਆਹੀ ਨੱਖਰੋ।
**
ਗੀਤ: ਮਾਫ਼ੀਆ ਸਟਾਈਲ
ਫੁੱਲ ਮਾਫ਼ੀਆ ਸਟਾਈਲ ਵਿਆਹ ਜੱਟ ਦਾ,
ਓ ਲਾਲ ਸੂਹਾ ਰੰਗ ਤਾਂ ਕਿਤੇ ਨੀ ਲੱਭਣਾ,
ਓ ਬੰਦੇ ਕਾਲੇ ਹੋਣੇ ਕਾਲੇ ਪਾਏ ਸੂਟ ਹੋਣਗੇ,
ਯਾਰਾਂ ਦਾ ਹੀ ਪਿੰਡ ਵਿੱਚ ਖੜਾਕਾ ਸੁਣੂਗਾ,
ਦੁੱਕੀ ਤਿੱਕੀ ਸਾਰੀ ਹੀ ਮੀਊਟ ਹੋਣਗੇ,
ਪੀਐਲਆਰ-16 ਜੈਕਟਾਂ ਵਿੱਚ ਹੋਣਗੀਆਂ,
ਪੀਐੱਲਆਰ-16 ਜੈਕਟਾਂ ਵਿੱਚ ਹੋਣਗੀਆਂ,
ਸ਼ੌਕ ਫੋਕੀ ਨੀ ਕਰਾਉਣਾ ਠਾਹ ਠਾਹ ਜੱਟ ਦਾ।
**
4.
ਗੀਤ: ਲਾਸਟ ਰਾਈਡ
1.
ਓ ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ,
ਨੀ ਇਹਦਾ ਉੱਠੂਗਾ ਜਵਾਨੀ ਵਿੱਚ ਜਨਾਜ਼ਾ ਮਿੱਠੀਏ,
ਓ ਗਿਣਤੀ ਦੇ ਦਿਨ ਉਹ ਜਿਉਂਦੇ ਜੱਗ ’ਤੇ,
ਅੰਤ ਨੂੰ ਤਰੱਕੀ ਜਿਸਦੀ ਵੈਰੀ ਬਣਦੀ,
ਓ ਮਰਦ ਮਸ਼ੂਕਾਂ ਵਾਂਗ ਮੌਤ ਉਡੀਕਦਾ,
ਖੌਰੇ ਕਦੋਂ ਖੜਕਾਊ ਦਰਵਾਜ਼ਾ, ਮਿੱਠੀਏ।
ਸਿੱਧੂ ਮੂਸੇਵਾਲਾ ਦੇ ਗੈਂਗਸਟਰ ਗੀਤਾਂ ਤੋਂ ਬਿਨਾਂ ਉਸਦਾ ਇੱਕ ਗੀਤ ‘295’ ਵੀ ਕਾਫੀ ਚਰਚਿਤ ਰਿਹਾ ਹੈ।
ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਬੜੀ ਦਲੇਰੀ ਨਾਲ ਮੌਕਾਪ੍ਰਸਤ ਅਤੇ ਘਟੀਆ ਕਿਰਦਾਰਾਂ ਵਾਲੇ ਰਾਜਨੀਤੀਵਾਨਾਂ, ਸਮਾਜ ਸੇਵੀਆਂ, ਮੀਡੀਆ ਕਰਮੀਆਂ, ਬੋਲੀ ਦੇ ਰਾਖਿਆਂ, ਭ੍ਰਿਸ਼ਟ ਧਾਰਮਿਕ ਨੇਤਾਵਾਂ, ਫੇਸਬੁੱਕੀਆਂ, ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕਰਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਜੇਕਰ ਸਾਡੇ ਸਾਹਿਤਕਾਰ ਆਪਣੇ ਗੀਤਾਂ ਵਿੱਚ ਸੱਚ ਬੋਲਣਗੇ ਤਾਂ ਸਾਡੀ ਅਗਲੀ ਪੀੜ੍ਹੀ ਵੀ ਵਧੀਆ ਸੋਚ ਵਾਲੀ ਹੋਵੇਗੀ।
ਪੇਸ਼ ਹਨ ਇਸ ਗੀਤ ਦੇ ਤਿੰਨ ਪੈਰੇ:
ਨਾਲੇ ਜਿਹੜੇ ਰਸਤੇ ’ਤੇ ਤੂੰ ਤੁਰਿਆ,
ਇੱਥੇ ਬਦਨਾਮੀ ਹਾਈ ਰੇਟ ਮਿਲੂਗੀ,
ਨਿੱਤ ਕੰਟਰੋਵਰਸੀ ਕਰੀਏਟ ਮਿਲੂਗੀ,
ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ,
ਸੱਚ ਬੋਲੇਂਗਾ ਤਾਂ ਮਿਲੂ 295,
ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ।
**
ਅੱਜ ਕਈ ਬਚਾਉਣ ਸੱਭਿਆਚਾਰ ਜੁੱਟ ਕੇ,
ਜਣਾ ਖਣਾ ਦਿੰਦਾ ਇਹ ਵਿਚਾਰ ਉੱਠ ਕੇ,
ਇੰਜ ਲੱਗੇ ਰੱਬ ਜਿਵੇਂ ਹੱਥ ਖੜ੍ਹੇ ਕਰ ਗਿਆ,
ਪੜ੍ਹਾਂ ਜਦੋਂ ਸੁਬਹ ਅਖਬਾਰ ਉੱਠ ਕੇ,
ਚੁੱਪ ਰਹਿ ਓ ਪੁੱਤਰਾ ਨਹੀਂ ਭੇਦ ਖੋਲ੍ਹੀ ਦੇ,
ਲੀਡਰ ਨੇ ਇੱਥੇ ਹੱਕਦਾਰ ਗੋਲੀ ਦੇ।
**
ਜਿਨ੍ਹਾਂ ਦੇ ਜੁਆਕਾਂ ਦੇ ਨਾਮ ਜੌਨ ਤੇ ਸਟੀਵ ਨੇ,
ਰਾਖੇ ਬਣੇ ਫਿਰਦੇ ਉਹ ਮਾਂ ਬੋਲੀ ਦੇ,
ਉਹ ਝੂਠ ਮੈਨੂੰ ਇੱਥੋਂ ਦੇ ਫੈਕਟ ਇਹੀ ਨੇ,
ਚੋਰ ਬੰਦੇ ਇੱਥੋਂ ਦੇ ਸਮਾਜ ਸੇਵੀ ਨੇ,
ਸੱਚ ਵਾਲਾ ਬਾਣਾ ਪਾ ਜੋ ਲੋਕ ਲੁੱਟਦੇ,
ਸਜ਼ਾ ਇਹਨਾਂ ਨੂੰ ਵੀ ਛੇਤੀ ਮੇਟ ਮਿਲੂਗੀ।
**
ਸਿੱਧੂ ਮੂਸੇਵਾਲਾ ਦੀ ਗਾਇਕੀ ਬਾਰੇ ਚਰਚਾ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਉਹ ਪੰਜਾਬੀ ਸੱਭਿਆਚਾਰ ਦੇ ਅਸਮਾਨ ਵਿੱਚ ਇੱਕ ਤੁਫ਼ਾਨ ਵਾਂਗ ਉੱਠਿਆ ਅਤੇ ਦੇਖਦਿਆਂ ਹੀ ਦੇਖਦਿਆਂ ਕੁਝ ਸਾਲਾਂ ਵਿੱਚ ਹੀ ਸੰਗੀਤ ਦੀ ਦੁਨੀਆਂ ਵਿੱਚ ਹਰ ਪਾਸੇ ਹੀ ਛਾ ਗਿਆ। ਉਸਦਾ ਨਾਮ ਨਾ ਸਿਰਫ ਦਿੱਲੀ ਦੇ ਨਾਈਟ ਕਲੱਬਾਂ ਵਿੱਚ ਹੀ ਗੂੰਜਣ ਲੱਗਾ; ਬਲਕਿ ਬਦੇਸ਼ਾਂ ਵਿੱਚ ਵਸਦੇ ਪੰਜਾਬੀ ਡਾਇਸਪੋਰਾ ਦੀਆਂ ਸੱਭਿਆਚਾਰਕ/ਸੰਗੀਤਕ ਪਾਰਟੀਆਂ ਵਿੱਚ ਵੀ ਸਿੱਧੂ ਮੂਸੇਵਾਲਾ ਦਾ ਨਾਮ ਗੂੰਜਣ ਲੱਗਾ।
ਭਾਵੇਂ ਕਿ ਮੁੱਢ ਵਿੱਚ ਉਸ ਦੇ ਗੀਤਾਂ ਵਿੱਚ ਅਜਿਹਾ ਨਹੀਂ ਸੀ; ਪਰ ਹੌਲੀ ਹੋਲੀ ਉਸ ਦੇ ਗੀਤਾਂ ਵਿੱਚ ਗੰਨ ਕਲਚਰ ਅਤੇ ਹਿੰਸਾ ਦਾ ਚਰਚਾ ਆਮ ਹੋਣ ਲੱਗਾ ਜਿਸ ਕਾਰਨ ਉਸ ਦੇ ਮਿਊਜ਼ੀਕਲ ਪਰੋਗਰਾਮਾਂ ਵਿੱਚ ਲੜਾਈ ਝਗੜੇ ਹੋਣ ਲੱਗੇ, ਚਾਕੂ ਚੱਲਣ ਲੱਗੇ ਅਤੇ ਮਿਊਜ਼ੀਕਲ ਹਾਲ ਕਮਰਿਆਂ ਵਿੱਚ ਪਏ ਕੁਰਸੀਆਂ-ਮੇਜ਼ਾਂ ਦੀ ਟੁੱਟ ਭੱਜ ਹੋਣ ਲੱਗੀ। ਪੁਲਿਸ ਨੂੰ ਦਖਲਅੰਦਾਜ਼ੀ ਕਰਕੇ ਉਸ ਦੇ ਮਿਊਜ਼ੀਕਲ ਸ਼ੋਅ ਵਿੱਚ ਵਿਚਾਲੇ ਬੰਦ ਵੀ ਕਰਨੇ ਵੀ ਪਏ ਜਿਸ ਕਾਰਨ ਉਸ ਦੇ ਗੀਤਾਂ ਦੀ ਅਖਬਾਰਾਂ ਵਿੱਚ ਵੀ ਆਲੋਚਨਾ ਹੋਣ ਲੱਗੀ, ਜਿਸ ਕਾਰਨ ਅਖਬਾਰਾਂ ਵਾਲੇ ਸਿੱਧੂ ਮੂਸੇਵਾਲਾ ਨੂੰ ‘ਪੰਜਾਬੀ ਪੰਕ ਗਾਇਕ’ ਵੀ ਕਹਿਣ ਲੱਗੇ।
ਉਸਦੇ ਗੀਤ ਹੁਣ ਔਰਤਾਂ ਉੱਤੇ ਆਪਣਾ ਦਬਦਬਾ ਬਣਾਉਣ ਲਈ ਮਾਰੂ ਹਥਿਆਰਾਂ, ਮਹਿੰਗੀਆਂ ਕਾਰਾਂ ਅਤੇ ਬੇਤਹਾਸ਼ਾ ਹਿੰਸਾ ਕਰ ਸਕਣ ਦੀ ਤਾਕਤ ਦੀਆਂ ਗੱਲਾਂ ਕਰਨ ਲੱਗੇ। ਉਹ ਹੁਣ ਅਜਿਹਾ ਦਾਅਵਾ ਵੀ ਕਰਨ ਲੱਗਾ ਸੀ ਕਿ ਉਸਦੇ ਗੀਤ ਸੁਣਨ ਵਾਲੇ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਸੀ ਅਤੇ ਉਹ ਤਾਂ ਉਹੀ ਕੁਝ ਹੀ ਲਿਖਦਾ ਅਤੇ ਗਾਉਂਦਾ ਸੀ ਜੋ ਕੁਝ ਲੋਕ ਸੁਣਨਾ ਪਸੰਦ ਕਰਦੇ ਸਨ। ਉਹ ਹੁਣ ਆਪਣੀ ਜ਼ਿੰਦਗੀ ਵੀ ਉਸ ਤਰ੍ਹਾਂ ਹੀ ਜਿਊਂਦਾ ਸੀ ਜਿਸ ਤਰ੍ਹਾਂ ਦੀ ਜ਼ਿੰਦਗੀ ਦੀਆਂ ਗੱਲਾਂ ਉਹ ਆਪਣੇ ਗੀਤਾਂ ਵਿੱਚ ਕਰਦਾ ਸੀ ਜਾਂ ਜਿਸ ਤਰ੍ਹਾਂ ਦੀ ਜ਼ਿੰਦਗੀ ਉਸ ਦੀਆਂ ਮਿਊਜ਼ੀਕਲ ਵੀਡੀਓਜ਼ ਵਿੱਚ ਦਿਖਾਈ ਜਾਂਦੀ ਸੀ।
ਉਹ ਆਪਣੇ ਗੀਤਾਂ ਵਿੱਚ ਕਾਲਪਨਿਕ ਦੁਸ਼ਮਣਾਂ ਨੂੰ ਵੰਗਾਰਦਾ ਸੀ ਅਤੇ ਅਸਲ ਜ਼ਿੰਦਗੀ ਵਿੱਚ ਵੀ ਆਪਣੇ ਸਮਕਾਲੀਆਂ ਨੂੰ ਲੜਾਈਆਂ/ਝਗੜੇ ਕਰਨ ਲਈ ਨਿੱਤ ਚੁਣੌਤੀਆਂ ਦਿੰਦਾ ਸੀ। ਸਿੱਧੂ ਮੂਸੇਵਾਲਾ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਅਤੇ ਆਪਣੀ ਗਾਇਕੀ ਵਿੱਚ ਵੀ ਇੱਕ ਮੁਜਰਮ ਅਤੇ ਇੱਕ ਸਿਪਾਹੀ ਦੇ ਕਿਰਦਾਰ ਵਿੱਚ ਬਹੁਤਾ ਫਰਕ ਨਹੀਂ ਰੱਖਦਾ ਸੀ। ਦਰਅਸਲ ਉਸਦੀ ਹੋਂਦ ਦੁਫਾੜ ਮਾਨਸਿਕਤਾ ਵਾਲੇ ਵਿਅਕਤੀ ਵਾਲੀ ਹੋ ਚੁੱਕੀ ਸੀ। ਉਹ ਅਸਲ ਜ਼ਿੰਦਗੀ ਵਿੱਚ ਤਾਂ ਕਹਿੰਦਾ ਸੀ ਕਿ ਉਹ ਰੱਬ ਤੋਂ ਡਰਦਾ ਹੈ ਅਤੇ ਇੱਕ ਨਿਮਾਣਾ ਜਿਹਾ ਬੰਦਾ ਹੈ ਪਰ ਆਪਣੇ ਗੀਤਾਂ ਵਿੱਚ ਅਤੇ ਆਪਣੀਆਂ ਮਿਊਜ਼ੀਕਲ ਵੀਡੀਓਜ਼ ਵਿੱਚ ਉਹ ਆਪਣੇ ਆਪ ਨੂੰ ਹੀ ਸਰਬਸ਼ਕਤੀਮਾਨ ਰੱਬ ਸਮਝਦਾ ਸੀ।
ਭਾਵੇਂ ਕਿ ਉਹ ਧੀਮੀ ਰਫਤਾਰ ਨਾਲ ਜ਼ਿੰਦਗੀ ਜਿਊਣ ਵਾਲੇ ਮੂਸਾ ਪਿੰਡ ਵਿੱਚ ਰਹਿੰਦਾ ਸੀ; ਪਰ ਉਹ ਸਮੇਂ ਸਮੇਂ ਗੈਂਗ ਕਲਚਰ ਅਤੇ ਤੇਜ਼ ਰਫਤਾਰ ਵਾਲੀਆਂ ਸਥਿਤੀਆਂ/ਸਮਾਰੋਹਾਂ ਵਿੱਚ ਵੀ ਹਿੱਸਾ ਲੈਂਦਾ ਰਹਿੰਦਾ ਸੀ ਤਾਂ ਜੁ ਆਪਣੇ ਵਿਅਕਤੀਤਵ ਦੇ ਦੂਜੇ ਪੱਖ ਨੂੰ ਵੀ ਸੰਤੁਸ਼ਟ ਕਰ ਸਕੇ।
ਜਦੋਂ ਸਿੱਧੂ ਮੂਸੇਵਾਲਾ ਨੂੰ ਮੁਲਾਕਾਤਾਂ ਦੌਰਾਨ ਪੁੱਛਿਆ ਜਾਂਦਾ ਕਿ ਉਹ ਆਮ ਜ਼ਿੰਦਗੀ ਵਿੱਚ ਅਤੇ ਮੁਲਾਕਾਤਾਂ ਦੌਰਾਨ ਆਪਣੀਆਂ ਅੱਖਾਂ ਬਹੁਤ ਨੀਵੀਂਆਂ ਰੱਖਦਾ ਹੈ ਪਰ ਵੀਡੀਓਜ਼ ਵਿੱਚ ਉਹ ਬਹੁਤ ਸ਼ੋਰ ਸ਼ਰਾਬਾ ਕਰਦਾ ਹੈ? ਤਾਂ ਉਹ ਕਹਿੰਦਾ ਕਿ ਸਟੇਜ ਉੱਤੇ ਤਾਂ ਮੈਨੂੰ ਪਰੋਫੈਸ਼ਨਲ ਬੰਦੇ ਵਾਂਗ ਅਦਾਕਾਰੀ ਕਰਨੀ ਪੈਂਦੀ ਹੈ।
ਸਿੱਧੂ ਮੂਸੇਵਾਲਾ ਨੇ ਆਪਣੀ ਇੱਕ ਮੁਲਾਕਾਤ ਦੌਰਾਨ ਇਹ ਗੱਲ ਮੰਨੀ ਸੀ ਕਿ ਉਸਨੇ ਆਪਣੇ ਰੈਪ ਗੀਤਾਂ ਵਿੱਚ ਜਦੋਂ ਆਮ ਜ਼ਿੰਦਗੀ ਨਾਲ ਸਬੰਧਤ ਗੱਲਾਂ ਕੀਤੀਆਂ ਸਨ ਤਾਂ ਉਨ੍ਹਾਂ ਗੀਤਾਂ ਨੂੰ ਲੋਕਾਂ ਵੱਲੋਂ ਕੋਈ ਬਹੁਤਾ ਚੰਗਾ ਹੁੰਗਾਰਾ ਨਹੀਂ ਮਿਲਿਆ ਸੀ; ਪਰ ਜਦੋਂ ਵੀ ਉਸਨੇ ਆਪਣੇ ਗੀਤਾਂ ਵਿੱਚ ਗੰਨ ਕਲਚਰ ਅਤੇ ਹਿੰਸਾ ਦੀ ਗੱਲ ਕੀਤੀ ਸੀ ਤਾਂ ਉਸਦੇ ਗੀਤਾਂ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ।
ਸਿੱਧੂ ਮੂਸੇਵਾਲਾ ਉਂਝ ਭਾਵੇਂ ਆਪਣੇ ਆਪ ਨੂੰ ਜ਼ਾਤ-ਪਾਤ ਵਿਰੋਧੀ ਕਹਿੰਦਾ ਹੈ; ਪਰ ਉਹ ’ਜੱਟਵਾਦ’ ਦਾ ਹੰਕਾਰ ਵੀ ਆਪਣੇ ਗੀਤਾਂ ਵਿੱਚ ਬਾਰ ਬਾਰ ਦਿਖਾਉਂਦਾ ਹੈ।
ਸਿੱਧੂ ਮੂਸੇਵਾਲਾ ਖਿਲਾਫ ਬਹੁਤ ਸਾਰੀਆਂ ਐੱਫਆਈਆਰ ਵੀ ਦਰਜ ਸਨ।
ਪਰ ਫਿਰ ਵੀ ਪਤਾ ਨਹੀਂ ਕਿਉਂ ਕੁਝ ਲੋਕ ਸਿੱਧੂ ਮੂਸੇਵਾਲਾ ਨੂੰ ਪੰਜਾਬ ਦੇ ਲੋਕ ਨਾਇਕ ਵਜੋਂ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਭਾਵੇਂ ਕਿ ਉਸਦੇ ਵਧੇਰੇ ਕਰਕੇ ਰੈਪ ਗੀਤਾਂ ਵਿੱਚ ਗੰਨ ਕਲਚਰ ਅਤੇ ਹਿੰਸਾ ਦਾ ਹੀ ਬੋਲਬਾਲਾ ਹੈ; ਪਰ ਉਸਨੇ, ਨਿਰਸੰਦੇਹ, ਆਪਣੇ ਕੁਝ ਗੀਤਾਂ ਵਿੱਚ ਆਪਣੇ ਨਿੱਜੀ ਪਰਵਾਰਿਕ ਰਿਸ਼ਤਿਆਂ ਅਤੇ ਕੁਝ ਸਮਾਜਿਕ ਮਸਲਿਆਂ ਬਾਰੇ ਵੀ ਚਰਚਾ ਕੀਤਾ ਹੈ। ਇਨ੍ਹਾਂ ਗੀਤਾਂ ਵਿੱਚ ‘ਡੀਅਰ ਮਾਮਾ`, ’ਬਾਪੂ`, ‘ਪੰਜਾਬ, ਮਾਈ ਮਦਰਲੈਂਡ’ ਅਤੇ ‘ਟਿੱਬਿਆਂ ਦਾ ਪੁੱਤ’ ਦਾ ਵਿਸ਼ੇਸ਼ ਤੌਰ ਉੱਤੇ ਜ਼ਿਕਰ ਕੀਤਾ ਜਾ ਸਕਦਾ ਹੈ।
ਪੇਸ਼ ਹਨ ਸਿੱਧੂ ਮੂਸੇਵਾਲਾ ਦੇ ਇਨ੍ਹਾਂ ਚਾਰ ਗੀਤਾਂ ਵਿੱਚੋਂ ਕੁਝ ਉਦਾਹਰਣਾਂ; ਤਾਂ ਕਿ ਪਾਠਕ ਉਸਦੀ ਗਾਇਕੀ ਅਤੇ ਗੀਤਕਾਰੀ ਦੇ ਇਸ ਪੱਖ ਤੋਂ ਵੀ ਵਾਕਿਫ ਹੋ ਸਕਣ:
1. ਗੀਤ: ਬਾਪੂ
ਸਾਰੀ ਉਮਰ ਤੂੰ ਬਾਪੂ ਮੇਰਾ ਕਰਿਆ ਐ,
ਹੁਣ ਬੋਝ ਤੂੰ ਮੈਨੂੰ ਦੇ ਦੇ ਤੇਰੇ ਰੌਲਿਆਂ ਦਾ,
ਜੀਹਨੂੰ ਡਿਗਦੇ ਢਹਿੰਦੇ ਨੂੰ ਲੋਕੀਂ ਟਿੱਚਰਾਂ ਕਰਦੇ ਸੀ,
ਓਹੋ ਪਰਬਤ ਵਾਂਗ ਛਾਤੀ ਤਾਣ ਖਲੋ ਗਿਆ ਐ,
ਦੁਨੀਆਂ ਦੀ ਕਿਹੜੀ ਸ਼ੈਅ ਚਾਹੀਦੀ ਦੱਸ ਬਾਪੂ,
ਪੁੱਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ ਐ।
ਤੂੰ ਮੇਰਾ ਬਚਪਨ ਉੱਤੇ ਰੱਖਿਆ ਆਪਣੇ ਚਾਵਾਂ ਤੋਂ,
ਕੁੱਟ ਕੁੱਟ ਲਿਆਉਂਦਾ ਰਿਹਾ ਤੂੰ ਮਾੜੀਆਂ ਥਾਂਵਾਂ ਤੋਂ,
ਮੈਂ ਵਿੰਗਾ ਬੋਲਾ ਤੇਰੀਆਂ ਝਿੜਕਾਂ ਸਾਂਭ ਲਿਆ ਐ,
ਉਂਝ ਪੁੱਤ ਬਿਗੜੇ ਕਿੱਥੇ ਸਾਂਭਦੇ ਇਕੱਲੀਆਂ ਮਾਵਾਂ ਤੋਂ,
ਜੋ ਭਿੱਜੀਆਂ ਅੱਖਾਂ ਤੇਰੀਆਂ ਨੇ ਕਦੇ ਦੇਖੇ ਸੀ,
ਮੁਕਾਮ ਐਸੇ ਉਹ ਨਿੱਕੀ ਉਮਰੇ ਛੋਹ ਗਿਆ ਸੀ।
2. ਗੀਤ: ਡੀਅਰ ਮਾਮਾ
ਕਦੇ ਸੂਰਜ ਵਾਂਗ ਤਪਦਾ ਹਾਂ,
ਕਦੇ ਸ਼ਾਂਤ ਸਵੇਰੇ ਵਰਗਾ ਆਂ,
ਮਾਂ ਮੈਨੂੰ ਲੱਗਦਾ ਰਹਿੰਦਾ,
ਮੈਂ ਜਮਾ ਤੇਰੇ ਵਰਗਾ ਆਂ।
**
ਕੋਈ ਕਰਦਾ ਦੇਖ ਤਰੱਕੀ,
ਮੈਥੋਂ ਸਾੜਾ ਨਹੀਂ ਹੁੰਦਾ,
ਮਾਂ ਤੇਰੇ ਵਾਂਗ ਚਾਹ ਕੇ,
ਕਿਸੇ ਦਾ ਮਾੜਾ ਨਹੀਂ ਹੁੰਦਾ।
**
ਗੀਤ: ਪੰਜਾਬ, ਮਾਈ ਮਦਰਲੈਂਡ
ਕਹਿ ਕਹਿ ਕੇ ਬਦਲੇ ਲੈਂਦਾ,
ਮੈਨੂੰ ਪੰਜਾਬ ਕਹਿੰਦੇ ਆ,
ਉਹ ਦਿੱਲੀ ਵੀ ਨੱਪ ਲੈਂਦਾ,
ਮੈਨੂੰ ਪੰਜਾਬ ਕਹਿੰਦੇ ਆ,
ਓ ਬਚ ਕੇ ਰਹਿ ਤੂੰ,
ਬਚ ਕੇ ਦਿੱਲੀਏ,
ਗਰਮ ਖਿਆਲੀਆਂ ਤੋਂ,
ਮੇਰੇ ਬਾਰੇ ਪੁੱਛ ਲੀਂ ਜਾ,
ਪੋਰਸ ਅਬਦਾਲੀਆਂ ਤੋਂ।
**
ਪੜ੍ਹ ਤੂੰ ਬੜੇ ਖਿਲਾਫ ਤੂੰ ਦਿੱਤੇ,
ਆਰਡਰ ਦਿੱਲੀਏ ਨੀ,
ਉਹ ਭੁੱਲੀਂ ਨਾ ਮੈਨੂੰ ਵੀ ਲੱਗਦੇ,
ਬਾਰਡਰ ਦਿੱਲੀਏ ਨੀ,
ਓ ਮੂਸੇਵਾਲੇ ਹੁਣ ਨੀ ਗੁੱਡਣੀ,
ਤੇਰੀ ਜਾਬ ਕਹਿੰਦੇ ਆ।
**
ਗੀਤ: ਟਿੱਬਿਆਂ ਦਾ ਗੀਤ
ਥਿੰਕਿੰਗ ਵਿੱਚ ਮੂਸਾ ਬੋਲਦਾ ਐ,
ਆਊਟਲੁੱਕ ਵਿੱਚ ਬੋਲੇ ਕੈਨੇਡਾ ਨੀ,
ਅਸੀਂ ਮੌਤ ਦੀ ਵੇਟ ਵਿੱਚ ਜਿਉਨੇ ਆਂ,
ਸਾਡਾ ਲਿਵਿੰਗ ਸਟਾਈਲ ਐ ਟੇਢਾ ਨੀ,
ਵੈਸਟਾਂ ਨਾਲ ਬਾਡੀ ਕੱਜਦੇ ਨੀ,
ਸਿੱਧਾ ਹਿੱਕਾਂ ਦੇ ਵਿੱਚ ਵੱਜਦੇ ਨੀ,
ਅਸੀਂ ਬੁੱਕਦੇ ਨੀ ਸਿਰ ਗ਼ੈਰਾਂ ਦੇ, ਗ਼ੈਰਾਂ ਦੇ, ਗ਼ੈਰਾਂ ਦੇ।
**
ਮਾੜੇ ਕੰਮ ਕਰਾਂ, ਮਾੜੇ ਗੀਤ ਲਿਖਾਂ,
ਨਾਲ ਹੇਰੀਆਂ ਵਾਲੇ ਯਾਰਾਂ ਨੀ,
ਤਾਂ ਵੀ ਮੂਸਾ ਵਾਲਾ ਬਣਨੇ ਨੂੰ,
ਐ ਭੀੜ ਫਿਰੇ ਕਲਾਕਾਰਾਂ ਦੀ,
ਤੇਰੇ ਫੇਵਰਟ ਜਿਹੇ ਕਲਾਕਾਰ ਕੁੜੇ,
ਆਹਾ, ਬੌਲੀਵੁੱਡ ਸਟਾਰ ਕੁੜੇ,
ਪੈਰ ਧਰਦੇ ਮੇਰੀਆਂ ਪੈੜਾਂ ’ਤੇ, ਪੈੜਾਂ ’ਤੇ, ਪੈੜਾਂ ’ਤੇ।
3.
ਓ, ਦੇਖ ਜ਼ਰਾ ਮੂਸੇ ਤੋਂ ਟੋਰਾਂਟੋ ਤਕ ਨੀ,
ਕਿੰਜ ‘ਮੂਸੇ ਆਲਾ, ਮੂਸੇ ਆਲਾ’ ਹੋਈ ਪਈ ਐ,
ਕਈ ਨਾਸਤਿਕ ਮੈਨੂੰ ਦੱਸਦੇ ਨੇ,
ਨੀ ਕਈ ਧਰਮਾਂ ਦੇ ਵਿੱਚ ਵਾੜਦੇ ਨੇ,
ਨੀ ਕਿਤੇ ਪੂਜਾ ਮੇਰੀ ਕਰਦੇ ਨੇ,
ਨੀ ਕਿਤੇ ਪੁਤਲੇ ਮੇਰੇ ਸੜਦੇ ਨੇ,
ਨੀ ਕੌਣ ਰੋਕ ਲਊ ਦਰਿਆਵਾਂ ਨੂੰ,
ਨੀ ਬੰਨ੍ਹ ਲੱਗਦੇ ਹੁੰਦੇ ਨਹਿਰਾਂ ਦੇ, ਨਹਿਰਾਂ ਦੇ, ਨਹਿਰਾਂ ਦੇ,
ਓ, ਮਾੜੀ ਜੱਟ ਦੀ ਹਿੰਡ ਕੁੜੇ,
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3670)
(ਸਰੋਕਾਰ ਨਾਲ ਸੰਪਰਕ ਲਈ: