“ਜਿਨ੍ਹਾਂ ਨੇ ਹਾਰ ਨਾ ਮੰਨੀ, ਉਹੀ ਨੇ ਮੰਜ਼ਲਾਂ ਪਾਉਂਦੇ, ... ਮੈਂ ਜ਼ਿੰਦਗੀ ਦੇ ਤਜਰਬੇ ਤੋਂ ....”
(1 ਫਰਵਰੀ 2023)
ਇਸ ਸਮੇਂ ਮਹਿਮਾਨ: 70.
1. ਗ਼ਜ਼ਲ
ਤੇਰੇ ਕੰਮਾਂ ਦੇ ਅੰਦਰ ਹੀ ਤੇਰਾ ਕਿਰਦਾਰ ਹੈ ਛਿਪਿਆ।
ਤੂੰ ਚੰਗਾ ਹੈਂ ਜਾਂ ਮੰਦਾ ਹੈਂ ਤੇਰੇ ਚਿਹਰੇ ’ਤੇ ਨਹੀਂ ਲਿਖਿਆ।
ਸਦਾ ਸੱਚ ਦੀ ਹੈ ਜਿੱਤ ਹੁੰਦੀ, ਬੜਾ ਸੁਣਿਆ ਸੀ ਮੈਂ ਐਪਰ,
ਮੈਂ ਸੱਚ ਨੂੰ ਚੜ੍ਹਦਿਆਂ ਸੂਲੀ ਹਜ਼ਾਰਾਂ ਵਾਰ ਹੈ ਤੱਕਿਆ।
ਜਿਨ੍ਹਾਂ ਨੇ ਹਾਰ ਨਾ ਮੰਨੀ, ਉਹੀ ਨੇ ਮੰਜ਼ਲਾਂ ਪਾਉਂਦੇ,
ਮੈਂ ਜ਼ਿੰਦਗੀ ਦੇ ਤਜਰਬੇ ਤੋਂ ਇਹ ਵੀ ਇੱਕ ਸਬਕ ਹੈ ਸਿੱਖਿਆ।
ਜੜ੍ਹਾਂ ਦੇ ਨਾਲ ਜੋ ਜੁੜਿਆ, ਉਹੀ ਮਜ਼ਬੂਤ ਹੈ ਹੁੰਦਾ,
ਜੜ੍ਹਾਂ ਤੋਂ ਟੁੱਟ ਕੇ ਬੰਦਾ ਤਾਂ ਕੱਖਾਂ ਵਾਂਗ ਹੈ ਉੱਡਿਆ।
ਹਮੇਸ਼ਾ ‘ਪਾਲ’ ਨਹੀਂ ਮਿਲਦੀ ਵਫ਼ਾ ਬਦਲੇ ਵਫ਼ਾ ਇੱਥੇ,
ਨਹੀਂ ਐਸਾ ਕੋਈ ਜਿਸ ਦਾ ਕਦੇ ਵੀ ਦਿਲ ਨਹੀਂ ਟੁੱਟਿਆ।
***
2. ਗ਼ਜ਼ਲ
ਡਰਾਮੇਬਾਜ਼ ਹੈ ਦੁਨੀਆ ਡਰਾਮੇ ਢੇਰ ਹੈ ਕਰਦੀ।
ਇਹ ਝੂਠੇ ਹੰਝੂ ਰੋ ਲੈਂਦੀ, ਬਣਾਉਟੀ ਹੌਕੇ ਹੈ ਭਰਦੀ।
ਇਹ ਲਾ ਲੈਂਦੀ ਹੈ ਅੱਖਾਂ ’ਤੇ ਫ਼ਰੇਬੀ ਭੇਸ ਦੇ ਚਸ਼ਮੇ,
ਚਲਾਉਂਦੀ ਤੀਰ ਇਹ ਗੁੱਝੇ ਨਹੀਂ ਅੰਜਾਮ ਤੋਂ ਡਰਦੀ।
ਕਿਤੇ ਜਦ ਲੋੜ ਪੈਂਦੀ ਹੈ ਕਿਸੇ ਨੂੰ ਵੀ ਸਹਾਰੇ ਦੀ,
ਪਤਾ ਓਦੋਂ ਹੀ ਲੱਗਦਾ ਹੈ, ਕਿ ਤੇਰਾ ਕੌਣ ਹੈ ਦਰਦੀ।
ਉਦੋਂ ਵੀ ਆਦਮੀ ਮਰਦਾ ਬਦਨ ’ਚੋਂ ਜਾਨ ਜਦ ਜਾਵੇ,
ਉਦੋਂ ਵੀ ਆਦਮੀ ਮਰਦਾ ਜਦੋਂ ਨੇਕੀ ਉਹਦੀ ਮਰਦੀ।
ਸ਼ਮ੍ਹਾਂ ਦੇ ਸੇਕ ਤੋਂ ਡਰ ਕੇ ਕਦੀ ਭੱਜੇ ਨਾ ਪਰਵਾਨਾ,
ਨਿਭਾਵੇ ਧਰਮ ਉਹ ਆਪਣਾ, ਸ਼ਮ੍ਹਾਂ ਆਪਣਾ ਹੈ ਕੰਮ ਕਰਦੀ।
ਕਿਤੇ ਤੂੰ ‘ਪਾਲ’ ਦੁਨੀਆ ’ਤੇ ਭਰੋਸਾ ਛੱਡ ਨਾ ਦੇਵੀਂ,
ਇਸੇ ਧਰਤੀ ’ਤੇ ਵੱਸਦੇ ਨੇ, ਤੇਰੇ ਸੱਜਣ ਤੇਰੇ ਦਰਦੀ।
***
3. ਗ਼ਜ਼ਲ
ਮੁੱਕਣ ਵਿਚ ਨਾ ਆਉਂਦੀ ਜਾਪੇ ਕਾਲ਼ੀ ਬੋਲ਼ੀ ਰਾਤ।
ਸੂਰਜ ਦੀਆਂ ਕਿਰਨਾਂ ਨੂੰ ਤਰਸੇ ਇੱਕ ਨਵੀਂ ਪ੍ਰਭਾਤ।
ਇਸ ਧਰਤੀ ਦਾ ਕੋਨਾ ਕੋਨਾ ਨਫ਼ਰਤ ਦੇ ਵਿਚ ਸੜਦਾ,
ਤੱਕਿਆ ਸੀ ਮੈਂ ਰਾਤੀਂ ਜਦ ਮੈਂ ਪਾਈ ਪੰਛੀ ਝਾਤ।
ਬੰਦੇ ਖਾਣੀ ਰਾਜਨੀਤੀ ਇਹ ਦੈਂਤਾਂ ਵਰਗੀ ਜਾਪੇ,
ਨਸਲਾਂ ਦੇ ਵਿਚ ਵੰਡ ਬੰਦੇ ਨੂੰ ਕਰਦੀ ਉਸ ਦਾ ਘਾਤ।
ਹਿੰਮਤ ਤੇ ਸੋਝੀ ਦਾ ਜੇਕਰ ਹੋਇਆ ਨਾ ਸੁਰ ਮੇਲ,
ਭਸਮ ਇਹ ਹੋ ਜਾਣੀ ਹੈ ਇੱਕ ਦਿਨ ਸਾਰੀ ਹੀ ਕਾਇਨਾਤ।
ਤੇਰੀ ਅੱਖ ਦੀ ਨੁੱਕਰ ਦੇ ਵਿੱਚ ਝਲਕ ਰਿਹਾ ਹੈ ਨੀਰ,
ਕਿਸ ਨੇ ‘ਪਾਲ’ ਇਹ ਦਿੱਤੀ ਤੇਰੇ ਨੈਣਾਂ ਨੂੰ ਸੌਗਾਤ।
***
4. ਪੰਜਾਬੀ
ਜਿੱਥੇ ਜਨਮ ਲਿਆ ਮੈਂ, ਹੈ ਉਸ ਥਾਂ ਵਰਗੀ।
ਇਹ ਮੇਰੇ ਪੰਜਾਬ ਦੇ ਪਿੰਡ ਗਰਾਂ ਵਰਗੀ।
ਕਿਉਂ ਨਾ ਯਾਰੋ ਮੈਂ ਇਸ ਦਾ ਸਤਿਕਾਰ ਕਰਾਂ,
ਇਹ ਪੰਜਾਬੀ ਬੋਲੀ ਹੈ ਮੇਰੀ ਮਾਂ ਵਰਗੀ।
ਇਸ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਹੈ।
ਪੰਜ ਦਰਿਆਵਾਂ ਦਾ ਵਿਚ ਵਹਿੰਦਾ ਪਾਣੀ ਹੈ।
ਕਿਸੇ ਪੁਰਾਣੇ ਬੋਹੜ ਦੀ ਠੰਢੀ ਛਾਂ ਵਰਗੀ।
ਇਹ ਪੰਜਾਬੀ ਬੋਲੀ ਹੈ ਮੇਰੀ ਮਾਂ ਵਰਗੀ।
ਇਹ ਵਾਰਿਸ ਦੀ ਹੀਰ, ਬੁੱਲ੍ਹੇ ਦੀ ਕਾਫੀ ਹੈ।
ਲੱਖਾਂ ਕਵੀਆਂ ਸ਼ਾਇਰਾਂ ਦੀ ਕਵਿਤਾ ਵੀ ਹੈ।
ਹਰ ਪੰਜਾਬੀ ਦੀ ਇਹ ਰੂਹ ਰਵਾਂ ਵਰਗੀ।
ਇਹ ਪੰਜਾਬੀ ਬੋਲੀ ਹੈ ਮੇਰੀ ਮਾਂ ਵਰਗੀ।
ਇਹ ਵਿਚ ਪ੍ਰਦੇਸਾਂ ਵੀ ਮੇਰੇ ਸੰਗ ਰਹਿੰਦੀ ਹੈ।
ਮੈਨੂੰ ਆਪਣਾ ਪੁੱਤਰ ਨਿਤ ਇਹ ਕਹਿੰਦੀ ਹੈ।
ਹੋਰ ਮਿਠਾਸ ਨਾ ਕੋਈ ਏਸ ਜ਼ੁਬਾਂ ਵਰਗੀ।
ਇਹ ਪੰਜਾਬੀ ਬੋਲੀ ਹੈ ਮੇਰੀ ਮਾਂ ਵਰਗੀ।
ਡਰ ਹੈ ਇਹਦਾ ਨੂਰ ਕਿਤੇ ਘਟ ਜਾਵੇ ਨਾ।
ਦੌਰ ਸਮੇਂ ਦਾ ਇਸ ਨੂੰ ਮਾਰ ਮੁਕਾਵੇ ਨਾ।
ਨਾ ਹੋ ਜਾਏ ਵਿਸਰੇ ਹੋਏ ਯੁਗਾਂ ਵਰਗੀ।
ਇਹ ਪੰਜਾਬੀ ਬੋਲੀ ਹੈ ਮੇਰੀ ਮਾਂ ਵਰਗੀ।
***
5. ਰੁਬਾਈ
ਅੱਖਰਾਂ ਨਾਲ ਸ਼ਬਦਾਂ ਨੂੰ ਸਿਰਜਾਂ, ਸ਼ਬਦਾਂ ਦੇ ਨਾਲ ਸਤਰਾਂ।
ਸਤਰਾਂ ਬਣ ਜਾਵਣ ਕਵਿਤਾਵਾਂ, ਜਾਂ ਬਣ ਜਾਵਣ ਗ਼ਜ਼ਲਾਂ।
ਇਹ ਅੱਖਰ ਮੇਰੀ ਮਾਂ ਬੋਲੀ ਦੇ, ਗਹਿਣੇ ਤੇ ਪਹਿਰਾਵਾ,
ਬਿਨ ਇਹਨਾਂ ਦੇ ਹਰ ਪੰਜਾਬੀ ਦਾ ਜੀਵਨ ਹੈ ਸੱਖਣਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3771)
(ਸਰੋਕਾਰ ਨਾਲ ਸੰਪਰਕ ਲਈ: