Mohinderpal7ਉਹ ਦੀਵੇ ਤਲੀ ’ਤੇ ਟਿਕਾਈ ਨੇ ਫਿਰਦੇ,
ਹੈ ਚਾਨਣ ਦਾ ਕਰਨਾ ਜਿਨ੍ਹਾਂ ਨੇ ਪਸਾਰਾ।
(ਨਵੰਬਰ 15, 2015)


                    1.

ਬਾਗ਼ ਅੰਦਰ ਮਾਲੀਆ ਮੌਸਮ ਕਦੀ ਉਹ ਆਏ ਨਾ,
ਖਿੜਨ ਤੋਂ ਪਹਿਲਾਂ ਕਦੀ ਵੀ ਫੁੱਲ ਕੋਈ ਮੁਰਝਾਏ ਨਾ।

ਵੇਖ ਜਿਹੜੀ ਗਾ ਰਹੀ ਹੈ ਗੀਤ ਕੋਇਲ ਪਿਆਰ ਦੇ,
ਆਣ ਕੇ ਸੱਯਾਦ ਕੋਈ ਪਿੰਜਰੇ ਵਿਚ ਪਾਏ ਨਾ।

ਉੱਡ ਰਹੀ ਖੂਸ਼ਬੂ ਫ਼ਿਜ਼ਾ ਅੰਦਰ ਹੈ ਜਾਪੇ ਅਮਨ ਦੀ,
ਜ਼ਹਿਰ ਹਿੰਸਾ ਦਾ ਇਦ੍ਹੇ ਅੰਦਰ ਕੋਈ ਵੀ ਪਾਏ ਨਾ।

ਇਕ ਮੁਸੱਵਰ ਨੇ ਭਰੇ ਨੇ ਰੰਗ ਦਿਲਕਸ਼ ਦੋਸਤੋ,
ਗ਼ਮ ਦੀਆਂ ਧੁੱਪਾਂ ’ਚ ਕੋਈ ਰੰਗ ਹੀ ਉੱਡ ਜਾਏ ਨਾ।

ਪਾਲ’ਮੰਗਦਾ ਖੈਰ ਹੈ ਤੇਰੇ ਤੇ ਮੇਰੇ ਬਾਗ਼ ਦੀ,
ਰੁਤ ਖਿਜ਼ਾਂ ਦੀ ਓਸ ਦੇ ਮਨ ਨੂੰ ਜ਼ਰਾ ਵੀ ਭਾਏ ਨਾ।

                       **

                   2.

ਸਮੇਂ ਦੀ ਹਵਾ ਦਾ ਜੋ ਸਮਝੂ ਇਸ਼ਾਰਾ,
ਉਹਦੀ ਨਾਵ ਨੇ ਪਾ ਹੈ ਲੈਣਾ ਕਿਨਾਰਾ।

ਜਿਹੜਾ ਫੁੱਲ ਬਹਾਰਾਂ ਦੇ ਅੰਦਰ ਨਾ ਖਿੜਿਆ,
ਉਹ ਪਤਝੜ ਦੇ ਅੰਦਰ ਕਰੂ ਕੀ ਵਿਚਾਰਾ।

ਉਹ ਦੀਵੇ ਤਲੀ ’ਤੇ ਟਿਕਾਈ ਨੇ ਫਿਰਦੇ,
ਹੈ ਚਾਨਣ ਦਾ ਕਰਨਾ ਜਿਨ੍ਹਾਂ ਨੇ ਪਸਾਰਾ।

ਇਹ ਜ਼ਿੰਦਗੀ ਦੀ ਬਾਜ਼ੀ ਵੀ ਜੂਏ ਨੁਮਾ ਹੈ,
ਕਦੀ ਲਾਭ ਹੈ ਤੇ ਕਦੀ ਹੈ ਖ਼ਸਾਰਾ।

ਹੈ ਯਾਰਾਂ ਦੇ ਸਦਕੇ ਹੀ ਜ਼ਿੰਦਗੀ ’ਚ ਰੌਣਕ,
ਬਿਨਾਂ ਦੋਸਤਾਂ ਦੇ ਹੈ ਕਾਹਦਾ ਨਜ਼ਾਰਾ।

ਤੇਰੇ ਦਰ ’ਤੇ ਦਸਤਕ ਅਸੀਂ ਹੁਣ ਨਾ ਦੇਣੀ,
ਤੇਰੀ ਬੇਰੁਖ਼ੀ ਹੈ ਨਾ ਸਾਨੂੰ ਗਵਾਰਾ।

ਜਿਹਨੇ ‘ਪਾਲ’ ਦੁੱਖ ਵਿੱਚ ਵੀ ਢੇਰੀ ਨਾ ਢਾਹੀ,
ਮੁਕੱਦਰ ਉਹਦੇ ਦਾ
ਚਮਕੂ ਸਿਤਾਰਾ।

                 **

                  3

ਅਸਾਡੇ ਤੁਹਾਡੇ ਤੇ ਆਪਣੇ ਪਰਾਏ,
ਇਹ ਕੀ ਕੀ ਨੇ ਲੋਕਾਂ ਤੇ ਲੇਬਲ ਲਗਾਏ।

ਕਿਸੇ ਜਾਤ ਪਾਤਾਂ ਦਾ ਪਾਇਆ ਝਮੇਲਾ,
ਤੇ ਬੰਦੇ ਤੇ ਬੰਦੇ ’ਚ ਅੰਤਰ ਨੇ ਪਾਏ।

ਕਦੀ ਧਰਮ ਵਾਲੇ ਵੰਡੀਆਂ ਨੇ ਪਾਉਂਦੇ,
ਕਦੀ ਰਾਜਨੀਤੀ ਲਕੀਰਾਂ ਲਗਾਏ।

ਹੈ ਤਰਾ ਗੁਵਾਂਢੀ ਤੋਂ ਹਰ ਦੇਸ਼ ਨੂੰ ਹੀ,
ਨੇ ਹੱਦਾਂ ’ਤੇ ਸਭ ਨੇ ਹੀ ਪਹਿਰੇ ਲਗਾਏ।

ਇਹ ਨਫ਼ਰਤ ਦਾ ਝੱਖੜ ਤਾਂ ਠੱਲ੍ਹਦਾ ਨਹੀਂ ਹੈ,
ਇਹ ਹਿੰਸਾ ਦਾ ਮੌਸਮ ਨਾ ਮੁੱਕਣ ’ਚ ਆਏ।

ਗਿਰਾਏ ਦਿਵਾਰਾਂ ਮਿਟਾਏ ਲਕੀਰਾਂ,
ਕੋ
ਈ ‘ਪਾਲ’ ਸਾਰੇ ਇਹ ਝਗੜੇ ਮਿਟਾਏ।

                 **

                        4.

ਮਿੱਤਰਤਾ ਦਾ ਮੇਰੇ ਵਲ ਜੇ ਹੱਥ ਵਧਾਓਗੇ,
ਮੇਰਾ ਹੱਥ ਵੀ ਆਪਣੇ ਵਲ ਨੂੰ ਵਧਿਆ ਪਾਓਗੇ।

ਅੱਜ ਦੀ ਕਦਰ ਕਰੋ, ਬਸ ਇਹ ਹੀ ਪਾਸ ਤੁਹਾਡੇ ਹੈ,
ਕੱਲ੍ਹ ਦੇ ਲਾਰੇ ਉੱਤੇ ਐਵੇਂ ਵਕਤ ਗਵਾਓਗੇ।

ਤਾਹਨੇ ਮਿਹਣੇ ਰੋਸਾ ਕਿੰਨੀ ਦੇਰ ਚਲੇਗਾ ਇਹ,
ਕਿੰਨਾ ਚਿਰ ਸਾਨੂੰ ਦੱਸੋ ਇੰਜ ਹੀ ਤੜਪਾਓਗੇ।

ਫਿਰ ਹੋਵੇਗਾ ਕੀ ਫਾਇਦਾ ਯਾਰ ਤਰੱਕੀ ਦਾ,
ਜੇ ਇੰਜ ਹਵਾ ਤੇ ਪਾਣੀ ਅੰਦਰ ਜ਼ਹਿਰ ਮਿਲਾਓਗੇ।

ਜੇ ਤੂੰ ਆਪਣੀ ਵੋਟ ਦਾ ਮੁੱਲ ਆਪ ਹੀ ਨਹੀਂ ਪਾਇਆ,
ਚੋਰਾਂ ਨੂੰ ਹੀ ਦੇਸ਼ ਦੀ ਰਾਖੀ ਫੇਰ ਬਿਠਾਓਗੇ।

ਬੰਦੇ ਦੀ ਨਾ ਚਲਦੀ ਅੱਜਕੱਲ ਚਲਦੀ ਪੈਸੇ ਦੀ,
ਏਸ ਹਕੀਕਤ ਨੂੰ ਦੱਸੋ ਕਿੱਦਾਂ ਝੁਠਲਾਓਗੇ।

ਨਾ ਕਰ ‘ਪਾਲ’ ਭਰੋਸਾ ਐਨਾ ਦੁਨੀਆਂ ’ਤੇ ਯਾਰਾ,
ਵਰਨਾ ਇਕ ਦਿਨ ਦੁਨੀਆਂ ਹੱਥੋਂ ਧੋਖਾ ਖਾਓਗੇ।

                     **

                            5.

ਹੈ ਭੁੱਲ ਕਿਉਂ ਤੂੰ ਜਾਂਦੈਂ ਫਸ ਕੇ ਇਹ ਨਫ਼ਰਤਾਂ ਵਿਚ,
ਅਹਿਸਾਸ ਧੜਕਦੇ ਨੇ 
ਸਭਨਾਂ ਦੇ ਹਿਰਦਿਆਂ ਵਿਚ।

ਹਰ ਰੋਜ਼ ਦੂਜਿਆਂ ਤੇ ਉਂਗਲਾਂ ਉਠਾਉਣ ਵਾਲੇ,
ਖ਼ੁਦ ਨੂੰ ਵੀ ਤੱਕ ਲਿਆ ਕਰ ਤੂੰ ਮਨ ਦੇ ਸ਼ੀਸ਼ਿਆਂ ਵਿਚ।

ਹੈ ਆਦਮੀ ਦੇ ਅੰਦਰ ਵਸਦਾ ਖ਼ੁਦਾ ਨੇ ਕਹਿੰਦੇ,
ਫਿਰ ਵੀ ਪਰ ਭਾਲਦੇ ਹਾਂ ਓਸੇ ਨੂੰ ਪੱਥਰਾਂ ਵਿਚ।

ਖ਼ੁਦ ਹੀ ਉਹ ਲੁੱਟ ਰਹੇ ਨੇ ਹੈ ਕੰਮ ਜਿਨ੍ਹਾਂ ਦਾ ਰਾਖੀ,
ਨਾ ਫ਼ਰਕ ਹੁਣ ਹੈ ਦਿਸਦਾ ਚੋਰਾਂ ਤੇ ਰਾਖਿਆਂ ਵਿਚ।

ਹਰ ਤਰਫ਼ ਦਿਸ ਰਹੀ ਹੈ ਲੁੱਟ ਆਦਮੀ ਦੀ ਹੁੰਦੀ,
ਲੋਟੂ ਵੀ ਆ ਮਿਲੇ ਨੇ ਜਨਤਾ ਦੇ ਲੀਡਰਾਂ ਵਿਚ।

ਹੁਣ ਝੂਠ ਫਿਰਦਾ ਜਾਪੇ ਪਾ ਸੱਚ ਦਾ ਮੁਖੌਟਾ,
ਬਣ ਸਾਧ ਬਹਿ ਗਏ ਨੇ ਡਾਕੂ ਆ ਡੇਰਿਆਂ ਵਿਚ।

                  *****

(108)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਮਹਿੰਦਰਪਾਲ ਸਿੰਘ ਪਾਲ

ਮਹਿੰਦਰਪਾਲ ਸਿੰਘ ਪਾਲ

Surrey, British Columbia, Canada.
Phone: (403 - 880 - 1677)
Email: (mspal@telus.net)

More articles from this author