Mohinderpal7
(27 ਨਵੰਬਰ 2016)

 

LikhariSCNovABC


ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮਾਸਿਕ ਇਕੱਤਰਤਾ 20 ਨਵੰਬਰ ਨੂੰ ਬਲਜਿੰਦਰ ਸੰਘਾ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਹਰੀਪਾਲ ਅਤੇ ਨਰਿੰਦਰ ਸਿੰਘ ਢਿੱਲੋਂ ਵੀ ਸ਼ਾਮਿਲ ਹੋਏ।

ਸ਼ੁਰੂਆਤ ਵਿਚ ਸਕੱਤਰ ਬਲਬੀਰ ਗੋਰਾ ਨੇ ਸਿੱਖ ਵਿਸ਼ਵਕੋਸ਼ ਦੇ ਰਚੇਤਾ ਡਾ. ਰਘਬੀਰ ਸਿੰਘ ਬੈਂਸ ਦੇ ਅਕਾਲ ਚਲਾਣਾ ਕਰ ਜਾਣ ਦੀ ਦੁਖਦਾਈ ਖ਼ਬਰ ਸਾਂਝੀ ਕੀਤੀ, ਸਭਾ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਨਾਲ ਹੀ ਸਭਾ ਦੇ ਸੁਹਿਰਦ ਮੈਂਬਰ ਅਤੇ ਲੇਖਕਾ ਹਰਮਿੰਦਰ ਕੌਰ ਢਿੱਲੋਂ ਲਈ ਸਿਹਤਯਾਬ ਹੋਣ ਦੀ ਦੁਆ ਮੰਗੀ। ਉਹ ਇਸ ਸਮੇਂ ਬਿਮਾਰੀ ਦੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਹਨ। ਸਭਾ ਦੇ ਮੈਂਬਰ ਮਹਿੰਦਰਪਾਲ ਸਿੰਘ ਪਾਲ ਨੂੰ ਨੰਦ ਲਾਲ ਨੂਰਪੁਰੀ ਪੁਰਸਕਾਰ ਦਾ ਸਨਮਾਨ ਮਿਲਣ ਦੀ ਵਧਾਈ ਦਿੱਤੀ। ਇਹ ਪੁਰਸਕਾਰ ਉਸ ਨੂੰ 11 ਨਵੰਬਰ ਨੂੰ ਅਦਾਰਾ ਇੰਡੋ- ਕੈਨੇਡੀਅਨ ਆਰਟਿਸਟ ਕਲੱਬ ਵੱਲੋਂ ਉਸ ਦੀਆਂ ਸਾਹਿਤਿਕ ਪ੍ਰਾਪਤੀਆਂ ਲਈ ਐਡਮਿੰਟਨ ਵਿਖੇ ਦਿੱਤਾ ਗਿਆ ਸੀ।

ਰਚਨਾਵਾਂ ਦਾ ਦੌਰ ਵਿਚ ਦੋ ਵਿਸ਼ੇਸ਼ ਲੇਖ ਪੜ੍ਹੇ ਗਏ ਪਹਿਲਾ ਲੇਖ ਮਹਿੰਦਰਪਾਲ ਸਿੰਘ ਪਾਲ ਨੇ ਲੋਕ ਕਵੀ ਗੁਰਦਾਸ ਰਾਮ ਆਲਮ ਦੇ ਬਾਰੇ ਪੜ੍ਹਿਆ। ਇਸ ਵਿਚ ਉਸ ਨੇ ਆਲਮ ਜੀ ਦੀਆਂ ਰਚਨਾਵਾਂ ਅਤੇ ਜੀਵਨੀ ਬਾਰੇ ਜਾਣਕਾਰੀ ਦੇ ਨਾਲ ਕੁੱਝ ਨਿੱਜੀ ਯਾਦਾਂ ਵੀ ਸਾਂਝੀਆਂ ਕੀਤੀਆਂ। ਇਹ ਯਾਦਾਂ ਆਲਮ ਜੀ ਦੇ 1972 ਵਿਚ ਇੰਗਲੈਂਡ ਦੌਰੇ ਵੇਲੇ ਦੀਆਂ ਸਨ। ਜਦੋਂ ਮਹਿੰਦਰਪਾਲ ਦੇ ਪਿਤਾ ਜੀ ਬਿਸ਼ੰਭਰ ਸਿੰਘ ਸਾਕੀ ਲੰਡਨ ਸਾਹਿਤ ਸਭਾ ਦੇ ਪ੍ਰਧਾਨ ਸਨ ਅਤੇ ਆਲਮ ਜੀ ਕੁੱਝ ਸਮੇਂ ਲਈ ਉਨ੍ਹਾਂ ਦੇ ਘਰ ਰਹੇ ਸਨ। ਹਾਜ਼ਰੀਨ ਸਰੋਤਿਆਂ ਵੱਲੋਂ ਇਸ ਲੇਖ ਅਤੇ ਆਲਮ ਜੀ ਦੀਆਂ ਰਚਨਾਵਾਂ ਨੂੰ ਖ਼ੂਬ ਸਲਾਹਿਆ ਗਿਆ।

ਦੂਸਰਾ ਲੇਖ ਹਰੀਪਾਲ ਨੇ ਬਰਨੀ ਸਾਂਡਰਜ਼ ਅਤੇ ਜਿਓਰਜ ਵੋਲਫ ਦੀਆਂ ਰਚਨਾਵਾਂ ਤਹਿਤ ਮਲਟੀ ਨੈਸ਼ਨਲ ਕਾਰਪੋਰੇਸ਼ਨਾਂ ਦਾ ਸਿਆਸਤ ’ਤੇ ਜੋ ਗ਼ਲਬਾ ਹੈ, ਉਸ ਬਾਰੇ ਪੜ੍ਹਿਆ। ਇਹ ਲੇਖ ਵੀ ਬਹੁਤ ਜਾਣਕਾਰੀ ਭਰਪੂਰ ਸੀ ਅਤੇ ਹਰੀਪਾਲ ਨੇ ਇਹਨਾਂ ਵਿਚਾਰਾਂ ਨੂੰ ਕੈਨੇਡਾ ਦੀ ਸਿਆਸਤ ਨਾਲ ਜੋੜ ਕੇ ਹੋਰ ਵੀ ਸਾਰਥਿਕ ਬਣਾ ਦਿੱਤਾ।

ਨਰਿੰਦਰ ਸਿੰਘ ਢਿੱਲੋਂ ਨੇ ਪੰਜਾਬੀ ਲੋਕਾਂ ਦਾ ਵਹਿਮਾਂ ਭਰਮਾਂ ਵਿਚ ਵਿਸ਼ਵਾਸ ਰੱਖਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੇਖਕਾਂ ਨੂੰ ਇਹਨਾਂ ਵਿਰੁੱਧ ਲਿਖਣ ਲਈ ਪ੍ਰੇਰਿਆ।

ਇਸ ਮੀਟਿੰਗ ਵਿਚ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਗੀਤ ਦੇ ਰਚੇਤਾ ਅਮਰਜੀਤ ਸਿੰਘ ਬਿਧੀਪੁਰੀਆ ਵੀ ਸ਼ਾਮਿਲ ਹੋਏ। ਉਨ੍ਹਾਂ ਨੇ ਸਭਾ ਦੀ ਕਮੇਟੀ ਨੂੰ ਦੋ ਪੁਸਤਕਾਂ ਭੇਂਟ ਕੀਤੀਆਂ ਅਤੇ ਆਪਣੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ।

ਗੁਰਪਾਲ ਰੁਪਾਲੋਂ ਨੇ ਆਪਣੀ ਇੱਕ ਛੋਟੀ ਪਰ ਖ਼ੂਬਸੂਰਤ ਨਜ਼ਮ ਸੁਣਾਈ। ਡਾ. ਮੋਹਨ ਸਿੰਘ ਬਾਠ ਨੇ ਨੰਦ ਲਾਲ ਨੂਰਪੁਰੀ ਦਾ ਗੀਤ “ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ” ਪੇਸ਼ ਕੀਤਾ। ਬਲਜਿੰਦਰ ਸੰਘਾ ਨੇ ਅਮਰੀਕਾ ਵਿਚ ਡੌਨਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ’ਤੇ ਇੱਕ ਵਿਅੰਗਮਈ ਕਵਿਤਾ ਸੁਣਾਈ, ਰਾਜਿੰਦਰਪਾਲ ਸਿੰਘ ਹੁੰਦਲ ਨੇ ਜ਼ਾਹਿਦ ਫ਼ਾਖਰੀ ਦੀ ਲਿਖੀ ਹਾਸਰਸ ਦੀ ਕਵਿਤਾ ਸਾਂਝੀ ਕੀਤੀ। ਗੁਰਨਾਮ ਸਿੰਘ ਗਿੱਲ ਨੇ ਕਰਨੈਲ ਸਿੰਘ ਪਾਰਸ ਦੀ ਕਵੀਸ਼ਰੀ ਸੁਣਾਈ। ਨਿਰਮਲ ਕਾਂਡਾ ਨੇ ਆਪਣੀਆਂ ਅੰਗਰੇਜ਼ੀ ਦੀਆਂ ਤਿੰਨ ਕਵਿਤਾਵਾਂ ਨਾਲ ਸਭਾ ਵਿਚ ਪਹਿਲੀ ਹਾਜ਼ਰੀ ਲਗਵਾਈ। ਯੁਵਰਾਜ ਸਿੰਘ ਨੇ ਸੁਖਪਾਲ ਪਰਮਾਰ ਦਾ ਪੰਜਾਬੀ ਬੋਲੀ ਨੂੰ ਸਮਰਪਿਤ ਗੀਤ ਪੇਸ਼ ਕੀਤਾ। ਮੰਗਲ ਚੱਠਾ ਨੇ 1984 ਦੇ ਮੰਦੇ ਹਾਲਾਤ ਬਾਰੇ ਕਵਿਤਾ ਸੁਣਾਈ, ਸੁਖਵਿੰਦਰ ਸਿੰਘ ਤੂਰ ਨੇ ਸੁਰਿੰਦਰ ਗੀਤ ਦਾ ਲਿਖਿਆ ਇੱਕ ਗੀਤ ਸੁਣਾਇਆ। ਮਾ. ਅਜੀਤ ਸਿੰਘ ਸਿੱਧੂ, ਲਖਵਿੰਦਰ ਸਿੰਘ ਜੌਹਲ, ਗੁਰਚਰਨ ਸਿੰਘ ਹੇਅਰ ਨੇ ਵੀ ਰਚਨਾਵਾਂ ਦੇ ਦੌਰ ਵਿਚ ਹਿੱਸਾ ਲਿਆ।

ਦਵਿੰਦਰ ਮਲਹਾਂਸ ਨੇ ‘ਕੈਲਗਰੀ ਦਾ ਲੈਬ’ ਨਾਮ ਦੀ ਇੱਕ ਦਿਲਚਸਪ ਕਹਾਣੀ ਸੁਣਾਈ ਅਤੇ ਇਸੇ ਤਰਾਂ ਜੋਗਿੰਦਰ ਸੰਘਾ ਘਰੇਲੂ ਹਿੰਸਾ ’ਤੇ ਆਧਾਰਿਤ ਇੱਕ ਕਹਾਣੀ ਸੁਣਾਈ ਅਤੇ ਨਾਲ ਹੀ ਘਰੇਲੂ ਮਸਲੇ ਸੁਲਝਾਉਣ ਦੇ ਸਾਧਨ ਅਤੇ ਤਰੀਕਿਆਂ ਬਾਰੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਤਰਲੋਕ ਸਿੰਘ ਚੁੱਘ ਨੇ ਚੁਟਕਲੇ ਸੁਣਾ ਕੇ ਸਭ ਦਾ ਮਨੋਰੰਜਨ ਕੀਤਾ। ਵਾਸੂਦੇਵ ਜਸਰਾ ਨੇ ਆਪਣੇ ਬਾਰੇ ਜਾਣਕਾਰੀ ਦਿੱਤੀ ਅਤੇ ਵਿਚਾਰ ਪੇਸ਼ ਕੀਤੇ। ਫੋਟੋਗਰਾਫੀ ਦੀ ਸੇਵਾ ਰਣਜੀਤ ਸਿੰਘ ਵੱਲੋਂ ਨਿਭਾਈ ਗਈ।

ਕੁਲ ਮਿਲਾ ਕੇ ਇਹ ਬੈਠਕ ਬਹੁਤ ਹੀ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਰਹੀ। ਇੰਜ ਜਾਪਦਾ ਸੀ ਕਿ ਸਰੋਤੇ ਤਿੰਨ ਘੰਟੇ ਦੇ ਪ੍ਰੋਗਰਾਮ ਦੇ ਬਾਅਦ ਹੀ ਘਰਾਂ ਨੂੰ ਜਾਣਾ ਨਹੀਂ ਸਨ ਚਾਹੁੰਦੇ।

ਸਭਾ ਦੀ ਅਗਲੀ ਮੀਟਿੰਗ 18 ਦਸੰਬਰ ਨੂੰ ਹੋਵੇਗੀ। ਵਧੇਰੇ ਜਾਣਕਾਰੀ ਲਈ ਪਾਠਕ ਲਈ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਬਲਬੀਰ ਗੋਰਾ ਨਾਲ 403-472-2662 ’ਤੇ ਸੰਪਰਕ ਕਰ ਸਕਦੇ ਹਨ।

*****

(509)

About the Author

ਮਹਿੰਦਰਪਾਲ ਸਿੰਘ ਪਾਲ

ਮਹਿੰਦਰਪਾਲ ਸਿੰਘ ਪਾਲ

Calgary, Alberta, Canada.
Phone: (403 - 880 - 1677)
Email: (mspal@telus.net)