Mohinderpal7

 

(ਜੁਲਾਈ 24, 2016)

 

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਇਕੱਤਰਤਾ 17 ਜੁਲਾਈ ਨੂੰ ਕੋਸੋ ਦੇ ਦਫਤਰ ਵਿਚ ਹੋਈ ਜਿਸ ਵਿਚ ਗੀਤਕਾਰ ਸਭਾ ਮੋਗਾ ਦੀ ਪੁਸਤਕ “ਗੀਤਾਂ ਦੇ ਵਣਜਾਰੇ” ਨੂੰ ਲੋਕ ਅਰਪਨ ਕੀਤਾ ਗਿਆ।

ਪ੍ਰੋਗਰਾਮ ਦੇ ਆਗਾਜ਼ ਵਿਚ ਜਨਰਲ ਸਕੱਤਰ ਬਲਬੀਰ ਗੋਰਾ ਨੇ ਪ੍ਰਧਾਨ ਤਰਲੋਚਨ ਸਿੰਘ ਸੈਹਿੰਬੀ ਅਤੇ ਦਵਿੰਦਰ ਮਲਹਾਂਸ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ। ਬਾਅਦ ਵਿਚ ਗੁਰਪ੍ਰਤਾਪ ਸਿੰਘ ਢਿੱਲੋਂ  ਵੀ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ।  

ਰਚਨਾਵਾਂ ਦਾ ਦੌਰ ਦਵਿੰਦਰ ਮਲਹਾਂਸ ਦੀ ਇਕ ਰੌਚਿਕ ਕਹਾਣੀ ਨਾਲ ਸ਼ੁਰੂ ਹੋਇਆ। ਇਸ ਕਹਾਣੀ ਬਾਰੇ ਕੁਝ ਮੈਂਬਰਾਂ ਨੇ ਆਪਣੇ ਵਿਚਾਰ ਅਤੇ ਸੁਝਾ ਵੀ ਪੇਸ਼ ਕੀਤੇ। ਮਹਿੰਦਰਪਾਲ ਸਿੰਘ ਪਾਲ ਨੇ ਕਾਮਾਗਾਟਾਮਾਰੂ ਦੇ ਮੁਆਫੀਨਾਮੇ ਨੂੰ ਅਧਾਰ ਬਣਾ ਕੇ ਸਮਾਜ ਦੇ ਦੋਗ਼ਲੇਪਨ ’ਤੇ ਟਕੋਰ ਕਰਦੀ ਹੋਈ ਕਵਿਤਾ ਪੜ੍ਹੀ। ਤਰਲੋਕ ਸਿੰਘ ਨੇ ਕੁਝ ਚੁਟਕਲੇ ਸੁਣਾ ਕੇ ਸਭ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ। ਜਸਵੰਤ ਸਿੰਘ ਸੇਖੋਂ ਨੇ ਇਕ ਕਵੀਸ਼ਰੀ ਸੁਣਾਈ ਅਤੇ ਹਰਮਿੰਦਰ ਕੌਰ ਢਿੱਲੋਂ ਨੇ ਆਪਣੀ ਇਕ ਕਵਿਤਾ ਪੇਸ਼ ਕੀਤੀ। ਬਲਬੀਰ ਗੋਰਾ ਨੇ ਜਸਬੀਰ ਸਹੋਤਾ ਦੁਆਰਾ ਲਿਖੇ ਕੁਝ ਦੋਹੇ ਗਾ ਕੇ ਪੇਸ਼ ਕੀਤੇ। ਹਰੀਪਾਲ ਨੇ ਇਕ ਭਾਵਮਈ ਕਵਿਤਾ ਸੁਣਾਈ ਅਤੇ ਗਗਨਦੀਪ ਗਾਹੂਣੀਆਂ ਨੇ ਕੈਨੇਡਾ ਦਿਵਸ ਨੂੰ ਸਮਰਪਿਤ ਇਕ ਕਵਿਤਾ ਨਾਲ ਕੈਨੇਡਾ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਮਨਮੋਹਨ ਸਿੰਘ ਬਾਠ ਨੇ ਆਪਣੀ ਖ਼ੂਬਸੂਰਤ ਆਵਾਜ਼ ਵਿਚ ਗੀਤ “ਨਾ ਧੁੱਪ ਰਹਿਣੀ ਨਾ ਛਾਂ ਬੰਦਿਆ” ਸੁਣਾ ਕੇ ਸਰੋਤਿਆਂ ਦਾ ਖ਼ੂਬ ਮਨੋਰੰਜਨ ਕੀਤਾ। ਮਾ. ਅਜੀਤ ਸਿੰਘ ਨੇ ਇਕ ਹਾਸਰਸ ਦੀ ਲਿਖਤ ਨਾਲ ਸਾਂਝ ਪਾਈ। ਗੁਰਬਚਨ ਸਿੰਘ ਬਰਾੜ ਨੇ ਇਕ ਗ਼ਜ਼ਲ ਸੁਣਾਈ, ਜਿਸ ਦਾ ਮਤਲਾ ਹਾਜ਼ਰ ਹੈ।

ਜੁਗਨੂੰਆਂ ਦੇ ਵਾਂਗ ਬੁਝ ਬੁਝ ਜਗਣ ਦੀ ਆਦਤ ਬਣਾ।
ਕਾਲੀਆਂ ਰਾਤਾਂ ਮੁਕਾ ਕੇ ਰੌਸ਼ਨੀ ਦੀ ਲੀਕ ਪਾ।

ਇਸ ਤੋਂ ਉਪਰੰਤ ਬਲਜਿੰਦਰ ਸੰਘਾ ਨੇ ਪੁਸਤਕ “ਗੀਤਾਂ ਦੇ ਵਣਜਾਰੇ” ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਉਸ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੁਸਤਕ ਨੂੰ ਰਸਮੀ ਤੌਰ ’ਤੇ ਲੋਕ ਅਰਪਣ ਕੀਤਾ ਗਿਆ। ਇਸ ਤੋਂ ਬਾਅਦ ਗੁਰਪ੍ਰਤਾਪ ਸਿੰਘ ਢਿੱਲੋਂ ਨੇ ਇਸੇ ਪੁਸਤਕ ਵਿੱਚੋਂ ਇਕ ਗੀਤ ਸਰੋਤਿਆਂ ਨਾਲ ਸਾਂਝਾ ਕੀਤਾ।

ਰਚਨਾਵਾਂ ਦੇ ਦੌਰ ਨੂੰ ਜਾਰੀ ਰੱਖਦੇ ਹੋਏ ਜ਼ੋਰਾਵਰ ਬਾਂਸਲ ਅਤੇ ਜਸਬੀਰ ਸਹੋਤਾ ਨੇ ਕਵਿਤਾਵਾਂ ਅਤੇ ਯੁਵਰਾਜ ਸਿੰਘ ਨੇ ਸਤਿੰਦਰ ਸਿਰਤਾਜ ਦਾ ਇਕ ਗੀਤ ਪੇਸ਼ ਕੀਤਾ। ਸੁਖਵਿੰਦਰ ਸਿੰਘ ਤੂਰ ਨੇ ਕੁਲਦੀਪ ਕੰਡਿਆਰਾ ਦਾ ਗੀਤ “ਮੇਰਾ ਸਾਰਾ ਪਿੰਡ ਵਿਕਾਊ ਹੈ” ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਬਲਬੀਰ ਗੋਰਾ ਨੇ ਆਪਣੇ ਇਕ ਗੀਤ ਦਾ ਮੁੱਖੜਾ ਅਤੇ ਤਰਲੋਚਨ ਸੈਹਿੰਬੀ ਨੇ ਵੀ ਆਪਣੀ ਬੁਲੰਦ ਆਵਾਜ਼ ਵਿਚ ਨਵਾਂ ਲਿਖਿਆ ਗੀਤ “ਬੂਟਾ ਪੰਜਾਬੀ ਦਾ ਮੁਰਝਾ ਚੱਲਿਆ” ਸੁਣਾ ਕੇ ਰਚਨਾਵਾਂ ਦੇ ਦੌਰ ਵਿਚ ਸਾਂਝ ਪਾਈ।

ਇਸ ਦੌਰਾਨ ਗੁਰਬਚਨ ਸਿੰਘ ਬਰਾੜ ਨੇ ਕੁਝ ਹੋਰ ਸਥਾਨਕ ਸੂਚਨਾਵਾਂ ਦੇ ਨਾਲ ਇਹ ਸੂਚਨਾ ਵੀ ਸਾਂਝੀ ਕੀਤੀ ਕਿ ਇਸ ਵਾਰ ਦੇਸ ਪੰਜਾਬ ਟਾਈਮਜ਼ ਵੱਲੋਂ ਕਰਵਾਏ ਜਾ ਰਹੇ ਗਦਰੀ ਬਾਬਿਆਂ ਦੇ ਮੇਲੇ ਦੌਰਾਨ ਪੰਜਾਬੀ ਲਿਖਾਰੀ ਸਭਾ ਵੱਲੋਂ ਇਕ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਇਸ ਪੁਸਤਕ ਮੇਲੇ ਵਿਚ ਪੰਜਾਬੀ ਦੇ ਉੱਘੇ ਲੇਖਕਾਂ ਦੀਆਂ ਮਿਆਰੀ ਕਿਤਾਬਾਂ ਪਾਠਕ ਖਰੀਦ ਸਕਣਗੇ।

ਇਹ ਮੇਲਾ ਪ੍ਰੇਰੀ ਵਿੰਡਜ਼ ਪਾਰਕ ਵਿਚ 30 ਜੁਲਾਈ ਤੋਂ 1 ਅਗਸਤ ਤਕ ਹੋਣ ਜਾ ਰਿਹਾ ਹੈ। ਪੰਜਾਬੀ ਪੁਸਤਕਾਂ ਦੇ ਚਾਹਵਾਨ ਉੱਥੇ ਪਹੁੰਚ ਕੇ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ।ਇਸ ਮੇਲੇ ਦੌਰਾਨ ਅਦਾਰਾ ਦੇਸ ਪੰਜਾਬ ਟਾਈਮਜ਼ ਵੱਲੋਂ ਪੰਜਾਬੀ ਲਿਖਾਰੀ ਸਭਾ ਦੇ ਮੈਂਬਰ ਮੰਗਲ ਸਿੰਘ ਚੱਠਾ ਨੂੰ ਉਸ ਦੀ ਕਵੀਸ਼ਰੀ ਰਚਨਾਵਾਂ ਲਈ ਹੈਰੀ ਸੋਹਲ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।

ਵਧੇਰੇ ਜਾਣਕਾਰੀ ਲਈ ਪਾਠਕ ਲਈ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਬਲਬੀਰ ਗੋਰਾ ਨਾਲ 403-472-2662 ’ਤੇ ਸੰਪਰਕ ਕਰ ਸਕਦੇ ਹਨ

*****

(365)

About the Author

ਮਹਿੰਦਰਪਾਲ ਸਿੰਘ ਪਾਲ

ਮਹਿੰਦਰਪਾਲ ਸਿੰਘ ਪਾਲ

Surrey, British Columbia, Canada.
Phone: (403 - 880 - 1677)
Email: (mspal@telus.net)