Mohinderpal7ਗੁਰਬਚਨ ਸਿੰਘ ਬਰਾੜ ਨੇ ਇੱਕ ਮਤਾ ਰੱਖਿਆ ਜਿਸ ਵਿਚ ਪੰਜਾਬ ਸਰਕਾਰ ਤੋਂ ਬਲਦੇਵ ਸਿੰਘ ਖ਼ਿਲਾਫ਼ ਸਭ ਕਾਰਵਾਈਆਂ ...
(25 ਨਵੰਬਰ 2017)

 

LikharSabhaPal3

 

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮਾਸਿਕ ਇਕੱਤਰਤਾ 19 ਤਰੀਕ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ  ਹੋਈ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਸਾਥ ਜਸਵੰਤ ਸਿੰਘ ਗਿੱਲ, ਬਲਜਿੰਦਰ ਸੰਘਾ ਅਤੇ ਰਣਜੀਤ ਸਿੰਘ ਨੇ ਦਿੱਤਾ।

ਮੀਟਿੰਗ ਦੀ ਸ਼ੁਰੂਆਤ ਵਿੱਚ ਸਕੱਤਰ ਬਲਬੀਰ ਗੋਰਾ ਨੇ ਕਵੀਸ਼ਰ ਜੋਗਾ ਸਿੰਘ ਜੋਗੀ ਅਤੇ ਪ੍ਰਸਿੱਧ ਸ਼ਾਇਰ ਗਿੱਲ ਮੋਰਾਂਵਾਲੀ ਦੇ ਅਕਾਲ ਚਲਾਣਾ ਕਰ ਜਾਣ ’ਤੇ ਸਮੂਹ ਸਭਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਵਿਸ਼ਵ ਯੁੱਧਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਉਪਰੰਤ ਉਸ ਨੇ ਸਭਾ ਦੇ ਬਾਨੀ ਮੈਂਬਰ ਜਸਵੰਤ ਸਿੰਘ ਗਿੱਲ ਜੀ ਨੂੰ ਬੇਨਤੀ ਕੀਤੀ ਕਿ ਉਹ ਅਗਲੇ ਦੋ ਸਾਲ ਲਈ ਨਵੀਂ ਚੁਣੀ ਗਈ ਕਾਰਜਕਾਰੀ ਕਮੇਟੀ ਦੇ ਨਾਮ ਹਾਜ਼ਰੀਨ ਸਾਹਮਣੇ ਨਸ਼ਰ ਕਰਨ। ਜਸਵੰਤ ਸਿੰਘ ਗਿੱਲ ਨੇ ਜਿੱਥੇ ਨਵੀਂ ਕਮੇਟੀ ਨੂੰ ਵਧਾਈ ਦਿੱਤੀ, ਉੱਥੇ ਪਿਛਲੀ ਕਮੇਟੀ ਦੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਸਭਾ ਦੇ ਬਾਨੀ ਸ਼੍ਰੀ ਇਕਬਾਲ ਅਰਪਨ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਸਭਾ ਅਰਪਨ ਜੀ ਦਾ ਸੁਪਨਾ ਸੀ ਅਤੇ ਇਹ ਵੇਖ ਕੇ ਬੜੀ ਖ਼ੁਸ਼ੀ ਹੁੰਦੀ ਹੈ ਕਿ ਸਭਾ ਲਗਾਤਾਰ ਪ੍ਰਗਤੀ ਵੱਲ ਵਧਦੀ ਜਾ ਰਹੀ ਹੈ ਅਤੇ ਅੱਜ ਇਸਦਾ ਸ਼ੁਮਾਰ ਵਿਸ਼ਵ ਭਰ ਦੀਆਂ ਚੋਣਵੀਂਆਂ ਸਭਾਵਾਂ ਵਿਚ ਸ਼ਾਮਲ ਹੈ। ਫਿਰ ਉਨ੍ਹਾਂ ਨੇ ਨਵੀਂ ਕਮੇਟੀ ਦੇ ਮੈਂਬਰਾਂ ਦੇ ਨਾਮ ਸਾਂਝੇ ਕੀਤੇ ਜੋ ਇਸ ਪ੍ਰਕਾਰ ਹਨ:

ਪ੍ਰਧਾਨ: ਬਲਜਿੰਦਰ ਸੰਘਾ, ਮੀਤ ਪ੍ਰਧਾਨ: ਗੁਰਬਚਨ ਸਿੰਘ ਬਰਾੜ, ਜਨਰਲ ਸਕੱਤਰ: ਰਣਜੀਤ ਸਿੰਘ, ਸਹਾਇਕ ਸਕੱਤਰ: ਜੋਰਾਵਰ ਬੰਸਲ, ਖ਼ਜ਼ਾਨਚੀ: ਮੰਗਲ ਚੱਠਾ, ਸਹਾਇਕ ਖ਼ਜ਼ਾਨਚੀ:  ਗੁਰਲਾਲ ਸਿੰਘ ਰੁਪਾਲੋਂ, ਐਗਜ਼ੈਕਟਿਵ ਮੈਂਬਰ: ਦਵਿੰਦਰ ਮਲਹਾਂਸ, ਤਰਲੋਚਨ ਸਿੰਘ ਸੈਹਿੰਬੀ, ਬਲਬੀਰ ਗੋਰਾ, ਹਰੀਪਾਲ ਅਤੇ ਮਹਿੰਦਰਪਾਲ ਸਿੰਘ ਪਾਲ।

ਇਸ ਤੋਂ ਉਪਰੰਤ ਪਿਛਲੇ ਦੋ ਸਾਲਾਂ ਤੋਂ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਤਰਲੋਚਨ ਸੈਹਿੰਬੀ ਨੇ ਨਵੀਂ ਕਮੇਟੀ ਨੂੰ ਵਧਾਈ ਦਿੱਤੀ ਅਤੇ ਸਭ ਹਾਜ਼ਰੀਨ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਨਵੇਂ ਪ੍ਰਧਾਨ ਬਲਜਿੰਦਰ ਸੰਘਾ ਨੇ ਆਪਣੀ ਜ਼ਿੰਮੇਵਾਰੀ ਸੰਭਾਲਦੇ ਹੋਏ ਸਭਾ ਦੀ ਤਰੱਕੀ ਲਈ ਯਤਨਸ਼ੀਲ ਰਹਿਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਅਗਰ ਸਭਾ ਅਗਲੀ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਵਿਚ ਸਫਲ ਰਹੀ ਤਾਂ ਇਹ ਸਭਾ ਦੀ ਵੱਡੀ ਪ੍ਰਾਪਤੀ ਹੋਵੇਗੀ। ਉਨ੍ਹਾਂ ਹਾਜ਼ਰੀਨ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ। ਸਕੱਤਰ ਰਣਜੀਤ ਸਿੰਘ ਨੇ ਵੀ ਸਭਾ ਦੀ ਤਨ, ਮਨ ਨਾਲ ਜ਼ਿੰਮੇਵਾਰੀ ਨਿਭਾਉਣ ਦਾ ਵਾਅਦਾ ਕੀਤਾ।

ਰਚਨਾਵਾਂ ਦਾ ਦੌਰ ਡਾ. ਮਨਮੋਹਨ ਸਿੰਘ ਬਾਠ ਨੇ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਇੱਕ ਗੀਤ ਨਾਲ ਸ਼ੁਰੂ ਕੀਤਾ। ਹਰੀਪਾਲ ਨੇ ਆਪਣਾ ਲੇਖ ‘ਕਿਤਾਬਾਂ ਦੇ ਅੰਗ ਸੰਗ’ ਪੜ੍ਹਿਆ ਜਿਸ ਵਿਚ ਉਨ੍ਹਾਂ ਲਿਖਾਰੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਜਿਸ ਤਰ੍ਹਾਂ ਸਰੀਰ ਲਈ ਕਸਰਤ ਜ਼ਰੂਰੀ ਹੈ, ਉਸੇ ਤਰ੍ਹਾਂ ਦਿਮਾਗ਼ ਦੀ ਕਸਰਤ ਲਈ ਕਿਤਾਬਾਂ ਪੜ੍ਹਨਾ ਵੀ ਜ਼ਰੂਰੀ ਹੈ।

ਮਹਿੰਦਰਪਾਲ ਸਿੰਘ ਪਾਲ ਨੇ ‘ਖ਼ਾਮੋਸ਼ ਰਾਤ’ ਨਾਮ ਦੀਆਂ ਦੋ ਸੂਖਮ ਕਵਿਤਾਵਾਂ ਸਾਂਝੀਆਂ ਕੀਤੀਆਂ। ਸਰਵਣ ਸਿੰਘ ਸੰਧੂ ਨੇ ਨਸ਼ਿਆਂ ਬਾਰੇ ਇੱਕ ਰਚਨਾ ਪੜ੍ਹੀ। ਗੁਰਬਚਨ ਸਿੰਘ ਬਰਾੜ ਨੇ ਬਲਦੇਵ ਸਿੰਘ ਸੜਕਨਾਮਾ ਵੱਲੋਂ ਲਿਖੇ ਨਾਵਲ ‘ਸੂਰਜ ਦੀ ਅੱਖ’ ਬਾਰੇ ਛਿੜੇ ਵਿਵਾਦ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਬਲਦੇਵ ਸਿੰਘ ਨਾਲ ਕੀਤੇ ਜਾ ਰਹੇ ਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ। ਗੁਰਬਚਨ ਸਿੰਘ ਬਰਾੜ ਨੇ ਇੱਕ ਮਤਾ ਰੱਖਿਆ ਜਿਸ ਵਿਚ ਪੰਜਾਬ ਸਰਕਾਰ ਤੋਂ ਬਲਦੇਵ ਸਿੰਘ ਖ਼ਿਲਾਫ਼ ਸਭ ਕਾਰਵਾਈਆਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ। ਹਾਜ਼ਰੀਨ ਨੇ ਹੱਥ ਖੜ੍ਹੇ ਕਰ ਕੇ ਇਸ ਮਤੇ ਦੀ ਪ੍ਰਵਾਨਗੀ ਦਾ ਇਜ਼ਹਾਰ ਕੀਤਾ। ਗੁਰਬਚਨ ਸਿੰਘ ਬਰਾੜ ਨੇ ਪਿਛਲੇ ਦਿਨੀਂ ਸਰੀ ਵਿਚ ਉੱਤਰੀ ਅਮਰੀਕਾ ਦੇ ਲੇਖਕਾਂ ਦਾ ਸੰਮੇਲਨ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਵਿਚ ਉਨ੍ਹਾਂ ਖ਼ੁਦ ਵੀ ਸ਼ਿਰਕਤ ਕੀਤੀ ਸੀ। ਉਨ੍ਹਾਂ ਇਸ ਨੂੰ ਇੱਕ ਕਾਮਯਾਬ ਸੰਮੇਲਨ ਕਿਹਾ।

ਗੁਰਚਰਨ ਕੌਰ ਥਿੰਦ ਨੇ ਨਵੀਂ ਕਮੇਟੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਇੱਕ ਨਵੇਂ ਸਰਵੇਖਣ ਦੇ ਆਂਕੜੇ ਸਾਂਝੇ ਕੀਤੇ ਜਿਸ ਵਿਚ ਕੈਨੇਡਾ ਦੇ ਵਸਨੀਕਾਂ ਨੇ ਇਹ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਕੈਨੇਡਾ ਨੂੰ ਮੁਸਲਿਮ ਅਤੇ ਸਿੱਖ ਧਰਮ ਤੋਂ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਸਮਾਜ ਵਿਚ ਇਸ ਤਰ੍ਹਾਂ ਦੀ ਭਾਵਨਾ ਕਿਉਂ ਹੈ, ਇਸ ਬਾਰੇ ਸਾਨੂੰ ਸੋਚਣ ਦੀ ਲੋੜ ਹੈ। ਉਨ੍ਹਾਂ ਕਮਿਊਨਿਟੀ ਵਿਚ ਘਰੇਲੂ ਹਿੰਸਾ ਨੂੰ ਰੋਕਣ ਬਾਰੇ ਹੋ ਰਹੇ ਯਤਨਾਂ ’ਤੇ ਵੀ ਚਾਨਣਾ ਪਾਇਆ।

ਮਾਸਟਰ ਭਜਨ ਸਿੰਘ ਗਿੱਲ ਨੇ ਬਲਦੇਵ ਸਿੰਘ ਸੜਕਨਾਮਾ ਦੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਸਮਾਜ ਦਰਪੇਸ਼ ਹੋਰ ਮੁਸ਼ਕਲਾਂ ਬਾਰੇ ਵੀ ਵਿਚਾਰ ਪੇਸ਼ ਕੀਤੇ। ਡਾ. ਹਰਭਜਨ ਸਿੰਘ ਢਿੱਲੋਂ ਅਤੇ ਬਚਿੱਤਰ ਸਿੰਘ ਗਿੱਲ ਨੇ ਵੀ ਇਸ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਜਸਬੀਰ ਸਿੰਘ ਸਹੋਤਾ ਨੇ ਇਸ ਬੈਠਕ ਵਿਚ ਪੇਸ਼ ਕੀਤੇ ਗਏ ਵਿਚਾਰਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਜੋਰਾਵਰ ਬੰਸਲ ਨੇ ਇੱਕ ਮਿੰਨੀ ਰਚਨਾ ਪੇਸ਼ ਕੀਤੀ। ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਇੱਕ ਗ਼ਜ਼ਲ ਤਰੰਨਮ ਵਿਚ ਪੇਸ਼ ਕੀਤੀ। ਨਵਪ੍ਰੀਤ ਰੰਧਾਵਾ ਨੇ ਘਰੇਲੂ ਹਿੰਸਾ ਬਾਰੇ ਗੱਲਬਾਤ ਕੀਤੀ ਅਤੇ ਆਪਣੀ ਗ਼ਜ਼ਲ ਦੇ ਚੰਦ ਸ਼ਿਅਰ ਸਾਂਝੇ ਕੀਤੇ। ਲਖਵਿੰਦਰ ਜੌਹਲ ਨੇ ਆਪਣੀ ਇੱਕ ਰਚਨਾ ਸਾਂਝੀ ਕੀਤੀ। ਮਨਜੀਤ ਕਾਂਡਾ ਨੇ ਬੇਘਰੇ ਲੋਕਾਂ ਲੋਕਾਂ ਬਾਰੇ ਕੁੱਝ ਆਂਕੜੇ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਘਰੇਲੂ ਹਿੰਸਾ ਨਾਲ ਜੋੜ ਕੇ ਆਪਣੇ ਵਿਚਾਰ ਪੇਸ਼ ਕੀਤੇ। ਸੁਖਪਾਲ ਪਰਮਾਰ ਨੇ ਸੁਲੱਖਣ ਸਿੰਘ ਰਿਆੜ ਦੀ ਕਵੀਸ਼ਰ ਜੋਗਾ ਸਿੰਘ ਜੋਗੀ ਬਾਰੇ ਲਿਖੀ ਰਚਨਾ ਸਾਂਝੀ ਕੀਤੀ। ਸੁਖਵਿੰਦਰ ਤੂਰ ਨੇ ਸੁਰਜੀਤ ਪਾਤਰ ਦੀ ਇੱਕ ਗ਼ਜ਼ਲ ਗਾ ਕੇ ਪੇਸ਼ ਕੀਤੀ। ਜਰਨੈਲ ਸਿੰਘ ਤੱਗੜ ਨੇ ਸੁਰਜੀਤ ਸਿੰਘ ਪੰਨੂ ਦਾ ਗੀਤ ਪੜ੍ਹ ਕੇ ਸੁਣਾਇਆ। ਮੰਗਲ ਚੱਠਾ ਨੇ ਆਪਣੇ ਕੁੱਝ ਵਿਚਾਰ ਸਾਂਝੇ ਕੀਤੇ। ਬਚਿੱਤਰ ਸਿੰਘ ਗਿੱਲ ਨੇ ਇੱਕ ਕਵੀਸ਼ਰੀ ਪੇਸ਼ ਕੀਤੀ।

ਅਖੀਰ ਵਿਚ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ।

ਸਭਾ ਦੀ ਅਗਲੀ ਮੀਟਿੰਗ 17 ਦਸੰਬਰ ਨੂੰ ਹੋਵੇਗੀ। ਵਧੇਰੇ ਜਾਣਕਾਰੀ ਲਈ ਪਾਠਕ ਬਲਜਿੰਦਰ ਸੰਘਾ ਨਾਲ 403-680-3212 ਜਾਂ ਰਣਜੀਤ ਸਿੰਘ ਨਾਲ 403-714-6848 ’ਤੇ ਸੰਪਰਕ ਕਰ ਸਕਦੇ ਹਨ।

*****

About the Author

ਮਹਿੰਦਰਪਾਲ ਸਿੰਘ ਪਾਲ

ਮਹਿੰਦਰਪਾਲ ਸਿੰਘ ਪਾਲ

Surrey, British Columbia, Canada.
Phone: (403 - 880 - 1677)
Email: (mspal@telus.net)

More articles from this author