GSGhangas7ਨਾ ਕੋ ਵੈਰੀ ਨਾ ਹੀ ਬਿਗਾਨਾ, ਬੰਦਿਆ ਮਨ ਸਮਝਾ ਕੇ ਦੇਖ।    ਮਨੂ ਸ਼ਰਾਰਤ ਮਹਾਂ ਰੋਗ ਹੈ, ਜਾਤ-ਪਾਤ ਮਿਟਾ ਕੇ ਦੇਖ ...”
(ਜੂਨ 18,2016)

 

1.              ਬਸਰਾ ਬਗਦਾਦ

ਬਸਰਾ ਬਗਦਾਦ ਹਾਂ, ਅੱਜ ਬੰਬਾਂ ਗੋਲੀਆਂ ਦੀ ਮਾਰ ਹਾਂ,
ਪਰ ਕਿਸੇ ਅਮਨ ਦੀ ਉਡੀਕ ਕਰ ਰਿਹਾ ਲਗਾਤਾਰ ਹਾਂ

ਮੈਨੂੰ ਤਾਂ ਨਿਜਾਮਾਂ ਆਪਣੇ ਬਿਗਾਨਿਆਂ ਨੇ ਪੱਛ ਮਾਰਿਆ,
ਫਿਰ ਵੀ ਪਣੇ ਖਰੇ ਪਿਆਰਿਆਂ ਲਈ ਦਿਲਦਾਰ ਹਾਂ

ਲੁੱਟ ਲੁੱਟ ਮੇਰੇ ਖਜਾਨੇ ਥੱਕ ਗਏ ਹਨ ਘਰ ਵਾਲੇ,
ਹੁਣ ਲੁਟੇਰੇ ਵੱਡਿਆਂ ਦੀ ਕਰ ਰਿਹਾ ਇੰਤਜ਼ਾਰ ਹਾਂ

ਤਾਂ ਕੀ ਜੇ ਅੱਜ ਮੇਰੇ ਸਭ ਪਾਸੇ ਭੰਨੇ ਹਨ ਜਾ ਰਹੇ,
ਇਹਨਾਂ ਫੱਟੜਾਂ ਤੋਂ ਬਣ ਰਹੀ ਗੀਤਾਂ ਵਾਲੀ ਧਾਰ ਹਾਂ

ਇਹ ਹਨ ਹਉਮੈਂ ਦੇ ਪੁੱਤ, ਇਹ ਨਫਰਤ ਦੀਆਂ ਨਦੀਆਂ,
ਪਤਾ ਨਹੀਂ ਕੀ ਰਿਹਾ ਬਾਕੀ ਲਈ ਇਹਨਾਂ ਹਤਿਆਰਿਆਂ

ਮੈਂ ਹਾਂ ਮਨੁੱਖਤਾ ਦਾ ਆਰੰਭ, ਮੈਂ ਅੰਤ ਹੋ ਸਕਦਾ ਨਹੀਂ,
ਭੁੱਲੀ ਭਟਕੀ ਮਨੁੱਖਤਾ ਲਈ ਦੋ ਪਲ ਦਾ ਅੰਗਿਆਰ ਹਾਂ

ਬਾਬੇ ਨਾਨਕ ਦਾ ਜੱਥਾ ਆਇਆ ਸੀ ਏਥੇ ਕਿਸੇ ਸਮੇਂ
ਅੱਜ ਫੇਰ ਅਮਨ ਲਈ ਭਟਕਦੀ ਇਕ ਪੁਕਾਰ ਹਾਂ।

** (2004 ਵਿੱਚ ਲਿਖੀ)

2.    ਨਾਨਕਧਾਰਾ

ਇੱਕ ਓਅੰਕਾਰ ਧਿਆ ਕੇ ਦੇਖ,
ਇੱਕ ’ਚ ਨਜ਼ਰ ਟਿਕਾ ਕੇ ਦੇਖ।

ਹਰ ਥਾਂ ਵੱਸੇ ਅਗਮ ਅਗੋਚਰ,
ਖ਼ੁਦ ਹੀ ਹੱਥ ਵਧਾ ਕੇਦੇਖ।

ਨਾ ਕੋ ਵੈਰੀ ਨਾ ਹੀ ਬਿਗਾਨਾ,
ਬੰਦਿਆ ਮਨ ਸਮਝਾ ਕੇ ਦੇਖ।

ਮਨੂ ਸ਼ਰਾਰਤ ਮਹਾਂ ਰੋਗ ਹੈ,
ਜਾਤ-ਪਾਤ ਮਿਟਾ ਕੇ ਦੇਖ।

ਸੋ ਕਿਓਂ ਮੰਦਾ ਆਖੀਐ,
ਸਹੀ ਅਰਥ ਉਠਾ ਕੇ ਦੇਖ।

ਮੋਹ ਪੁੱਤਰਾਂ ਦਾ ਕਰਕੇ ਰੱਦ,
ਅੰਗਦ ਗੁਰੂ ਸਜਾ ਕੇ ਦੇਖ।

ਕੂੜ ਨਿਖੁੱਟੇ ਆਖਰ ਵਿੱਚ,
ਨਾਨਕ ਤੱਤ ਅਜ਼ਮਾ ਕੇ ਦੇਖ।

ਸਭਨਾਂ ਜੀਆਂ ਕਾ ਇੱਕ ਦਾਤਾ
ਨਾਨਕ ਬਾਣੀ ਗਾ ਕੇ ਦੇਖ।

         **

3.    ਮੰਦ-ਭਾਗੇ ਲੋਕ

ਕੁਝ ਕਹੋ ਤਾਂ ਬੂਥਾ ਬਣਾ ਲੈਂਦੇ ਨੇ,
ਨਾ ਕਹੋ ਕੋਈ ਪੰਗਾ ਪਾ  ਲੈਂਦੇ ਨੇ।

ਮੌਕਾ ਨਾ ਮਿਲੇ ਤਾਂ ਕੋਸਣ ਦੀ ਆਦਤ,
ਸਿੱਖਣ ਦਾ ਹਰ ਮੌਕਾ ਗਵਾ ਲੈਂਦੇ ਨੇ।

ਧਰਮ ਇਨ੍ਹਾਂ ਦਾ ਸਿਰਫ਼ ਚਿੰਨ੍ਹਾਂ ’ਤੇ ਅਧਾਰਤ,
ਨਿੱਜੀ ਕੰਮਾਂ ’ਚ ਧਰਮ ਫਸਾ ਲੈਂਦੇ ਨੇ ।

ਵਿਚ ਆ ਕੇ ਸਿਆਸਤ ਮੰਗਣ ਲੋਕਾਂ ਤੋਂ ਸੇਵਾ,
ਖ਼ੁਦ ਲੋਕ-ਸੇਵਾ ਭਾਵ ਭੁਲਾ ਲੈਂਦੇ ਨੇ।

ਸਾਹਿਤ ਵਿੱਚ ਵੀ ਅੜਾ ਬਹਿੰਦੇ ਸਿਆਸਤ,
ਮੋਟੀਆਂ ਅਕਲਾਂ ਨੂੰ ਜਿੰਦਰੇ ਲਗਾ ਲੈਂਦੇ ਨੇ।

ਸ਼ੁਭ ਕਰਮਾਂ ਤੇ ਕਰਦੇ ਰਹਿੰਦੇ ਨੇ ਹਮਲੇ,
ਜਦੋਂ ਧਰਮਾਂ ਵਿਚ ਕੜਵਾਹਟ ਲਿਆ ਦਿੰਦੇ ਨੇ।

ਜਦੋਂ ਬੱਚੇ ਨਾ ਹੋਵਣ, ਕਰਦੇ ਠੱਗਾਂ ਦੀ ਪੂਜਾ,
ਬੱਚੇ ਹੋਣ ਤੇ ਰੁਲ਼ਾ ਜਾਂ ਚਮਲਾ ਲੈਂਦੇ ਨੇ।

ਖਾਂਦੇ ਪੀਂਦੇ ਸ਼ਰੀਕ ਰਹਿੰਦੇ ਚੁੱਭਦੇ ਇਨ੍ਹਾਂ ਨੂੰ,
ਦੇਖ ਹਮਾਤੜ੍ਹ ਜਿਹੇ ਲੋਕ, ਨੱਕ ਚੜ੍ਹਾ ਲੈਂਦੇ ਨੇ।

ਸਮਝੋ, ਹੱਕ ਤੇ ਸੱਚ ਜਾਂ ਪਰਉਪਕਾਰੀ ਦਾ ਅੰਸ਼
ਕੋਈ ਨਾ ਕੋਈ, ਕਿਵੇਂ ਨਾ ਕਿਵੇਂ  ਗੁਆ ਲੈਂਦੇ ਨੇ।

                    **

4.   ਬਾਬੇ ਨਾਨਕ ਨੂੰ

ਕਹਿਣੇ ਨੂੰ ਤਾਂ ਜੀਅ ਨ੍ਹੀਂ ਕਰਦਾ,
ਪਰ ਕਹੇ ਬਿਨਾਂ ਵੀ ਨ੍ਹੀਂ ਸਰਦਾ,
ਅਜੇ ਏਥੇ ਨਾ ਆਈਂ ਬਾਬਾ।

ਇਸ ਬੇੜੀ ਵਿੱਚ ਥਾਂ ਨਹੀਂ ਹੈ
ਰੱਬ ਰੁੱਬ ਦਾ ਕੋਈ ਨਾਂ ਨਹੀਂ ਹੈ
ਨਾ ਕੋਈ ਬਾਲਾ, ਨਾ ਮਰਦਾਨਾ,
ਸਭ ਕੁਝ ਘਾਈਂ ਮਾਈਂ ਬਾਬਾ,
ਏਥੇ ਨਾ ਤੂੰ ਆਈਂ
 ਬਾਬਾ

ਇਸ ਬੇੜੀ ਦਾ ਮਾਲਕ ਭਾਗੋ,
ਇਸ ਬੇੜੀ ਦਾ ਪਾਣੀ ਗੰਧਲਾ
ਇਸ ਬੇੜੀ ਦਾ ਆਟਾ ਕਿਰਚਾ
ਏਥੇ ਨਾ ਤੂੰ ਖਾਈਂ ਬਾਬਾ,
ਏਥੇ ਨਾ ਤੂੰ ਆਈਂ ਬਾਬਾ

ਇਸ ਬੇੜੀ ਦੇ ਰਾਖੇ ਮਾੜੇ
ਉਲਟੀ ਵਾੜ ਖੇਤ ਨੂੰ ਸਾੜੇ
ਵਿਦ-ਵੁ ਦੀ ਪੈਜ ਨ੍ਹੀਂ ਏਥੇ
ਝੂਠੇ ਦੇਣ ਗਵਾਹੀ ਬਾਬਾ,
ਏਥੇ ਨਾ ਤੂੰ ਆਈਂ 
ਬਾਬਾ

ਸੱਪ-ਸੁੱਪ ਨੇ ਛਾਂ ਨ੍ਹੀਂ ਕਰਨੀ,
ਡੰਗਣ ਲੱਗਿਆਂ ਨਾਂਹ ਨ੍ਹੀਂ ਕਰਨੀ,
ਤੇਰਾਂ-ਤੂਰਾਂ ਕਿਸੇ ਨ੍ਹੀਂ ਸੁਣਨੀ,
ਪਿੱਛੋਂ ਨਾ ਪਛਤਾਈਂ ਬਾਬਾ,
ਏਥੇ ਨਾ ਤੂੰ ਆਈਂ ਬਾਬਾ

ਆਏ ਬਿਨ ਜੇ ਰਹਿ ਨਹੀਂ ਸਕਦਾ,
ਸੁਰਗ ਦੇ ਦੁੱਖੜੇ ਸਹਿ ਨਹੀਂ ਸਕਦਾ,
ਮਾਇਆ ਨਾਲ ਲਿਆਈਂ ਬਾਬਾ,
ਏਥੇ ਨਾ ਤੂੰ ਆਈਂ ਬਾਬਾ

ਅੱਗੇ ਤੇਰੀ ਪਣੀ ਮਰਜ਼ੀ
ਤੇਰੀਆਂ ਬਾਬਾ ਤੂੰ ਹੀ ਜਾਣੇਂ
ਹੋਗੀ ਮਗਜ਼ ਖਪਾਈ ਬਾਬਾ,
ਏਥੇ ਨਾ ਤੂੰ ਆਈਂ ਬਾਬਾ

ਅੱਛਾ ਜਦੋਂ ਵੀ ਆਉਣਾ ਹੋਇਆ,
ਸਾਨੂੰ ਬਹੁਤਾ ਨਾ ਲਟਕਾਈਂ ਬਾਬਾ,
ਪਰ ਮੈਂ ਤਾਂ ਅਜੇ ਵੀ ਕਹਿੰਦਾ ਹਾਂ ਕਿ,
ਏਥੇ ਨਾ ਤੂੰ ਆਈਂ ਬਾਬਾ
       *****

(322)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

Roseville, California, USA.
gsg123@hotmail.com
Phone: 916 740 3036

More articles from this author