“ਕਹਾਣੀ ਮੇਰਠ ਦੀ ਫੌਜੀ ਛਾਉਣੀ ਤੋਂ ਸ਼ੁਰੂ ਹੁੰਦੀ ਹੈ। ਇੱਕ ਫੌਜੀ ਬਗਾਵਤ ਜੋ ਸੰਨ 1857 ਦੀ ਗਦਰ ਲਹਿਰ ਬਣਕੇ ...”
(20 ਅਕਤੂਬਰ 2024)
ਇਸ ਸਮੇਂ ਪਾਠਕ: 355.
‘1857 ਦਿੱਲੀ-ਦਿੱਲੀ’ ਮਨਮੋਹਨ ਬਾਵਾ ਜੀ ਦਾ ਨਵਾਂ ਇਤਿਹਾਸਕ ਨਾਵਲ ਹੈ। ਇਹ ਨਾਵਲ ਭਾਰਤ ਦੀ ਸੰਨ 1857 ਵਾਲੀ ਗਦਰ ਲਹਿਰ ਦਾ ਸਾਦਾ ਸਮਝਿਆ ਜਾ ਸਕਣ ਵਾਲਾ ਬਿਆਨ ਹੈ। ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ (1839) ਤੋਂ ਬਾਅਦ ਦੋ ਸਾਲ ਵਿੱਚ ਪੰਜਾਬ ਅਤੇ ਰਾਜਿਸਥਾਨ ਦੇ ਇਲਾਕੇ ਫਰੰਗੀਆਂ ਦੇ ਹੱਥ ਵਿੱਚ ਆ ਗਏ ਸਨ। ਭਾਵੇਂ ਦਿੱਲੀ ਦੀ ਵਾਗਡੋਰ ਅਜੇ ਵੀ ਮੁਗਲਾਂ ਦਾ ਆਖਰੀ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਚਲਾ ਰਿਹਾ ਸੀ, ਪਰ ਉਸਦੀ ਤਾਕਤ ਦਿਨ-ਬਦਿਨ ਪਤਲੀ ਹੁੰਦੀ ਜਾ ਰਹੀ ਸੀ। ਇਸ ਗੱਲ ਬਾਰੇ ਫਰੰਗੀਆਂ ਨੇ ਪਹਿਲਾਂ ਹੀ ਅਨੁਮਾਨ ਲਾ ਲਿਆ ਸੀ ਕਿ ਪੰਜਾਬ ਦੀ ਜਿੱਤ ਤੋਂ ਬਾਅਦ ਦਿੱਲੀ ਉੱਤੇ ਕਬਜ਼ਾ ਕਰਨਾ ਉਹਨਾਂ ਲਈ ਖੱਬੇ ਹੱਥ ਦੀ ਖੇਡ ਹੋਵੇਗੀ। ਇਸ ਤਰ੍ਹਾਂ ਦੀ “ਪਾੜੋ ਅਤੇ ਰਾਜ ਕਰੋ” (Divide and Rule) ਦੀ ਨੀਤੀ ਸਦਕੇ ਹੀ ਕਲਕੱਤੇ ਤੋਂ ਅਫਗਾਨਿਸਤਾਨ ਤਕ ਭਾਰਤ ਫਰੰਗੀਆਂ ਦੇ ਕਬਜ਼ੇ ਹੇਠ ਆ ਗਿਆ ਸੀ। ਹਾਰੇ ਹੋਏ ਇਲਾਕਿਆਂ ਦੇ ਲੋਕ ਸਮੇਂ ਨਾਲ ਸਮਝੌਤੇ ਕਰਦੇ ਸ਼ਾਂਤ ਹੁੰਦੇ ਗਏ ਅਤੇ ਬਰਤਾਨਵੀ ਫੌਜ ਦੇ ਵਫਾਦਾਰ ਬਣਦੇ ਗਏ। ਪਰ ਬਹੁਤ ਸਾਰੇ ਮੁਸਲਮਾਨ, ਹਿੰਦੂ ਅਤੇ ਸਿੱਖ ਸੂਰਬੀਰ ਪੰਜਾਬ ਦੀ ਆਜ਼ਾਦੀ ਲਈ ਆਖਰੀ ਦਮ ਤਕ ਲੜਦੇ ਸ਼ਹੀਦ ਹੋ ਗਏ। ਉਨ੍ਹਾਂ ਵਿੱਚੋਂ ਜਿਹੜੇ ਬਚ ਨਿਕਲੇ, ਕੁਝ ਅਜਿਹੇ ਵੀ ਸਨ ਜਿਨ੍ਹਾਂ ਦਾ ਆਪਸੀ ਤਾਲ-ਮੇਲ ਸਿੱਖ ਰਾਜ ਦੇ ਖੁੱਸਣ ਮਗਰੋਂ ਵੀ ਬਣਿਆ ਰਿਹਾ। ਚਾਹੇ ਇਨ੍ਹਾਂ ਦੇ ਧਰਮ ਵੱਖਰੇ ਸਨ, ਪਰ ਬੇਅੰਤ ਸਾਝਾਂ ਵੀ ਸਨ ਅਤੇ ਮੁੜ ਆਜ਼ਾਦ ਰਹਿਕੇ ਜੀਣਾ ਲੋਚਦੇ ਸਨ। ਜੋ ਪੁਰਾਣੇ ਫਰੰਗੀ ਜਰਨੈਲ ਅਜੇ ਵੀ ਬਰਤਾਨਵੀ ਫੌਜੀ ਦੀ ਅਗਵਾਈ ਕਰ ਰਹੇ ਸਨ, ਉਨ੍ਹਾਂ ਦੀਆਂ ਯਾਦਾਂ ਵਿੱਚ ਬਹਾਦਰੀ ਨਾਲ ਲੜੇ ਭਾਰਤੀ ਯੋਧੇ ਅਜੇ ਵੀ ਸਮੋਏ ਹੋਏ ਸਨ। ਇਸ ਨਾਵਲ ਵਿੱਚ ਪਹਿਲਾਂ ਨਿਕਲਸਨ, ਓ-ਨੀਲ, ਅਤੇ ਆਖਰੀ ਸਮੇਂ ਕਰਨਲ ਹਾਰਡਿੰਡ ਦਾ ਜ਼ਿਕਰ ਖਾਸ ਆਉਂਦਾ ਹੈ।
ਕਹਾਣੀ ਮੇਰਠ ਦੀ ਫੌਜੀ ਛਾਉਣੀ ਤੋਂ ਸ਼ੁਰੂ ਹੁੰਦੀ ਹੈ। ਇੱਕ ਫੌਜੀ ਬਗਾਵਤ ਜੋ ਸੰਨ 1857 ਦੀ ਗਦਰ ਲਹਿਰ ਬਣਕੇ ਦਿੱਲੀ, ਆਗਰਾ, ਕਾਨਪੁਰ, ਲਖਨਊ ਅਤੇ ਹੋਰ ਥਾਵਾਂ ਤਕ ਫੈਲ ਗਈ ਸੀ। ਇਸ ਗਦਰ ਨੂੰ ਅੰਤ ਵਿੱਚ ਦਬਾ ਦਿੱਤਾ ਗਿਆ ਸੀ। ਇਹ ਨਾਵਲ ਉਸ ਲਹਿਰ ਦੇ ਅਧਾਰ ’ਤੇ ਰਚਿਆ ਗਿਆ ਹੈ।
ਮਨਮੋਹਨ ਬਾਵਾ ਨਾਵਲ ਨੂੰ ਪਾਤਰ ਬਿਜੈ ਸਿੰਘ ਅਤੇ ਬੀਬੀ ਸਤਵੰਤ ਦੇ ਮੇਲ ਨਾਲ ਸ਼ੁਰੂ ਕਰਦਾ ਹੈ, ਜੋ ਰਿਸ਼ਤਾ ਆਖਰ ਤਕ ਚਲਦਾ ਰਹਿੰਦਾ ਹੈ। ਸਾਰਾ ਨਾਵਲ ਬਿਜੈ ਸਿੰਘ ਦੇ ਇਰਦ-ਗਿਰਦ ਘੁੰਮਦਾ ਹੈ - ਇੱਕ ਯੋਧਾ ਜੋ ਉੱਚੀਆਂ ਕਦਰਾਂ-ਕੀਮਤਾਂ ਨਿਭਾਉਂਦਾ ਆਪਣੇ ਸਾਥੀਆਂ ਸੰਗ ਆਜ਼ਾਦੀ ਲਈ ਲੜਦਾ ਜੂਝਦਾ ਦਿਖਾਇਆ ਗਿਆ ਹੈ। ਪਹਿਲਾਂ ਉਹ ਘਰ-ਬਾਰ ਤਿਆਗ ਕੇ ਗਦਰ ਲਹਿਰ ਦਾ ਹਿੱਸਾ ਬਣਦਾ ਹੈ। ਨਾਵਲ ਦੇ ਸ਼ੁਰੂ ਵਿੱਚ ਬੀਬੀ ਸਤਵੰਤ ਤੋਂ ਬਗੈਰ ਸਾਥੀ ਯੋਧਿਆਂ ਬਾਰੇ, ਸਤਵੰਤ ਦੇ ਪਰਿਵਾਰ, ਫਰੰਗੀਆਂ ਦੇ ਜਰਨੈਲਾਂ, ਜਸੂਸਾਂ, ਦਿੱਲੀ ਦੇ ਕੋਠਿਆਂ ਬਾਰੇ ਦੱਸਿਆ ਜਾਂਦਾ ਹੈ। ਗੜ੍ਹੀ ਦੇ ਕਿਲੇ ਤੋਂ ਚੱਲਕੇ ਲੜਾਈ ਆਖਰ ਵਿੱਚ ਦਿੱਲੀ ਦੇ ਦਰਵਾਜ਼ਿਆਂ ਤਕ ਪਹੁੰਚ ਜਾਂਦੀ ਹੈ। ਨਾਵਲ ਵਿੱਚ ਅਣਖ ਹੈ, ਬਹਾਦਰੀ ਹੈ, ਨਿਰਦਈਪੁਣਾ ਹੈ, ਗੁਲਾਮੀ ਹੈ, ਚਾਪਲੂਸੀ ਹੈ, ਅਤੇ ਪਿਆਰ ਦੀ ਸਾਂਝ ਹੈ। ਇਸ ਗਦਰ ਦੀ ਲੜਾਈ ਵਿੱਚ ਬਹੁਤ ਲੋਕ ਮਾਰੇ ਗਏ।
ਇਸ ਲਹਿਰ ਸਮੇਂ ਦਿੱਲੀ ਵਿੱਚ ਜਸੂਸਾਂ ਦੀ ਜੋ ਭਰਮਾਰ ਸੀ, ਉਸ ਬਾਰੇ ਸੋਚਦਿਆਂ ਮੈਂਨੂੰ “ਈਸ਼ਰ ਸਿੰਘ ਮੋਮਨ” ਦੀਆਂ ਦੋ ਪੰਕਤੀਆਂ ਯਾਦ ਆ ਜਾਂਦੀਆਂ ਹਨ:
“ਕਿਸੇ ਨੂੰ ਕੀ ਪਤਾ ਤੇਰੇ ਨਾਲਦਾ ਹੈ ਕੌਣ
ਤੈਨੂੰ ਇਨ੍ਹਾਂ ਮੇਲਿਆਂ ਵਿੱਚੋਂ ਭਾਲਦਾ ਹੈ ਕੌਣ।”
ਮਨਮੋਹਨ ਬਾਵਾ ਇੱਕ ਘੁਮੱਕੜ ਲਿਖਾਰੀ ਹੈ ਜਿਸਨੇ ਪੁਰਾਣੀ ਦਿੱਲੀ ਦੀ ਗਲ਼ੀ-ਗਲ਼ੀ ਫਰੋਲੀ ਹੋਈ ਲਗਦੀ ਹੈ। ਮੇਰੇ ਲਈ ਮਨਮੋਹਨ ਬਾਵਾ ਜੀ ਦਾ ਇਹ ਦੂਜਾ ਨਾਵਲ ਹੈ। ਪਹਿਲੇ ਨਾਵਲ ਦੇ ਆਧਾਰ ’ਤੇ ਇੱਦਾਂ ਲਗਦਾ ਸੀ ਕਿ ਇਹ ਵੀ ਇੱਕ ਉੱਤਮ ਰਚਨਾ ਹੋਵੇਗੀ। ਮੇਰਾ ਅੰਦਾਜ਼ਾ ਠੀਕ ਹੀ ਨਿਕਲਿਆ। 2019 ਵਿੱਚ ਪ੍ਰਕਾਸਤ ਹੋਏ 135 ਸਫਿਆਂ ਦੇ ਇਸ ਨਾਵਲ ਦੇ 32 ਕਾਂਡ ਜਾਂ ਅਧਿਆਇ ਹਨ। ਹਰ ਭਾਗ ਦਾ ਅੰਤ ਅਗਲੇ ਭਾਗ ਦੇ ਸ਼ੁਰੂ ਨਾਲ ਜੁੜਦਾ ਹੈ, ਜਿਸ ਕਰਕੇ ਪਾਠਕ ਦਾ ਧਿਆਨ ਧੁਰ ਤਕ ਖਿੱਚਿਆ ਰਹਿੰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5380)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: