GSGhangas7“... ਵਿਹਲੇ ਬੈਠ ਜਿਨ੍ਹਾਂ ਪੇਟ ਵਧਾਏ, ਆਖਰ ਧਰਤੀ ਵਿਚ ਸਮਾਏ, ਹੋਰ ਨਾ ਪੰਗੇ ਪਾ ਰੇ ਮੋਦੀ, ...
(3 ਜਨਵਰੀ 2021)

 

1. ਤੂੰ ਹੁਣ ਏਥੋਂ ਜਾਹ ਰੇ ਮੋਦੀ

ਤੂੰ ਹੁਣ ਏਥੋਂ ਜਾਹ ਰੇ ਮੋਦੀ,
ਤੇਰਾ ਨਹੀਂ ਵਿਸਾਹ ਰੇ ਮੋਦੀ।
ਤੂੰ ਹੁਣ ਪਿੱਠ ਦਿਖਾ ਰੇ ਮੋਦੀ,
ਆਵੇ ਸੁਖ ਦਾ ਸਾਹ ਰੇ ਮੋਦੀ।

ਕੋਝੀ ਚਾਲ ਚਲਾ ਬੈਠਾ ਹੈਂ,
ਠੱਗਾਂ ਨੂੰ ਚਮਲਾ ਬੈਠਾ ਹੈਂ।
ਕਿਸਾਨ ਵਰਗ ਜਗਾ ਬੈਠਾ ਹੈਂ,
ਛੱਡ ਕੇ ਅੜੀਅਲ ਰਾਹ ਰੇ ਮੋਦੀ,
ਤੂੰ ਹੁਣ ਪਿੱਠ ਦਿਖਾ ਰੇ ਮੋਦੀ।
ਆਵੇ ਸੁਖ ਦਾ ਸਾਹ ਰੇ ਮੋਦੀ।

ਤੇਰੇ ਜੈਸੇ ਹੋਰ ਵੀ ਆਏ,
ਵਿਹਲੇ ਬੈਠ ਜਿਨ੍ਹਾਂ ਪੇਟ ਵਧਾਏ,
ਆਖਰ ਧਰਤੀ ਵਿਚ ਸਮਾਏ,
ਹੋਰ ਨਾ ਪੰਗੇ ਪਾ ਰੇ ਮੋਦੀ,
ਤੂੰ ਹੁਣ ਪਿੱਠ ਦਿਖਾ ਰੇ ਮੋਦੀ,
ਆਵੇ ਸੁਖ ਦਾ ਸਾਹ ਰੇ ਮੋਦੀ।

ਆਮ ਲੋਕ ਤੈਥੋਂ ਥੱਕ ਰਹੇ ਨੇ,
ਭੁੱਖੇ ਹੋਰ ਵੀ ਅੱਕ ਰਹੇ ਨੇ,
ਗਵਾਂਢੀ ਮੁਲਕ ਵੀ ਤੱਕ ਰਹੇ ਨੇ,
ਚੰਦ ਨਾ ਲਈਂ ਚੜ੍ਹਾ ਰੇ ਮੋਦੀ,
ਤੂੰ ਹੁਣ ਪਿੱਠ ਦਿਖਾ ਰੇ ਮੋਦੀ,
ਆਵੇ ਸੁਖ ਦਾ ਸਾਹ ਰੇ ਮੋਦੀ।

ਵੋਟਾਂ ਭਾਵੇਂ ਵਧਾਈ ਜਾਨੈਂ,
ਗਰੀਬੀ ਹੋਰ ਲਿਆਈ ਜਾਨੈਂ,

ਜਨਤਾ ਨੂੰ ਭੜਕਾਈ ਜਾਨੈਂ,
ਦੰਦ ਨਾ ਲਈਂ ਭਨਾ ਰੇ ਮੋਦੀ,
ਚਲ ਹੁਣ ਏਥੋਂ ਜਾਹ ਰੇ ਮੋਦੀ,
ਆਵੇ ਸੁਖ ਦਾ ਸਾਹ ਰੇ ਮੋਦੀ,

           ***

2. ਜੀਹਤੋਂ ਆਪਣਾ ਸਾਹਾ ਨਾ ਸੂਤ ਆਵੇ

ਜਿੱਚਰ ਵਰਿਸ ਸ਼ਾਹ ਹੀਰ ਲਿਖਦੇ,
ਆਪਣੀ ਰਚਨਾ ਵਿਚ ਫਰਮਾਉਂਦਾ ਹੈ:
ਖੁੰਧਕ ਛੇੜਕੇ ਮੋਦੀ ਅਕ੍ਰਿਤਘਣੀਆ,
ਕਿਸਾਨ-ਪੱਖੀ ਆਪ ਸਦਵਾਉਂਦਾ ਏ।

ਮੋਦੀ ਫੇਰ ਬੇਸ਼ਰਮੀ ਦੀ ਹੱਦ ਕੀਤੀ,
ਚੋਰੀ ਚੋਰੀ ਕਾਨੂੰਨ ਬਣਾਵਣੇ ਨੂੰ।
ਮਿੱਟੀ ਮਿੱਟੀ ਹੋਏ ਕਿਸਾਨ ਸੁੱਤਿਆਂ ਦੇ
ਗੁਜ਼ਾਰੇ ਜੋਗੇ ਖੇਤ ਹਥਿਆਵਣੇ ਨੂੰ।

ਜੀਹਤੋਂ ਆਪਣਾ ਸਾਹਾ ਨਾ ਸੂਤ ਆਵੇ,
ਛੜਾ ਚੱਲਿਆ ਸਾਕ ਰਚਾਵਣੇ ਨੂੰ।
ਰਾਂਝਾ ਸੱਦਿਆ ਸੀ ਜ਼ਹਿਰ ਚੂਸਣੇ ਨੂੰ
,
ਸਗੋਂ ਜਾ ਵੜਿਆ ਦੁੱਖ ਵਧਾਵਣੇ ਨੂੰ।

ਬਾਂਦਰ ਵੈਸ਼ਨੂੰ ਦੇਵੀ ਦਾ ਵਰਤ ਰੱਖਣ,
ਰਾਖੀ ਫੁੱਲੀਆਂ ਪਾਸ ਬਠਾਵਣੇ ਨੂੰ।
ਪੰਗਾ ਹੋਰਨਾਂ ਦੇ ਲਈ ਪਾ ਚੱਲਿਆ,
ਝੱਗਾ ਚੌੜ ਚੁਪੱਟ ਕਰਵਾਵਣੇ ਨੂੰ।

ਸਰ੍ਹੋਂ ਕੀੜੇ-ਮਕੌੜਿਆਂ ਪਾਸ ਰੱਖੀ,
ਦਾਣੇ ਕੁੱਕੜਾਂ ਕੋਲ਼ ਸੁਕਾਵਣੇ ਨੂੰ।
ਗਿੱਦੜ ਕਚਰਿਆਂ ਨੂੰ ਪਿਆ ਤੋਲਦਾ ਹੈ,
ਬੋਤਾ ਚੱਲਿਆ ਬਾਗ ਲਗਾਵਣੇ ਨੂੰ।

ਜੀਹਨੂੰ ਸ਼ਰਮ ਹਯਾ ਨਾ ਹੋਵੇ ਕਾਈ,
ਬਾਬਾ ਆ ਗਿਆ ਪੰਥ ਬਚਾਵਣੇ ਨੂੰ।
ਧੀ ਛੇੜਕੇ ਕਿਸੇ ਗਰੀਬੜੇ ਦੀ,
ਬਾਬਾ ਚੱਲਿਆ ਦਾੜ੍ਹੀ ਪੁਟਾਵਣੇ ਨੂੰ।

              ***

3.           ਗ਼ਜ਼ਲ

ਮੋਦੀ ਦੇ ਸਦਕੇ, ਨਜ਼ਰਾਂ ਤੋਂ ਓਹਲੇ,
ਰਹਿ ਗਏ ਕ੍ਰਿਤੀ, ਕਦਰਾਂ ਤੋਂ ਓਹਲੇ।

ਭਾਰਤ ਦੀ ਭੂਮੀ, ਸੋਨੇ ਦੀ ਚਿੜੀਆ,
ਕਿੰਝ ਬਚ ਸਕੇਗੀ
, ਸਧਰਾਂ ਤੋਂ ਓਹਲੇ।

ਲੋਕ ਪੱਖੀ ਖਬਰਾਂ, ਦਬਾ ਕੇ ਜੋ ਰੱਖਦੇ,
ਰਹਿ ਨਹੀਂ ਸਕਦੇ
, ਕਬਰਾਂ ਤੋਂ ਓਹਲੇ।

ਸਮੇਂ ਦੇ ਗਦਾਰਾਂ ਨੂੰ, ਲਗਦਾ ਹੈ ਡਰ,
ਛੱਡ ਗਏ ਜੋ ਪਿੰਡ
, ਬਬਰਾਂ ਤੋਂ ਓਹਲੇ।

ਕਿਸਾਨਾਂ ਨੂੰ ਦੇਰ ਤੋਂ, ਆ ਰਹੇ ਲੁੱਟਦੇ,
ਵਜ਼ੀਰਾਂ ਦੇ ਟੋਲੇ
, ਟੱਬਰਾਂ ਤੋਂ ਓਹਲੇ।

ਪਖੰਡ ਮੋਦੀ ਦੇ ਛੁਪੇ ਨਹੀਂ ਰਹਿਣੇ,
ਗਾਂਧੀ-ਚਰਖੇ ਅਤੇ ਖੱਦਰਾਂ ਤੋਂ ਓਹਲੇ।

ਸੁੱਤੇ ਸ਼ੇਰ ਅਚਾਨਕ, ਜਗਾ ਚੱਲਿਆ ਮੋਦੀ,
ਕਿੰਨਾ ਚਿਰ ਰਹੇਗਾ
, ਗਦਰਾਂ ਤੋਂ ਓਹਲੇ।

              *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2505)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

Roseville, California, USA.
gsg123@hotmail.com
Phone: 916 740 3036

More articles from this author