GurdevSGhangas7ਇਹਦੇ ਮਨ ਦੀ ਧੁੰਦ ਮਿਟਾਓ ਬਾਬਾ, ... ਨਹੀਂ ਕਰ’ਜੂ ਬੇਅੰਤ ਨਿਘਾਰ ਨਾਨਕ। ...
(13 ਫਰਵਰੀ 2021)


1.         .ਗ਼ਜ਼ਲ

ਅਸੀਂ ਲਟਕੇ ਅੱਧ ਵਿਚਕਾਰ ਨਾਨਕ

ਤੂੰ ਆਰ ਨਾਨਕ, ਤੂੰ ਹੀ ਪਾਰ ਨਾਨਕ,
ਅਸੀਂ ਲਟਕੇ ਅੱਧ-ਵਿਚਕਾਰ ਨਾਨਕ।

ਕਹਿੰਦੇ ਮੋਦੀ-ਖਾਨੇ ਦਾ ਕੋਈ ਮੂਰਖ,
ਅੱਜ ਕਰਦਾ ਪਿਆ ਖੁਆਰ ਨਾਨਕ।

ਉਹ ਸੜਕ ਤੇ ਕਿੱਲ ਵਿਛਾਈ ਜਾਂਦੈ,
ਤਿੱਖੇ ਕੰਡਿਆਂ ਵਾਲੀ ਤਾਰ ਨਾਨਕ।

ਆਪਣੀ ਜ਼ਮੀਰ ਤਾਂ ਵੇਚ ਚੁੱਕਾ ਉਹ,
ਲੋਕਾਂ ਦੀ ਵੇਚਣ ਲਈ ਤਿਆਰ ਨਾਨਕ।

ਉਹਨੂੰ ਭਾਰਤ ਦੇ ਕਿਸਾਨ ਵੀ ਚੁੱਭਦੇ ਨੇ,
ਖਾਸ ਕਰਕੇ ਸਿੱਖ-ਸਰਦਾਰ ਨਾਨਕ।

ਵਿਹਲੜ ਦੇਂਦਾ ਜੋ ਮੱਤ ਕਿਸਾਨਾਂ ਨੂੰ,
ਇਕ ਦਿੱਲੀ-ਮਸੀਹਾ ਬੀਮਾਰ ਨਾਨਕ।

ਮੋਦੀ ਮੁਸਲਿਮ-ਵਿਰੋਧੀ ਤਾਂ ਮੁੱਢ ਤੋਂ,
ਕਦੇ ਅੱਤ ਦਾ ਕਰੇ ਪਰਚਾਰ ਨਾਨਕ।

ਪੰਜਾਬ ਬਾਰੇ ਕੀ ਦੱਸਾਂ ਗਰੀਬ-ਨਿਵਾਜ,
ਬੱਸ ਲਗਦਾ ਹੈ ਗਰੀਬ-ਬਿਹਾਰ ਨਾਨਕ।

ਕਿਤੇ ਪਾਰ ’ਤੇ ਵੀ ਨਾ ਉਹ ਅੱਖ ਰੱਖੇ,
ਤੇਰੀ ਧਰਤ ਵੀ ਕਰੇ
, ਪੁਕਾਰ ਨਾਨਕ।

ਮਿਹਰ ਕਰੋ ਇਸ ਭੁੱਲੜ ’ਤੇ, ਮੱਤ ਦੇਵੋ,
ਕਿ ਅੱਤਵਾਦੀ ਨਹੀਂ ਸਰਦਾਰ
, ਨਾਨਕ।

ਇਹਦੇ ਮਨ ਦੀ ਧੁੰਦ ਮਿਟਾਓ ਬਾਬਾ,
ਨਹੀਂ ਕਰ’ਜੂ ਬੇਅੰਤ ਨਿਘਾਰ ਨਾਨਕ।

ਮੇਰੀ ਕਲਮ ਨੂੰ ਤਿੱਖੀ ਮੱਤ ਦੇ ਦਿਓ ਜੀ,
ਕਿਤੇ ਕੱਢਣੀ ਨ ਪਏ ਤਲਵਾਰ, ਨਾਨਕ।

ਜਬ ਆਵ ਕੀ ਅਉਧ ਨਿਧਾਨ ਬਨੀ,
ਗੋਬਿੰਦ ਰਾਇ ਸੀ ਸਿੰਘ ਸਰਦਾਰ ਨਾਨਕ।

ਜੀ ਮੇਰਾ ਬੋਲਿਆ ਚਾਲਿਆ ਮਾਫ ਕਰਨਾ,
ਸਮਝੋ ਭੁੱਲਣਹਾਰ ਦਾਸ ਤੁਹਾਰ ਨਾਨਕ।

                **

2. ਕੀ ਹਾਲ ਸੁਣਾਵਾਂ ਪਿੰਡ ਦਾ

ਕੀ ਹਾਲ ਸੁਣਾਵਾਂ ਪਿੰਡ ਦਾ,
ਮੇਰਾ ਵਿਰਸਾ ਜਾਂਦੈ ਖਿੰਡਦਾ
ਕੁਝ ਯਾਰ ਪੁਰਾਣੇ ਪੜ੍ਹ ਗਏ,
ਕੁਝ ਅੱਧ-ਵਿਚਾਲੇ ਖੜ੍ਹ ਗਏ,
ਕੋਈ ਅੰਤ ਨੀ ਪਿੰਡ ਵਿਚ ਹਿੰਡ ਦਾ।
ਕੀ ਹਾਲ ਸੁਣਾਵਾਂ ਪਿੰਡ ਦਾ

ਮਾਂ ਬੋਲੀ ਨਹੀਂ ਕੋਈ ਪੜ੍ਹਾਉਂਦਾ,
ਕੋਈ ਸਿੱਖਦਾ ਨਜ਼ਰ ਨੀ ਆਉਂਦਾ,
ਕੋਈ ਟਿਊਸ਼ਨਾਂ ਦੇ ਲਈ ਰਿੰਘਦਾ।

ਕੀ ਹਾਲ ਸੁਣਾਵਾਂ ਪਿੰਡ ਦਾ।

ਬਜ਼ੁਰਗ ਸਕੂਲ ਤਾਂ ਸੋਹਣੇ ਬਣਾ ਗਏ,
ਪਰ, ਕੁੰਜੀ ਸਾਧਾਂ ਦੇ ਹੱਥ ਫੜਾ ਗਏ।
ਕਰ ਸੌਦਾ ਚੁਟਕੀ ਬਿੰਦ ਦਾ,

ਕੀ ਹਾਲ ਸੁਣਾਵਾਂ ਪਿੰਡ ਦਾ।

ਬਾਹਰ ਜਾਣ ਦੀ ਚੜ੍ਹੀ ਖੁਮਾਰੀ,
ਘਰ ਘਰ ਦੀ ਏਹੋ ਬਿਮਾਰੀ।
ਕੋਈ ’ਗੂਠੇ ਲਾ ਕੇ ਰਿੰਘਦਾ,

ਕੀ ਹਾਲ ਸੁਣਾਈਏ ਪਿੰਡ ਦਾ।

ਖੇਤਾਂ ਵਿਚ ਭੱਠੇ ਹੀ ਭੱਠੇ,
ਧੂੰਏਂ ਪੇਚ ਬਣਾਕੇ ਨੱਠੇ,
ਘਰ ਉੱਜੜ ਗਿਆ ਭਰਿੰਡ ਦਾ।

ਕੀ ਹਾਲ ਸੁਣਾਈਏ ਪਿੰਡ ਦਾ।

ਆਗੂ ਕੁਨਬਾ-ਪਰਸਤੀਆਂ ਕਰਦੇ,
ਕਿਸਾਨ ਖੁਦਕਸ਼ੀਆਂ ਸੰਗ ਮਰਦੇ,
ਕੌਣ ਦਰਦ ਵੰਡਾਊ “ਹਿੰਦ“ ਦਾ,

ਸਾਡਾ ਵਿਰਸਾ ਜਾਂਦੈ ਖਿੰਡਦਾ
ਕੀ ਹਾਲ ਸੁਣਾਈਏ ਪਿੰਡ ਦਾ?

ਗੁਮ ਰਾਗ ਹੈ ਖੂਹ ਦੀ ਟਿੰਡ ਦਾ,
ਮੇਰਾ ਵਿਰਸਾ ਜਾਂਦੈ ਖਿੰਡਦਾ
ਕੀ ਹਾਲ ਸੁਣਾਈਏ ਪਿੰਡ ਦਾ?

          **

3.  ਜਿਉਂਦੇ ਲੋਕ (ਬੈਂਤ)

ਕੌਮਾਂ ਓਹੀ ਨਿੱਤਰ ਕੇ ਆਉਂਦੀਆਂ ਨੇ,
ਜਿਨ੍ਹਾਂ ਕੌਮਾਂ ਦੀ ਸੱਚੀ ਸਰਕਾਰ ਹੋਵੇ।
ਓਸ ਕੌਮ ਨੇ ਅੱਗੇ ਨੂੰ ਜਾਵਣਾ ਕੀ,
ਜਿਸ ਕੌਮ ਦਾ ਆਗੂ ਗੱਦਾਰ ਹੋਵੇ।

ਹੱਕ ਸੱਚ ਦਾ ਉੱਥੇ ਪਸਾਰ ਹੁੰਦਾ,
ਜਿੱਥੇ ਮਰਦ ਬਰੋਬਰ ਨਾਰ ਹੋਵੇ।
ਉਸ ਕੌਮ ਨੂੰ ਕਿਸੇ ਨੇ ਰੋਕਣਾ ਕੀ
,
ਜੀਹਦਾ ਰੌਸ਼ਨੀ ਨਾਲ ਪਿਆਰ ਹੋਵੇ।

ਉਨ੍ਹਾਂ ਕੌਮਾਂ ਦਾ ਹੁੰਦਾ ਹੈ ਰੱਬ ਰਾਖਾ,
ਆਗੂ ਜਿਨ੍ਹਾਂ ਦੇ ਛੁਪੇ ਗੱਦਾਰ ਹੁੰਦੇ।

ਜਿਹੜੇ ਹੱਕ ਪਰਾਇਆਂ ਦੇ ਸਮਝਦੇ ਨੇ,
ਭਰੇ ਦਿਲ ਉਹ ਲੋਕ ਹਿਤਕਾਰ ਹੁੰਦੇ।

ਝੋਲੀ-ਚੁੱਕਾਂ ਨੇ ਹੱਕ ਸੰਭਾਲਣੇ ਕੀ,
ਜਿਨ੍ਹਾਂ ਪਹਿਲਾਂ ਹੀ ਸੁੱਟੇ ਹਥਿਆਰ ਹੁੰਦੇ।
ਜਿਹੜੇ ਲੋਕਾਂ ਦੀ ਪੱਤ ਦੀ ਕਰਨ ਰਾਖੀ
,
ਪਾਤਸ਼ਾਹੀ ਦੇ ਉਹੀਓ ਹੱਕਦਾਰ ਹੁੰਦੇ।

              **

4. ਅਸਾਂ ਕੀ ਲੈਣਾ

ਜਦੋਂ ਹਿਟਲਰ ਦੇ ਬੰਦੇ,
ਬਾਹਰੋਂ ਪੋਚੇ
, ਅੰਦਰੋਂ ਗੰਦੇ,
ਕੌਮਨਿਸਟਾਂ ਨੂੰ ਮਾਰਨ ਲੱਗੇ,
ਅਸੀਂ ਚੁੱਪ ਰਹੇ,
ਅਸੀਂ ਕਿਹੜਾ ਕੌਮਨਿਸਟ ਸੀ।

ਜਦ ਉਹ ਸੋਸ਼ਲਿਸਟਾਂ ਨੂੰ ਮਾਰਨ ਲੱਗੇ,
ਅਸੀਂ ਚੁੱਪ ਰਹੇ,
ਅਸੀਂ ਕਿਹੜਾ ਸੋਸ਼ਲਿਸਟ ਸੀ।

ਫੇਰ ਉਹ ਯਹੂਦੀਆਂ ’ਤੇ ਵਰ੍ਹ ਪਏ,
ਅਸੀਂ ਚੁੱਪ ਰਹੇ,
ਅਸੀਂ ਕਿਹੜਾ ਯਾਹੂਦੀ ਸੀ।

ਜਦ ਦਿੱਲੀ ਵਿਚ ਸਿੱਖਾਂ ’ਤੇ ਜ਼ੁਲਮ ਹੋਏ,
ਅਸੀਂ ਚੁੱਪ ਰਹੇ,
ਅਸੀਂ ਕਿਹੜਾ ਸਿੱਖ ਸੀ।

ਗੁਜਰਾਤ ਵਿਚ ਮੁਸਲਮਾਨ ਮਰਵਾਏ ਗਏ,
ਅਸੀਂ ਚੁੱਪ ਰਹੇ,
ਸਾਨੂੰ ਕੀ, ਅਸੀਂ ਮੁਸਲਮਾਨ ਨਹੀਂ।

ਜਿੱਥੇ ਬਹੁਗਿਣਤੀ ਦੇ ਮੁਸਲਮਾਨ,
ਹੋਰਾਂ ਦਾ ਘਾਣ ਕਰਦੇ ਨੇ
,
ਅਸੀਂ ਅਣਡਿੱਠ ਕਰ ਛਡਦੇ ਹਾਂ।

ਹੁਣ ਹਾਕਮ ਕਿਸਾਨਾਂ ਦਾ ਦਮ ਘੁੱਟਣ ’ਤੇ ਆਏ ਹੋਏ ਹਨ,
ਦੇਖੀਏ ਕੀ ਬਣਦਾ ਹੈ।

ਕਿਸੇ ਦਿਨ ਕੋਈ ਸਾਨੂੰ ਵੀ ਮਾਰਨ ਆਵੇਗਾ,
ਉਦੋਂ ਤੱਕ ਸਾਰੇ ਮਰ ਚੁੱਕੇ ਹੋਣਗੇ
,
ਸਾਡੇ ਲਈ ਵੀ

    **

5.    ਅਜੋਕੀ ਕਿਸਾਨ ਮੁਹਿੰਮ:

ਕਾਹਨੂੰ ਟੋਕਦੈਂ ਕਿਸਾਨਾਂ ਦੀ ਅਜੋਕੀ ਲਹਿਰ ਨੂੰ,
ਆਮ ਲੋਕਾਂ ਦੀ ਮੁਹਿੰਮ, ਇਹਨੂੰ ਆਮ ਰਹਿਣ ਦੇ

ਧੋਖੇ ਮਾਰਦੀ ਸਰਕਾਰ ਹੋਰ ਛੇੜ ਗਈ ਪੰਗਾ,
ਕਿਸਾਨ ਹੱਕਾਂ ਲਈ ਹੁੰਦੇ ਬਦਨਾਮ ਰਹਿਣ ਦੇ

ਇਹਨੂੰ ਧਾਰਮਕ ਪੱਖ-ਪਾਤ ਤੋਂ ਬਚਾਕੇ ਰੱਖਣਾ,
ਇਹਨੂੰ ਹੱਕ ਅਤੇ ਸੱਚ ਦਾ ਮੁਕਾਮ ਰਹਿਣ ਦੇ

ਇਹਨੂੰ ਪੋਚੇ-ਪਾਚੇ ਲੋਕਾਂ ਦੀ ਲੋੜ ਨਹੀਂ ਕਾਈ,
ਜੋ ਗਦੈਲਿਆਂ ’ਚ ਕਰਦੇ ਆਰਾਮ ਰਹਿਣ ਦੇ

ਰੱਖੀਂ ਲੋਕਾਂ ਦੀ ਮੁਹਿੰਮ ਨੂੰ ਸਾਜ਼ਿਸ਼ਾਂ ਤੋਂ ਪਰੇ,
ਬਣੀ ਪਾਰਦਰਸ਼ੀ ਲਹਿਰ ਸ਼ਰ੍ਹੇ-ਆਮ ਰਹਿਣ ਦੇ

ਨਕਲੀ ਬਾਬਿਆਂ ਤੋਂ ਦੂਰ, ਖੁਫੀਆ ਅੰਸ਼ ਤੋਂ ਬਚਾਕੇ,
ਬਣੀ ਬਹਾਦਰੀ ਜ਼ਮੀਰ ਸੁਬ੍ਹਾ-ਸ਼ਾਮ ਰਹਿਣ ਦੇ

ਅਜੇ ਭਾਰਤ ਸਰਕਾਰ ਹੈ ਫਰੰਗੀਆਂ ਦਾ ਵਿਰਸਾ,
ਵਿਚ ਗੱਦਾਰੀ ਅੱਤਵਾਦ ਦੇ ਨਿਸ਼ਾਨ ਰਹਿਣ ਦੇ

ਜੇਕਰ ਕਲਮਾਂ ਨੇ ਚੁੱਪ, ਹੋ ਕੇ ਮਾਇਆ ਦਾ ਸ਼ਿਕਾਰ,
‘ਧ੍ਰਿਗ’ ਕਲਮਾਂ ’ਤੇ ਬਣਿਆ ਅਹਿਸਾਨ ਰਹਿਣ ਦੇ

                   *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2582)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

Roseville, California, USA.
gsg123@hotmail.com
Phone: 916 740 3036

More articles from this author