GurdevSGhangas7ਮੈਂ ਹਮੇਸ਼ਾ ਏਦਾਂ ਨਹੀਂ ਸੀ ਹੁੰਦਾ। ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਜਦੋਂ ਮੈਂ ਬੱਚਾ ਹੁੰਦਾ ਸੀਉਦੋਂ ...
(20 ਅਪ੍ਰੈਲ 2023)
ਇਸ ਸਮੇਂ ਪਾਠਕ: 152


ਰਿਸ਼ਤੇ-ਨਾਤੇ

ਮੈਂ ਆਪਣੇ ਅੰਦਰ ਬਹਿਸ ਕਰਦਾ ਰਿਹਾ ਕਿ ਇਸ ਕਿਤਾਬ ਵਿਚ ਰਿਸ਼ਤੇਦਾਰਾਂ ਬਾਬਤ ਲਿਖਾਂ ਕਿ ਨਾ। ਜੇ ਲਿਖਾਂ ਤਾਂ ਕਿੰਨਾ ਕੁ ਲਿਖਾਂ। ਆਖਰਕਾਰ, ਇਹ ਮਜ਼ਬੂਨ ਇੰਨਾ ਸੌਖਾ ਵੀ ਨਹੀਂ। ਫਿਰ ਵੀ ਸਾਡੇ ਸਾਰਿਆਂ ਦੇ ਰਿਸ਼ਤੇਦਾਰ ਹੁੰਦੇ ਹਨ, ਜਿਨ੍ਹਾਂ ਬਾਰੇ ਅਸੀਂ ਅਕਸਰ ਗੱਲਾਂ ਕਰਦੇ ਹਾਂ।

ਮੇਰੇ ਕਈ ਰਿਸ਼ਤੇਦਾਰ ਵੀ ਹੁਣ ਕਨੇਡਾ ਅਮਰੀਕਾ ਵਿਚ ਵਸ ਗਏ ਹਨ। ਕੰਮਾਂ ਕਾਰਾਂ ਦੇ ਰੁਝਾਨ ਵਿਚ, ਬੱਚਿਆਂ ਦੇ ਪਾਲਣ ਪੋਸਣ ਵਿਚ ਲੱਗੇ ਰਹਿਣ ਨੇ ਸਾਨੂੰ, ਮੈਨੂੰ ਅਤੇ ਸੁਰਿੰਦਰ ਨੂੰ ਰਿਸ਼ਤੇਦਾਰਾਂ ਦੀ ਨਜ਼ਰ ਵਿਚ ਚੰਗੇ ਰਿਸ਼ਤੇਦਾਰ ਨਾ ਰਹਿਣ ਦਿੱਤਾ। ਅਸੀਂ ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ, ਪਰ ਕੁਝ ਰਿਸ਼ਤੇ ਮੁੜ ਨਾ ਜੁੜ ਸਕੇ। ਕਈ ਤਾਂ ਸ਼ਰੀਕ ਹੋ ਕੇ ਟੰਗਾਂ ਫਸਾਉਣ ਲੱਗ ਪਏ।

ਜਦ ਡਾਕਟਰਾਂ ਨੇ ਕਿਹਾ ਕਿ ਮੇਰੇ ਬਚਣ ਦੀ ਆਸ 50-50 ਹੈ ਤਾਂ ਸੁਰਿੰਦਰ ਨੇ ਆਪਣੇ ਹਰਖ ’ਤੇ ਕਾਬੂ ਪਾਇਆ ਅਤੇ ਰਿਸ਼ਤੇਦਾਰਾਂ ਨੂੰ ਫੋਨ ਘੁਮਾ ਦਿੱਤੇ। ਇਸ ਹਰਕਤ ਨਾਲ ਪਹਿਲਾਂ ਮੈਂਨੂੰ ਘਬਰਾਹਟ ਮਹਿਸੂਸ ਹੋਈ। ਮੇਰੇ ਵਿਚ ਇੰਨਾ ਹੀਆ ਨਹੀਂ ਸੀ। ਸ਼ਾਇਦ ਮੇਰੀ ਮਰਦਊ-ਹਉਮੈ ਰੋਕ ਬਣਦੀ ਸੀ। ਪਰ ਮੈਂ ਸੁਰਿੰਦਰ ਦਾ ਵਿਰੋਧ ਵੀ ਨਾ ਕੀਤਾ। ਹੁਣ ਡੋਰ ਉਹਦੇ ਹੱਥ ਸੀ।

ਮੈਂ ਮੰਨਦਾ ਹਾਂ ਕਿ ਭਾਰਤ ਵਸਦੇ ਰਿਸ਼ਤੇਦਾਰਾਂ ਨੂੰ ਸਿਰ ਚੜ੍ਹਾਕੇ ਉਹਨਾਂ ਨਾਲ ਬਣਾਈ ਰੱਖਣਾ ਮੇਰੇ ਵੱਸ ਦਾ ਰੋਗ ਨਹੀਂ ਸੀ ਪਰ ਮੇਰੀ ਬਿਮਾਰੀ ਹੁਣ ਮੱਲ੍ਹਮ ਬਣਕੇ ਪੁਰਾਣੇ ਰਿਸ਼ਤਿਆਂ ਨੂੰ ਸੁਧਾਰਨ ਅਤੇ ਜੋੜਨ ਦਾ ਹੀਲਾ ਬਣ ਗਈ ਸੀ। ਜੋ ਲੋਕ ਮੇਰੀ ਬੀਮਾਰੀ ਤੋਂ ਪਹਿਲਾਂ ਘੁੰਨ-ਮਸੁੰਨ ਹੋ ਗਏ ਸਨ, ਹੁਣ ਉਹ ਸਭ ਕੁਝ ’ਤੇ ਪਾਣੀ ਫੇਰ ਕੇ ਨਵਾਂ ਰੁਖ ਅਖਤਿਆਰ ਕਰਨ ਲੱਗ ਪਏ ਸਨ, ਜਿਵੇਂ ਕੋਈ ਪਰਮਾਤਮਾ ਦੀ ਕ੍ਰਿਪਾ ਹੋ ਗਈ ਹੋਵੇ। ਇੰਡੀਆ ਵਿਚ ਮੇਰੇ ਮਾਂ-ਬਾਪ ਦੇ ਘਰ ਮੇਰੀ ਤੰਦਰੁਸਤੀ ਲਈ ਪਾਠ ਕਰਵਾਇਆ ਗਿਆ। ਸੁਰਿੰਦਰ ਵੀ ਹੋਰ ਧਾਰਮਕ ਜਿਹੀ ਲੱਗਣ ਲੱਗੀ। ਮੇਰਾ ਛੋਟਾ ਭਰਾ ਅਮਰਜੀਤ, ਜੋ ਨੀਯੂ ਯਾਰਕ ਵਿਚ 2006 ਤੱਕ ਟੈਕਸੀ ਚਲਾਉਂਦਾ ਰਿਹਾ ਸੀ, ਨੇ ਆਪਣੀ ਆਕੜ ’ਤੇ ਕਾਬੂ ਪਾਇਆ ਤੇ ਮੈਂਨੂੰ ਹਸਪਤਾਲ ਮਿਲਣ ਆਇਆ।

ਮੇਰੇ ਕੋਲ ਕਰਨ ਲਈ ਗੱਲਾਂ ਤਾਂ ਬਹੁਤ ਸਨ ਪਰ ਮੂੰਹ ਖੋਲ੍ਹਣ ਲਈ ਤਾਕਤ ਨਹੀਂ ਸੀ। ਅਮਰਜੀਤ ਮੇਰੇ ਬਿਸਤਰੇ ਲਾਗੇ ਚੁੱਪ ਚਾਪ ਬੈਠਾ ਰਹਿੰਦਾ। ਮੇਰੇ ਠੀਕ ਹੋਣ ਤੱਕ ਉਹ ਦੁਬਾਰਾ ਆਉਣ-ਜਾਣ ਲੱਗ ਗਿਆ। ਅਮਰਜੀਤ 2006 ਵਿਚ ਸਾਹ ਛੱਡ ਗਿਆ ਅਤੇ ਨੀਯੂ ਯਾਰਕ ਵਿੱਚ ਬਿਤਾਏ ਜੀਵਨ ਦੀਆਂ ਕਹਾਣੀਆਂ ਆਪਣੇ ਨਾਲ ਹੀ ਲੈ ਗਿਆ। ਕਿੰਨਾ ਵੱਡਾ ਘਾਟਾ ਹੈ ਉਹ।

ਪਹਿਲੀ ਕੀਮੋ ਤੋਂ ਬਾਅਦ ਜਦ ਮੈਂ ਹਸਪਤਾਲ ਤੋਂ ਘਰ ਆਇਆ, ਮੈਂ ਇੰਡੀਆ ਵਿਚ ਮਾਤਾ ਜੀ ਨਾਲ ਫੋਨ ਮਿਲਾਇਆ। ਨਾ ਉਹ ਚੰਗੀ ਤਰ੍ਹਾਂ ਬੋਲ ਸਕੀ, ਨਾ ਹੀ ਕੁਝ ਸਮਝ ਸਕੀ। ਉਹਦੀ ਜਨਵਰੀ 2000 ਵਿਚ ਮੌਤ ਹੋ ਗਈ। ਇਹ ਮੇਰੇ ਲਈ ਬੇਅੰਤ ਨਿਰਾਸ਼ਾ ਵਾਲਾ ਸਮਾਂ ਸੀ। ਦੂਜੇ, ਮੇਰਾ ਸਰੀਰ ਵੀ ਕਮਜ਼ੋਰ ਸੀ। ਮੈਂ ਕੁਦਰਤ ਦੇ ਕ੍ਰੋਪ ਹੱਥਾਂ ਵਿਚ ਲਟਕ ਰਿਹਾ ਸਾਂ।

ਬਾਅਦ ਵਿਚ ਬਾਕੀ ਰਿਸ਼ਤੇਦਾਰ ਵੀ ਆਪੋ-ਆਪਣੇ ਕੰਮ ਧੰਦਿਆਂ ਵਿਚ ਮਗਨ ਹੋ ਗਏ। ਕੁਝ ਵਿਸਰ ਗਏ, ਕੁਝ ਸੁਧਰ ਗਏ। ਕੁਝ ਮੇਰਾ ਰੁਖ ਵੀ ਨਰਮ ਹੋ ਗਿਆ।

ਕੈਂਸਰ ਤੋਂ ਛੁਟਕਾਰਾ ਪਾ ਕੇ ਮੈਂ ਜਿੰਦਗੀ ਦਾ ਮੰਤਵ ਸਮਝਣ ਲਈ ਅੰਤਰ ਧਿਆਨੀ ਹੋ ਗਿਆ ਅਤੇ ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਦੇ ਸਹੀ ਤਰੀਕੇ ਨਾਲ ਕੰਮ ਆਉਣ ਬਾਰੇ ਸੋਚਣ ਲੱਗ ਪਿਆ। ਮੈਂਨੂੰ ਪਤਾ ਸੀ ਕਿ ਜਿੰਦਗੀ ਵਿਚ ਤਣਾਅ (Stress), ਬਖੇੜਾ (Strife) ਬੰਦੇ ਨੂੰ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਤੋਂ ਵੀ ਨਿਖੇੜ ਦਿੰਦਾ ਹੈ। ਫਿਰ ਭੀ ਮੈਂ ਪਿਛਲੇ ਰੇੜਕਿਆਂ ਵਿਚ ਨਾ ਫਸਦਾ।

ਜਦ ਮੈਂ ਆਪਣੀਆਂ ਇਨ੍ਹਾਂ ਯਾਦਾਂ ਬਾਰੇ ਲਿਖਦਾ ਸੀ, ਮੈਂ ਬਹੁਤ ਬਾਰ ਭਾਰਤ ਪਰਤਿਆ। ਖਾਸ ਕਰਕੇ ਜਦ ਖਿਆਲ ਆਇਆ ਕਿ ਮੇਰੇ ਜਾਣ ਨਾਲ ਸ਼ਾਇਦ ਕਿਸੇ ਦਾ ਭਲਾ ਹੋ ਸਕੇ। ਜਦ ਮੈਂ ਢੋਲ, ਢੱਡ, ਹਾਰਮੋਨੀਅਮ ਆਦਿ ਸਿੱਖਣੇ ਸ਼ੁਰੂ ਕੀਤੇ, ਮੇਰਾ ਸੰਪਰਕ ਬੱਚਿਆਂ ਨਾਲ ਵਧ ਗਿਆ। ਇਹ ਬੱਚਿਆਂ ਲਈ ਵੀ ਲਾਭਦਾਇਕ ਸਿੱਧ ਹੋਇਆ। ਬੱਚੇ ਸੰਗੀਤ ਛੇਤੀ ਸਿੱਖਣ ਲੱਗ ਪਏ ਅਤੇ ਹਿਸਾਬ, ਸਾਇੰਸ, ਅਤੇ ਅੰਗਰੇਜ਼ੀ ਵਰਗੇ ਮਜ਼ਮੂਨਾਂ ਬਾਰੇ ਖੁੱਲ੍ਹਕੇ ਦੱਸਣ-ਪੁੱਛਣ ਲੱਗ ਪਏ। ਜੇ ਮੈਂ ਕਿਸੇ ਬੱਚੇ ਦਾ ਜਬਾਬ ਨਾ ਦੇ ਸਕਦਾ, ਘੱਟੋ ਘੱਟ ਉਹਨੂੰ ਕਿਸੇ ਸਹੀ ਪਾਸੇ ਪਾ ਦਿੰਦਾ। ਇਹਨਾਂ ਕੰਮਾਂ ਵਿਚ ਮੈਂ ਇੰਨਾ ਮਗਨ ਹੋ ਗਿਆ ਕਿ ਮੈਨੂੰ ਹਰ ਪਲ ਕੀਮਤੀ ਦਿਸਣ ਲੱਗਾ, ਨਾ ਕਿ ਵਖਤ ਨੂੰ ਧੱਕਾ ਲਾਉਣ ਵਾਲੀ ਗੱਲ। ਇਨ੍ਹਾਂ ਗੱਲਾਂ ਦੇ ਬਾਵਜੂਦ ਕੁਝ ਰਿਸ਼ਤੇ ਸੂਤ ਨਾ ਆਏ ਅਤੇ ਤੋੜਨੇ ਪਏ, ਭਾਵੇਂ ਰਿਸ਼ਤੇ ਤੋੜਨੇ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ।

ਮੈਨੂੰ ਲੱਗਣ ਲੱਗਾ ਜਿਵੇਂ ਮੇਰੇ ਤਿੰਨੋ ਬੱਚੇ ਮੇਰੀ ਬੀਮਾਰੀ ਸਮੇਂ ਛੇਤੀ ਵੱਡੇ ਅਤੇ ਸਮਝਦਾਰ ਹੋ ਗਏ ਹੋਣ। ਇਮਰੋਜ਼ ਚਾਰ ਸਾਲ ਕਾਲਜ ਤੋਂ ਬਾਅਦ ਨੌਕਰੀ ਲੱਭਣ ਲੱਗ ਪਿਆ। ਹੁਣ ਉਹ ਮੇਰੀ ਮਦਦ ਵੀ ਕਰਨ ਲੱਗ ਪਿਆ। ਉਹ ਮੇਰਾ ਕਮਰਾ ਵੀ ਸਾਫ ਕਰਨ ਆ ਜਾਂਦਾ। ਇਹ ਕਿਵੇਂ ਹੋ ਗਿਆ? ਕੁਝ ਸਮਾਂ ਪਹਿਲਾਂ ਉਹ ਟਾਲ਼ ਮਟੋਲ ਕਰਦਾ ਰਿਹਾ ਸੀ। ਬੇਟੀ ਪਰਮ ਮੈਂਨੂੰ ਰੌਚੈਸਟਰ ਦੇ ਹਸਪਤਾਲ ਵਿਚ ਓਹਾਇਓ ਤੋਂ ਮਿਲਣ ਆਉਂਦੀ ਰਹੀ। ਬੇਟੀ ਰੂਪ ਵਿਸਕੌਨਸਨ ਤੋਂ ਆਉਂਦੀ ਰਹੀ। ਕਦੇ ਕੋਈ ਤੇ ਕਦੇ ਕੋਈ। ਇਸ ਨਾਲ ਸੁਰਿੰਦਰ ਦਾ ਹੌਸਲਾ ਵੀ ਵਧਿਆ ਰਹਿੰਦਾ। ਪਰ ਮੈਂ ਉਨ੍ਹਾਂ ਦੀ ਪੜ੍ਹਾਈ ਦੇ ਨੁਕਸਾਨ ਤੋਂ ਡਰਦਾ ਸੀ, ਕਿਉਂਕਿ ਪੜ੍ਹਾਈ ਵਿਚ ਪਛੜ ਜਾਣਾ ਸਭ ਲਈ ਔਖਾ ਹੁੰਦਾ ਹੈ।

ਪਰਮ ਅਤੇ ਰੂਪ ਨੇ ਇਕ ਵਾਰ ਸਪਰਿੰਗ ਸਮੈਸਟਰ ਛੱਡਕੇ ਸੁਰਿੰਦਰ ਨਾਲ ਖੜ੍ਹੇ ਹੋਣ ਦਾ ਇਰਾਦਾ ਬਣਾ ਲਿਆ। ਡਾਕਟਰਾਂ ਦੀ ਮਦਦ ਨਾਲ ਮਸਾਂ ਸੁਰਿੰਦਰ ਨੇ ਉਹਨਾਂ ਦਾ ਇਰਾਦਾ ਬਦਲਿਆ। ਉਦੋਂ ਹੀ ਇਮਰੋਜ਼ ਨੂੰ ਨੀਊ ਜਰਸੀ ਵਿਚ ਨੌਕਰੀ ਮਿਲ ਗਈ। ਇਹ ਇਮਰੋਜ਼ ਦੀ ਪਹਿਲੀ ਨੌਕਰੀ ਸੀ ਜਿੱਥੋਂ ਉਹ ਹਰ ਹਫਤੇ ਸੁਰਿੰਦਰ ਨੂੰ ਆਪਣੇ ਘਰ ਇਥਕਾ ਮਿਲ ਜਾਂਦਾ। ਮੈਂ ਸੁੱਖ ਦਾ ਸਾਹ ਲੈਣ ਜੋਗਾ ਹੋ ਗਿਆ।

*****

ਸਾਡੇ ਬੱਚੇ

20April23Ghangasਮੇਰੀ ਘਰਵਾਲੀ ਬੱਚਿਆਂ ਦੀਆਂ ਗੱਲਾਂ ਕਰਦੇ ਸਮੇਂ ਤਾਰੀਫਾਂ ਕਰਦੀ ਨਾ ਥੱਕਦੀ। ਕਦੇ ਕਦੇ ਮੈਂ ਥੋੜ੍ਹਾ ਵਿਰੋਧ ਕਰਦਾ। ਖੈਰ, ਮੈਂ ਉਹਦੇ ਵਾਂਗ ਨਹੀਂ ਸੀ ਕਰ ਸਕਦਾ। ਇਸ ਪੱਖੋਂ ਮੇਰੀ ਤਾਂ ਫਿਤਰਤ ਹੀ ਹੋਰ ਹੈ, ਚੁੱਪ-ਚੁਪੀਤਾ ਤੇ ਅੰਤਰਮੁਖੀ, ਜੋ ਗੈਰਾਂ ਨਾਲ ਦੁੱਖ-ਸੁਖ ਸਾਂਝੇ ਕਰਨ ਤੋਂ ਝਿਜਕਦਾ ਹੈ।

ਮੈਂ ਹਮੇਸ਼ਾ ਏਦਾਂ ਦਾ ਨਹੀਂ ਸੀ ਹੁੰਦਾ। ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਜਦੋਂ ਮੈਂ ਬੱਚਾ ਹੁੰਦਾ ਸੀ, ਉਦੋਂ ਬਾਹਲਾ ਬੋਲਦਾ ਹੁੰਦਾ ਸੀ। ਸ਼ਾਇਦ ਉਹਨੇ ਮੂੰਹ-ਪਾੜ ਬੱਚੇ ਨਾ ਦੇਖੇ ਹੋਣ। ਪਰ ਵੱਡੇ ਹੁੰਦਿਆਂ ਮੈਂਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਜਿੰਨਾ ਜ਼ਿਆਦਾ ਮੈਂ ਬੋਲਦਾ ਸੀ, ਉੰਨੀਆਂ ਜ਼ਿਆਦਾ ਮੈਂ ਗਲਤੀਆਂ ਕਰ ਜਾਂਦਾ। ਮੈਂ ਗਲਤੀਆਂ ਕਰਨੀਆਂ ਨਹੀਂ ਸੀ ਚਾਹੁੰਦਾ, ਜੇ ਵੱਸ ਦੀ ਗੱਲ ਹੋਵੇ।

ਆਪਣੀਆਂ ਯਾਦਾਂ ਬਾਰੇ ਲਿਖਦੇ ਸਮੇਂ ਮੈਂਨੂੰ ਅਨੁਭਵ ਹੋਇਆ ਕਿ ਯਾਦਾਂ ਬਾਰੇ ਲਿਖਣਾ ਸਾਇੰਸ ਦੀ ਲਿਖਾਈ ਨਾਲ ਮੇਚ ਨਹੀਂ ਖਾਂਦਾ। ਯਾਦਾਂ ਵਿੱਚ ਉਹੀ ਕੁਝ ਲਿਖੀਦਾ ਹੈ, ਜੋ ਯਾਦ ਹੋਵੇ। ਬਹੁਤ ਗੱਲਾਂ ਦੀ ਯਾਦ ਭੁੱਲ ਵੀ ਸਕਦੀ ਹੈ, ਅਧੂਰੀ ਵੀ ਹੋ ਸਕਦੀ ਹੈ। ਸਾਇੰਸ ਦੀ ਲਿਖਾਈ ਵਿਚ ਮਲੂਮ ਜਿਹੀ ਗਲਤੀ ਵੱਡਾ ਪੁਆੜਾ ਪਾ ਸਕਦੀ ਹੈ ਅਤੇ ਤੁਹਾਨੂੰ “ਮੁਕੱਦਮਾ ਸ਼ਹਿਰ” (Sue City) ਦੇ ਦਰਸ਼ਨ ਕਰਾ ਸਕਦੀ ਹੈ। “ਮੁਕੱਦਮਾ ਸ਼ਹਿਰ” ਭੁੱਖੇ ਵਕੀਲਾਂ ਨਾਲ ਭਰੇ ਪਏ ਹਨ ਜੋ ਤਿਣਕਾ ਡਿਗਣ ’ਤੇ ਪੇਸ਼ ਪੈ ਜਾਂਦੇ ਹਨ। ਮੈਂ ਕੋਈ ਮਲੀਨ ਅਮੀਰ (filthy rich) ਨਹੀਂ, ਭਾਵੇਂ ਬਹੁਤਾ ਗਰੀਬ ਵੀ ਨਹੀਂ। ਬਹੁਤੇ ਗਰੀਬਾਂ ’ਤੇ ਕੋਈ ਮੁਕੱਦਮਾ ਨਹੀਂ ਕਰਦਾ। ਲੋਕ ਮੱਧ ਵਰਗ ਦੇ ਮੂਰਖਾਂ ਨੂੰ ਉਲਝਾ ਲੈਂਦੇ ਹਨ। ਰਿਟਾਇਰ ਹੋਣ ਤੋਂ ਪਹਿਲਾਂ ਮੈਂ ਵੀ ਮੱਧ ਵਰਗ ਵਿਚ ਭਟਕ ਰਿਹਾ ਸਾਂ।

ਇਕ ਚੰਗਾ ਲੇਖਕ ਗੁੰਝਲਦਾਰ ਕਹਾਣੀਆਂ ਨੂੰ ਤਰਤੀਬ ਵਿਚ ਢਾਲਕੇ ਸਾਦੀਆਂ ਤੇ ਦਿਲਚਸਪ ਲਿਖਤਾਂ ਬਣਾ ਦਿੰਦਾ ਹੈ। ਉਦਾਹਰਣ ਵਜੋਂ, ਜੈਨਤ ਵਾਲਜ਼ ਦੀ ਅੰਗਰੇਜ਼ੀ ਵਿਚ ਲਿਖੀ ਯਾਦਦਾਸ਼ਤ, ਕੱਚ ਦਾ ਮਹਿਲ (Glass Castle, a memoir by Jeannette Walls) ਪੜ੍ਹਦਿਆਂ ਮੈਂਨੂੰ ਮਹਿਸੂਸ ਹੋਇਆ ਕਿ ਮੈਂ ਬੱਚਿਆਂ ਬਾਰੇ ਝਿਜਕਣ ਦੀ ਸਥਿਤੀ ਵਿਚ ਲਿਖਦਾ ਹਾਂ। ਇਸ ਨਾਲ ਪੜ੍ਹਨ ਵਾਲੇ ਨੂੰ ਸ਼ਾਇਦ ਏਦਾਂ ਲੱਗਦਾ ਹੋਵੇ ਕਿ ਲੋੜੀਂਦੀ ਜਾਣਕਾਰੀ ਨਹੀਂ ਮਿਲੀ। ਪਰ, ਮੈਂ ਆਪਣੇ ਵਿਚਾਰਾਂ ਅਨੁਸਾਰ ਲਿਖਦਾ ਹਾਂ।

ਮੈਂ ਸੰਖੇਪਤਾ ਪਸੰਦ ਕਰਦਾ ਹਾਂ। ਇਸਦੇ ਕਾਰਨ ਸ਼ਾਇਦ ਗੁੰਝਲਦਾਰ ਹੋਣ। ਮੇਰਾ ਵਿਰਸਾ, ਮੇਰੀ ਵਿਗਿਆਨਕ ਪਿੱਠ-ਭੂਮੀ, ਅਤੇ ਦੁਨੀਆ ਦੇ ਵੱਖ ਵੱਖ ਵਿਰਸੇ ਦੇ ਲੋਕਾਂ ਵਿਚਦੀ ਵਿਚਰਨਾ। ਕੁਝ ਵੀ ਹੋਵੇ, ਮੇਰੇ ਪਾਸ ਦੋਸਤਾਂ ਅਤੇਰਿਸ਼ਤੇਦਾਰਾਂ ਦੀਆਂ ਕਹਾਣੀਆਂ ਤਾਂ ਬਹੁਤ ਹਨ।

ਸਾਡੇ ਬੱਚੇ ਅਮਰੀਕਾ ਵਿਚ ਜੰਮੇ ਅਤੇ ਪਲੇ ਹਨ। ਸੁਰਿੰਦਰ ਅਤੇ ਮੇਰੇ, ਪੰਜਾਬ ਵਸਦੇ ਪਰਿਵਾਰਾਂ ਨਾਲ ਤਾਲਮੇਲ ਕੁਦਰਤੀ ਘੱਟ ਰਿਹਾ ਹੈ। ਅਸੀਂ ਇੰਡੀਆ ਜਾਂਦੇ ਤਾਂ ਰਹੇ, ਪਰ ਸਿਰਫ ਕੁਝ ਹਫਤਿਆਂ ਲਈ। ਇਸ ਲਈ ਬੱਚਿਆਂ ਅਤੇ ਵਡੇਰਿਆਂ ਵਿਚ ਬੋਲਣ ਦਾ ਪਾੜਾ ਪੂਰਾ ਨਾ ਹੋ ਸਕਿਆ। ਇਸ ਨਾਲ ਮਾਂ-ਬਾਪ ਉਦਾਸ ਦਿਸਦੇ ਰਹੇ। ਪਰ ਬੱਚਿਆਂ ਨੂੰ ਕੋਈ ਫਰਕ ਨਹੀਂ ਸੀ ਲਗਦਾ ਕਿਉਂਕਿ ਉਹਨਾਂ ਨੂੰ ਤਾਂ ਧਿਆਨ ਜ਼ਿਆਦਾ ਮਿਲ ਜਾਂਦਾ ਸੀ।

ਸਾਡੇ ਤਿੰਨੋ ਬੱਚੇ ਚੰਗੇ ਪੜ੍ਹੇ-ਲਿਖੇ, ਵਿਹਾਰ ਦੀ ਗੱਲ ਕਰਨ ਵਾਲੇ, ਆਪੋ ਆਪਣੇ ਪੈਰਾਂ ’ਤੇ ਖੜ੍ਹੇ ਹਨ। ਇਸ ਪੱਖੋਂ ਸਾਨੂੰ ਕੋਈ ਚਿੰਤਾ ਨਹੀਂ। ਉਹ ਖੇਡਾਂ ਵਿਚ ਵੀ ਹਿੱਸਾ ਲੈਂਦੇ ਰਹੇ ਹਨ, ਅਤੇ ਲੋਕ-ਭਲਾਈ ਦੇ ਕੰਮਾਂ ਵਿਚ ਹਿੱਸਾ ਪਾਉਂਦੇ ਰਹੇ ਹਨ। ਜਦ ਉਹ ਸਾਡੇ ਨਾਲ ਰਹਿੰਦੇ ਸਨ, ਮੈਂ ਅਕਸਰ ਉਹਨਾਂ ਦੇ ਜੇਬ-ਖਰਚਿਆਂ ’ਤੇ ਕਿੰਤੂ-ਪ੍ਰੰਤੂ ਕਰਦਾ ਰਹਿੰਦਾ, ਪਰ ਸੁਰਿੰਦਰ ਨਹੀਂ, ਕਿਉਂਕਿ ਉਹ ਤਾਂ ਆਖਰ ਮਾਂ ਸੀ।

ਬੇਟਾ ਇਮਰੋਜ਼ ਉਮਰ ਵਿਚ ਵੱਡਾ ਹੈ। ਉਹਨੂੰ ਪੰਜਾਬ ਦੇ ਮੇਲਿਆਂ ਵਿਚ ਬੋਤਿਆਂ ਅਤੇ ਬਲਦਾਂ ਦੀਆਂ ਦੌੜਾਂ ਅਜੇ ਵੀ ਯਾਦ ਨੇ। ਹਾਈ ਸਕੂਲ ਅਤੇ ਕਾਲਜ ਦੀ ਪੜ੍ਹਾਈ ਸਮੇਂ ਉਹ ਇੰਡੀਆ ਨਹੀਂ ਜਾ ਸਕਿਆ, ਪੜ੍ਹਾਈ ਵਿਚ ਪਿੱਛੇ ਰਹਿ ਜਾਣ ਦੇ ਡਰ ਤੋਂ। ਕੁਝ ਸਾਡੀ ਮਜ਼ਬੂਰੀ ਵੀ ਸੀ, ਕੰਮਾਂ ਵਿੱਚੋਂ ਸਮਾਂ ਕੱਢ ਸਕਣਾ ਇੰਨਾ ਸੌਖਾ ਨਹੀਂ ਸੀ। ਇਕੱਲੇ ਨੂੰ ਪੰਜਾਬ ਭੇਜਣ ਦਾ ਸਾਡਾ ਹੀਆ ਨਾ ਪਿਆ। ਬੱਚੇ ਤਾਂ ਕੋਲ ਰਹਿੰਦਿਆਂ ਵੀ ਕਾਬੂ ਕਰਨੇ ਔਖੇ ਹੁੰਦੇ ਹਨ। ਸਾਡੀ ਗੈਰ-ਹਾਜ਼ਰੀ ਵਿਚ ਪੰਜਾਬੀ ਪਰਿਵਾਰਾਂ ਵੱਲੋਂ ਬਿਗਾੜੇ ਜਾਣ ਦਾ ਡਰ ਸੀ। ਇਮਰੋਜ਼ ਨੇ ਇਥਕਾ ਹਾਈ ਸਕੂਲ ਤੋਂ ਪੜ੍ਹਕੇ, ਪੈਨ ਸਟੇਟ ਯੂਨੀਵਰਸਿਟੀ ਤੋਂ ਜੀਵ-ਵਿਗਿਆਨ ਦੀ ਬੀ.ਐੱਸ.ਸੀ. ਕੀਤੀ, ਅਤੇ ਨੀਊ ਜਰਸੀ ਵਿਚ ਨੌਕਰੀ ਲੱਭ ਲਈ। ਨੌਕਰੀ ਕਰਦੇ ਸਮੇਂ ਉਹ ਕੈਲੇਫੋਰਨੀਆ ਆ ਵਸਿਆ ਅਤੇ 2010 ਵਿਚ ਉਹਦਾ ਰਿਸ਼ਤਾ ਇਕ ਪੰਜਾਬੀ ਪਿਛੋਕੜ ਦੇ ਪਰਿਵਾਰ ਵਿਚ ਹੋ ਗਿਆ, ਜਿਸ ਵਿਚ ਮੈਂਨੂੰ ਵੀ ਕੁਝ ਨੱਠ-ਭੱਜ ਕਰਨੀ ਪਈ। ਉਸੇ ਸਾਲ ਅਸੀਂ ਨੀਊ ਯਾਰਕ ਛੱਡ ਸੈਕਰਾਮੈਂਟੋ ਘਰ ਲਿਆ ਸੀ। ਜਦ ਮੈਂ ਇਹ ਕਿਤਾਬ ਲਿਖਣੀ ਸ਼ੁਰੂ ਕੀਤੀ, ਇਮਰੋਜ਼ ਆਪਣੀ ਪਤਨੀ ਮਨਜੀਤ ਅਤੇ ਦੋ ਬੱਚਿਆਂ ਸਮੇਤ ਸਾਥੋਂ ਦੋ ਘੰਟੇ ਦੀ ਦੂਰੀ ਤੇ ਰਹਿੰਦਾ ਸੀ। ਅਸੀਂ ਉਹਨਾਂ ਨੂੰ ਕਈ ਹਫਤਿਆਂ ਬਾਅਦ ਮਿਲਦੇ। ਦਾਦੀ ਦਾਦਾ ਹੁੰਦਿਆਂ ਸਾਨੂੰ ਉਹਦਾ ਵਿਹਾਰ ਬੇ-ਰੁਖਾ ਲਗਦਾ। ਪਰ ਜਦ ਵੀ ਜੀਅ ਕਰਦਾ ਕਿ ਉਹਨੂੰ ਦੱਸਿਆ ਜਾਵੇ, ਮੈਂਨੂੰ ਆਪਣੇ ਮਾਂ-ਬਾਪ ਯਾਦ ਆ ਜਾਂਦੇ, ਜਿਨ੍ਹਾਂ ਨੂੰ ਅਸੀਂ ਕੁਝ ਵਿਸਾਰ ਛੱਡਿਆ ਸੀ।

ਜਦੋਂ ਸਾਡੇ ਮਾਂ-ਬਾਪ ਆਪਣੇ ਪੋਤੇ-ਦੋਹਤਿਆਂ ਨੂੰ ਮਿਲਣ ਲਈ ਸਨੇਹੇ ਘੱਲਦੇ ਸਨ, ਉਦੋਂ ਸਾਡਾ ਵੀ ਕੰਮਾਂ ਵਿੱਚ ਕੂੰਡਾ ਹੋਇਆ ਪਿਆ ਸੀ।

ਬੇਟੇ ਤੋਂ ਛੋਟੀਆਂ ਸਾਡੇ ਦੋ ਧੀਆਂ ਹਨ, ਪਰਮ ਅਤੇ ਰੂਪ ਜੋ ਕਿਤਾਬ ਲਿਖਣ ਸਮੇਂ ਨੌਕਰੀਆਂ ਵਿਚ ਕਰਮਸ਼ੀਲ ਹਨ। ਪਰਮ ਪਹਿਲੀ ਅਤੇ ਰੂਪ ਦਾ ਜਨਮ ਪਰਮ ਤੋਂ ਗਿਆਰਾਂ ਮਿੰਟ ਪਿਛੋਂ ਹੋਇਆ। ਮੈਂਨੂੰ ਇੰਡੀਆ ਵਿਚ ਘਰਾਂ ਦੀਆਂ ਕੰਧਾਂ ’ਤੇ ਚਿਪਕਾਇਆ ਪੁਰਾਣਾ ਇਸ਼ਤਿਹਾਰ ਯਾਦ ਹੈ, “ਅਸੀਂ ਦੋ, ਸਾਡੇ ਦੋ।” ਰੂਪ ਨੇ ਇਸ ਨਾਅਰੇ ਨੂੰ ਵੰਗਾਰ ਕੇ ਜਨਮ ਲਿਆ। ਸਾਨੂੰ ਬੇਟੀਆਂ ਦੀ ਵੀ ਉੰਨੀ ਖੁਸ਼ੀ ਹੈ, ਜਿੰਨੀ ਬੇਟੇ ਦੀ। ਜਨਮ ਵੇਲੇ ਥੋੜ੍ਹਾ ਝਟਕਾ ਜਰੂਰ ਲੱਗਿਆ ਸੀ, ਕਿ ਤਿੰਨ ਬੱਚਿਆਂ ਦੀ ਸੰਭਾਲ ਦੁੱਭਰ ਨਾ ਹੋ ਜਾਵੇ।

ਪਰਮ ਅਤੇ ਰੂਪ ਦਾ ਪਾਲਣ ਪੋਸਣ ਬੇਟੇ ਵਾਂਗ ਹੋਇਆ, ਪਰ ਉਹ ਇੰਡੀਆ ਵਿਚ ਹੋਰ ਵੀ ਘੱਟ ਜਾ ਸਕੀਆਂ। ਦੋਨੋਂ ਬੇਟੀਆਂ ਇਥਕਾ ਹਾਈ ਸਕੂਲ ਵਿਚ ਪੜ੍ਹੀਆਂ, ਬਾਸਕਟਬਾਲ ਵੀ ਖੇਡਦੀਆਂ ਰਹੀਆਂ। ਪਰਮ ਨੇ ‘ਓਹਾਇਓ ਸਟੇਟ ਯੂਨੀਵਰਸਿਟੀ’ ਤੋਂ ਬਿਜ਼ਨਸ ਦੀ ਪੜ੍ਹਾਈ ਕੀਤੀ। ਕੁਝ ਚਿਰ ਕੰਮ ਕਰਕੇ, ਉਹਨੇ ਐੱਮ.ਬੀ.ਏ. ਦੀ ਉੱਚ ਡਿਗਰੀ ਲਈ ਸੀਆਟਲ ਵਿਚ ਦਾਖਲਾ ਲੈ ਲਿਆ। ਐੱਮ.ਬੀ.ਏ. ਦੀ ਡਿਗਰੀ ਵੰਡਣ ਸਮੇਂ ਮੈਂਨੂੰ ਸਟਾਰਬੱਕਸ ਦੇ ਹਾਵਰਡ ਸ਼ੁਲਟਜ਼ ਦਾ ਪ੍ਰਭਾਵਸ਼ਾਲੀ ਭਾਸ਼ਨ ਅਜੇ ਵੀ ਯਾਦ ਹੈ।

ਰੂਪ ਨੇ ਕਾਲਜ ਵਿਚ ਅੰਗਰੇਜ਼ੀ ਅਤੇ ਮਨੋ-ਵਿਗਿਆਨ ’ਤੇ ਜੋਰ ਦਿੱਤਾ। ਕੁਝ ਚਿਰ ਕੰਮ ਕਰਕੇ, ਰੂਪ ਨੇ ਵੀ ਐੱਮ.ਬੀ.ਏ. ਦੀ ਉੱਚ ਡਿਗਰੀ ‘ਕਾਰਨਲ ਯੂਨੀਵਰਸਿਟੀ’ ਤੋਂ ਹਾਸਲ ਕਰ ਲਈ, ਜਿੱਥੇ ਸੁਰਿੰਦਰ ਅਜੇ ਵੀ ਮੁਲਾਜ਼ਮ ਸੀ। ਮਾਂ ਯੂਨੀਵਰਸਿਟੀ ਦੀ ਮੁਲਾਜ਼ਮ ਹੋਣ ਕਰਕੇ ਰੂਪ ਦਾ ਖਰਚਾ ਕੁਝ ਘੱਟ ਸੀ। ਸੁਰਿੰਦਰ ਅਜੇ ਵੀ ਇਸ ਗੱਲ ਦਾ ਫ਼ਖਰ ਕਰਦੀ ਹੈ ਕਿ ਉਹ ਆਪਣੇ ਇਕ ਬੱਚੇ ਨੂੰ ‘ਕਾਰਨਲ’ ਜੈਸੇ ਉੱਚ ਕੋਟੀ ਦੇ ਮਹਾਂਵਿਦਿਆਲੇ ਵਿਚ ਭੇਜ ਸਕੀ। ਦੋਨੋਂ ਬੇਟੀਆਂ ਆਪਣੇ ਕੰਮਾਂ ਦੀਆਂ ਮਾਹਰ ਹਨ।

ਕਾਲਜ ਤੋਂ ਬਾਅਦ ਬੇਟੀਆਂ ਵੀ ਇੰਡੀਆ ਜਾ ਆਈਆਂ ਹਨ। ਸਾਡੀ ਸੋਚ ਦੇ ਉਲਟ, ਉਨ੍ਹਾਂ ਨੂੰ ਇੰਡੀਆ ਬਹੁਤ ਪਸੰਦ ਹੈ। ਪਰਮ ਸਾਡੇ ਨਾਲ 2014 ਵਿਚ ਵੀ ਗਈ, ਤੇ ਅਸੀਂ ਮੇਰੀ ਭੈਣ ਦੇ ਪਰਿਵਾਰ ਵਿਚ ਠਹਿਰੇ। ਪਰਮ ਬਹੁਤ ਛੇਤੀ ਉੱਥੇ ਰਚ-ਮਿਚ ਗਈ। ਹਰਬੰਸ ਭੈਣ 29 ਜੂਨ, 2005 ਵਿਚ ਹੇਮਕੁੰਟ ਦੀ ਯਾਤਰਾ ਸਮੇਂ ਦੁਨੀਆ ਛੱਡ ਗਈ।

ਇਕ ਵਾਰ ਹਰਬੰਸ ਭੈਣ ਨੇ ਅਮਰੀਕਾ ਸਾਡੇ ਘਰ ਕਈ ਹਫਤੇ ਬਿਤਾਏ। ਉਹ ਇਥਕਾ ਦੀਆਂ ਸੜਕਾਂ ’ਤੇ ਘੁੰਮ ਕੇ ਖੁਸ਼ ਰਹਿੰਦੀ, ਭਾਵੇਂ ਸੜਕਾਂ ਦੇ ਨਾਂ ਪੜ੍ਹਨ ਜੋਗੀ ਨਹੀਂ ਸੀ। ਇਕ ਵਾਰ ਉਹ ਰਸਤਾ ਭੁੱਲ ਗਈ। ਅਸੀਂ ਸਾਰਾ ਦਿਨ ਲੱਭਦੇ ਰਹੇ, ਉਹ ਘੁੰਮਦੀ ਰਹੀ। ਜਦ ਅਸੀਂ ਮਿਲੇ ਮੇਰੀ “ਸਪੀਕ-ਨੋ-ਇੰਗਲਿਸ਼” ਭੈਣ ਮੁਸਕਰਾ ਰਹੀ ਸੀ। ਮੇਰਾ ਜੀਅ ਕੀਤਾ ਕਿ ਫਟਾਫਟ ਜਾਵਾਂ ਤੇ ਉਹਦੇ ਲਈ ਕਿਸੇ ਸਟੋਰ ਤੋਂ ਟੀ-ਸ਼ਰਟ ਲੈ ਕੇ ਆਵਾਂ ਜਿਸ ਉੱਤੇ “I Speak No English” ਲਿਖਿਆ ਹੋਵੇ। ਦੁਕਾਨਾਂ ਬੰਦ ਹੋਣ ਦਾ ਸਮਾਂ ਸੀ। ਉਹ ਮੌਕਾ ਖੁੰਝ ਗਿਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3924)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

Roseville, California, USA.
gsg123@hotmail.com
Phone: 916 740 3036

More articles from this author