CharanjeetSRajor7ਲੋਕਤੰਤਰ ਦਾ ਹੀ ਗਲਾ ਘੋਟਦੇ ... ਸੱਤਾ ਕਾਬਜ਼ ਲੋਕਾਂ ਦੇ  ਬੋਲੇ ਹੋ ਚੁੱਕੇ ਕੰਨਾਂ ਵਿੱਚ ...”  
(24 ਦਸੰਬਰ 2020)

 

   ਇਨਕਲਾਬ

      (1)

ਇਨਕਲਾਬ ਦੀ ਲੋੜ ਹੈ

ਲੋੜ ਹੈ ਫਿਰ ਇੱਕ ਬੰਬ ਧਮਾਕੇ ਦੀ
ਮੂਆਫੀ! ਪਰ ਇਹ ਧਮਾਕਾ
ਬਾਰੂਦਾਂ ਦਾ ਨਹੀਂ,
ਏਕੇ ਦਾ, ਭਾਈਚਾਰੇ ਦਾ,
ਹੋਵੇ ਇਨਕਲਾਬੀ ਨਾਅਰੇ ਦਾ।
ਤੇ ਜਿਹੜਾ ਵਿਸਫੋਟ ਕਰੇ
ਇਹਨਾਂ ਖੂਨ ਚੂਸਣੀਆਂ ਜੋਕਾਂ ਦੇ
ਲੋਕਤੰਤਰ ਦੀ ਆੜ ਵਿੱਚ
ਲੋਕਤੰਤਰ ਦਾ ਹੀ ਗਲਾ ਘੋਟਦੇ
ਸੱਤਾ ਕਾਬਜ਼ ਲੋਕਾਂ ਦੇ
ਬੋਲੇ ਹੋ ਚੁੱਕੇ ਕੰਨਾਂ ਵਿੱਚ

        ***

          2.

ਕਿਵੇਂ ਆਵੇਗਾ ਇਹ ਇਨਕਲਾਬ?
ਪਿਸਤੌਲਾਂ ਨਾਲ?
ਤੀਰਾਂ-ਤਲਵਾਰਾਂ ਨਾਲ?
ਤੋਪਾਂ ਮਿਜ਼ਾਇਲਾਂ ਨਾਲ?
ਨਹੀਂ! ਨਹੀਂ! ਨਹੀਂ!

ਇਸ ਤਰ੍ਹਾਂ ਨਹੀਂ ਆਉਂਦੇ ਇਨਕਲਾਬ,
ਇਨਕਲਾਬ ਲਿਆਉਣ ਲਈ
ਪੜ੍ਹਨਾ ਪੈਂਦਾ, ਲੜਨਾ ਪੈਂਦਾ,
ਖੜ੍ਹਨਾ ਪੈਂਦਾ ਅਤੇ ਮੇਰੇ ਵੀਰ
ਅੜਨਾ ਪੈਂਦਾ ਏ।
ਹਾ-ਹਾਂ-ਹਾਂ ਕਿਉਂ ਮਜ਼ਾਕ ਕਰਦਾ ਏਂ,
ਮੈਨੂੰ ਤਾਂ ਤੂੰ ਝੱਲਾ ਹੀ ਲੱਗਦਾ ਏਂ,
ਪੜ੍ਹਨ ਨਾਲ, ਖੜ੍ਹਨ ਨਾਲ,
ਤੇ ਅੜਨ ਨਾਲ
ਵੀ ਕਦੇ ਇਨਕਲਾਬ ਆਏ ਨੇ?

ਹਾਂ, ਆਏ ਨੇ ਮੇਰੇ ਵੀਰ,
ਨਾਨਕ ਨੂੰ ਪੜ੍ਹ
ਨਾਨਕ ਨੂੰ ਸਮਝ
ਨਾਨਕ ਨੂੰ ਮਹਿਸੂਸ ਕਰ
ਵੇਖੀਂ ਇਨਕਲਾਬੀ ਲਹਿਰ
ਤੇਰੇ ਵਿੱਚ ਕਿਵੇਂ ਪੰਜ ਆਬਾਂ
ਵਾਂਗ ਵਗਦੀ ਹੈ।
ਕਿਵੇਂ ਹਰ ਸਤਰ ਤੈਨੂੰ ਬਾਬੇ ਦੀ
ਬਾਬਰ ਖਿਲਾਫ਼ ਲਿਸ਼ਕਦੀ
ਤਿੱਖੀ ਤਲਵਾਰ ਲਗਦੀ ਹੈ
।।

          ***

        (3)

ਅੱਛਾ!! ਹਾ... ਹਾ ... ਹਾ ...
ਤੇ ਜੇ ਲੜਨ ਨਾਲ
ਇਨਕਲਾਬ ਆਉਣ
ਤਾਂ ਲੜਨਾ ਤੇ ਫਿਰ
ਹਥਿਆਰਾਂ ਨਾਲ ਹੀ ਪੈਣਾ,
ਹਥਿਆਰ ਲਿਆ ਦੇਵਾਂ
ਦੱਸ ਕੀ-ਕੀ ਚਾਹੀਦਾ?
ਹਾਂ ... ਲੜਨ ਨਾਲ
ਆਵੇਗਾ ਇਨਕਲਾਬ,
ਹਥਿਆਰ ਲਿਆਵੇਂਗਾ?
ਚੱਲ ਮੈਂਨੂੰ ਕਿਤਾਬਾਂ ਲਿਆ ਦੇ,
ਕਲਮ ਲਿਆ ਦੇ,
ਸਿਆਹੀ ਭਾਵੇਂ ਰਹਿਣ ਦਵੀਂ
ਮੇਰਾ ਲਹੂ ਮੇਰੀ ਸਿਆਹੀ ਏ
ਤੇ ਇਹੋ ਮੇਰੇ ਹਥਿਆਰ ਹਨ
ਮੇਰਾ ਬੜਾ ਚਿੱਤ ਏ ਲੜਨ‌ ਦਾ,
ਪਰ ਦੋਸਤ ਤੈਨੂੰ ਤੇ ਮੈਨੂੰ
ਰਲ ਕੇ ਲੜਨਾ ਪੈਣਾ ਹੈ,
ਮਾਂ ਗੁਜਰੀ ਦੇ ਪਤੀ,
ਪੁੱਤ, ਪੋਤਿਆਂ ਦੇ ਵਾਂਗ
ਆਪਣਾ ਆਪਾ ਕੁਰਬਾਨ
ਕਰਦਿਆਂ ਵੀ
ਸਮੁੱਚੀ ਮਾਨਵਤਾ ਦੇ ਹੱਕਾਂ ਲਈ
ਜਬਰ, ਜ਼ੁਲਮ, ਜ਼ਾਲਿਮ ਖ਼ਿਲਾਫ਼
ਵਿਚਾਰਾਂ ਦੀ ਜੰਗ ਛੇੜ ਕੇ,
ਸੋਚ ਤੇ ਵਿਚਾਰਾਂ ’ਤੇ
ਅਟੱਲ ਖੜਨਾ ਪੈਣਾ ਹੈ

         ***

         (4)

ਇਸ ਇਨਕਲਾਬ ਵਿੱਚ ਤਾਂ
ਮੌਤਾਂ ਵੀ ਬਹੁਤ ਹੋਣਗੀਆਂ ਕਿ ਨਹੀਂ?
ਨਹੀ ... ਮੌਤਾਂ ਨਹੀਂ ਮੇਰੇ ਵੀਰ
ਇਨਕਲਾਬ ਸ਼ਹੀਦੀਆਂ ਬਖਸ਼ਦਾ ਹੈ
ਇਨਕਲਾਬ ਕੁਰਬਾਨੀਆਂ
ਦੀ ਲੋਅ ਨਾਲ ਹੋਰ ਮਗਦਾ ਹੈ,
ਸ਼ਹੀਦ ਹੋਣ ਲਈ ਤਾਂ ਮੇਰੇ ਭਰਾ
ਕਰਤਾਰ, ਭਗਤ, ਊਧਮ
ਵਾਂਗਰਾਂ ਕੁਝ ਕਰ ਗੁਜ਼ਾਰ ਜਾਣ
ਦੀ ਜ਼ਿੱਦ ਤੇ ਅੜਨਾ ਪੈਣਾ ਹੈ,
ਤੀਰ ਤਰਕ ਦਾ, ਨੇਜ਼ਾ ਵਿਚਾਰਾਂ ਦਾ
ਸੱਤਾ ’ਤੇ ਕਾਬਜ਼ ਧਿਰ ਦੇ
ਮੱਥੇ ’ਤੇ ਜੜਨਾ ਪੈਣਾ ਹੈ,
ਅਤੇ ਫਿਰ ਮੁੱਲ ਪੈਣੇ ਨੇ ਸਿਰਾਂ ਦੇ
ਤੇ ਫਿਰ ਆਵੇਗਾ ਇਨਕਲਾਬ

            ***

       (5)

ਦਿੱਲੀ ਦੇ ਬਾਰਡਰਾਂ ’ਤੇ ਵੀ
ਇਸ ਇਨਕਲਾਬ ਦੀ
ਚਿਣਗ ਲੱਗ ਚੁੱਕੀ ਹੈ
ਤੂੰ ਸੱਤਾ ਨੂੰ ਕਹਿ ਦੇ ਮੇਰੇ ਵੀਰ
ਕੇ ਜਿੰਨਾ ਮਰਜ਼ੀ ਮਜ਼ਬੂਤ ਕਰ
ਲਵੇ ਆਪਣੇ ਤਖ਼ਤ ਨੂੰ
ਨੁਕੀਲੀਆਂ ਮੇਖਾਂ ਨਾਲ,
ਕਿਉਂਕਿ ਸੱਤਾ ਦੇ ਨਸ਼ੇ ਵਿੱਚ ਚੂਰ
ਹਾਕਮ ਇਹ ਭੁੱਲ ਗਿਆ ਹੈ ਕਿ
ਇਸ ਤਖਤ ਨੂੰ ਬਣਾਉਣ ਵਾਲਾ
ਕਿਰਤੀ ਮਜ਼ਦੂਰ,
ਤਖਤ ਬਣਾਉਣ ਲਈ ਵਰਤੀ ਜਾਂਦੀ
ਲੱਕੜ ਪੈਦਾ ਕਰਨ ਵਾਲਾ ਕਿਸਾਨ
ਇਸ ਤਖ਼ਤ ਨੂੰ ਉਖਾੜ ਸੁੱਟਣ
ਦਾ ਢੰਗ ਵੀ ਚੰਗੀ ਤਰ੍ਹਾਂ ਜਾਣਦਾ ਹੈ

            *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2484)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਚਰਨਜੀਤ ਸਿੰਘ ਰਾਜੌਰ

ਚਰਨਜੀਤ ਸਿੰਘ ਰਾਜੌਰ

Phone: (91 - 84279 - 29558)
Email: (charan.rajor@gmail.com)