CharanjeetSRajor7ਮੈਂ ਅਜੇ ਗੁੱਸੇ ਅਤੇ ਸ਼ਰਮਿੰਦਗੀ ਨਾਲ ਭਰਿਆ ਖੇਡ ਰਹੇ ਜਵਾਕਾਂ ਕੋਲ ਪਹੁੰਚਿਆ ਹੀ ਸੀ ਕਿ ਐਨੇ ਨੂੰ ...
(30 ਸਤੰਬਰ 2020)

 

“ਕਾਕਾ ਤੇਰੀ ਜਾਤ ਕੀ ਆ, ਰੋਜ਼ ਆ ਜਾਨਾ ਏਂ ਸਾਡੇ ਜਵਾਕਾਂ ਨਾਲ ਖੇਡਣ।” ਉਸ ਦਿਨ ਮੈਂ ਇਹ ‘ਜਾਤ’ ਸ਼ਬਦ ਪਹਿਲੀ ਵਾਰ ਸੁਣਿਆ ਸੀਪਰ ਇਸ ਗੱਲ ਨੂੰ ਭੁੱਲ ਕੇ ਮੈਂ ਫਿਰ ਉਹਨਾਂ ਦੇ ਸਾਫ-ਸੁਥਰੇ ਬਰੈਂਡਡ ਕੱਪੜੇ ਪਾਏ ਜਵਾਕਾਂ ਨਾਲ ਖੇਡਣ ਲੱਗ ਪਿਆਮੇਰੇ ਹਿੱਸੇ ਦੀ ਖੇਡ ਸਿਰਫ ਉਹਨਾਂ ਮੇਰੀ ਹੀ ਉਮਰ ਦੇ ਬੱਚਿਆਂ ਵੱਲੋਂ ਬੱਲੇ ਨਾਲ ਮਾਰੀ ਗੇਂਦ ਚੁੱਕ ਕੇ ਲਿਆਉਣ ਦੀ ਹੀ ਸੀ ਜਿਸ ਵਿੱਚ ਕਦੇ ਮੈਂਨੂੰ ਗੇਂਦ ਨਾਲੀ ਵਿੱਚੋਂ ਚੁੱਕਣੀ ਪੈਂਦੀ, ਕਦੇ ਗੁਆਂਢੀਆਂ ਦੇ ਘਰੋਂ ਚੋਰੀ-ਚੋਰੀ ਵੜ ਕੇਉਹ ਸਭ ਕੋਠੀ ਵਾਲੇ ਮੇਰੇ ਹਾਣੀ ਮੇਰੀ ਇਸ ਗੱਲ ’ਤੇ ਹੱਸਦੇ ਵੀ ਬਹੁਤ ਸੀਪਰ ਮੈਂਨੂੰ ਤਾਂ ਆਪਣੀ ਖੇਡ ਨਾਲ ਹੀ ਮਤਲਬ ਸੀ ਮੈਂਨੂੰ ਇਹੋ ਮੇਰੀ ਵਾਰੀ ਲਗਦੀ ਸੀਬੱਲੇ ਨਾਲ ਖੇਡਣ ਦੀ ਇੱਛਾ ਨਾ ਮੇਰੀ ਕਦੇ ਹੋਈ, ਨਾ ਉਹਨਾਂ ਨੇ ਕਦੇ ਮੈਂਨੂੰ ਖੇਡਣ ਨੂੰ ਕਿਹਾਪਤਾ ਨਹੀਂ ਕਿਵੇਂ ਇੱਕ ਸਾਂਝ ਜਿਹੀ ਹੀ ਪੈ ਗਈ ਸੀ ਉਸ ਮੁਹੱਲੇ ਦੇ ਜਵਾਕਾਂ ਨਾਲ ਜਦਕਿ ਉਹ ਸਭ ਮੇਰੇ ਹਾਣ ਦੇ ਮੇਰੇ ਵੱਲ ਕੋਈ ਖਾਸ ਧਿਆਨ ਨਹੀਂ ਸਨ ਦਿੰਦੇ ਪਰ ਫਿਰ ਵੀ ਮੇਰਾ ਧਿਆਨ ਸਿਰਫ਼ ਉਹਨਾਂ ਵੱਲ ਹੀ ਹੁੰਦਾ

ਸਵੇਰੇ ਮਾਂ ਰੋਟੀ ਬਣਾ ਕੇ ਕੰਮ‌ ’ਤੇ ਚਲੀ ਜਾਂਦੀ, ਬਾਪੂ ਦਿਹਾੜੀ ’ਤੇ ਅਤੇ ਮੈਂ ਸਕੂਲੇਪਰ ਮੈਂਨੂੰ ਕਾਹਲ ਉਸ ਮੁਹੱਲੇ ਵੱਲ ਜਾਣ ਦੀ ਹੀ ਰਹਿੰਦੀਸਕੂਲੋਂ ਆ ਕੇ ਮੈਂ ਉਹਨਾਂ ਮੇਰੇ ਹਾਣ ਦਿਆਂ ਕੋਲ ਚਲਿਆ ਜਾਂਦਾਉਹਨਾਂ ਦੀਆਂ ਖੇਡਾਂ ਵਿੱਚ ਉਹਨਾਂ ਦੀ ਖੇਡ ਦਾ ਹਿੱਸਾ ਬਣਦਾ ਪਰ ਕਦੇ ਉਹਨਾਂ ਨਾਲ ਖੇਡਣ ਵਾਲਾ ਸਾਥੀ ਨਾ ਬਣ ਸਕਿਆਫਿਰ ਇੱਕ ਦਿਨ ਕੋਈ ਖੇਡਣ ਲਈ ਬਾਹਰ ਨਾ ਆਇਆਮੈਂ ਉਸ ਗਲੀ ਵਿੱਚ ਬੜੇ ਗੇੜੇ ਮਾਰੇ। ਮੇਰੇ ਦਿਲ ਵਿੱਚ ਖੋਹ ਪੈ ਰਹੀ ਸੀ, ਮੇਰੇ ਤੋਂ ਬਰਦਾਸ਼ਤ ਨਾ ਹੋਇਆ ਤੇ ਮੈਂ ਉਸ ਘਰ ਦਾ ਗੇਟ ਖੋਲ੍ਹ ਕੇ ਸਿੱਧਾ ਅੰਦਰ ਵੜ ਗਿਆਅੰਦਰ ਵੜਨ ਸਾਰ ਹੀ ਇੱਕ ਕੌੜੀ ਜਿਹੀ ਅਵਾਜ਼ ਮੇਰੇ ਕੰਨਾਂ ਵਿੱਚ ਪਈ “ਵੇ ਇੱਕ ਆਹ ਵੇਹੜੇ ਵਾਲਿਆਂ ਦਾ ਕੰਜਰ ਨੀ ਪਿੱਛਾ ਛੱਡਦਾ ਸਾਡੇ ਜਵਾਕਾਂ ਦਾ, ਵੇ ਹੁਣ ਆਹ ਨੀਵੀਆਂ ਜਾਤਾਂ ਵਾਲਿਆਂ ਨਾਲ ਖੇਡਿਆ ਕਰਨਗੇ ਕੀ ਸਾਡੇ ਜਵਾਕ? ਨੀ ਕਿੱਥੇ ਆ ਹੈਰੀ ਦੀ ਮਾਂ ...? ਕੱਢ ਇਸ ਕਮੀਨ ਨੂੰ ਧੱਕੇ ਮਾਰ ਕੇ ਬਾਹਰ ...।”

ਉਹਨਾਂ ਬੱਚਿਆਂ ਵਿੱਚੋਂ ਇੱਕ ਦੀ ਮਾਂ ਰਸੋਈ ਵਿੱਚੋਂ ਨਿਕਲ ਕੇ ਸਿੱਧਾ ਮੇਰੇ ਵੱਲ ਭੱਜ ਕੇ ਆਈ। ਮੈਂ ਡਰ ਗਿਆ। ਉਸ ਔਰਤ ਨੇ ਆਉਂਦੀ-ਆਉਂਦੀ ਨੇ ਖੌਰੇ ਮੈਂਨੂੰ ਕਿੰਨੀਆਂ ਗਾਲ੍ਹਾਂ ਕੱਢ ਦਿੱਤੀਆਂ, ਮੇਰੇ ਕੋਲ ਆ ਕੇ ‌ਮੇਰਾ ਕੰਨ ਪੁੱਟਦੀ ਹੋਈ ਮੈਂਨੂੰ ਬੋਲਣ ਲੱਗੀ, “ਵੇ ਹਰਾਮ ਦਿਆ ਬੀਜਾ, ਵੇ ਕੁੱਤਿਆ ... ਤੇਰਾ ਤੇ ਸਾਡੇ ਜਵਾਕਾਂ ਦਾ ਕੋਈ ਮੇਲ ਨਹੀਂ ਹੈਅੱਜ ਤੋਂ ਬਾਅਦ ‌ਨਾ ਇਸ ਗਲੀ ਵਿੱਚ ਦਿਖ ਜਾਵੀਂ, ਨਹੀਂ ਸਾਰੇ ਟੱਬਰ ਨੂੰ ਪੁਲਿਸ ਵਿੱਚ ਫੜਾ ਦੂੰ। ਭਾਈ ਮੇਰਾ ਅਫਸਰ ਆ ਪੁਲਿਸ ’ਚ, ਤੈਨੂੰ ਕਰਦੂ ਸਿੱਧਾ।” ਮੈਂਨੂੰ ਅੱਜ ਤਕ ਇਹ ਗੱਲ ਨਹੀਂ ਸਮਝ ਆਈ ਕਿ ਉਹ ਔਰਤ ਬੋਲਦੀ ਹੋਈ ਹੱਥ ਤਾਂ ਮੇਰੇ ਵੱਲ ਕਰ ਰਹੀ ਸੀ ਪਰ ਸੜਿਆ ਜਿਹਾ ਮੂੰਹ ਬਣਾ ਕੇ ਕਚੀਚੀਆਂ ਆਪਣੀ ਸੱਸ ਵੱਲ ਵੇਖ ਕੇ ਕਿਉਂ ਲੈ ਰਹੀ ਸੀ

ਉਸਨੇ ‌ਮੈਨੂੰ ਕੰਨੋਂ ਫੜ ਕੇ ਗੇਟ ਤੋਂ ਬਾਹਰ ਧੱਕਦਿਆਂ ਕਿਹਾ, “ਕਾਕਾ, ਹੁਣ ਸਾਡੇ ਜਵਾਕਾਂ ਦੇ ਪੱਕੇ ਪੇਪਰ ਸ਼ੁਰੂ ਨੇ। ਹੁਣ ਉਹਨਾਂ ਨੇ ਪੜ੍ਹਨਾ ਹੁੰਦਾ, ਹੁਣ ਨਾ ਵਿਖ ਜਾਵੀਂ ਗਲੀ ਵਿੱਚ।”

ਪੇਪਰ ਤਾਂ ਮੇਰੇ ਵੀ ਸ਼ੁਰੂ ਹੋਣ ਵਾਲੇ ਸਨ ਪਰ ਮੇਰੇ ਮਨ ਵਿੱਚ ਕਦੇ ਇਸ ਤਰ੍ਹਾਂ ਪੜ੍ਹਨ ਦਾ ਖਿਆਲ ਆਇਆ ਹੀ ਨਹੀਂ ਸੀ ਆਇਆਮੈਂ ਉੱਥੋਂ ਭੱਜਿਆ ਘਰ ਨੂੰ ਗਿਆ ਤੇ ਬਸਤਾ ਖੋਲ੍ਹ ਕੇ ਬਹਿ ਗਿਆ ਪੜ੍ਹਨ। ਹੁਣ ਮੈਂ ਦਿਨ-ਰਾਤ ਪੜ੍ਹਦਾ ਹੀ ਰਹਿੰਦਾਹਫਤੇ ਵਿੱਚ ਮੈਂ ਸਾਰੇ ਸਿਲੇਬਸ ਦੀ ਦੁਹਰਾਈ ਕਰ ਲਈਇਮਤਿਹਾਨ ਹੋਏ, ਨਤੀਜਾ ਆਇਆ ਤਾਂ ਸਭ ਹੈਰਾਨ ਸਨ। ਮੈਂ ਜਮਾਤ ਵਿੱਚ ਪਹਿਲੇ ਨੰਬਰ ’ਤੇ ਆਇਆ ਸੀਪਹਿਲਾਂ ਤਾਂ ਪੜ੍ਹਨ ਦਾ ਪਤਾ ਹੀ ਨਹੀਂ ਸੀ ਪਰ ਉਸ ਦਿਨ ਉਹਨਾਂ ਵੱਡੇ ਘਰ ਵਾਲੀਆਂ ਔਰਤਾਂ ਨੇ ਭਾਵੇਂ ਗਾਲ੍ਹਾਂ ਕੱਢ ਕੇ ਹੀ ਪਰ ਮੇਰੇ ਵਿੱਚ ਸੋਚਣ ਦੀ ਸ਼ਕਤੀ ਪੈਦਾ ਕਰ ਦਿੱਤੀਮੈਂ ਹੁਣ ਬਹੁਤ ਪੜ੍ਹਦਾ, ਪਿੰਡ ਦੇ ਸਕੂਲ ਤੋਂ ਸ਼ਹਿਰ ਦੇ ਸਕੂਲ ਫਿਰ ਕਾਲਜ ਅਤੇ ਫਿਰ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ, ਜਿੱਥੇ ਜਾ ਕੇ ਹੋਸਟਲ ਵਿੱਚ ਰਹਿੰਦਿਆਂ ਦੂਜੀ ਵਾਰ ਮੈਂਨੂੰ ਇਹ ਜਾਤ-ਪਾਤ ਵਰਗੇ ਸ਼ਬਦ ਸੁਣਨ ਨੂੰ ਮਿਲੇ। ਹੁਣ ਮੈਂ ਸਮਝ ਚੁੱਕਾ ਸੀ ਕਿ ਪੜ੍ਹਾਈਆਂ ਤਾਂ ਬੰਦੇ ਦੇ ਦਿਮਾਗ ਵਿੱਚ ਫਸੇ ਇਹਨਾਂ ਜਾਤਾਂ-ਜਮਾਤਾਂ ਦੇ ‌ਮੈਲ ਨੂੰ ਹੋਰ ਪੱਕਾ ਕਰਕੇ ਪੜ੍ਹਨ ਵਾਲਿਆਂ ਦੇ ਮਨਾਂ ’ਤੇ ਇਸਦੀ ਇੱਕ ਪੱਕੀ ਪਰਤ ਬਣਾ ਦਿੰਦੀਆਂ ਹਨ ਅਤੇ ਇਹਨਾਂ ਨੂੰ ਕੱਟੜ ਬਣਾ ਕੇ ਰੱਖ ਦਿੰਦੀਆਂ ਹਨਮਜ਼ਾਲ ਆ ਕਿ ਕੋਈ ਵਿਦਿਆਰਥੀ ਆਪਣੀ ਵਿਚਾਰਧਾਰਾ ਦੇ ਖ਼ਿਲਾਫ਼ ਕੋਈ ਸ਼ਬਦ ਵੀ ਸੁਣ ਲਵੇਪਰ ਮੈਂ ਆਪਣੇ ਆਪ ਨੂੰ ਸੰਤੁਲਿਤ ਰੱਖਣ ਦੀ ਕੋਸ਼ਿਸ਼ ਵਿੱਚ ਚਲਦਾ ਰਿਹਾ

ਹੁਣ ਵੀ ਕਈ ਵਾਰ ਉਹਨਾਂ ਕੋਠੀ ਵਾਲਿਆਂ ਦੀ ਬੀਬੀ ਤੋਂ ਜਦੋਂ ਮੈਂ ਇਹ ‘ਜਾਤ’ ਸ਼ਬਦ ਸੁਣਿਆ ਸੀ, ਉਹ ਕਿੱਸਾ ਯਾਦ ਆ ਜਾਂਦਾ ਹੈਯੂਨੀਵਰਸਿਟੀ ਰਹਿੰਦਿਆਂ ਮੈਂ ਸਮਝ ਚੁੱਕਿਆ ਸੀ ਕਿ ਉਦੋਂ ਉਹ ਕੋਠੀ ਵਾਲੇ ਮੇਰੇ ਹਾਣ ਦੇ ਜਵਾਕ ਮੈਥੋਂ ਸਿਰਫ਼ ਬੌਲਾਂ ਹੀ ਕਿਉਂ ਚੁਕਵਾਉਂਦੇ ਸਨ

ਯੂਨੀਵਰਸਿਟੀ ਪੜ੍ਹਦਿਆਂ ਹੀ ਮੈਂ ਸਰਕਾਰੀ ਅਧਿਆਪਕ ਲੱਗ ਗਿਆਪਿੰਡ ਵਿੱਚ ਚੰਗੀ ਕੋਠੀ ਵੀ ਪਾ ਲਈ, ਵਿਆਹ ਵੀ ਸਰਕਾਰੀ ਅਧਿਆਪਿਕਾ ਨਾਲ ਹੋ ਗਿਆਹੁਣ ਜਵਾਕ ਵੀ ਸੁਖ ਨਾਲ ਮਲੂਕ ਨੇ, ਕੱਪੜਾ ਲੀੜਾ ਵੀ ਚੰਗਾ ਪਵਾਈਦਾ ਹੈਪਰ ਇੱਕ ਦਿਨ ਮੈਂ ਕੀ ਵੇਖਿਆ ਕਿ ਘਰ ਦੇ ਬਾਹਰ ਦੋਨੇ ਬੱਚੇ ਕ੍ਰਿਕਟ ਖੇਡ ਰਹੇ ਹਨ ਅਤੇ ਵਾਰੀ ਸਿਰਫ਼ ਉਹਨਾਂ ਦੀ ਹੀ ਆ ਰਹੀ ਹੈ ਤੇ ਬਾਕੀ ਲਿੱਬੜੇ-ਤਿੱਬੜੇ ਜਵਾਕ ਉਸੇ ਤਰ੍ਹਾਂ ਹੀ ਬੌਲਾਂ ਚੁੱਕ-ਚੁੱਕ ਕੇ ਫੜਾ ਰਹੇ ਨੇ ਜਿਵੇਂ ਕਦੇ ਮੈਂ ਫੜਾਉਂਦਾ ਹੁੰਦਾ ਸੀਮੈਂ ਅਜੇ ਗੁੱਸੇ ਅਤੇ ਸ਼ਰਮਿੰਦਗੀ ਨਾਲ ਭਰਿਆ ਖੇਡ ਰਹੇ ਜਵਾਕਾਂ ਕੋਲ ਪਹੁੰਚਿਆ ਹੀ ਸੀ ਕਿ ਐਨੇ ਨੂੰ ਮੇਰੀ ਅਧਿਆਪਕ ਘਰਵਾਲੀ ਘਰੋਂ ਬਾਹਰ ਆ ਕੇ ਦੂਜੇ ਜਵਾਕਾਂ ਨੂੰ ਗੁੱਸੇ ਨਾਲ ਤਾੜਨ ਲੱਗ ਪਈ, “ਆਪਣੇ ਘਰੇ ਨੀਂ ਖੇਡਿਆ ਜਾਂਦਾ ਤੁਹਾਡੇ ਤੋਂ, ਇੱਧਰ ਕੀ ਆ, ਥੋਡੇ ਘਰ ਦੇ ਨਹੀਂ ਕੁਝ ਕਹਿੰਦੇ ਤੁਹਾਨੂੰ, ਸਾਰਾ ਦਿਨ ਫਿਰੀ ਜਾਨੇ ਓ, ਕੰਮ ਕੀ ਕਰਦੇ ਨੇ ਤੁਹਾਡੇ ਘਰਦੇ? ਆਹੋ! ਦਿਹਾੜੀਆਂ ਹੀ ਕਰਦੇ ਹੋਣੇ ਨੇ। ਤੁਹਾਡਾ ਸਾਡਾ ਕੋਈ ਮੇਲ ਨਹੀਂ ਹੈ, ਚਲੋ, ਚਲੋ ਇੱਥੋਂ। ਸਾਡੇ ਜਵਾਕਾਂ ਨਾਲ ਨਹੀਂ ਖੇਡਣਾ, ਜਾਨੇ ਓਂ, ਕੇ ਕੱਢਾਂ ਚੱਪਲ?”

ਕੀ ਕਰਦਾ, ਬਹੁਤ ਦੁਬਿਧਾ ਵਿੱਚ ਫਸ ਗਿਆ ਮੈਂ। ਬੱਚਿਆਂ ਦੇ ਪੇਪਰ ਵੀ ਸ਼ੁਰੂ ਹੋਣ ਵਾਲੇ ਨੇ, ਬੱਚਿਆਂ ਨੂੰ ਘਰ ਅੰਦਰ ਬੁਲਾ ਲਵਾਂ? ਜਾਂ ਉਹਨਾਂ ਮੈਲੇ-ਕੁਚੇਲੇ ਕੱਪੜੇ ਪਾਏ ਜਾਵਕਾਂ ਨੂੰ ਵੀ ਬੱਲਾ ਫੜਾ ਕੇ ਖੇਡਣ ਦਾ ਮੌਕਾ ਦੇ ਦੇਵਾਂ? ਜਾਂ ਦਾਬਾ ਦੇ ਕੇ ਉਹਨਾਂ ਨੂੰ ਭਜਾ ਦੇਵਾਂ? ਦਾਬਾ ਦੇ ਕੇ ਭਜਾਵਾਂਗਾ ਤਾਂ ਕੋਈ ਗਰੰਟੀ ਨਹੀਂ ਹੈ ਕਿ ਸਾਰੇ ਹੀ ਉਹ ਗੱਲ ਮਹਿਸੂਸ ਕਰ ਜਾਣ ਜੋ ਬਚਪਨ ਵਿੱਚ ਮੈਂ ਮਹਿਸੂਸ ਕੀਤੀ ਸੀ ਤੇ ਅੱਜ ਆਪਣੇ ਪੈਰਾਂ ’ਤੇ ਖੜ੍ਹਾ ਹਾਂਬੱਚਿਆਂ ਨੂੰ ਜੇਕਰ ਅੰਦਰ ਭੇਜ ਦਿੱਤਾ ਤਾਂ ਫਿਰ ਫ਼ਰਕ ਕੀ ਰਹਿ ਜਾਵੇਗਾ ਮੇਰੇ ਤੇ ਉਸ ਵੱਡੇ ਘਰਾਂ ਵਾਲਿਆਂ ਵਿੱਚ? ਮੈਂ ਆਪਣੀ ਘਰਵਾਲੀ, ਜੋ ਕਿ ਗੁੱਸੇ ਨਾਲ ਭਰੀ ਹੋਈ ਸੀ, ਨੂੰ ਕਿਹਾ ਕਿ ਉਹ ਅੰਦਰ ਚਲੀ ਜਾਵੇ ਮੈਂ ਲੈ ਕੇ ਆਉਂਦਾ ਹਾਂ ਜਵਾਕਾਂ ਨੂੰ ਅੰਦਰਮੇਰੀ ਘਰਵਾਲੀ ਮੂੰਹ ਵਿੱਚ ਕੁਝ ਬੁੜਬੁੜਾਉਂਦੀ ਘਰ ਅੰਦਰ ਚਲੀ ਗਈ ਤੇ ਮੈਂ ਫੜਿਆ ਬੈਟ ਤੇ ਲੱਗ ਪਿਆ ਖੇਡਣ। ਅਸੀਂ ਹੁਣ ਦੋ ਟੀਮਾਂ ਬਣਾ ਲਈਆਂ। ਵਾਰੋ-ਵਾਰੀ ਸਭ ਨੇ ਬਾਲਿੰਗ ਤੇ ਬੱਲੇਬਾਜ਼ੀ ਕੀਤੀ। ਮੇਰੇ ਬੱਚਿਆਂ ਨੇ ਵੀ ਇਸ ਢੰਗ ਨਾਲ ਖੇਡਣ ਦਾ ਖੂਬ ਆਨੰਦ ਉਠਾਇਆ ਅਤੇ ਉਹਨਾਂ ਕਿਰਤੀਆਂ ਦੇ ਜਵਾਕਾਂ ਨੇ ਵੀ ਬਹੁਤ ਆਨੰਦ ਲਿਆ ਖੇਡ ਦਾ। ਅੱਜ ਮੈਂਨੂੰ ਇਹ ਜਵਾਕ ਕੁਝ ਸੰਤੁਸ਼ਟ ਜਿਹੇ ਲੱਗੇਖੇਡਣ ਤੋਂ ਬਾਅਦ ਮੈਂ ਉਹਨਾਂ ਸਭ ਨੂੰ ਬੁਲਾਇਆ ਅਤੇ ਉਹਨਾਂ ਨੂੰ ਉਹਨਾਂ ਦੇ ਅਤੇ ਮੇਰੇ ਬੱਚਿਆਂ ਦੇ ਇਮਤਿਹਾਨਾਂ ਬਾਰੇ ਦੱਸਦਿਆਂ ਉਹਨਾਂ ਨੂੰ ਇਮਤਿਹਾਨਾਂ ਦੀ ਤਿਆਰੀ ਕਰਨ ਲਈ ਕਹਿ ਕੇ, ਇਮਤਿਹਾਨਾਂ ਤੋਂ ਬਾਅਦ ਫਿਰ ਖੇਡਣ ਦਾ ਵਾਇਦਾ ਕਰਦਿਆਂ ਉਹਨਾਂ ਨੂੰ ਆਪਣੇ-ਆਪਣੇ ਘਰ ਜਾਣ ਲਈ ਕਹਿ ਦਿੱਤਾ

ਉਹਨਾਂ ਬੱਚਿਆਂ ਨੂੰ ਖੁਸ਼ੀ ਵਿੱਚ ਭੱਜੇ ਜਾਂਦੇ ਵੇਖ ਕੇ ਮੈਂ ਸੋਚ ਰਿਹਾ ਸੀ ਕਿ ਵਿਤਕਰਾ ਸਮਾਜ ਦੀਆਂ ਨਸਾਂ ਵਿੱਚ ਲਹੂ ਵਾਂਗ ਦੌੜ ਰਿਹਾ ਹੈ। ਉਸ ਸਮੇਂ ਵਿਤਕਰਾ ਜਾਤ ਦੇ ਨਾਮ ’ਤੇ ਹੋਇਆ ਸੀ ਅਤੇ ਅੱਜ ਵਿਤਕਰਾ ਜਮਾਤ ਦੇ ਨਾਮ ’ਤੇ ਹੋ ਰਿਹਾ ਸੀਮੈਂ ਸੋਚ ਰਿਹਾ ਹਾਂ ਕਿ ਇੱਕ ਕੋਸ਼ ਲਿਖਾਂ ਜਿਸ ਵਿੱਚ ਜਾਤ, ਜਮਾਤ, ਵਿਤਕਰਾ, ਕੱਟੜਤਾ, ਊਚ-ਨੀਚ, ਕਮਜ਼ਾਤ, ਕਮੀਨ, ਕੰਜਰ, ਸਾੜਾ ਵਰਗੇ ਹੋਰ ਸ਼ਬਦਾਂ ਨੂੰ ਖ਼ਤਮ ਕਰਕੇ ਮਿਹਨਤ, ਸੱਚਾਈ, ਬਰਾਬਰਤਾ ਅਤੇ ਆਤਮ ਵਿਸ਼ਵਾਸ ਜਿਹੇ ਸ਼ਬਦਾਂ ਨੂੰ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕਰਾਂ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2357)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਚਰਨਜੀਤ ਸਿੰਘ ਰਾਜੌਰ

ਚਰਨਜੀਤ ਸਿੰਘ ਰਾਜੌਰ

Phone: (91 - 84279 - 29558)
Email: (charan.rajor@gmail.com)