CharanjeetSRajor7ਅਸੀਂ ਇਹਨਾਂ ਰਾਜਨੀਤਕ ਲੋਕਾਂ ਨੂੰ ਰੱਬ ਬਣਾ ਕੇ ਆਪ ਗੁਲਾਮਾਂ ਵਾਲੀ ਜ਼ਿੰਦਗੀ ਜਿਉਂਦੇ ਹਾਂ ਜਦ ਕਿ ...
(20 ਜੂਨ 2021)

 

ਅਸੀਂ ਅਕਸਰ ਪੜ੍ਹਦੇ ਅਤੇ ਸੁਣਦੇ ਆਏ ਹਾਂ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈਇਹ ਗੱਲ ਸਹੀ ਵੀ ਹੈ ਪਰ ਜੇਕਰ ਇਹ ਕਹਿ ਦਿੱਤਾ ਜਾਵੇ ਕਿ ਸਮਾਜ ਦੀ ਹੋਂਦ ਮਨੁੱਖ ਨਾਲ ਹੀ ਸੰਭਵ ਹੈ, ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹਨਸਿਗਮਡ ਫਰਾਇਡ ਦੇ ਕਥਨ ਅਨੁਸਾਰ ਮਨੁੱਖ ਦੇ ਪੂਰਵਜ ਬਾਂਦਰ ਸਨ ਅਤੇ ਲੱਖਾਂ ਸਾਲਾਂ ਦੇ ਦੌਰਾਨ ਮਨੁੱਖ ਬਾਂਦਰ ਤੋਂ ਅੱਜ ਵਾਲੀ ਹਾਲਤ ਵਿੱਚ ਪਹੁੰਚਿਆ ਹੈ। ਇਸ ਨੂੰ ਅਸੀਂ ਸਹੀ ਮੰਨ ਲਈਏ ਤਾਂ ਮੌਜੂਦਾ ਹਾਲਾਤ ਵਿੱਚ ਪਹੁੰਚਦਿਆਂ ਮਨੁੱਖ ਨੇ ਬਹੁਤ ਕੁਝ ਵੇਖ, ਪਰਖ ਅਤੇ ਹੰਢਾ ਲਿਆ ਹੈਵੱਖ-ਵੱਖ ਮਨੋਵਿਗਿਆਨੀਆਂ ਦੇ ਕਹਿਣ ਅਨੁਸਾਰ ਹਰ ਇੱਕ ਮਨੁੱਖ ਦੀ ਸੋਚ, ਸਮਝ ਅਤੇ ਆਦਤ ਹਰ ਦੂਜੇ ਮਨੁੱਖ ਨਾਲੋਂ ਭਿੰਨ ਹੈਇਸਦੇ ਨਾਲ਼ ਹੀ ਮਨੁੱਖ ਦੇ ਅੱਗ ਦੀ ਖੋਜ ਤੋਂ ਲੈ ਕੇ ਚੰਨ ਤਕ ਪਹੁੰਚਣ ਤਕ ਦਾ ਸਫ਼ਰ ਬਹੁਤ ਹੈਰਾਨ ਕਰਦਾ ਹੈ ਅਤੇ ਮਨੁੱਖ ਨੂੰ ਇਸ ਕੁਦਰਤ ਦੇ ਹੋਰ ਜੀਵ-ਜੰਤੂਆਂ ਵਿੱਚੋਂ ਪਹਿਲੇ ਨੰਬਰ ’ਤੇ ਲਿਆ ਕੇ ਖੜ੍ਹਾ ਕਰਦਾ ਹੈਭਾਵ ਇਸ ਸ੍ਰਿਸ਼ਟੀ ਵਿੱਚ ਕੇਵਲ ਇੱਕ ਮਨੁੱਖ ਹੀ ਹੈ ਜੋ ਬੋਲ ਸਕਦਾ, ਸੁਣ ਸਕਦਾ, ਸਮਝ ਸਕਦਾ ਅਤੇ ਸੋਚ-ਵਿਚਾਰ ਸਕਦਾ ਹੈ

ਮਨੁੱਖ ਸਮਾਜ ਦਾ ਨਿਰਮਾਣ ਤਾਂ ਕਰਦਾ ਹੈ ਪਰ ਸ਼ੁਰੂ ਤੋਂ ਹੀ ਮਨੁੱਖ, ਮਨੁੱਖ ਨਾਲ ਹੀ ਹੀਣ ਭਾਵਨਾ ਰੱਖਦਾ ਆਇਆ ਹੈਇਸ ਬਾਰੇ ਜੇਕਰ ਅਸੀਂ ਭਿੰਨ-ਭਿੰਨ ਪ੍ਰਾਚੀਨ ਗ੍ਰੰਥਾਂ ਅਤੇ ਧਾਰਮਿਕ ਗ੍ਰੰਥਾਂ ਵਿੱਚ ਦੱਸੀਆਂ ਕਥਾ-ਕਹਾਣੀਆਂ ਪੜ੍ਹ ਲਈਏ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਕਿਸੇ ਨਾ ਕਿਸੇ ਸਮੇਂ ਵੱਖ-ਵੱਖ ਹਾਲਾਤ ਵਿੱਚ ਮਨੁੱਖ, ਮਨੁੱਖ ਨੂੰ ਪਿੱਛੇ ਛੱਡਣ ਦੀ ਦੌੜ ਵਿੱਚ ਦਿਨ-ਰਾਤ ਕਾਰਜ ਕਰਦਾ ਰਿਹਾ ਹੈ ਅਤੇ ਹੁਣ ਇਹ ਮਨੁੱਖ ਦੀ ਪ੍ਰਵਿਰਤੀ ਹੀ ਬਣ ਗਈ ਹੈਅੱਜ ਦੇ ਸਮੇਂ ਵਿੱਚ ਜੇਕਰ ਵੇਖਿਆ ਜਾਵੇ ਤਾਂ ਵਿਸ਼ਵ ਦੇ ਹਰ ਇੱਕ ਦੇਸ਼, ਰਾਜ, ਸ਼ਹਿਰ, ਪਿੰਡ, ਪਰਿਵਾਰ ਦੇ ਹਰ ਇੱਕ ਜੀਅ ਵਿੱਚ ਆਪਣੇ ਆਪ ਨੂੰ ਸਰਵੋਤਮ ਸਿੱਧ ਕਰਨ ਦੀ ਹੋੜ ਲੱਗੀ ਹੋਈ ਹੈਹਰ ਦੇਸ਼ ਆਪਣੇ ਗੁਆਂਢੀ ਦੇਸ਼ ਉੱਤੇ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਹੈ। ਇਹੋ ਗੱਲ ਮਨੁੱਖ ’ਤੇ ਵੀ ਢੁੱਕਦੀ ਹੈ

ਔਰਤ-ਮਰਦ ਦੇ ਮੇਲ ਤੋਂ ਪਰਿਵਾਰ ਬਣਿਆ, ਪਰਿਵਾਰ ਤੋਂ ਸਮਾਜ ਅਤੇ ਸਮਾਜ ਤੋਂ ਸਾਰਾ ਵਿਸ਼ਵਭਾਵ ਇਹ ਸਾਰਾ ਵਿਸ਼ਵ ਹੀ ਇੱਕ ਪ੍ਰਕਾਰ ਨਾਲ ਸਮਾਜ ਹੀ ਹੈ ਜਿਸ ਦੀ ਹੋਂਦ ਮਨੁੱਖ ਨਾਲ ਹੀ ਸੰਭਵ ਹੈਪਰ ਮੌਜੂਦਾ ਸਮੇਂ ਵਿੱਚ ਇਸ ਵਿਸ਼ਵ ਦੇ, ਖਾਸ ਕਰਕੇ ਸਮੁੱਚੇ ਭਾਰਤ ਦੇ ਰਾਜਨੀਤਕ ਲੋਕ ਇਸ ਗੱਲ ਨੂੰ ਸਮਝਣ ਵਿੱਚ ਅਸਮਰਥ ਹੋ ਗਏ ਲੱਗਦੇ ਹਨ ਜਾਂ ਜਾਣਬੁੱਝ ਕੇ ਇਹ ਗੱਲ ਸਮਝਣਾ ਹੀ ਨਹੀਂ ਚਾਹੁੰਦੇਕਿਉਂਕਿ ਸਮਾਜ ਦਾ ਨਿਰਮਾਣ ਕਰਨ ਵਾਲਾ ਇਹ ਮਨੁੱਖ ਇਹਨਾਂ ਰਾਜਨੀਤਕ ਲੋਕਾਂ ਦੀਆਂ ਮਿੱਠੀਆਂ ਚੋਪੜੀਆਂ ਪਰ ਸਿਰੇ ਦੀਆਂ ਝੂਠੀਆਂ ਗੱਲਾਂ ਵਿੱਚ ਆ ਕੇ ਇਹਨਾਂ ਨੂੰ ਵੋਟ ਦੇ ਕੇ ਇਹਨਾਂ ਰਾਜਨੀਤਕ ਲੋਕਾਂ ਦੀਆਂ ਸਰਕਾਰਾਂ ਦਾ ਨਿਰਮਾਣ ਕਰਵਾਉਂਦਾ ਹੈ ਪਰ ਸੱਤਾ ਵਿੱਚ ਆ ਜਾਣ ਤੋਂ ਬਾਅਦ ਇਹ ਰਾਜਨੀਤਕ ਲੋਕ ਹੰਕਾਰ ਜਾਂਦੇ ਹਨ ਅਤੇ ਸਮਾਜ ਦੇ ਨਿਰਮਾਤਾ ਆਮ ਮਨੁੱਖ ਨੂੰ ਇਹ ਕੀੜੇ-ਮਕੌੜੇ ਸਮਝਣ ਲੱਗ ਜਾਂਦੇ ਹਨ ਅਤੇ ਆਪਣੇ ਮੂੰਹੋਂ ਕੀਤੇ ਵਾਅਦਿਆਂ ਤੋਂ ਹੀ ਮੁਨਕਰ ਹੋ ਜਾਂਦੇ ਹਨ

ਕਹਿਣ ਨੂੰ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਜਿੱਥੇ ਲੋਕ ਆਪਣੀਆਂ ਸਰਕਾਰਾਂ ਆਪ ਚੁਣਦੇ ਹਨਪਰ ਸਮਾਜ ਦਿਓ ਜਨਮਦਾਤਿਓ, ਸਿਰਜਣਹਾਰਿਓ, ਮੈਂ ਤੁਹਾਡੇ ਤੋਂ ਹੀ ਪੁੱਛਦਾ ਹਾਂ ਕਿ ਕੀ ਸੱਚਮੁੱਚ ਹੀ ਤੁਸੀਂ ਆਪਣੀਆਂ ਸਰਕਾਰਾਂ ਆਪ ਚੁਣਦੇ ਹੋ? ਕੀ ਤੁਹਾਡੀਆਂ ਵੋਟਾਂ ਰਾਹੀਂ ਚੁਣੀਆਂ, ਬਣੀਆਂ ਅਤੇ ਰਾਜ ਕਰਦੀਆਂ ਸਰਕਾਰਾਂ ਤੁਹਾਡੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝ ਰਹੀਆਂ ਹਨ? ਕੀ ਸੱਤਾ ਵਿੱਚ ਆਉਣ ਤੋਂ ਬਾਅਦ ਕੋਈ ਵੀ ਪਾਰਟੀ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਸ਼ਤ ਪ੍ਰਤੀਸ਼ਤ ਪੂਰੇ ਕਰ ਰਹੀ ਹੈ? ਮੈਂਨੂੰ ਪਤਾ ਹੈ ਇਸ ਸਮੇਂ ਤੁਹਾਡਾ ਜਵਾਬ ‘ਨਹੀਂ’ ਦੇ ਵਿੱਚ ਹੋਵੇਗਾਤੁਹਾਡੇ ਅੰਦਰ ਇਸ ਸਮੇਂ ਦੇਸ਼ ਭਗਤੀ ਦੀ ਭਾਵਨਾ ਪੂਰਾ ਤੂਫ਼ਾਨ ਮਚਾ ਰਹੀ ਹੋਵੇਗੀਪਰ ਫਿਰ ਕੁਝ ਸਮੇਂ ਬਾਅਦ ਤੁਸੀਂ ਮੁੜ ਆਪਣੀ ਉਸ ਸਥਿਤੀ ਵਿੱਚ ਹੀ ਆ ਜਾਵੋਂਗੇ, ਜਿਹੜੀ ਸਥਿਤੀ ਗੋਰਿਆਂ ਤੋਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਾਲਿਆਂ ਦੀ ਸਰਕਾਰ ਬਣਨ ਵੇਲੇ ਤੁਹਾਡੀ ਸੀ।

ਅਸੀਂ ਇਹਨਾਂ ਰਾਜਨੀਤਕ ਲੋਕਾਂ ਨੂੰ ਰੱਬ ਬਣਾ ਕੇ ਆਪ ਗੁਲਾਮਾਂ ਵਾਲੀ ਜ਼ਿੰਦਗੀ ਜਿਉਂਦੇ ਹਾਂ ਜਦ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਾਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਕਰਨ ਲਈ ‘ਸੰਵਿਧਾਨ’ ਵਰਗਾ ਇੱਕ ਇਹੋ ਜਿਹਾ ਹਥਿਆਰ ਦੇ ਕੇ ਗਏ ਹਨ, ਜਿਸ ਦੀ ਵਰਤੋਂ ਕਰਕੇ ਅਸੀਂ ਇਹਨਾਂ ਸਰਕਾਰਾਂ ਦੇ ਤਖਤੇ ਹਿਲਾ ਸਕਦੇ ਹਾਂ ਪਰ ਅਸੀਂ ਆਪ ਹੀ ਵੰਡੇ ਹੋਏ ਹਾਂ, ਧਰਮਾਂ ਦੇ ਨਾਂ ’ਤੇ ਜਾਤਾਂ ਦੇ ਨਾਂ ’ਤੇ ਸੂਬਿਆਂ ਦੇ ਨਾਂ ’ਤੇ ਅਤੇ ਇੱਥੋਂ ਤਕ ਕਿ ਰਾਜਨੀਤਕ ਪਾਰਟੀਆਂ ਦੇ ਵਰਕਰਾਂ ਦੇ ਨਾਂ ’ਤੇ, ਜਿਸ ਕਰਕੇ ਅਸੀਂ ਆਪ ਹੀ ਆਦੀ ਹੋ ਚੁੱਕੇ ਹਾਂ ਗੁਲਾਮ ਰਹਿਣ ਦੇ, ਇਹਨਾਂ ਨੂੰ ਮਹਾਨ ਬਣਾ ਕੇ ਇਹਨਾਂ ਦੀ ਪੂਜਾ ਕਰਨ ਦੇ। ਕੌਣ ਹਨ ਇਹ ਰਾਜਨੀਤਕ ਲੋਕ? ਸਾਡੇ ਵਿੱਚੋਂ ਹੀ ਉੱਠ ਕੇ ਸਾਡੇ ਵੱਲੋਂ ਹੀ ਵੋਟਾਂ ਪਾ ਕੇ ਸੱਤਾ ਵਿੱਚ ਭੇਜੇ ਇਹ ਮਨੁੱਖ ਜਿਹੜੇ ਸਿਰਫ਼ ਅਤੇ ਸਿਰਫ਼ ਆਪਣੇ ਲਈ, ਆਪਣੇ ਪਰਿਵਾਰ ਲਈ ਅਤੇ ਆਪਣੀ ਰਾਜਨੀਤਕ ਪਾਰਟੀ ਲਈ ਹੀ ਸੋਚਦੇ ਹਨ। ਅਸੀਂ ਭੋਲੇ ਭਾਲੇ ਪੜ੍ਹੇ-ਲਿਖੇ ਵੀ ਅਤੇ ਅਨਪੜ੍ਹ ਲੋਕ ਵੀ ਲੰਮੇ ਸਮੇਂ ਤੋਂ ਇਹਨਾਂ ਦੀਆਂ ਝੂਠੀਆਂ ਗੱਲਾਂ ਵਿੱਚ ਆ ਕੇ ਇਹਨਾਂ ਨੂੰ ਸਿੰਘਾਸਣ ’ਤੇ ਬਿਠਾ ਰਹੇ ਹਾਂ ਅਤੇ ਆਪ ਪਾਰਟੀ ਵਰਕਰ ਦੇ ਨਾਂ ’ਤੇ ਇਹਨਾਂ ਦੇ ਸਿੰਘਾਸਨ ਦੇ ਪਾਵੇ ਬਣੇ ਹੋਏ ਹਾਂ। ਅਸੀਂ ਅੱਜ ਤਕ ਵੀ ਇਹ ਸਮਝਣ ਤੋਂ ਅਸਮਰਥ ਰਹੇ ਹਾਂ ਕਿ ਇਹ ਲੋਕ ਸਾਨੂੰ ਲੋੜ ਪੈਣ ’ਤੇ ਇੱਕ ਹਥਿਆਰ ਵਾਂਗ ਹੀ ਵਰਤਦੇ ਹਨ।

ਅੱਜ ਸਾਡੇ ਦੇਸ਼ ਵਿੱਚ ਲੋਕਤੰਤਰ ਨਹੀਂ, ਤਾਨਾਸ਼ਾਹੀ ਚੱਲ ਰਹੀ ਹੈ ਜਿੱਥੇ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੈਅੱਜ ਸਰਕਾਰ ਦੀਆਂ ਮਾੜੀਆਂ ਅਤੇ ਤਬਾਹਕੁੰਨ ਨੀਤੀਆਂ ਬਾਰੇ ਬੋਲਣਾ ਦੇਸ਼ ਧ੍ਰੋਹ ਕਰਨ ਦੇ ਸਮਾਨ ਹੈਮੌਜੂਦਾ ਸਮੇਂ ਵਿੱਚ ਆਏ ਦਿਨ ਉਸ ਪਵਿੱਤਰ ਕਿਤਾਬ ‘ਭਾਰਤੀ ਸੰਵਿਧਾਨ’ ਵਿੱਚਲੇ ਇੱਕ-ਇੱਕ ਅੱਖਰ ਦੀਆਂ ਇਹਨਾਂ ਤਾਨਾਸ਼ਾਹੀ ਸਰਕਾਰਾਂ ਵੱਲੋਂ ਰੱਜ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨਇਹ ਸਰਕਾਰਾਂ ਅਤੇ ਰਾਜਨੀਤਕ ਲੋਕ ਸਿਰਫ਼ ਆਪਣੇ ਫ਼ਾਇਦੇ ਲਈ ਇਸ ਵਿੱਚ ਲਗਾਤਾਰ ਬਦਲਾਅ ਕਰ ਰਹੇ ਹਨ। ਕਦੋਂ ਤੀਕ ਇਵੇਂ ਚਲਦਾ ਰਹੇਗਾ? ਆਪਾਂ ਸਾਰੇ ਨਹੀਂ ਪਰ ਬਹੁਤੇ ਇਸ ਬਾਰੇ ਕਦੇ ਨਾ ਕਦੇ ਜ਼ਰੂਰ ਸੋਚਦੇ ਤਾਂ ਹੋਵੋਗੇ

ਪੰਜ ਸਾਲ ਇੱਕ ਸਰਕਾਰ ਰਾਜ ਕਰਦੀ ਹੈ ਮੈਂਨੂੰ ਨਿੱਜੀ ਤੌਰ ’ਤੇ ਇਸ ‘ਰਾਜ’ ਸ਼ਬਦ ’ਤੇ ਵੀ ਇਤਰਾਜ਼ ਹੈਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸਾਰਾ ਕਰੈਡਿਟ ਆਪ ਲੈਣ ਵਾਲੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਜਦੋਂ ਚੁਣਾਵੀ ਰੈਲੀਆਂ ਵਿੱਚ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਸਾਡੀ ਪਾਰਟੀ ਦਾ ਰਾਜ ਆਉਣ ’ਤੇ ਅਸੀਂ ਇਹ ਕਰ ਦੇਵਾਂਗੇ, ਉਹ ਕਰ ਲਵਾਂਗੇ, ਤਾਂ ਲੱਖਾਂ ਕੁਰਬਾਨੀਆਂ ਤੋਂ ਬਾਅਦ 15 ਅਗਸਤ 1947 ਵਿੱਚ ਮਿਲੀ ਆਜ਼ਾਦੀ ਮੈਂਨੂੰ ਕੋਰਾ ਝੂਠ ਲੱਗਣ ਲੱਗ ਜਾਂਦੀ ਹੈਇੱਕ ਪਾਸੇ ਇਹ ਰਾਜਨੀਤਕ ਪਾਰਟੀਆਂ ਦੇਸ਼ ਆਜ਼ਾਦ ਕਰਵਾਉਣ ਦਾ ਸਿਹਰਾ ਆਪਣੇ ਸਿਰ ਲੈ ਕੇ ਸਾਨੂੰ ਗੁਲਾਮੀ ਤੋਂ ਮੁਕਤ ਕਰਨ ਦੀਆਂ ਗੱਲਾਂ ਕਰਦੀਆਂ ਹਨ ਦੂਜੇ ਪਾਸੇ ਆਪ ਹੀ ਸਾਡੇ ’ਤੇ ਰਾਜ ਕਰਨ ਦੀਆਂ ਗੱਲਾਂ ਕਰਦੀਆਂ ਹਨ

ਇਨ੍ਹਾਂ ਹੰਕਾਰੇ ਹੋਏ ਰਾਜਨੀਤਕ ਲੋਕਾਂ ਦਾ ਬਦਲ ਸਿਰਫ਼ ਇੱਕੋ ਇੱਕ ਇਹ ਹੈ ਕਿ ਇਸ ਸਮਾਜ ਦਾ ਨਿਰਮਾਤਾ ਇਮਾਨਦਾਰ ਮਨੁੱਖ ਇਮਾਨਦਾਰੀ ਅਤੇ ਨਿਰਸਵਾਰਥ ਸੇਵਾ ਦੀ ਭਾਵਨਾ ਨਾਲ ਆਪਣਾ ਕੰਮ ਕਰੇ ਅਤੇ ਇਸ ਰਾਜਨੀਤੀ ਨੂੰ ਆਮ ਲੋਕਾਂ ਦੇ ਭਲੇ ਲਈ ਵਰਤੇ। ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦਾ ਸਿਰਫ਼ ਪ੍ਰਣ ਲੈਣ ਤਕ ਹੀ ਸੀਮਤ ਨਾ ਰਹੇ ਬਲਕਿ ਇਸ ਨੂੰ ਆਪਣਾ ਪਰਮ ਫਰਜ਼ ਸਮਝ ਕੇ ਆਪਣੀ ਸੇਵਾ ਨਿਭਾਵੇਮੌਜੂਦਾ ਸਮੇਂ ਵਿੱਚ ਸਾਨੂੰ ਉਹ ਸਰਕਾਰ ਚਾਹੀਦੀ ਹੈ ਜਿਸਦਾ ਮਕਸਦ ਸਿਰਫ਼ ਗੱਲਾਂ ਵਿੱਚ ਹੀ ‘ਰਾਜ ਨਹੀਂ ਸੇਵਾ’ ਕਰਨਾ ਨਾ ਹੋਵੇ ਸਗੋਂ ਸਹੀ ਮਾਅਨਿਆਂ ਵਿੱਚ ਉਹ ਆਪਣੇ ਇਹਨਾਂ ਬੋਲਾਂ ਨੂੰ ਪੁਗਾਵੇ ਅਤੇ ਜਿਹੜੀ ਸ਼ਤ ਪ੍ਰਤੀਸ਼ਤ ਲੋਕਾਂ ਦੁਆਰਾ ਚੁਣੀ ਗਈ ਹੋਵੇ, ਲੋਕਾਂ ਲਈ ਹੀ ਕੰਮ ਕਰੇ। ਭਾਰਤ ਦੀਆਂ ਜੜ੍ਹਾਂ ਵਿੱਚ ਘਰ ਕਰੀ ਬੈਠੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਕਾਰਜ ਕਰੇਇਸ ਸਭ ਲਈ ਸਭ ਤੋਂ ਪਹਿਲਾਂ ਸਮਾਜ ਦੇ ਰਚਨਾਕਾਰ ਇਸ ਮਨੁੱਖ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਪੂਰਾ ਗਿਆਨ ਹੋਣਾ ਜ਼ਰੂਰੀ ਹੈਜਦੋਂ ਇੱਕ ਮਨੁੱਖ ਦੂਜੇ ਮਨੁੱਖ ਨਾਲ ਹੀਣਤਾ ਦੇ ਭਾਵ ਰੱਖਣੇ ਬੰਦ ਕਰ ਦੇਵੇਗਾ, ਉਹ ਦਿਨ ਸਹੀ ਮਾਇਨਿਆਂ ਵਿੱਚ ਆਜ਼ਾਦੀ ਦਿਵਸ ਹੋਵੇਗਾਉਸ ਦਿਨ ਸਮਾਜ ਦੇ ਰਚਨਾਕਾਰ ਮਨੁੱਖ ਲਈ ਰਾਜਨੀਤੀ ਕੇਵਲ ਸੱਤਾ ਪ੍ਰਾਪਤੀ ਦਾ ਨਸ਼ਾ ਨਾ ਰਹਿ ਕੇ ਸਾਫ਼ ਸੁਥਰੇ ਸਮਾਜ ਦੀ ਨੀਂਹ ਰੱਖਣ ਵੱਲ ਪਹਿਲਾ ਕਦਮ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2852)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਚਰਨਜੀਤ ਸਿੰਘ ਰਾਜੌਰ

ਚਰਨਜੀਤ ਸਿੰਘ ਰਾਜੌਰ

Phone: (91 - 84279 - 29558)
Email: (charan.rajor@gmail.com)