CharanjeetSRajor7ਸਦੀਆਂ ਤੋਂ ਤੁਹਾਡੇ ਵੱਲੋਂ ਹੋ ਰਹੇ ... ਇਸ ਅਣਮਨੁੱਖੀ ਵਰਤਾਰੇ ਨੇ ...
(19 ਅਪਰੈਲ 2021)

 

1. ਅਸੀਂ ਮਰਦੇ ਨਹੀਂ!

ਅਸੀਂ ਮਰਦੇ ਨਹੀਂ ਹੁੰਦੇ
ਸਾਨੂੰ ਮਾਰ ਦਿੱਤਾ ਜਾਂਦਾ ਹੈ
ਸਦੀਆਂ ਤੋਂ ਨਸਲਕੁਸ਼ੀ ਦੇ
ਸ਼ਿਕਾਰ ਹੋ ਰਹੇ ਹਾਂ ਅਸੀਂ,
ਸਾਡੇ ਦਾਦੇ ਨਾਨੇ
ਦੇ ਪਿਓ ਦਾਦੇ ਵੀ।

ਅਸੀਂ ਸਭ ਗੁਲਾਮੀ ਭਰਿਆ
ਜੀਵਨ ਹੀ ਤਾਂ ਬਤੀਤ ਕਰ ਰਹੇ ਹਾਂ,
ਤੁਸਾਂ ਸਾਨੂੰ ਅਛੂਤ, ਕਮਜਾਤ
ਕਮੀਨ, ਵਿਹੜੇ ਵਾਲੇ ਤੇ
ਪਤਾ ਨਹੀਂ ਹੋਰ ਕਿਹੜੇ ਕਿਹੜੇ
ਨਾਮ ਦਿੱਤੇ ਹਨ।

ਤੇ ਜਗਾਹ ਦਿੱਤੀ ਹੈ ਸਾਨੂੰ
ਪਿੰਡ ਦੀਆਂ ਰੂੜ੍ਹੀਆਂ ਕੋਲ

ਰੂੜੀਆਂ ਦੇ ਭਾਗ ਤਾਂ ਜਾਗ ਗਏ
ਬਾਰਾਂ ਸਾਲਾਂ ਬਾਅਦ
ਪਰ ਅਸੀਂ ਤਾਂ ਖੌਰੇ ਕਿੰਨੇ ਹੀ
ਬਾਰਾਂ ਸਾਲ ਬੇ ਆਸ ਗੁਜ਼ਾਰ ਦਿੱਤੇ।

ਹਾਂ, ਓਹੀ ਘਰ ਨੇ ਸਾਡੇ
ਜਿੱਥੇ ਨਾਲੀਆਂ ਦਾ ਕੱਦ
ਸਦੀਆਂ ਤੋਂ ਕੱਚੀਆਂ ਗਲੀਆਂ ਨਾਲੋਂ ਵੱਡਾ ਹੈ।

ਹਾਂ ਤੁਹਾਨੂੰ ਦੂਰੋਂ ਹੀ ਪਹਿਚਾਣ ਆ ਜਾਵੇਗੀ
ਜਿਹਨਾਂ ਨੂੰ ਕਲੀ, ਰੰਗ-ਰੋਗਨ ਦੀ ਬਹੁਤੀ ਲੋੜ ਨਹੀਂ ਪੈਂਦੀ।

ਸਾਡੇ ਕੱਚਿਆਂ ਘਰਾਂ ਦੀਆਂ ਕੰਧਾਂ
ਅਤੇ ਸਰੀਰ ਦੀ ਸਾਹ ਨਲੀ
ਧੂੰਏਂ ਨਾਲ ਕਾਲ਼ੀਆਂ ਹੋਈਆਂ ਮਿਲਣਗੀਆਂ ਤੁਹਾਨੂੰ।
ਘਰ ਦਾ ਕੋਈ ਨਾ ਕੋਈ ਜੀਅ
ਤੁਹਾਨੂੰ ਇੱਕ ਟੁੱਟੇ ਜਿਹੇ ਮੰਜੇ ’ਤੇ
ਕੁੱਤਾ ਖੰਘ ਨਾਲ ਤੜਫਦਿਆਂ ਮਿਲ ਜਾਵੇਗਾ।
ਕੋਈ ਬਜ਼ੁਰਗ ਬੈਠਿਆਂ ਮਿਲ ਜਾਵੇਗਾ
ਜੇਠ-ਹਾੜ ਦੀ ਫੂਕ ਦੇਣ ਵਾਲੀ
ਗਰਮੀ ਵਿੱਚ ਕੰਬਲ ਲਈ ਧੁੱਪ ਸੇਕਦਾ।

ਸਦੀਆਂ ਤੋਂ ਤੁਹਾਡੇ ਵੱਲੋਂ ਹੋ ਰਹੇ
ਇਸ ਅਣਮਨੁੱਖੀ ਵਰਤਾਰੇ ਨੇ
ਮਾਨਸਿਕ ਰੋਗੀ ਜੁ ਬਣਾ ਕੇ ਰੱਖ ਦਿੱਤਾ ਹੈ
ਹਰ ਵਿਹੜੇ ਵਾਲਾ।

ਪਰ ਹੁਣ ਬਹੁਤ ਕੁਝ ਬਦਲ ਗਿਆ ਹੈ
ਸਰਕਾਰਾਂ ਭਾਵੇਂ ਅਜੇ ਵੀ ਤੁਹਾਡੀਆਂ ਹੀ ਨੇ
ਭਾਵੇਂ ਅੱਜ ਵੀ ਥਾਣਿਆਂ ਵਿੱਚ ਤੁਹਾਨੂੰ ਕੁਰਸੀਆਂ
ਤੇ ਸਾਨੂੰ ਗਾਲ੍ਹਾਂ ਹੀ ਮਿਲਦੀਆਂ ਨੇ
ਪਰ ਇੱਕ ਕਿਤਾਬ ਜੋ ਸਾਡੇ ਬਾਬੇ
ਅੰਬੇਡਕਰ ਨੇ ਲਿਖੀ ਹੈ
ਹੁਣ ਅਸੀਂ ਉਸ ਤੋਂ ਜਾਣੂ ਹੋ ਰਹੇ ਹਾਂ ਹੌਲੀ-ਹੌਲੀ!!

                  ***

2.         ਕੋਹਾਂ ਦੂਰ

ਕੋਹਾਂ ਦੂਰ ਇੱਕ ਜੰਗਲ ਬੀਆਬਾਨ ਏ,
ਉਸ ਦੇ ਜ਼ਰਾ ਕੁ ਪਰੇ ਹੀ ਇੱਕ ਰੇਗਿਸਤਾਨ ਏ।

ਲਹੂਆਂ ਦਾ ਮੀਂਹ ਵਰ੍ਹਦਾ ਹੈ ਜਿੱਥੇ,
ਰੂਹਾਂ ਦਾ ਬਣਿਆ ਇੱਕ ਘਾਟ ਸ਼ਮਸ਼ਾਨ ਏ।

ਉਸੇ ਰਸਤੇ ਦੇ ਇੱਕ ਕਿਨਾਰੇ ’ਤੇ
ਮੇਰਾ ਵੀ ਇੱਕ ਛੋਟਾ ਜਿਹਾ ਮਕਾਨ ਏ।

ਇੱਕ ਪਾਸੇ ਜਿਸਦੇ ਦਿਸਦਾ ਜ਼ਿੰਦਗੀ ਨੁਮਾ ਜੰਗਲ,
ਅਤੇ ਦੂਜੇ ਪਾਸੇ ਮੌਤ ਦਾ ਰੇਗਿਸਤਾਨ ਏ।

ਦਿਨ ਬ ਦਿਨ ਮੇਰੇ ਵੱਲ ਨੂੰ ਵਧ ਰਿਹਾ,
ਉਹ ਜ਼ਾਲਮ ਮਾਰੂਥਲਾਂ ਦਾ ਸ਼ੈਤਾਨ ਏ।

ਪਿੱਛੇ ਨੂੰ ਹਟਦਾ ਜਾ ਰਿਹਾ ਹਾਂ ਮੈਂ ਵੀ,
ਮਨ ਮੇਰਾ ਵੀ ਚੰਨ ਹੋਇਆ ਲੱਗਦਾ ਬੇਇਮਾਨ ਏ।

                     ***

3. ਗੁਲਾਮੀ ਪਸੰਦ ਲੋਕ

ਅਸੀਂ ਭਾਰਤ ਦੇ, ਪੰਜਾਬ ਦੇ,
ਗੁਲਾਮੀ ਪਸੰਦ ਲੋਕ ਹਾਂ।
ਸਾਨੂੰ ਕੀ ਪਤਾ ਆਜਾਦੀ,
ਕਿਸ ਸ਼ੈਅ ਦਾ ਨਾਮ ਹੈ।
ਸਾਡੇ ਤਾਂ ਹੱਡਾਂ ਵਿੱਚ,
ਰਚੀ ਆ ਗੁਲਾਮੀ,
ਅਸੀਂ ਭਲਾ ਆਜ਼ਾਦੀ ਤੋਂ ਕੀ ਲੈਣਾ?

ਭਾਵੇਂ ਅੱਜ ਅਸੀਂ ਬਹੁਤ
ਫਾਸਟ ਅਤੇ ਐਡਵਾਂਸ ਹੋ ਗਏ ਹਾਂ
,
ਭਾਵੇਂ ਅੱਜ ਸਾਡੇ ਕੋਲ ਮਹਿੰਗੇ ਮਹਿੰਗੇ
ਮੋਬਾਇਲ ਲੈਪਟਾਪ ਆ ਗਏ ਨੇ,
ਪਰ ਸਾਡੀ ਸੋਚ ਵਿੱਚ ਤਾਂ
ਅਜੇ ਵੀ ਉਹੀ ਕੱਟੜਤਾ ਭਰੀ ਹੋਈ ਹੈ।
ਅਸੀਂ ਤਾਂ ਪਿਛਲੱਗ ਬੰਦੇ ਹਾਂ,
ਆਪ ਤਾਂ ਅਸੀਂ ਕੋਈ ਚੰਗਾ ਕੰਮ
ਕਰਨਾ ਨਹੀਂ ਹੂੰਦਾ
ਤੇ ਜੇ ਕੋਈ ਚੰਗਾ ਕੰਮ ਕਰੇ,
ਪਹਿਲਾਂ ਤਾਂ ਅਸੀਂ ਅੰਨੇਵਾਹ
ਉਸਦੇ ਮਗਰ ਤੁਰ ਪੈਂਦੇ ਹਾਂ,
ਫਿਰ ਜੇਕਰ ਸਾਨੂੰ ਉਸ ਵਿੱਚ
ਥੋੜ੍ਹਾ ਜਿਹਾ ਵੀ ਨੁਕਸ ਦਿਖੇ,
ਅਸੀਂ ਉਸ ਦਾ ਵਿਰੋਧ
ਉਸ ਦੇ ਘਰ ਤਕ ਫੂਕ ਕੇ ਕਰਦੇ ਹਾਂ।

ਅਸੀਂ ਭਲਾ ਸਾਡੇ ਵਰਗੇ ਆਮ ਬੰਦੇ ਨੂੰ
ਸਾਥੋਂ ਉੱਪਰ ਉੱਠਦਾ ਵੇਖ ਕਿਵੇਂ ਸਕਦੇ ਹਾਂ?
ਸਾਥੋਂ ਨਹੀਂ ਬਰਦਾਸ਼ਤ ਹੁੰਦਾ ਕਿ ਕੋਈ
ਆਮ ਪੰਜਾਬੀ ਆ ਕੇ ਸਾਡੇ ਅਧਿਕਾਰਾਂ ਦੀ ਰਾਖੀ ਲਈ ਲੜੇ।
ਅਸੀਂ ਤਾਂ ਉਹਨਾਂ ਦੀ ਹੀ ਹਿਮਾਇਤ ਕਰਦੇ ਹਾਂ,
ਉਹਨਾਂ ਨੂੰ ਹੀ ਅਹਿਮੀਅਤ ਦਿੰਦੇ ਹਾਂ,
ਜਿਹੜੇ ਸਾਡੇ ਲਈ ‘ਪਾੜੋ ਤੇ ਰਾਜ ਕਰੋ’
ਦੀ ਨੀਤੀ ’ਤੇ ਚੱਲਦੇ ਹੋਣ।

ਅਸੀਂ ਤਾਂ ਆਪਣੀਆਂ ਜ਼ਮੀਰਾਂ ਨੂੰ ਮਾਰ ਚੁੱਕੇ ਹਾਂ,
ਸਾਲਾਂ ਦੀ ਦੁਸ਼ਵਾਰੀਆਂ ਭੁੱਲ ਕੇ,
ਇੱਕ ਦਿਨ ਵਿੱਚ ਹੀ ਇੱਕ ਬੋਤਲ
ਜਾਂ ਕੁਝ ਸੌ ਰੁਪਇਆਂ ਉੱਤੇ ਡੁੱਲ ਜਾਂਦੇ ਹਾਂ
ਤੇ ਕਰ ਆਉਂਦੇ ਹਾਂ ਫੈਸਲਾ ਬਿਨਾਂ ਕੁੱਝ
ਸੋਚੇ ਸਮਝੇ ਆਉਣ ਵਾਲੇ ਪੰਜ ਸਾਲਾਂ ਦਾ,
ਤੇ ਫਿਰ ਆਪੇ ਚੁਣੀਆਂ ਸਰਕਾਰਾਂ ਨੂੰ
ਸਭ ਤੋਂ ਵੱਧ ਕੋਸਦੇ ਵੀ ਅਸੀਂ ਹੀ ਹਾਂ।

ਧਰਨਿਆਂ ’ਤੇ ਵੀ ਸਭ ਤੋਂ ਅੱਗੇ ਅਸੀਂ ਹੀ ਹੁੰਦੇ ਹਾਂ,
ਇੱਕ ਤੋਂ ਖੋਹ ਕੁਰਸੀ ਦੂਜੇ ਨੂੰ ਦੇ ਦਿੰਦੇ ਹਾਂ,
ਕਿਉਂਕਿ ਅਸੀਂ ਗੁਲਾਮੀ ਪਸੰਦ ਹਾਂ,
ਗੁਲਾਮ ਹੀ ਰਹਿਣਾ ਚਾਹੁੰਦੇ ਹਾਂ,
ਸਾਨੂੰ ਤਾਂ ਗੁਲਾਮੀ ਵਿਰਾਸਤ ਵਿੱਚ ਮਿਲੀ ਹੈ।

ਅਸੀਂ ਵੀ ਪੱਕੇ ਕੱਟੜ ਹਾਂ, ਭਾਵੇਂ
ਗੁਲਾਮੀ ਦੀਆਂ ਜ਼ੰਜੀਰਾਂ ਹੌਲੀ ਹੌਲੀ
ਸਾਡਾ ਗੱਲ ਵੀ ਘੁੱਟ ਦੇਣ
ਤਾਂ ਵੀ ਅਸੀਂ ਉਹਨਾਂ ਨੂੰ ਹੀ ਚੁਣਾਂਗੇ,
ਜਿਹਨਾਂ ਨੂੰ ਅਸੀਂ ਗੁਲਾਮੀ ਭਰੀ
ਹਾਲਤ ਵਿੱਚ ਹੀ ਪਸੰਦ ਹਾਂ,
ਕਿਉਂਕਿ ਅਸੀਂ ਮੁੱਢ ਤੋਂ ਹੀ ਗੁਲਾਮ ਹਾਂ
ਗੁਲਾਮੀ ਪਸੰਦ ਹਾਂ

      ***

4. ਜਦ ਪੁੱਤ ਸੀਰੀ ਦਾ

ਜਦ ਪੁੱਤ ਸੀਰੀ ਦਾ
ਪੜ੍ਹ ਲਿਖ ਕੇ
,
ਅਫਸਰ ਬਣ ਜਾਊਗਾ

ਜਦ ਮਿਹਨਤ ਉਸਦੀ ਨੂੰ ਭੁੱਲ,
ਕੋਈ ਕੋਟੇ ਦਾ ਰਾਗ ਨਾ ਗਾਊਗਾ

ਜਦ ਕਿਰਤੀ, ਮਜ਼ਦੂਰ, ਕਿਸਾਨ
ਸਭ ਇੱਕੋ ਮਾਨਸ ਹੋ ਜਾਊਗਾ,
ਉਸ ਦਿਨ ਸਾਥੀ,
ਮੇਰੇ ਵਤਨ ਦਾ ਸੂਰਜ
ਸੰਗ ਖ਼ੁਸ਼ੀਆਂ ਰੁਸ਼ਨਾਊਗਾ

ਹੁਣ ਅੱਗ ਉਗਲਦਾ ਲੱਗਦਾ ਹੈ,
ਵਿੱਚ ਭੱਠਿਆਂ ਮਜ਼ਦੂਰਾਂ ’ਤੇ,
ਹੁਣ ਰੰਗ ਖੂਨ ਦਾ ਚੜ੍ਹਦਾ ਜਾਂਦਾ,
ਥਾਂਈਂ ਪੂੰਝੇ ਸੰਧੂਰਾਂ ’ਤੇ,
ਜਦ ਜੱਗ ਨੂੰ ਜੰਮਣ ਵਾਲੀ ਦਾ
ਮੁੱਲ ਜੱਗ ਇਹ ਪਾਊਗਾ,
ਉਦੋਂ ਵਤਨ ਮੇਰੇ ਦਾ ਕਣ-ਕਣ
ਸਾਥੀ, ਮਾਂ ਦੀ ਮਹਿਮਾ ਗਾਊਗਾ

ਜਦ ਪੈ ਮਜਬੂਰੀ ਵੱਸ,
ਕਿਸਾਨ ਫਾਹਾ ਨਹੀਂ ਲਾਊਗਾ,
ਜਦ ਮੁੱਲ ਫ਼ਸਲ ਦਾ ਉਗਾਉਣ ਵਾਲਾ,
ਆਪੇ ਤੈਅ ਕਰ ਪਾਊਗਾ,
ਇਹਨਾਂ ਮੰਤਰੀਆਂ ਸੰਤਰੀਆਂ ਦਾ ਜਦ
ਨਕਲੀ ਚਿਹਰਾ ਸਾਹਮਣੇ ਆਊਗਾ,
ਉਦੋਂ ਦੇਸ਼ ਮੇਰੇ ਦਾ ਅੰਨਦਾਤਾ ਸਾਥੀ
ਢਿੱਡ ਭਰ ਕੇ ਖਾਊਗਾ

ਅੱਜ ਲੋੜ ਸਮੇਂ ਦੀ ਇਹੋ ਆ
ਸਭ ਇੱਕ ਹੋ ਜਾਈਏ ਜੀ,
ਬੰਨ੍ਹ ਕਾਫ਼ਲੇ ਤੁਰੀਏ
ਕਿੰਗਰੇ ਦਿੱਲੀ ਦੀ ਡਾਹੀਏ ਜੀ,
ਇਸ ਸਰਮਾਏਦਾਰੀ ਦੇ,
ਗਲ ਫਾਹਾ ਪਾਈਏ ਜੀ

ਨਾਨਕ ਦੀਆਂ ਪੈੜਾਂ ’ਤੇ ਚੱਲਦਿਆਂ,
ਕਿਰਤ ਨੂੰ ਉੱਚਾ ਮੰਨੀਏ,
ਫਿਰ ਜਾਤ-ਪਾਤ ਦਾ ਮਸਲਾ ਵੀ,
ਸਾਥੀ ਹੱਲ ਹੋ ਜਾਊਗਾ,
ਫਿਰ ਘਰ-ਘਰ ਦੇ ਵਿੱਚ ਸੂਰਜ
ਖ਼ੁਸ਼ੀਆਂ ਦਾ ਰੁਸ਼ਨਾਊਗਾ

ਖ਼ੁਸ਼ੀਆਂ ਦਾ ਰੁਸ਼ਨਾਊਗਾ

       *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2718)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਚਰਨਜੀਤ ਸਿੰਘ ਰਾਜੌਰ

ਚਰਨਜੀਤ ਸਿੰਘ ਰਾਜੌਰ

Phone: (91 - 84279 - 29558)
Email: (charan.rajor@gmail.com)