MohinderSMann7ਜਿਹੜੇ ਕੀਮਤ ਸਮਝਦੇ ਨੇ ਤਦਬੀਰਾਂ ਦੀ,      ਉਹ ਦੇਖੇ ਨ੍ਹੀ ਪੂਜਾ ਕਰਦੇ ਪੀਰਾਂ ਦੀ। ...
(1 ਫਰਵਰੀ 2019)

 

1.    ਚਾਰੇ ਪਾਸੇ

ਚਾਰੇ ਪਾਸੇ ਸੁੱਟੀ ਜਾਵੇਂ ਗੰਦਗੀ,
ਕੀ ਕਰੇਗੀ ਤੇਰੀ ਰੱਬ ਦੀ ਬੰਦਗੀ

ਕੋਈ ਚੰਗਾ ਕੰਮ ਕਰਕੇ ਦੇਖ ਲੈ,
ਬੈਠਾ ਦੇਖੀ ਨਾ ਜਾ ਦੁਨੀਆ ਰੰਗਲੀ

ਗੋਰਿਆਂ ਤੋਂ ਕਾਲੇ ਕਿਹੜਾ ਘੱਟ ਨੇ,
ਸਿਫਤ ਕਰ ਨਾ ਉਨ੍ਹਾਂ ਦੇ ਹੀ ਰੰਗ ਦੀ

ਪੁੱਤ ਮੱਥੇ ’ਤੇ ਪਾ ਲੈਂਦਾ ਤਿਊੜੀਆਂ,
ਕੋਲ ਬੈਠੀ ਮਾਂ ਜਦੋਂ ਹੈ ਖੰਘਦੀ

ਇਸ ਨੇ ਕਰ ਦੇਣਾ ਹੈ ਸਭ ਕੁਝ ਹੀ ਤਬਾਹ,
ਖਬਰ ਝੂਠੀ ਹੋਵੇ ਯਾਰੋ, ਜੰਗ ਦੀ

ਫਸਲ ਵਧੀਆ ਹੁੰਦੀ ਸਾਡੇ ਖੇਤਾਂ ਵਿੱਚ,
ਜੇ ਇਨ੍ਹਾਂ ਵਿੱਚ ਵਰ੍ਹ ਕੇ ਬੱਦਲੀ ਲੰਘਦੀ

                  **

2. ਜਦ ਵੀ ਆਈ ਸਾਡੇ ’ਤੇ

ਜਦ ਵੀ ਆਈ ਸਾਡੇ ’ਤੇ ਮੁਸ਼ਕਲ ਘੜੀ,
ਰੱਖੀ ਸਾਡੇ ਦਿਲ ਨੇ ਵੀ ਹਿੰਮਤ ਬੜੀ

ਪੱਕੀਆਂ ਫਸਲਾਂ ਨੇ ਡਿਗ ਪੈਣਾ ਹੈ ਥੱਲੇ,
ਅੱਜ ਜੇ ਕਰ ਰੁਕੀ ਨਾ ਲੱਗੀ ਝੜੀ

ਇਸ ਦੇ ਨੇੜੇ ਕੋਈ ਨਾ ਹੋਇਆ ਖੜ੍ਹਾ,
ਦੇਖ ਕੇ ਮਜ਼ਦੂਰ ਦੀ ਝੁੱਗੀ ਸੜੀ

ਹਾਸਾ ਆਏਗਾ ਉਹਦੇ ਬੁੱਲ੍ਹਾਂ ’ਤੇ ਵੀ,
ਜਿਸ ਦੀ ਦੁੱਖਾਂ ਵਿੱਚ ਲੰਘੇ ਹਰ ਘੜੀ

ਘੋਲ ਕਰਨਾ ਪੈਣਾ ਹੈ ਹੱਕਾਂ ਲਈ,
ਕਿਉਂ ਤੁਸੀਂ ਆਪਸ ਵਿੱਚ ਜਾਂਦੇ ਹੋ ਲੜੀ?

ਜੋ ਕਵੀ ਲੋਕਾਂ ਲਈ ਕਵਿਤਾ ਲਿਖੇ,
ਉਸਦੀ ਹੋਵੇ ਲੋਕਾਂ ਵਿੱਚ ਇੱਜ਼ਤ ਬੜੀ

                **

3.         ਆ ਖ਼ੁਦਾ ਦੇ ਅੱਗੇ

ਆ ਖ਼ੁਦਾ ਦੇ ਅੱਗੇ ’ਕੱਠੇ ਰਹਿਣ ਦੀ ਫਰਿਆਦ ਕਰੀਏ,
ਰਹਿ ਕੇ ’ਕੱਲੇ, ’ਕੱਲੇ ਨਾ ਇੱਕ ਦੂਜੇ ਨੂੰ ਬਰਬਾਦ ਕਰੀਏ

ਸਾਡੇ ਵਰਗਾ ਬੇਅਕਲ ਨ੍ਹੀ ਹੋਣਾ ਕੋਈ ਜੱਗ ਉੱਤੇ,
ਜਿਸ ਨੇ ਪੱਲੇ ਕੱਖ ਨਾ ਛੱਡਿਆ, ਉਸੇ ਨੂੰ ਯਾਦ ਕਰੀਏ

ਪੰਛੀਆਂ ਨੂੰ ਹੱਕ ਹੈ ਖੁੱਲ੍ਹੀ ਹਵਾ ਦੇ ਵਿੱਚ ਉੱਡਣ ਦਾ,
ਕੱਢ ਕੇ ਪਿੰਜਰਿਆਂ ਦੇ ਵਿੱਚੋਂ ਉਹਨਾਂ ਨੂੰ ਆਜ਼ਾਦ ਕਰੀਏ

ਝੁੱਗੀਆਂ ਜਿਹਨਾਂ ਦੀਆਂ ਹਨ੍ਹੇਰੀ ਉਡਾ ਕੇ ਲੈ ਗਈ ਹੈ,
ਝੁੱਗੀਆਂ ਨਵੀਆਂ ਬਣਾ ਕੇ ਉਹਨਾਂ ਨੂੰ ਆਬਾਦ ਕਰੀਏ

ਹਰ ਤਰੀਕੇ ਨਾਲ ਪਹੁੰਚੇ ਪਾਠਕਾਂ ਤੱਕ ਵਧੀਆ ਸਾਹਿਤ,
ਦੂਜੀ ਭਾਸ਼ਾ ਵਿੱਚੋਂ ਇਹਦਾ ਪੰਜਾਬੀ ਵਿੱਚ ਅਨੁਵਾਦ ਕਰੀਏ

ਕਰਦੇ ਰਹੀਏ ਕੰਮ ਕੋਈ ਨਾ ਕੋਈ ਹਰ ਵੇਲੇ ਯਾਰੋ,
ਘੁੰਮ ਕੇ ਆਲੇ ਦੁਆਲੇ ਨਾ ਸਮਾਂ ਬਰਬਾਦ ਕਰੀਏ

                       **

4. ਜਿਹੜੇ ਕੀਮਤ ਸਮਝਦੇ ਨੇ

ਜਿਹੜੇ ਕੀਮਤ ਸਮਝਦੇ ਨੇ ਤਦਬੀਰਾਂ ਦੀ,
ਉਹ ਦੇਖੇ ਨ੍ਹੀ ਪੂਜਾ ਕਰਦੇ ਪੀਰਾਂ ਦੀ

ਦੁੱਖਾਂ ਤੇ ਗ਼ਮਾਂ ਦੇ ਦਿਨ ਨਾ ਹਮੇਸ਼ਾ ਰਹਿਣੇ,
ਐਵੇਂ ਨਾ ਝੜੀ ਲਾਓ ਨੈਣੋਂ ਨੀਰਾਂ ਦੀ

ਮੱਥੇ ’ਤੇ ਹੱਥ ਧਰ ਕੇ ਨਾ ਬੈਠੋ ਐਵੇਂ,
ਤਦਬੀਰਾਂ ਦੇ ਹੱਥ ਡੋਰ ਹੈ ਤਕਦੀਰਾਂ ਦੀ

ਫਿਰ ਹਰ ਕੋਈ ਜਾਨ ਬਚਾ ਕੇ ਭੱਜ ਜਾਏ,
ਜਦ ਚੱਜ ਨਾ’ ਵਰਤੋਂ ਹੋਵੇ ਸ਼ਮਸ਼ੀਰਾਂ ਦੀ

ਜਦ ਚਾਰ ਚੁਫੇਰੇ ਕੁਝ ਵੀ ਨਜ਼ਰ ਨਾ ਆਵੇ,
ਤਾਂ ਫਿਰ ਕੰਮ ਆਵੇ ਛਾਂ ਜੰਡ ਕਰੀਰਾਂ ਦੀ

ਖੌਰੇ ਗਰੀਬਾਂ ਨੂੰ ਸਮਝ ਕਦੋਂ ਹੈ ਆਉਣੀ?
ਉਨ੍ਹਾਂ ਵਿੱਚ ਫੁੱਟ ਪਾਣ ਦੀ ਚਾਲ ਅਮੀਰਾਂ ਦੀ

                   **

5.  ਜਿਸ ਨੂੰ ਮਿਲਦਾ ਨਹੀਂ

ਜਿਸ ਨੂੰ ਮਿਲਦਾ ਨਹੀਂ ਚੱਜਦਾ ਰਹਿਬਰ,
ਉਹ ਮੰਜ਼ਲ ਤੱਕ ਪੁੱਜਦਾ ਨਾ ਅਕਸਰ

ਉਹ ਸਾਰੀ ਉਮਰ ਰਹੇ ਨਿਆਣਾ ਹੀ,
ਜਿਸ ਨੂੰ ਜੀਵਨ ਵਿੱਚ ਨਾ ਲੱਗੇ ਠੋਕਰ

ਦੁਨੀਆ ਵਿੱਚ ਆ ਜਾਏਗੀ ਪਰਲੋ,
ਜੇ ਕਰ ਸੁੱਕ ਗਏ ਸਾਰੇ ਸਾਗਰ

ਸਭ ਨੂੰ ਉੱਥੇ ਜਾਣ ਦਿਓ ਯਾਰੋ,
ਸਾਂਝੇ ਹੁੰਦੇ ਨੇ ਸਭ ਲਈ ਮੰਦਰ

ਸੀਨੇ ਨੂੰ ਕਰ ਲੈ ਪੱਥਰ ਯਾਰਾ,
ਤੈਨੂੰ ਲੈ ਬੈਠੂ ਗ਼ਮ ਦਾ ਖੰਜਰ

ਕੋਸ਼ਿਸ਼ ਕਰਨ ’ਤੇ ਵੀ ਪੱਥਰ ਦਿਲ ਵਿੱਚ,
ਪਿਆਰ ਦਾ ਬੀਜ ਨਹੀਂ ਸਕਦਾ ਪੁੰਗਰ

ਉਹ ਲੋਕਾਂ ਦੇ ਮਨਾਂ ਵਿੱਚ ਬੈਠ ਗਏ,
ਜੋ ਸਭ ਕੁਝ ਛੱਡ ਗਏ ਉਹਨਾਂ ਖਾਤਰ

ਜੀਵਨ ਬਣ ਜਾਏ ਸਵਰਗ ਯਾਰੋ,
ਜੇ ਕਰ ਮਿਲ ਜਾਏ ਚੱਜਦਾ ਮਿੱਤਰ

                **

6.  ਜੇ ਕਰ ਆਪਣੇ ਹੱਥੀਂ ਯਾਰਾ

ਜੇ ਕਰ ਆਪਣੇ ਹੱਥੀਂ ਯਾਰਾ, ਲਾਏ ਨਾ ਤੂੰ ਰੁੱਖ,
ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਢੀ ਛਾਂ ਦਾ ਸੁੱਖ?

ਜਿਦ੍ਹੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ,
ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ

ਮਾਂ-ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ,
ਖਬਰੇ ਬੁਢਾਪੇ ਵਿੱਚ ਉਨ੍ਹਾਂ ਨੂੰ ਮਿਲ ਜਾਏ ਉਨ੍ਹਾਂ ਤੋਂ ਸੁੱਖ

ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੈਆਂ ਦੁੱਖੜੇ ਸਹਿ ਕੇ,
ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ

ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ?
ਸਭ ਨੇ ਰਲ ਕੇ ਉਜਾੜੀ ਹੈ ਯਾਰੋ, ਜਿਸ ਮਾਂ ਦੀ ਕੁੱਖ

ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ,
ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ

ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ ਵਿੱਚ ਮਿਲਾ ਦਿੰਦੇ,
ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁਖ

                       **

7.       ਜਿਸ ਬੰਦੇ ਨੇ

ਜਿਸ ਬੰਦੇ ਨੇ ਸਵੇਰੇ ਹੀ ਪੀ ਲਈ ਹੈ ਭੰਗ,
ਉਸ ਨੇ ਸਾਰਾ ਟੱਬਰ ਕਰ ਸੁੱਟਿਆ ਹੈ ਤੰਗ

ਉਸ ਵਰਗਾ ਮੂਰਖ ਨਾ ਇੱਥੇ ਕੋਈ ਹੋਰ,
ਜਿਸ ਨੇ ਹੁਣ ਤਕ ਸਿੱਖਿਆ ਨ੍ਹੀ ਬੋਲਣ ਦਾ ਢੰਗ

ਕੱਲ੍ਹ ਤੱਕ ਜੋ ਕਹਿੰਦਾ ਸੀ, ‘ਮੈਂ ਨ੍ਹੀ ਤੈਨੂੰ ਮਿਲਣਾ’,
ਅੱਜ ਮੇਰੇ ਘਰ ਆ ਗਿਆ ਰੋਸੇ ਛਿੱਕੇ ਟੰਗ

ਉਹ ਜੀਵਨ ਦੇ ਵਿੱਚ ਤਰੱਕੀ ਕਰਦਾ ਜਾਵੇ,
ਜਿਸ ਨੂੰ ਮਿਲ ਜਾਵੇ ਚੱਜ ਦੇ ਬੰਦੇ ਦਾ ਸੰਗ

ਆਓ ਕਰੀਏ ਸਜਦਾ ਉਹਨਾਂ ਸੂਰਮਿਆਂ ਨੂੰ,
ਜੋ ਸਾਡੀ ਰਾਖੀ ਕਰਨ ਹੋ ਕੇ ਡਾਢੇ ਤੰਗ

                    **

8.      ਬਿਰਧ ਘਰਾਂ ਵਿੱਚ

ਬਿਰਧ ਘਰਾਂ ਵਿੱਚ ਛੱਡ ਕੇ ਬੁੱਢੇ ਮਾਂ ਤੇ ਬਾਪ,
ਬੱਚੇ ਬੈਠ ਘਰਾਂ ਵਿੱਚ ਐਸ਼ਾਂ ਕਰਦੇ ਆਪ

ਵੱਡਿਆਂ ਦਾ ਆਦਰ ਕਰਨਾ ਭੁੱਲ ਗਏ ਨੇ ਬੱਚੇ,
ਖੌਰੇ ਇਹਨਾਂ ਨੂੰ ਕਿਸ ਨੇ ਦੇ ਦਿੱਤਾ ਸਰਾਪ

ਜੇ ਗੁਆਂਢੀ ਅੱਗੇ ਵਧਦਾ ਹੈ, ਤਾਂ ਖੁਸ਼ ਹੋਵੋ,
ਉਸ ਨੂੰ ਅੱਗੇ ਵਧਦਾ ਤੱਕ ਨਾ ਚੜ੍ਹਾਓ ਤਾਪ

ਪੰਡਤ ਜੀ, ਚੁੱਪ ਕਰਕੇ ਇੱਥੋਂ ਚਲਦੇ ਹੋਵੋ,
ਮੈਂ ਆਪਣੀ ਤਕਦੀਰ ਸੁਆਰ ਲਵਾਂਗਾ ਆਪ

ਜੇ ਕਰ ਲੋਕਾਂ ਨੂੰ ਇਹ ਸਾਧੂ ਕੁਝ ਦੇ ਸਕਦਾ,
ਦਰ ਦਰ ਜਾ ਕੇ ਉਨ੍ਹਾਂ ਤੋਂ ਇਹ ਕਿਉਂ ਮੰਗੇ ਆਪ?

ਅੱਜ ਕਲ੍ਹ ਲੋਕੀਂ ਦਾਰੂ ਪੀਂਦੇ ਪਾਣੀ ਵਾਂਗ,
ਚਾਹੇ ਥਾਂ ਥਾਂ ਲਿਖਿਐ, ਦਾਰੂ ਪੀਣਾ ਪਾਪ

*****

(1470)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮਹਿੰਦਰ ਸਿੰਘ ਮਾਨ

ਮਹਿੰਦਰ ਸਿੰਘ ਮਾਨ

Rakkaran Dhahan, Shaheed Bhagat Singh Nagar, Punjab, India.
Phone: (91 - 99158 - 03554)
Email: (m.s.mann00@gmail.com)