MohinderSMann7ਜੇਕਰ ਤੁਹਾਡੇ ਕੋਲ ... ਅੱਖਰ ਗਿਆਨ ਦਾ ਸੂਰਜ ਹੋਵੇ, ... ਇਹ ਸੂਰਜ ਤੁਹਾਡੇ ਮਨਾਂ ਵਿੱਚ ...
(18 ਮਾਰਚ 2018)

 

1. ਵਗਦਾ ਪਾਣੀ

ਮੈਂ ਦਰਿਆ ਦਾ
ਵਗਦਾ ਪਾਣੀ ਹਾਂ
ਮੈਂ ਤਾਂ ਹਰ ਹਾਲਤ ਵਿੱਚ
ਅੱਗੇ ਹੀ ਅੱਗੇ ਵਧਣਾ ਹੈ।

ਅੱਗੇ ਵਧਣ ਲਈ
ਚਾਹੇ ਮੈਨੂੰ
ਪੱਥਰਾਂ ’ਚੋਂ ਰਸਤਾ
ਬਣਾਉਣਾ ਪਵੇ,
ਜਾਂ ਫਿਰ ਚਾਹੇ ਮੈਨੂੰ
ਮਿੱਟੀ ਨੂੰ ਰੋੜ੍ਹ ਕੇ
ਨਾਲ ਲਿਜਾਣਾ ਪਵੇ।

ਆਲਸੀ ਤੇ ਡਰਪੋਕ
ਮੇਰੇ ਵਗਦੇ ਵਲ
ਵੇਖਦੇ ਰਹਿ ਜਾਣਗੇ,
ਪਰ ਹਿੰਮਤੀ ਤੇ ਬਹਾਦਰ
ਮੇਰੀ ਵਰਤੋਂ ਨਾਲ ਖੇਤਾਂ ’ਚੋਂ
ਅੰਨ ਪੈਦਾ ਕਰ ਲੈਣਗੇ,

ਜਾਂ ਫਿਰ ਡੈਮ ਬਣਾ ਕੇ
ਬਿਜਲੀ ਪੈਦਾ ਕਰ ਲੈਣਗੇ।

**

2. ਪਿਤਾ

ਦੋਸਤੋ, ਪਿਤਾ ਨਾਂ ਖੌਫ਼ ਦਾ ਨਹੀਂ
ਪਿਤਾ ਤਾਂ ਨਾਂ ਉਸ ਰਹਿਬਰ ਦਾ ਹੈ
ਜੋ ਆਪਣੇ ਬੱਚਿਆਂ ਨੂੰ
ਆਪਣੇ ਤੋਂ ਵੱਡਿਆਂ ਦਾ
ਸਤਿਕਾਰ ਕਰਨਾ
ਅਤੇ ਜ਼ਿੰਦਗੀ ਦੇ ਔਝੜ ਰਾਹਾਂ ’ਤੇ
ਤੁਰਨਾ ਸਿਖਾਉਂਦਾ ਹੈ।

ਉਨ੍ਹਾਂ ਨੂੰ ਗਲਤ ਰਾਹ
ਪਾਉਣ ਵਾਲੇ ਅਨਸਰਾਂ ਤੋਂ
ਸੁਚੇਤ ਕਰਦਾ ਹੈ,
ਅਤੇ ਜੀਵਨ ’ਚ ਗਲਤ ਫੈਸਲੇ
ਲੈਣ ਤੋਂ ਰੋਕਦਾ ਹੈ।

ਉਨ੍ਹਾਂ ਨੂੰ ਦਸਾਂ ਨਹੁੰਆਂ ਦੀ
ਕਿਰਤ ਕਰਨ ਦੀ ਪ੍ਰੇਰਨਾ ਦਿੰਦਾ ਹੈ
ਅਤੇ ਰੱਬ ਪਾਸੋਂ ਉਨ੍ਹਾਂ ਦੀ
ਸੁਖਾਵੀਂ ਜ਼ਿੰਦਗੀ ਦੀ
ਸਦਾ ਖ਼ੈਰ ਮੰਗਦਾ ਹੈ।

ਦੋਸਤੋ,
ਪਿਤਾ ਨਾਂ ਖੌਫ਼ ਦਾ ਨਹੀਂ।

ਪਿਤਾ ਨਾਂ ਖੌਫ਼ ਦਾ ਨਹੀਂ।

**

3. ਭਾਗਾਂ ਵਾਲੇ

ਮਾਂ ਤਾਂ ਹਰ ਕਿਸੇ ਦੀ
ਹੁੰਦੀ ਹੈ,
ਮਾਂ ਤੋਂ ਬਗੈਰ
ਇਸ ਦੁਨੀਆਂ ’ਚ
ਕੋਈ ਨਹੀਂ ਹੈ।

ਪਰ ਇਹ ਜ਼ਰੂਰੀ ਨਹੀਂ
ਕਿ ਹਰ ਕਿਸੇ ਨੂੰ
ਆਪਣੀ ਮਾਂ ਤੋਂ
ਰੱਜਵਾਂ ਪਿਆਰ ਮਿਲੇ।

ਉਹ ਭਾਗਾਂ ਵਾਲੇ
ਹੁੰਦੇ ਨੇ
ਜਿਨ੍ਹਾਂ ਨੂੰ
ਆਪਣੀਆਂ ਮਾਵਾਂ ਤੋਂ
ਰੱਜਵਾਂ ਪਿਆਰ ਮਿਲਦਾ ਹੈ।

**

4. ਜ਼ਿੰਦਗੀ

ਦੋਸਤੋ,
ਜ਼ਿੰਦਗੀ ਕਿਸੇ ਨੂੰ

ਇਕ ਪਾਸੜ ਪਿਆਰ ਕਰਕੇ
ਬਰਬਾਦ ਕਰਨ ਲਈ ਨਹੀਂ ਹੁੰਦੀ,
ਬਲਕਿ ਜ਼ਿੰਦਗੀ ਤਾਂ ਉਹਨਾਂ ਤੋਂ

ਨਿਛਾਵਰ ਕਰਨ ਲਈ ਹੁੰਦੀ ਹੈ
ਜੋ ਤੁਹਾਡੇ ਰਾਹਾਂ ਵਿੱਚ
ਤੁਹਾਨੂੰ ਗਲਵਕੜੀ ਪਾਉਣ ਲਈ
ਬਾਹਾਂ ਫੈਲਾ ਕੇ ਖੜ੍ਹੇ ਨੇ।

**

5. ਧੁੰਦ

ਹੇ ਮੇਰੇ ਦੇਸ਼ ਦੇ ਦੱਬੇ ਕੁਚਲੇ
ਤੇ ਲਿਤਾੜੇ ਹੋਏ ਲੋਕੋ!

ਤੁਹਾਡੇ ਮਨਾਂ ’ਤੇ
ਅਗਿਆਨਤਾ ਕਾਰਨ
ਚਿਰਾਂ ਤੋਂ
ਵਹਿਮਾਂ ਦੀ ਧੁੰਦ
ਜੰਮੀ ਹੋਈ ਹੈ।

ਇਸ ਧੁੰਦ ਨੂੰ
ਹਟਾਉਣ ਦੀ ਖ਼ਾਤਰ
ਤੁਸੀਂ ਕਦੇ ਅਨਪੜ੍ਹ ਸਾਧਾਂ ਦੇ
ਡੇਰਿਆਂ ਦੇ ਚੱਕਰ ਲਗਾਉਂਦੇ ਹੋ,
ਕਦੇ ਜੋਤਸ਼ੀਆਂ ਨੂੰ
ਹੱਥ ਵਿਖਾਉਂਦੇ ਹੋ,
ਤੇ ਕਦੇ ਆਪੇ ਬਣੇ ਗੁਰੂਆਂ ਤੋਂ
ਨਾਮ ਦਾਨ ਲੈਂਦੇ ਹੋ।

ਝੱਲਿਉ! ਇਹ ਧੁੰਦ ਤਾਂ ਹੀ
ਹਟ ਸਕਦੀ ਹੈ
ਜੇਕਰ ਤੁਹਾਡੇ ਕੋਲ
ਅੱਖਰ ਗਿਆਨ ਦਾ ਸੂਰਜ ਹੋਵੇ,

ਇਹ ਸੂਰਜ ਤੁਹਾਡੇ ਮਨਾਂ ਵਿੱਚ
ਪ੍ਰਕਾਸ਼ ਹੀ ਪ੍ਰਕਾਸ਼ ਕਰ ਦੇਵੇਗਾ।

ਇਸ ਪ੍ਰਕਾਸ਼ ਨਾਲ ਤੁਸੀਂ
ਸਹੀ, ਗਲਤ ਦੀ
ਪਛਾਣ ਕਰ ਸਕੋਗੇ,
ਤੇ ਅਨਪੜ੍ਹ ਸਾਧਾਂ, ਜੋਤਸ਼ੀਆਂ

ਤੇ ਆਪੇ ਬਣੇ ਗੁਰੂਆਂ ਵਲੋਂ
ਕੀਤੀ ਜਾਂਦੀ ਲੁੱਟ ਤੋਂ ਬਚ ਸਕੋਗੇ।

**

6. ਕਲੇਸ਼

ਕਲੇਸ਼ ਘਰ ਵਿੱਚ ਹੋਵੇ
ਜਾਂ ਬਾਹਰ ਹੋਵੇ
ਕਲੇਸ਼, ਕਲੇਸ਼ ਹੀ ਹੁੰਦਾ ਹੈ,

ਜੇ ਕਲੇਸ਼ ਘਰ ਵਿਚ ਹੋਵੇ
ਤਾਂ ਘਰ ਦੇ ਜੀਅ
ਆਪਸ ਵਿੱਚ ਲੜ ਕੇ
ਘਰ ਦੀਆਂ ਵੰਡਾਂ
ਪਾ ਲੈਂਦੇ ਨੇ,
ਜਾਂ ਫਿਰ ਖੁਦਕੁਸ਼ੀਆਂ

ਕਰ ਲੈਂਦੇ ਨੇ।

ਅਤੇ ਜੇ ਕਲੇਸ਼ ਬਾਹਰ ਹੋਵੇ
ਤਾਂ ਵੱਖ, ਵੱਖ ਧਰਮਾਂ ਵਾਲੇ
ਇਕ, ਦੂਜੇ ਨੂੰ
ਨਫ਼ਰਤ ਭਰੀਆਂ ਨਜ਼ਰਾਂ ਨਾਲ
ਵੇਖਣ ਲੱਗ ਪੈਂਦੇ ਨੇ,
ਤੇ ਉਨ੍ਹਾਂ ਦੇ ਦਿਲਾਂ ’ਚੋਂ

ਪਿਆਰ ਖੰਭ ਲਾ ਕੇ
ਉੱਡ ਜਾਂਦਾ ਹੈ।

ਕਲੇਸ਼ ਘਰ ਵਿੱਚ ਹੋਵੇ
ਜਾਂ ਬਾਹਰ ਹੋਵੇ
ਕਲੇਸ਼, ਕਲੇਸ਼ ਹੀ ਹੁੰਦਾ ਹੈ।

**

7. ਬੇੜੀਆਂ

ਅਮੀਰਾਂ ਤੇ ਟੇਕ ਰੱਖ ਕੇ
ਜ਼ਿੰਦਗੀ ਬਿਤਾਉਣ ਵਾਲਿਉ
ਅੱਜ ਤੱਕ ਕਿਸੇ ਅਮੀਰ ਨੇ
ਕਿਸੇ ਗਰੀਬ ਦੀ
ਜ਼ਿੰਦਗੀ ਦੇ ਪੈਰਾਂ ’ਚ ਪਈਆਂ
ਗਰੀਬੀ ਦੀਆਂ ਬੇੜੀਆਂ
ਨਹੀਂ ਖੋਲ੍ਹੀਆਂ।

ਇਸ ਲਈ ਤੁਹਾਨੂੰ
ਆਪਣੀ ਜ਼ਿੰਦਗੀ ਦੇ ਪੈਰਾਂ ’ਚ ਪਈਆਂ
ਗਰੀਬੀ ਦੀਆਂ ਬੇੜੀਆਂ
ਖੋਲ੍ਹਣ ਲਈ
ਆਪ ਹੀ ਸੰਘਰਸ਼
ਕਰਨਾ ਪੈਣਾ ਹੈ,
ਆਪ ਹੀ ਸੰਘਰਸ਼
ਕਰਨਾ ਪੈਣਾ ਹੈ।

*****

(1064)

About the Author

ਮਹਿੰਦਰ ਸਿੰਘ ਮਾਨ

ਮਹਿੰਦਰ ਸਿੰਘ ਮਾਨ

Rakkaran Dhahan, Shaheed Bhagat Singh Nagar, Punjab, India.
Phone: (91 - 99158 - 03554)
Email: (m.s.mann00@gmail.com)