“ਸੱਚ ਨੂੰ ਝੂਠ ਬਣਾਈ ਜਾਣ, ਕੰਮ ਜਿਨ੍ਹਾਂ ਦਾ ਆ ਗਿਐ ਲੋਟ ਖ਼ੌਰੇ ਕਿੱਥੇ ਜਾ ਲੁਕਦੇ ਨੇ? ਲੀਡਰ ਲੈ ਕੇ ਸਾਡੇ ਵੋਟ ...”
(6 ਮਈ 2018)
1. ਚੰਗਾ, ਮੰਦਾ ਬੋਲੇ
ਚੰਗਾ, ਮੰਦਾ ਬੋਲੇ ਜੋ ਸੰਸਾਰ ਨੂੰ,
ਉਸ ਨੇ ਮਿੱਠਾ ਬੋਲਣਾ ਕੀ ਯਾਰ ਨੂੰ।
ਉਸ ਨੇ ਉਸ ਦੇ ਨਾਲ ਕਰਨਾ ਪਿਆਰ ਕੀ,
ਆਪਣੇ ਤੇ ਜੋ ਭਾਰ ਸਮਝੇ ਯਾਰ ਨੂੰ।
ਛੇਤੀ ਹੀ ਉਸ ਨੇ ਤਬਾਹ ਹੋ ਜਾਣਾ ਹੈ,
ਜੇ ਨਾ ਉਸ ਨੇ ਛੱਡਿਆ ਹੰਕਾਰ ਨੂੰ।
ਖਬਰੇ ਕਿਹੜੇ ਜੁੱਗ ਵਿੱਚ ਉਹ ਜੀ ਰਿਹਾ,
ਪੈਰ ਦੀ ਜੁੱਤੀ ਜੋ ਸਮਝੇ ਨਾਰ ਨੂੰ।
ਪਿਆਰ ਦੀ ਦਾਰੂ ਵੀ ਪਹਿਲਾਂ ਵਰਤ ਲੈ,
ਫੇਰ ਪਾਈਂ ਹੱਥ ਤੂੰ ਤਲਵਾਰ ਨੂੰ।
ਜਿਹੜੀ ਅੱਗਾਂ ਲਾਣ ਦਾ ਕਰਦੀ ਹੈ ਕੰਮ,
ਰੱਖੋ ਸਾਥੋਂ ਦੂਰ ਉਸ ਅਖਬਾਰ ਨੂੰ।
**
2. ਜਿਸ ਦੇ ਦਿਲ ਵਿੱਚ
ਜਿਸ ਦੇ ਦਿਲ ਵਿੱਚ ਹੋਵੇ ਖੋਟ,
ਉੁਹ ਹੀ ਭਾਲੇ ਪਿਆਰ ’ਚ ਨੋਟ।
ਜਿਸ ਦੀ ਮਾੜੀ ਨੀਅਤ ਹੋਵੇ,
ਉਸ ਨੂੰ ਰਹੇ ਸੱਭ ਕੁਝ ਦੀ ਤੋਟ।
ਸੱਚ ਨੂੰ ਝੂਠ ਬਣਾਈ ਜਾਣ,
ਕੰਮ ਜਿਨ੍ਹਾਂ ਦਾ ਆ ਗਿਐ ਲੋਟ।
ਖ਼ੌਰੇ ਕਿੱਥੇ ਜਾ ਲੁਕਦੇ ਨੇ?
ਲੀਡਰ ਲੈ ਕੇ ਸਾਡੇ ਵੋਟ।
ਕਹਿਣ ਦਾ ਕੀ ਹੈ ਦੱਸੋ ਲਾਭ?
ਜੇ ਸ਼ਿਅਰ ਨਹੀਂ ਕਰਦੇ ਚੋਟ।
**
3. ਜੋ ਚਲਾਉਂਦੇ ਹੋਰਾਂ ’ਤੇ
ਜੋ ਚਲਾਉਂਦੇ ਹੋਰਾਂ ’ਤੇ ਨਫਰਤ ਦੇ ਆਰੇ,
ਕੌਣ ਬੋਲੇਗਾ ਉਨ੍ਹਾਂ ਨੂੰ ਬੋਲ ਪਿਆਰੇ?
’ਕੱਲਾ ਆਪਸ ਵਿੱਚ ਲੜਾਉਂਦੇ ਨ੍ਹੀ ਲੋਕਾਂ ਨੂੰ,
ਹੋਰ ਵੀ ਕਰਦੇ ਨੇ ਨੇਤਾ ਬਹੁਤ ਕਾਰੇ।
ਸੁੱਖ ਬੰਦੇ ਨੂੰ ਮਿਲੇ ਜਦ ਵਰ੍ਹਿਆਂ ਪਿੱਛੋਂ,
ਉਸ ਨੂੰ ਭੁੱਲ ਜਾਂਦੇ ਨੇ ਪਿਛਲੇ ਦੁੱਖ ਸਾਰੇ।
ਪੱਲਾ ਮਿਹਨਤ ਦਾ ਕਦੇ ਛੱਡਿਉ ਨਾ ਯਾਰੋ,
ਜ਼ਿੰਦਗੀ ਵਿੱਚ ਪੈਂਦੇ ਰਹਿੰਦੇ ਨੇ ਖਸਾਰੇ।
ਲੋਕ ਉਸ ਨੂੰ ਯਾਦ ਰੱਖਦੇ ਨੇ ਹਮੇਸ਼ਾ,
ਜਾਨ ਆਪਣੀ ਉਹਨਾਂ ਦੀ ਖਾਤਰ ਜੋ ਵਾਰੇ।
ਸਿੱਖੋ ਇੱਜ਼ਤ ਕਰਨੀ ਸਭ ਦੀ ਮੇਰੇ ਯਾਰੋ,
ਕੰਮ ਆ ਹੀ ਜਾਂਦੇ ਨੇ ਬੰਦੇ ਨਕਾਰੇ।
ਇਕ ਨਾ ਇਕ ਦਿਨ ਕੰਮ ਉਹ ਪੂਰਾ ਹੋ ਜਾਵੇ,
ਜਿਸ ਨੂੰ ਕਰਦੇ ਨੇ ਸ਼ੁਰੂ ’ਕੱਠੇ ਹੋ ਸਾਰੇ।
**
4. ਤੂੰ ਪੜ੍ਹੇਂ ਨਾ ਉਹ ਕਿਤਾਬ
ਹੋਰਾਂ ਨੂੰ ਤੂੰ ਦੇ ਕੇ ਖ਼ਾਰ,
ਭਾਲੇਂ ਉਹਨਾਂ ਤੋਂ ਗੁਲਾਬ।
ਜੇ ਕਿਸੇ ਨੇ ਮੰਗੇ ਪੈਸੇ,
ਦਿੱਤਾ ਉਸ ਨੂੰ ਤੂੰ ਜਵਾਬ।
ਮਾਪਿਆਂ ਨੂੰ ਦੇ ਕੇ ਦੁੱਖ,
ਸੁੱਖ ਨਾ ਭਾਲੋ ਜਨਾਬ।
ਆਵੇ ਨਾ ਮਾਂ-ਪਿਉ ਨੂੰ ਨੀਂਦ,
ਪੁੱਤ ਨਿਕਲੇ ਜਦ ਖਰਾਬ।
ਨਸ਼ਿਆਂ ਦੇ ਸੌਦਾਗਰਾਂ ਨੂੰ,
ਆਉ ਕਰੀਏ ਬੇਨਕਾਬ।
ਜਿਸ ਤੋਂ ਮਿਲਣੀ ਤੈਨੂੰ ਸਿੱਖਿਆ,
ਤੂੰ ਪੜ੍ਹੇਂ ਨਾ ਉਹ ਕਿਤਾਬ।
**
5. ਅੱਜ ਕਲ੍ਹ
ਘੁੰਮ ਕੇ ਦਿਨ ਸਾਰਾ ਥੱਕ ਜਾਂਦੇ ਨੇ ਸਾਰੇ,
ਰਾਤ ਨੂੰ ਪਾਏ ਨਾ ਕੋਈ ਬਾਤ ਅੱਜ ਕਲ੍ਹ।
’ਕੱਲਾ ਕੋਈ ਘਰ ਤੋਂ ਬਾਹਰ ਨ੍ਹੀ ਜਾ ਸਕਦਾ,
ਮਾੜੇ ਹੋ ਗਏ ਨੇ ਏਨੇ ਹਾਲਾਤ ਅੱਜ ਕਲ੍ਹ।
ਆਸ ਅੱਜ ਕਲ੍ਹ ਰੱਖੋ ਨਾ ਯਾਰਾਂ ਤੋਂ ਬਹੁਤੀ,
ਕਿਉਂਕਿ ਇਹ ਸੁਣਦੇ ਨਾ ਚੱਜਦੀ ਬਾਤ ਅੱਜ ਕਲ੍ਹ।
ਚਾਰੇ ਪਾਸੇ ਨ੍ਹੇਰਾ ਹੈ ਤੇ ਕੁਝ ਦਿਸੇ ਨਾ,
ਖ਼ਬਰੇ ਕਾਲੀ ਕਿਉਂ ਹੈ ਹਰ ਇਕ ਰਾਤ ਅੱਜ ਕਲ੍ਹ?
ਕੁਝ ਤਾਂ ਮਾੜਾ ‘ਮਾਨ’ ਨਾ’ ਲੱਗਦਾ ਹੈ ਹੋਇਆ,
ਉਹ ਕਰੇ ਨਾ ਚੱਜ ਨਾ’ ਗੱਲ ਬਾਤ ਅੱਜ ਕਲ੍ਹ।
**
6. ਇਸ ਦੇਸ਼ ਵਿਚ
ਇਸ ਦੇਸ਼ ’ਚ ਐਸ਼ਾਂ ਕਰਦੇ ਨੇ ਧਨਵਾਨ ਅਜੇ,
ਉਹ ਮਜ਼ਦੂਰਾਂ ਦਾ ਕਰਦੇ ਨੇ ਅਪਮਾਨ ਅਜੇ।
ਉਹ ਸਭ ਕੁਝ ਧਨਵਾਨਾਂ ਨੂੰ ਦੇਈ ਜਾਂਦਾ ਹੈ,
ਮਜ਼ਦੂਰਾਂ ਨਾ’ ਰੁੱਸਿਆ ਲੱਗਦੈ ਭਗਵਾਨ ਅਜੇ।
ਫਸਲਾਂ ਦਾ ਪੂਰਾ ਮੁੱਲ ਉਨ੍ਹਾਂ ਨੂੰ ਮਿਲਦਾ ਨ੍ਹੀ,
ਤਾਂ ਹੀ ਖੁਦਕੁਸ਼ੀਆਂ ਕਰਦੇ ਨੇ ਕਿਰਸਾਨ ਅਜੇ।
ਲੱਗਦਾ ਹੈ ਉਸ ਨੇ ਫਸਲਾਂ ਦਾ ਕੁਝ ਨ੍ਹੀ ਛੱਡਣਾ,
ਪਰਸੋਂ ਦਾ ਚੱਲੀ ਜਾਂਦਾ ਹੈ ਤੂਫਾਨ ਅਜੇ।
ਇੱਥੇ ਬੰਦੇ ਤਾਂ ਘੁੰਮਦੇ ਫਿਰਦੇ ਨੇ ਬਥੇਰੇ,
ਪਰ ਮਿਲਣੇ ਮੁਸ਼ਕਿਲ ਨੇ ਯਾਰੋ, ਇਨਸਾਨ ਅਜੇ।
ਭੁੱਖੇ ਕਾਮੇ ਬੈਠੇ ਨੇ ਵਿਚਾਰੇ ਢਿੱਡ ਫੜਕੇ,
ਮਹਿੰਗਾ ਹੋਈ ਜਾਂਦੈ ਖਾਣ ਦਾ ਸਾਮਾਨ ਅਜੇ।
ਮੰਨ ਲਿਆ ਉਹ ਲਿਖ ਲੈਂਦਾ ਗ਼ਜ਼ਲਾਂ ਬਹਿਰਾਂ ਵਿੱਚ,
ਐਪਰ ਚੰਗਾ ਸ਼ਾਇਰ ਨ੍ਹੀ ਬਣਿਆ ‘ਮਾਨ’ ਅਜੇ।
*****
(1141)
ਸੋਸ਼ਲ ਮੀਡੀੲੇ ’ਤੇ ਸਮੇਂ ਸਮੇਂ ਕੁਝ ਸਤਰਾਂ, ਪੰਗਤੀਆਂ, ਸੁਨੇਹੇ ਵਾਵਰੋਲੇ ਵਾਂਗ ਘੁੰਮਦੇ ਰਹਿੰਦੇ ਹਨ। ਅੱਜ ਦੀ ਵੰਨਗੀ ਦੇਖੋ --- ਸੰਪਾਦਕ)
ਇਕ ਜਰਮਨ: ਅਸੀਂ ਇਕ ਵਿਅਕਤੀ ਦਾ ਦਿਲ ਬਦਲਿਆ, ਦੋ ਘੰਟੇ ਬਾਅਦ ਉਹ ਵਿਅਕਤੀ ਕੰਮ ਦੀ ਭਾਲ ਵਿੱਚ ਸੜਕਾਂ ’ਤੇ ਤੁਰਿਆ ਫਿਰਦਾ ਸੀ।
ਇਕ ਹਿੰਦੋਸਤਾਨੀ: ਅਸੀਂ ਚਾਰ ਸਾਲ ਪਹਿਲਾਂ ਇਕ ਬੰਦਾ ਬਦਲਿਆ ਸੀ, ਅੱਜ ਸਾਰਾ ਹਿੰਦੋਸਤਾਨ ਸੜਕਾਂ ’ਤੇ ਤੁਰਿਆ ਫਿਰਦਾ ਹੈ।
**
ਪੰਜਾਬੀਆਂ ਨੂੰ ਤਰੱਕੀ ਤੋਂ ਕੋਈ ਨਹੀਂ ਰੋਕ ਸਕਦਾ, ਜੇ ਥਾਂ ਥਾਂ ਸ਼ਰਾਬ ਦੇ ਠੇਕੇ ਅਤੇ ਲੰਗਰ ਨਾ ਲੱਗੇ ਹੋਏ ਹੋਣ।
***