MohinderSMann7ਇਕ ਦੂਜੇ ਨਾਲ ਰਲ ਮਿਲ ਕੇ ਬਹਿਣਾ ਲੋਚਾਂ ਮੈਂ,   ਜਦ ਤੋਂ ਮੇਰੇ ਦਿਲ ਵਿੱਚੋਂ ਹਉਮੈ ਮੋਈ ਹੈ। ...
(1 ਜੁਲਾਈ 2018)

 

1.    ਕਰ ਗਏ ਨੇ ਜ਼ਖ਼ਮੀ

ਕਰ ਗਏ ਨੇ ਜ਼ਖ਼ਮੀ ਜਿਹਨਾਂ ਨੂੰ ਸ਼ਿਕਾਰੀ,
ਹੁਣ ਕਿਵੇਂ ਉਹ ਪੰਛੀ ਮਾਰਨਗੇ ਉਡਾਰੀ।

ਏਨਾ ਖੁਸ਼ ਹੁੰਦੇ ਨੇ ਕਿਉਂ ਖਬਰੇ ਇਹ ਲੋਕੀਂ,
ਆਪਣਿਆਂ ਉੱਤੇ ਚਲਾ ਕੇ ਨਫਰਤ ਦੀ ਆਰੀ।

ਸੰਭਲੋ, ਨਾ ਦੇਸ਼ ਨੂੰ ਲੈ ਬੈਠੇ ਕਿਧਰੇ,
ਵਧ ਰਹੀ ਇਹ ਦਿਨ-ਬ-ਦਿਨ ਫੁੱਟ ਦੀ ਬਿਮਾਰੀ।

ਦੇਸ਼ ਵਿੱਚ ਚਾਹੁੰਦਾ ਸੀ ਖੁਸ਼ਹਾਲੀ ਉਹ ਤਾਂ,
ਜਿਸ ਨੇ ਵਾਰੀ ਇਸ ਦੀ ਖ਼ਾਤਰ ਜਾਨ ਪਿਆਰੀ।

ਆਪਣੇ ਤੇ ਬੇਗਾਨੇ ਤਦ ਪਰਖੇ ਨੇ ਜਾਂਦੇ,
ਹਾਰ ਜਦ ਹੁੰਦੀ ਹੈ ਜੀਵਨ ਵਿੱਚ ਕਰਾਰੀ।

ਇਹ ਵਸੇਗੀ ਤਾਂ ਹੀ ਲੋਕਾਂ ਦੇ ਮਨਾਂ ਵਿੱਚ,
ਮਾਨ ਜੇ ਕਰ ਤੂੰ ਗ਼ਜ਼ਲ ਆਖੇਂਗਾ ਪਿਆਰੀ।

                   **

2.   ਜਦ ਵੀ ਕੋਈ ਮੁਟਿਆਰ

ਜਦ ਵੀ ਕੋਈ ਮੁਟਿਆਰ ਪਰਾਈ ਹੋਈ ਹੈ,
ਉਹ ਆਪਣਿਆਂ ਦੇ ਗਲ ਲੱਗ ਭੁੱਬੀਂ ਰੋਈ ਹੈ।

ਦਾਜ ਕੁਲਹਿਣੇ ਨੇ ਖਬਰੇ ਕੱਲ੍ਹ ਨੂੰ ਕੀ ਕਰਨਾ,
ਅੱਜ ਇਸ ਦੇ ਹੱਥੋਂ ਧੀ ਕਰਮੇ ਦੀ ਮੋਈ ਹੈ।

ਇਕ ਦੂਜੇ ਨਾਲ ਰਲ ਮਿਲ ਕੇ ਬਹਿਣਾ ਲੋਚਾਂ ਮੈਂ,
ਜਦ ਤੋਂ ਮੇਰੇ ਦਿਲ ਵਿੱਚੋਂ ਹਉਮੈ ਮੋਈ ਹੈ।

ਦੁੱਖਾਂ ਦਾ ਤੂਫਾਨ ਵਿਗਾੜ ਲਊ ਕੀ ਉਸ ਦਾ,
ਯਾਰੀ ਦੇ ਕਮਰੇ ਦੀ ਜੇ ਨੀਂਹ ਨਰੋਈ ਹੈ।

ਉਹ ਤੈਨੂੰ ਦੱਸ ਕੇ ਕੁਝ ਮੇਰੇ ਕੋਲ ਬਚੇ ਨਾ,
ਜਿਹੜੀ ਗੱਲ ਮੈਂ ਆਪਣੇ ਦਿਲ ਵਿੱਚ ਲਕੋਈ ਹੈ।

ਸਾਲਾਂ ਬੱਧੀ ਨਾ ਪੁੱਛਿਆ ਉਸ ਨੂੰ ਪੁੱਤਾਂ ਨੇ,
ਅੱਜ ਜਿਹੜੀ ਮਾਈ ਨਹਿਰ ’ਚ ਡੁੱਬ ਕੇ ਮੋਈ ਹੈ।

ਲਗਦਾ ਹੈ ਮੇਰੇ ਸ਼ਿਅਰ ਜਚੇ ਨੇ ਲੋਕਾਂ ਨੂੰ,
ਤਾਂ ਹੀ ਇਹਨਾਂ ਦੀ ਚਰਚਾ ਹਰ ਥਾਂ ਹੋਈ ਹੈ।

                   **

3.    ਸੈਂਕੜੇ ਗਮ ਸਹਿ ਕੇ

ਸੈਂਕੜੇ ਗਮ ਸਹਿ ਕੇ ਦਿਲ ਚੱਟਾਨ ਹੋਇਆ,
ਕੋਈ ਗੱਲ ਨ੍ਹੀ ਤੇਜ਼ ਜੇ ਤੂਫਾਨ ਹੋਇਆ।

ਪੈਸੇ ਦੀ ਕੀਮਤ ਨਹੀਂ ਉਹ ਜਾਣ ਸਕਦਾ,
ਠੱਗ ਕੇ ਲੋਕਾਂ ਨੂੰ ਜੋ ਧਨਵਾਨ ਹੋਇਆ।

ਕੀ ਲਊ ਸੰਵਾਰ ਆਪਣੇ ਦੇਸ਼ ਦਾ ਉਹ,
ਧੇਲੇ ਖਾਤਰ ਹੀ ਜੋ ਬੇਈਮਾਨ ਹੋਇਆ।

ਸੱਚ ਬੋਲਣ ਵਾਲਾ ਹੈ ਇੱਥੇ ਨਿਕੰਮਾ,
ਝੂਠ ਬੋਲਣ ਵਾਲਾ ਹੀ ਪਰਧਾਨ ਹੋਇਆ।

ਉਸ ਦੇ ਮਾਲੀ ਖ਼ਬਰੇ ਕਿੱਥੇ ਸੌਂ ਰਹੇ ਨੇ,
ਖੁਸ਼ਬੋਆਂ ਭਰਿਆ ਚਮਨ ਸ਼ਮਸ਼ਾਨ ਹੋਇਆ।

ਵੰਡ ਕਾਣੀ ਜੱਗ ਵਿੱਚੋਂ ਤਦ ਮੁੱਕੇਗੀ,
ਜਦ ਹਰਿਕ ਕਮਜ਼ੋਰ ਵੀ ਬਲਵਾਨ ਹੋਇਆ।

ਹਾਲੇ ਵੀ ਉਹ ਝੱਖੜਾਂ ਨੂੰ ਰੋਕ ਸਕਦੈ,
ਹਾਲੇ ਨਾ ਬੇਜਾਨ ਮਹਿੰਦਰ ਮਾਨ ਹੋਇਆ।

                  **

4.          ਅਸਾਡੇ ਨਾਲ

ਅਸਾਡੇ ਨਾਲ ਘੱਟ ਕੋਈ ਨਾ ਕੀਤੀ ਇਸ ਜ਼ਮਾਨੇ ਨੇ,
ਤਾਂ ਕੀ ਹੋਇਆ ਜੇ ਕੁਝ ਕਹਿ ਦਿੱਤਾ ਇਸ ਨੂੰ ਦਿਲ ਦੀਵਾਨੇ ਨੇ।

ਜਿਦ੍ਹੇ ਸਿਰ ਤੇ ਹਵਾ ਵਿੱਚ ਉੱਡਣ ਦਾ ਲੈ ਬੈਠੇ ਸਾਂ ਸੁਪਨਾ,
ਜ਼ਮੀਂ ਤੇ ਮਾਰਿਆ ਪਟਕਾ ਕੇ ਉਸ ਦੇ ਇਕ ਬਹਾਨੇ ਨੇ।

ਖਾ ਕੇ ਗੈਰਾਂ ਤੋਂ ਧੋਖਾ, ਅਜ਼ਮਾ ਕੇ ਆਪਣੇ ਪਤਾ ਲੱਗਾ,
ਕੋਈ ਨਾ ਆਪਣਾ ਇਸ ਦੁਨੀਆ ਦੇ ਵਿੱਚ, ਸਭ ਬੇਗਾਨੇ ਨੇ।

ਇਹ ਦੱਸੇ ਕੌਣ ਬੰਦੇ ਨੂੰ ਕਿ ਗਮ ਵੀ ਇਕ ਖਜ਼ਾਨਾ ਹੈ,
ਦੀਵਾਨਾ ਇਸ ਨੂੰ ਕਰ ਛੱਡਿਆ ਹੈ, ਖੁਸ਼ੀਆਂ ਦੇ ਖਜ਼ਾਨੇ ਨੇ।

ਹੋਇਆ ਕਾਇਮ ਹੈ ਖੁਦਗਰਜ਼ੀ ਦੇ ਸਿਰ ਤੇ ਦੋਸਤੋ ਜਿਹੜਾ,
ਪਰਖ ਦੀ ਨ੍ਹੇਰੀ ਆਵਣ ’ਤੇ ਨਾ ਰਹਿਣਾ ਉਸ ਯਰਾਨੇ ਨੇ।

                      **

5.   ਜਿਹੜਾ ਆਪਣੇ ਹੱਥੀਂ

ਜਿਹੜਾ ਆਪਣੇ ਹੱਥੀਂ ਕਰਦਾ ਕਾਰ ਨਹੀਂ,
ਇੱਥੇ ਉਸ ਦਾ ਕੋਈ ਵੀ ਗ਼ਮਖ਼ਾਰ ਨਹੀਂ।

ਜਿਸ ਦੇ ਪੱਲੇ ਹਿੰਮਤ ਤੇ ਤਦਬੀਰਾਂ ਨੇ,
ਜੀਵਨ ਦੇ ਵਿੱਚ ਹੁੰਦੀ ਉਸ ਦੀ ਹਾਰ ਨਹੀਂ।

ਉਸ ਬੰਦੇ ਦਾ ਜੀਣਾ ਵੀ ਕੋਈ ਜੀਣਾ ਏ,
ਜਿਸ ਦਾ ਆਪਣਾ ਕੋਈ ਵੀ ਘਰ ਬਾਰ ਨਹੀਂ।

ਜਿਹੜਾ ਨੇਤਾ ਕੰਮ ਕਿਸੇ ਦੇ ਆਵੇ ਨਾ,
ਉਸ ਦੇ ਗਲ ਵਿੱਚ ਕੋਈ ਪਾਉਂਦਾ ਹਾਰ ਨਹੀਂ।

ਕਾਹਨੂੰ ਮਾਇਆ ਲੈ ਕੇ ਦਰ ਦਰ ਫਿਰਦਾ ਤੂੰ,
ਤੈਨੂੰ ਇੰਜ ਕਿਸੇ ਤੋਂ ਮਿਲਣਾ ਪਿਆਰ ਨਹੀਂ।

ਕਾਹਨੂੰ ਐਵੇਂ ਇਸ ਨੂੰ ਨਿੰਦੀ ਜਾਂਦਾ ਤੂੰ,
ਏਨਾ ਮਾੜਾ ਯਾਰਾ, ਇਹ ਸੰਸਾਰ ਨਹੀਂ।

            *****

(1211)

About the Author

ਮਹਿੰਦਰ ਸਿੰਘ ਮਾਨ

ਮਹਿੰਦਰ ਸਿੰਘ ਮਾਨ

Rakkaran Dhahan, Shaheed Bhagat Singh Nagar, Punjab, India.
Phone: (91 - 99158 - 03554)
Email: (m.s.mann00@gmail.com)