MohinderSMann7ਜਦ ਬੱਚਿਆਂ ਨੂੰ ਇਦ੍ਹੇ ’ਚ ਸੁਣਾਉਣ ਲੋਰੀਆਂ ਮਾਵਾਂ,   ਉਨ੍ਹਾਂ ਲਈ ਬਣ ਜਾਵਣ ਮਾਵਾਂ ਹੋਰ ਵੀ ਠੰਢੀਆਂ ਛਾਵਾਂ ...
(5 ਅਪਰੈਲ 2018)

 

1.                  ਮਾਂ ਬੋਲੀ

ਮਾਂ ਬੋਲੀ ਪੰਜਾਬੀ ਜਦ ਸਾਡੀ ਸਭ ਦੀ ਮਾਂ ਬੋਲੀ ਪੰਜਾਬੀ ਹੈ,
ਫਿਰ ਇਸ ਨੂੰ ਬੋਲਣ ਵਿੱਚ ਕੀ ਖਰਾਬੀ ਹੈ?

ਇਹ ਸ਼ਹਿਦ ਨਾਲੋਂ ਮਿੱਠੀ, ਨਾ ਇਸ ਵਰਗੀ ਹੋਰ ਕੋਈ,
ਇਸੇ ਲਈ ਮੈਂ ਇਦ੍ਹੇ ਲਈ ਬੈਠਾਂ ਦਿਲ ’ਚ ਪਿਆਰ ਲਕੋਈ।

ਇਦ੍ਹੇ ਗਿੱਧੇ ਤੇ ਭੰਗੜੇ ਸਭ ਨੂੰ ਮੋਹ ਲੈਂਦੇ ਨੇ,
ਇਸੇ ਲਈ ਵਾਹ ਪੰਜਾਬੀ! ਵਾਹ ਪੰਜਾਬੀ! ਸਾਰੇ ਕਹਿੰਦੇ ਨੇ।

ਜਦ ਬੱਚਿਆਂ ਨੂੰ ਇਦ੍ਹੇ ’ਚ ਸੁਣਾਉਣ ਲੋਰੀਆਂ ਮਾਵਾਂ,
ਉਨ੍ਹਾਂ ਲਈ ਬਣ ਜਾਵਣ ਮਾਵਾਂ ਹੋਰ ਵੀ ਠੰਢੀਆਂ ਛਾਵਾਂ।

ਇਦ੍ਹੇ ’ਚ ਰਚੀ ਗੁਰੂਆਂ ਤੇ ਭਗਤਾਂ ਨੇ ਆਪਣੀ ਬਾਣੀ,
ਜਿਸ ਨੂੰ ਪੜ੍ਹ ਕੇ ਤਰ ਗਏ ਹੁਣ ਤਕ ਲੱਖਾਂ ਪ੍ਰਾਣੀ।

ਇਸ ਨੂੰ ਭੁਲਾਣ ਵਾਲਿਆਂ ਵਰਗਾ ਬਦਕਿਸਮਤ ਨਾ ਕੋਈ,
ਆਣ ਘਰਾਂ ਨੂੰ ਮੁੜ ਉਹ ਸਾਰੇ, ਇਹ ਮੇਰੀ ਅਰਜ਼ੋਈ।

ਮੈਂ ਇਦ੍ਹੇ ’ਚ ਰਚਦਾ ਹਾਂ ਕਵਿਤਾ, ਗ਼ਜ਼ਲ ਤੇ ਗੀਤ,
ਸ਼ਾਲਾ! ਇਸੇ ਕੰਮ ’ਚ ਮੇਰੀ ਸਾਰੀ ਉਮਰ ਜਾਵੇ ਬੀਤ।

**

2.      ਅਣਜੰਮੀ ਧੀ ਦੀ ਅਰਜ਼

ਸੁਣ ਨੀ ਮਾਏ ਮੇਰੀਏ, ਮੈਂ ਰਹੀ ਹਾਂ ਅਰਜ਼ ਗੁਜ਼ਾਰ,
ਜੇ ਜਨਮ ਦੇਵੇਂ ਤੂੰ ਮੈਨੂੰ ਨੀ, ਤੇਰੀ ਹੋਵਾਂਗੀ ਸ਼ੁਕਰਗੁਜ਼ਾਰ।

ਜਿਵੇਂ ਤੂੰ ਮੇਰੇ ਵੀਰੇ ਨੂੰ ਇਹ ਰੰਗਲਾ ਸੰਸਾਰ ਵੇਖਣ ਦਿੱਤਾ ਹੈ,
ਇਵੇਂ ਹੀ ਮੈਨੂੰ ਵੀ ਵੇਖ ਲੈਣ ਦੇ, ਇਹ ਰੰਗਲਾ ਸੰਸਾਰ

ਚਾਹੇ ਤੂੰ ਵੀਰੇ ਜੰਮੇ ਤੇ, ਖਰਚ ਕਰਕੇ ਖੁਸ਼ੀ ਮਨਾਈ ਸੀ,
ਪਰ ਮੇਰੀ ਜੰਮੀ ਤੇ ਤੂੰ ਖਰਚ ਦਾ ਰੱਖੀਂ ਨਾ ਮਨ ਤੇ ਭਾਰ।

ਮੈਂ ਨਾ ਮੰਗਦੀ ਤੇਰੇ ਕੋਲੋਂ ਜਾਇਦਾਦ ’ਚੋਂ ਹਿੱਸਾ,
ਮੈਂ ਤਾਂ ਤੇਰੇ ਕੋਲੋਂ ਮੰਗਦੀ ਹਾਂ ਬੱਸ ਮਮਤਾ ਤੇ ਪਿਆਰ।

ਵੱਡੀ ਹੋ ਕੇ, ਪੜ੍ਹ ਲਿਖ ਕੇ ਮੈਂ ਬਣਾਂਗੀ ਝਾਂਸੀ ਦੀ ਰਾਣੀ,
ਜੇ ਲੋੜ ਪਈ ਤਾਂ ਦੇਸ਼ ਲਈ, ਜਾਨ ਦੇਵਾਂਗੀ ਵਾਰ।

ਹੁਣ ਨਾ ਧੀਆਂ ਨਿਹੱਥੀਆਂ, ਨਾ ਮਨ ਦੀਆਂ ਕਮਜ਼ੋਰ,
ਉਹ ਬਾਬਲ ਦੀ ਪੱਗ ਬਚਾਣ, ਹੱਥਾਂ ’ਚ ਫੜ ਹਥਿਆਰ।

ਜੇ ਤੇਰੇ ਮਨ ਦੇ ਸਾਰੇ ਸ਼ੰਕੇ ਹੁਣ ਹੋ ਗਏ ਨੇ ਦੂਰ,
ਤਾਂ ਮੈਨੂੰ ਜਨਮ ਦੇਣ ਲਈ ਖੁਦ ਨੂੰ ਕਰ ਤਿਆਰ।

**


3.            ਧੀ

ਜਿਸ ਘਰ ਵਿਚ ਨਹੀਂ ਹੁੰਦੀ ਕੋਈ ਧੀ,
ਯਾਰੋਉਹ ਘਰ ਹੁੰਦਾ ਖੰਡਰ ਹੀ

ਆਪਣੇ ਪੇਕੇ ਘਰ ਦਾ ਸਦਾ ਭਲਾ ਮੰਗੇ,
ਸਹੁਰੇ ਘਰ ਵਿਚ ਬੈਠੀ ’ਕੱਲੀ ਧੀ

ਆਪਣੇ ਦੁੱਖ ਉਹ ਦੱਸੇ ਨਾ ਕਿਸੇ ਨੂੰ,
ਆਪਣੇ ਦੁੱਖ ਜਰਦੀ ਉਹ ਕਰੇ ਨਾ ਸੀ

ਕਿਸੇ ਦੇ ਦੁੱਖ ਵੰਡਾਵਣ ਦੀ ਖਾਤਰ,
ਉਹ ਤੁਰ ਪਵੇ ਵੇਲੇ, ਕੁਵੇਲੇ ਵੀ

ਧੀ ਨੂੰ ਤੋਲੀਏ ਕਾਹਦੇ ਬਰਾਬਰ,
ਧੀ ਬਰਾਬਰ ਤਾਂ ਹੈ ਨਹੀਂ ਸੋਨਾ ਵੀ

ਧੀ ਨੂੰ ਖੁਸ਼ ਰੱਖੀਏ ਘਰ ਖੁਸ਼ ਰੱਖਣ ਲਈ,
ਜੇ ਧੀ ਰੋਈ, ਘਰ ਲੱਗੂ ਬੰਜਰ ਹੀ

ਉਸ ਜਾਏ ਮਹਾਂਯੋਧੇ, ਬਲਕਾਰੀ,
ਉਸ ਜਾਏ ਗੁਰੂ, ਪੀਰ ਪੈਗੰਬਰ ਵੀ

ਇਹ ਜੱਗ ਤਾਂ ਹੀ ਚਲਦਾ ਰਹਿ ਸਕਦੈ,
ਜੇ ਹਰ ਘਰ ’ਚ ਹੋਵੇ ਜ਼ਰੂਰ ਇਕ ਧੀ।
**

4.              ਦੋਸਤੋ

ਮੁਸ਼ਕਲਾਂ ਨੇ ਜ਼ਿੰਦਗੀ ਕੁੜੀ ਦੇ ਗਲ ਦਾ ਹਾਰ ਦੋਸਤੋ,
ਇਹਨਾਂ ਤੋਂ ਬਿਨਾਂ ਇਹ ਹੋਵੇ ਨਾ ਸ਼ਿੰਗਾਰ ਦੋਸਤੋ

ਰਫਤਾਰ ਜ਼ਰਾ ਤੇਜ਼ ਕਰ ਦਿਉ” ਦੱਸ ਰਹੀ ਹੈ ਇਹ,
ਆਸਮਾਨ ’ਚ ਉੱਡਦੀ ਪੰਛੀਆਂ ਦੀ ਡਾਰ ਦੋਸਤੋ

ਜੋ ਹੱਥ ਉੱਤੇ ਧਰ ਕੇ ਬੈਠ ਜਾਂਦੇ ਨੇ,
ਫੁੱਲ ਵੀ ਬਣ ਜਾਂਦੇ ਨੇ ਉਹਨਾਂ ਲਈ ਖਾਰ ਦੋਸਤੋ

ਆਪਣਾ ਕੰਮ ਆਪ ਕਰਕੇ ਆਪਣੇ ਪੈਰਾਂ ਤੇ ਖੜ੍ਹੇ ਹੋਈਏ,
ਐਵੇਂ ਕਿਉਂ ਬਣੀਏ ਦੂਜਿਆਂ ’ਤੇ ਭਾਰ ਦੋਸਤੋ

ਪਿਆਰ ਦਾ ਫੁੱਲ ਦਿਲ-ਧਰਤੀ ’ਤੇ ਹੀ ਖਿੜਦਾ ਹੈ,
ਇਹ ਨਾ ਬਜ਼ਾਰਾਂ ’ਚ ਵਿਕੇ, ਨਾ ਮਿਲੇ ਕਿਸੇ ਤੋਂ ਉਧਾਰ ਦੋਸਤੋ

ਕਾਇਰ ਇਕ ਉਡਾਰੀ ਮਾਰ ਧਰਤੀ ’ਤੇ ਡਿਗ ਪੈਣ,
ਪਰ ਦਿਲ ਵਾਲੇ ਉਡਣ ਆਸਮਾਨ ਤੋਂ ਪਾਰ ਦੋਸਤੋ

ਜ਼ਰਾ ਸੰਭਲ ਕੇ ਚਲੋ ਜ਼ਿੰਦਗੀ ਦੇ ਰਾਹ ’ਤੇ,
ਪੈਰਾਂ ਹੇਠਾਂ ਨਾ ਮਧ ਦੇਣਾ ਕਿਤੇ ਕੋਈ ਲਾਚਾਰ ਦੋਸਤੋ

ਜੋ ਖੜ੍ਹਦੇ ਨੇ, ਉਹਨਾਂ ਲਈ ਹੀ ਇਹ ਦੀਵਾਰ ਹੈ,
ਜੋ ਤੁਰਦੇ ਨੇ ਉਹਨਾਂ ਲਈ ਸੰਸਾਰ ਨਹੀਂ ਦੀਵਾਰ ਦੋਸਤੋ

**

5.    ਰੁੱਖ

ਰੁੱਖ ਨੇ ਸਾਡੇ ਯਾਰ
ਯਾਰੋ, ਰੁੱਖ ਨੇ ਸਾਡੇ ਯਾਰ,
ਕਰੋ ਇਨ੍ਹਾਂ ਨੂੰ ਦਿਲੋਂ ਪਿਆਰ

ਹਰੇ, ਭਰੇ ਰੁੱਖਾਂ ਨੂੰ ਵੱਢਣਾ,
ਯਾਰੋ ਇਹ ਨਹੀਂ ਚੰਗੀ ਕਾਰ

ਪੰਛੀ ਸਾਥੋਂ ਡਰ ਕੇ ਵਿਚਾਰੇ,
ਇਨ੍ਹਾਂ ਵੱਲ ਜਾਣ ਉਡਾਰੀ ਮਾਰ

ਸਾਹ ਲੈਣ ਲਈ ਆਕਸੀਜਨ ਦੇ ਕੇ,
ਜਿਉਂਦਾ ਰੱਖਿਆ ਇਨ੍ਹਾਂ ਸੰਸਾਰ

ਦੇ ਕੇ ਸਭ ਨੂੰ ਠੰਢੀਆਂ ਛਾਵਾਂ,
ਕਰਨ ਪਿਆਰ ਦਾ ਇਹ ਇਜ਼ਹਾਰ

ਇਨ੍ਹਾਂ ਤੇ ਬੈਠ ਕੇ ਕੂਕਦੀਆਂ ਕੋਇਲਾਂ,
ਤਪਦੇ ਹਿਰਦੇ ਦਿੰਦੀਆਂ ਠਾਰ

ਮਹਿਕਾਂ ਵੰਡਦੇ ਫੁੱਲਾਂ ਨੂੰ ਤੱਕ ਕੇ,
ਮੁਰਝਾਏ ਚਿਹਰਿਆਂ ’ਤੇ ਆਏ ਬਹਾਰ

ਉਨ੍ਹਾਂ ਨੂੰ ਦਿੰਦੇ ਇਹ ਸਹਾਰਾ,
ਜੋ ਛੱਡ ਆਂਦੇ ਆਪਣੇ ਘਰ, ਬਾਰ

ਇਹ ਜਨਮ ਤੋਂ ਮੌਤ ਤੱਕ ਸਾਡੇ ਸਾਥੀ,
ਫਿਰ ਵੀ ਇਨ੍ਹਾਂ ’ਚ ਨਾ ਰਤਾ ਹੰਕਾਰ

ਅਸਾਂ ਮਰ ਕੇ ਰਾਖ਼ ਹੈ ਬਣਨਾ,
ਪਰ ਇਹ ਘਰਾਂ ਦਾ ਬਣਨ ਸ਼ਿੰਗਾਰ

ਯਾਰੋ, ਰੁੱਖ ਨੇ ਸਾਡੇ ਯਾਰ,
ਕਰੋ ਇਨ੍ਹਾਂ ਨੂੰ ਦਿਲੋਂ ਪਿਆਰ
ਕਰੋ ਇਨ੍ਹਾਂ ਨੂੰ ਦਿਲੋਂ ਪਿਆਰ

**

6.                    ਕੋਈ

ਲੈਂਦਾ ਰਿਹਾ ਜੀਵਨ ਦੇ ਹਰ ਮੋੜ ’ਤੇ ਮੇਰਾ ਇਮਤਿਹਾਨ ਕੋਈ,
ਡੋਲ ਜਾਂਦਾ ਜੇ ਮੇਰੇ ਥਾਂ ਹੁੰਦਾ ਕਮਜ਼ੋਰ ਇਨਸਾਨ ਕੋਈ।

ਇਹ ਤਾਂ ਦਿਲ ਮੰਨਣ ਦੀ ਗੱਲ ਹੈ, ਐਵੇਂ ਨਾ ਝਗੜੋ ਦੋਸਤੋ,
ਪੜ੍ਹ ਲੈਣ ਦਿਉ ਜੇ ਪੜ੍ਹਨਾ ਚਾਹੁੰਦਾ ਹੈ ਗੀਤਾ ਜਾਂ ਕੁਰਾਨ ਕੋਈ।

ਮਿਲ ਗਏ ਕਿਸੇ ਨੂੰ ਵਿਰਾਸਤ ’ਚ ਮਹਿਲ ਤੇ ਧਨ, ਦੌਲਤ,
ਤੇ ਉਮਰ ਭਰ ਕਮਾਈ ਕਰਕੇ ਵੀ ਪਾ ਨਾ ਸਕਿਆ ਮਕਾਨ ਕੋਈ।

ਜੂਝਦੇ ਲੋਕਾਂ ਨੂੰ ਸਹੀ ਸੇਧ ਦੇ ਕੇ ਹੀ ਕੋਈ ਮਹਾਨ ਬਣਿਆ ਹੈ,
ਸਦਾ ਨਸ਼ੇ ’ਚ ਚੂਰ ਰਹਿ ਕੇ ਕਦ ਬਣਿਆ ਹੈ ਮਹਾਨ ਕੋਈ?

ਕੋਈ ਆਪਣੇ ਦੇਸ਼ ਲਈ ਸਭ ਕੁਝ ਵਾਰਨ ਲਈ ਤਿਆਰ ਹੈ,
ਤੇ ਆਪਣੇ ਦੇਸ਼ ਦਾ ਅੰਨ ਖਾ ਕੇ ਵੀ ਇਸ ਨੂੰ ਨਿੰਦੇ ਸ਼ੈਤਾਨ ਕੋਈ।

ਇਸ ਨਫਰਤ ਦੇ ਤੂਫਾਨ ਨੂੰ ਰੋਕਣਾ ਕਿਹੜਾ ਖੇਡ ਹੈ ‘ਮਾਨ’,
ਇਹ ਤਾਂ ਹੀ ਰੁਕ ਸਕਦਾ ਹੈ, ਜੇ ਬਣੇ ਚੱਟਾਨ ਇਨਸਾਨ ਕੋਈ।

*****

(1096)

About the Author

ਮਹਿੰਦਰ ਸਿੰਘ ਮਾਨ

ਮਹਿੰਦਰ ਸਿੰਘ ਮਾਨ

Rakkaran Dhahan, Shaheed Bhagat Singh Nagar, Punjab, India.
Phone: (91 - 99158 - 03554)
Email: (m.s.mann00@gmail.com)