JagmitSPandher7ਓਏ ਤੁਸੀਂ ਮੇਰਾ ਸਾਰਾ ਕੁਸ ਈ ਲੈ ਲੈਂਦੇ … ਬੇਈਮਾਨੋ … ਪਰ … ਮੇਰਾ ਤਾਂ ਜਹਾਨ ਸੁੰਨਾ ਕਰਤਾ …
(24 ਨਵੰਬਰ 2021)

 

ਮੈਲ਼ੇ ਕੁਚੈਲ਼ੇ ਜਿਹੇ ਕੱਪੜੇ ਪਾਈ ‘ਬੱਲੀ ਬਾਬਾ’ ਸਾਰੀ ਦਿਹਾੜੀ ਪਿੰਡ ਦੇ ਦਰਵਾਜੇ ਕੋਲ ਖੜ੍ਹੇ ਪੁਰਾਣੇ ਬਰੋਟੇ ਨਾਲ ਢੋਅ ਲਾ ਕੇ ਚੁੱਪ ਚਾਪ ਬੈਠਾ ਉਂਗਲੀਆਂ ਦੀਆਂ ਗੱਠਾਂ ਭੰਨਦਾ ਰਹਿੰਦਾਕਿਸੇ ਨਾਲ ਕੋਈ ਗੱਲ ਨਾ ਕਰਦਾਜੇ ਕੋਈ ਉਸ ਨੂੰ ਬੁਲਾਉਂਦਾ ਤਾਂ ਉਹਦੇ ਵੱਲ ਦੇਖ ਛਡਦਾ ਪਰ ਕੋਈ ਹੁੰਗਾਰਾ ਨਾ ਭਰਦਾਪਰ ਜਦੋਂ ਵੀ ਕਦੇ ਨਿੱਕੀਆਂ ਨਿੱਕੀਆਂ ਕੁੜੀਆਂ ਉਸ ਕੋਲੋਂ ਲੰਘਦੀਆਂ ਤਾਂ ਉਹ ਝੱਟ ਸਿੱਧਾ ਜਿਹਾ ਹੋ ਕੇ ਉਹਨਾਂ ਵੱਲ ਝਾਕਦਾ, ਜਿਵੇਂ ਕਿਸੇ ਦੀ ਪਛਾਣ ਕਰ ਰਿਹਾ ਹੋਵੇਫੇਰ ਝੱਟ ਪੁੱਛਦਾ, “ਕੁੜੇ ਨਿੱਕੀਓ, ਇੱਧਰ ਕਿਤੇ ਸਾਡੀ ਪਾਲੋ ਨੀ ਦੇਖੀ?” ਕੁੜੀਆਂ ਦੇ ਕੁਝ ਪੱਲੇ ਤਾਂ ਨਾ ਪੈਂਦਾ ਪਰ ਉਹ ਉਸ ਤੋਂ ਡਰਦੀਆਂ ਹਮੇਸ਼ਾ ਇਹ ਕਹਿ ਕੇ ਭੱਜ ਜਾਂਦੀਆਂ, “ਨਹੀਂ ਬਾਬਾ, ਅਸੀਂ ਨੀ ਦੇਖੀ।” ਉਹ ਦੁਖੀ ਜਿਹਾ ਹੋ ਕੇ ਚੁੱਪ ਵੱਟ ਲੈਂਦਾ ਤੇ ਫੇਰੇ ਬਰੋਟੇ ਨਾਲ ਟੇਢਾ ਜਿਹਾ ਹੋ ਜਾਂਦਾਨੇੜੇ ਬੈਠੇ ਕੁਝ ਬੰਦੇ ਤਾਸ਼ ਖੇਡਦੇ ਰੌਲਾ ਪਾਈ ਜਾਂਦੇ ਤੇ ਕਈ ਵਾਰ ਗਾਲ੍ਹਾਂ ਵੀ ਕੱਢੀ ਜਾਂਦੇਪਰ ਜਦ ਵੀ ਕਿਸੇ ਦੇ ਮੂੰਹੋਂ ਭੈਣ ਦੀ ਗਾਲ਼ ਨਿੱਕਲ ਜਾਂਦੀ ਤਾਂ ਬਾਬਾ ਬੱਲੀ ਅੱਭੜਵਾਹੇ ਅੱਖਾਂ ਕੱਢ ਕੇ, ਪੂਰੇ ਹਰਖ ਨਾਲ ਉੱਚੀ ਅਵਾਜ਼ ਵਿੱਚ, “ਓਏ …. ਤੂੰ …” ਆਖਦਾ ਤੇ ਫੇਰ ਇੱਕ ਦਮ ਚੁੱਪ ਕਰ ਜਾਂਦਾਗਾਲ੍ਹ ਕੱਢਣ ਵਾਲਾ ਉਸਦੇ ਤੇਵਰ ਦੇਖ ਕੇ ਸੁੰਨ ਜਿਹਾ ਹੋ ਜਾਂਦਾ ਤੇ ਚੁੱਪ ਕਰਕੇ ਮੁੜ ਆਪਣੇ ਪੱਤੇ ਫਰੋਲਣ ਲੱਗ ਜਾਂਦਾ

ਸਾਉਣ ਦਾ ਮਹੀਨਾ ਵੀ ਲੰਘ ਚੱਲਿਆ ਸੀ ਪਰ ਬੱਦਲ ਦਾ ਕੋਈ ਫੰਭਾ ਜਿਹਾ ਵੀ ਹਾਲੇ ਤਕ ਅਸਮਾਨ ਵਿੱਚ ਕਿਧਰੇ ਦਿਖਾਈ ਨਹੀਂ ਸੀ ਦਿੱਤਾਹਰ ਕੋਈ ਮੀਂਹ ਨੂੰ ਤਰਸਿਆ ਪਿਆ ਸੀਜੱਗ ਵੀ ਕੀਤਾ ਪਰ ਇੰਦਰ ਦੇਵਤਾ ਫੇਰ ਵੀ ਨਾ ਤਰੁੱਠਿਆਇੱਕ ਦਿਨ ਕੁਝ ਛੋਟੀਆਂ ਵੱਡੀਆਂ ਕੁੜੀਆਂ ਨੇ ਰਲ਼ ਮਿਲ਼ ਕੇ ਗੁੱਡੀ ਫੂਕਣ ਦੀ ਤਿਆਰੀ ਕਰ ਲਈਮਿੱਠੀਆਂ ਰੋਟੀਆਂ ਤੇ ਗੁਲਗਲੇ ਪਕਾ ਕੇ, ਲੀਰਾਂ ਦੀ ਸੋਹਣੀ ਜਿਹੀ ਗੁੱਡੀ ਬਣਾ ਲਈ ਕੁੜੀਆਂ ਨੇ ਉਸ ਗੁੱਡੀ ਨੂੰ ਛੋਟੀ ਜਿਹੀ ਸੀੜ੍ਹੀ ’ਤੇ ਲਿਟਾ ਕੇ ਚਾਰ ਨਿਆਣਿਆਂ ਨੂੰ ਕਾਨ੍ਹੀਂ ਬਣਾ ਲਿਆ ਤੇ ਆਪ ਉਸਦੇ ਪਿੱਛੇ ਵੈਣ ਪਾਉਂਦੀਆਂ ਉਸ ਨੂੰ ਫੂਕਣ ਤੁਰ ਪਈਆਂਜਦ ਉਹ ਦਰਵਾਜੇ ਕੋਲੋਂ ਲ਼ੰਘਣ ਲੱਗੀਆਂ ਤਾਂ ‘ਬੱਲੀ ਬਾਬਾ, ਇੱਕ ਦਮ ਉੱਠ ਕੇ ਉਹਨਾਂ ਦੇ ਸਾਹਮਣੇ ਖੜ੍ਹਾ ਹੋ ਕੇ ਬੋਲ ਪਿਆ, “ਕੌਣ ਮਰ ਗਿਆ, ਨਿੱਕੀਓ? ਕੀਹਦੇ ਵੈਣ ਪਾਉਨੀਉਂ?ਕੁੜੀਆਂ ਪਹਿਲਾਂ ਤਾਂ ਇੱਕ ਦਮ ਠਠੰਬਰ ਜਿਹੀਆਂ ਗਈਆਂ ਪਰ ਇੱਕ ਵੱਡੀ ਕੁੜੀ ਮੂਹਰੇ ਹੋ ਗਈ, “ਕੋਈ ਨੀ ਮਰਿਆ ਬਾਬਾ, ਅਸੀਂ ਤਾਂ ਗੁੱਡੀ ਫੂਕਣ ਚੱਲੀਆਂ।”

ਨਾ ਇਹ ਮਰਗੀ?ਕਿ ਇਹਨੂੰ ਜਿਉਂਦੀ ਨੂੰ ਈ ਫੂਕ ਦਿਉਂਗੀਆਂ? … ਨਾ ਨਾ ਪੁੱਤ, ਇਉਂ ਨਾ ਕਰਿਓ ….” ਬਾਬੇ ਨੇ ਹੱਥ ਬੰਨ੍ਹ ਕੇ ਤਰਲਾ ਜਿਹਾ ਕੀਤਾ

ਓ ਨਹੀਂ ਬਾਬਾ, ਇਹ ਤਾਂ ਲੀਰਾਂ ਦੀ ਐਮੀਂਹ ਪਵਾਉਣ ਖਾਤਰ ਫੂਕਣ ਚੱਲੀਆਂ ਆਂ।” ਇੱਕ ਸਿਆਣੀ ਕੁੜੀ ਨੇ ਉਸਦੇ ਨੇੜੇ ਨੂੰ ਹੋ ਕੇ ਉੱਚੀ ਅਵਾਜ਼ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ

ਅੱਛਾ … ਅੱਛਾ, … ਮੈਂ ਤਾਂ ਸਮਝਿਆ …ਨਾ ਫੇਰ ਇਹਨੂੰ ਫੂਕੇ ਤੋਂ ਮੀਂਹ ਪੈ ਜੂ ਗਾ?” ਉਸਦੀ ਕਹੀ ਗੱਲ ਸੁਣ ਕੇ ਡਰੀਆਂ ਹੋਈਆਂ ਕੁੜੀਆਂ ਵੀ ਕੁਝ ਨੇੜੇ ਨੂੰ ਹੋ ਗਈਆਂ

ਕਹਿੰਦੇ ਨੇ ਬਈ ਪੈ ਜਾਂਦਾ ਐ।” ਇੱਕ ਕੁੜੀ ਨੇ ਜਵਾਬ ਦਿੱਤਾ

ਸਭ ਝੂਠ … ਗੱਪ … ਐਵੇਂ ਕੁਫ਼ਰ … ਜਦੋਂ ਸਾਡੀ ਪਾਲੋ ਜਿਉਂਦੀ ਜਾਗਦੀ ਜਾਲ਼ ’ਤੀ ਸੀ ਉਦੋਂ ਤਾਂ ਪਿਆ ਨੀ? ਉਦੋਂ ਤਾਂ ਕਿਸੇ ਦੇਵਤੇ ਨੂੰ ਤਰਸ ਨੀ ਆਇਆ, ਹੁਣ ਲੀਰਾਂ ਜਾਲ਼ ਕੇ ਕਿਵੇਂ …” ਬਾਬਾ ਉੱਚੀ ਉੱਚੀ ਹੱਸਣ ਤੇ ਫੇਰ ਧਾਹਾਂ ਮਾਰਨ ਲੱਗ ਪਿਆਤਾਸ਼ ਖੇਡਦੇ ਬੰਦਿਆਂ ਨੇ ਉਸ ਨੂੰ ਫੜ ਕੇ ਥੜ੍ਹੇ ’ਤੇ ਲੈ ਆਂਦਾ ਤੇ ਕੁੜੀਆਂ ਨੂੰ ਚਲੇ ਜਾਣ ਦਾ ਇਸ਼ਾਰਾ ਕਰ ਦਿੱਤਾਕੁੜੀਆਂ ਕੁਝ ਚਿਰ ਚੁੱਪ ਕਰਕੇ ਤੁਰੀਆਂ ਗਈਆਂ ਤੇ ਅੱਗੇ ਜਾ ਕੇ ਫੇਰ ਵੈਣ ਪਾਉਣ ਲੱਗ ਪਈਆਂ ਤੇ ਗੁੱਡੀ ਫੂਕ ਕੇ ਮਿੱਠੀਆਂ ਰੋਟੀਆਂ ਤੇ ਗੁਲਗਲੇ ਖਾ ਕੇ ਘਰਾਂ ਨੂੰ ਪਰਤ ਗਈਆਂਮੀਂਹ ਤਾਂ ਨਹੀਂ ਪਿਆ ਪਰ ਅੱਜ ਸੱਥ ਵਿੱਚ ਲਗਭਗ ਵੀਹ ਸਾਲ ਪਹਿਲਾਂ ਸ਼ੁਰੂ ਹੋਈ ਇੱਕ ਭਿਆਨਕ ਕਹਾਣੀ ਸ਼ੁਰੂ ਹੋ ਗਈ ਉਦੋਂ ਇਹ ਦਰਵੇਸ਼ ‘ਬੱਲੀ ਬਾਬਾ’ ਨਹੀਂ ਸਗੋਂ ਬਲਦੇਵ ਜਾਂ ਸਿਰਫ ਬੱਲੀ ਹੀ ਸੀਵਕਤ ਪਿੱਛੇ ਮੁੜ ਗਿਆ

ਭਿਆਨਕ ਸੜਕ ਹਾਦਸੇ ਨੇ ਨਿਗਲੇ ਬਾਪੂ ਤੇ ਬੇਬੇ ਦੀਆਂ ਵਿਹੜੇ ਵਿੱਚ ਰੱਖੀਆਂ ਲਾਸ਼ਾਂ ਦੇ ਵਿਚਕਾਰ ਹਾਲੋਂ ਬੇਹਾਲ ਹੋਇਆ ਚੀਕਾਂ ਮਾਰਦਾ ਨਿੱਕਾ ਜਿਹਾ ਬੱਲੀ ਅਤੇ ਭੂਆ ਦੇ ਗੋਡੇ ਨੂੰ ਚਿੰਬੜੀ ਹੋਈ ਡੌਰ ਭੌਰ ਹੋਈ ਉਸ ਤੋਂ ਵੀ ਨਿੱਕੀ ਬੇਸਮਝ ਪਾਲੋ ਮਾਪਿਆਂ ਵਾਹਰੇ ਹੋ ਗਏ ਸਨਨਿੱਕੀਆਂ ਜਿੰਦਾਂ ’ਤੇ ਭਾਰੀ ਬਿਪਤਾ ਆ ਪਈ ਸੀ। ਭਾਵੇਂ ਬੱਲੀ ਰਿਸ਼ਤੇਦਾਰਾਂ ਤੇ ਆਂਢੀਆਂ ਗੁਆਂਢੀਆਂ ਵਿੱਚ ਘਿਰਿਆ ਬੈਠਾ ਸੀ ਅਤੇ ਹਰ ਕੋਈ ਉਸ ਨੂੰ ਦਿਲਾਸਾ ਦੇ ਰਿਹਾ ਸੀ ਪਰ ਉਸ ਨੂੰ ਤਾਂ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾਐਨਾ ਇਕੱਠ ਹੋਣ ਦੇ ਬਾਵਜੂਦ ਵੀ ਉਸ ਨੂੰ ਆਪਣਾ ਘਰ ਖਾਲੀ ਹੋ ਗਿਆ ਮਹਿਸੂਸ ਹੋ ਰਿਹਾ ਸੀਉਹ ਤਾਂ ਬੱਸ ਆਲੇ ਦੁਆਲੇ ਤੋਂ ਆ ਰਹੀਆਂ ਹਦਾਇਤਾਂ ਦੀ ਪੁਤਲੀ ਵਾਂਗ ਪਾਲਣਾ ਕਰੀ ਜਾ ਰਿਹਾ ਸੀਸਸਕਾਰ ਦੀ ਤਿਆਰੀ ਹੋ ਗਈਜਦੋਂ ਸਿਵਿਆਂ ਵਿੱਚ ਚਿਣੀਆਂ ਲੱਕੜਾਂ ਤੇ ਬਰੋ ਬਰੋਬਰ ਰੱਖੀਆਂ ਲਾਸ਼ਾਂ ਨੂੰ ਅਗਨੀ ਦੇਣ ਲਈ ਉਸ ਨੂੰ ਮੂਹਰੇ ਕੀਤਾ ਤਾਂ ਉਸ ਦੀਆਂ ਚੀਕਾਂ ਨਿੱਕਲ ਗਈਆਂ, “ਓਏ ਨਾ ਓਏ, ਹਾਏ ਓਏ, ਇਹ ਤਾਂ ਮੱਚ ਜਾਣਗੇ।” ਭੋਲ਼ੀ ਜਿਹੀ ਅਵਾਜ਼ ਨੇ ਸਾਰੇ ਇਕੱਠ ਨੂੰ ਬੇਹੱਦ ਭਾਵੁਕ ਕਰ ਦਿੱਤਾਸਭਨਾਂ ਦੇ ਹੱਥ ਆਪਣੀਆਂ ਅੱਖਾਂ ਉੱਪਰ ਚਲੇ ਗਏਪਰ ਰਸਮਾਂ ਤਾਂ ਰਸਮਾਂ ਸਨ, ਨਿਭਾਉਣੀਆਂ ਹੀ ਸੀ, ਨਿਭਦੀਆਂ ਚਲੀਆਂ ਗਈਆਂ

ਬੇਬੇ ਤੇ ਬਾਪੂ ਦੇ ਭੋਗ ਤਕ ਤਾਂ ਆਂਢ ਗੁਆਂਢ, ਸ਼ਰੀਕੇ ਕਬੀਲੇ ਤੇ ਰਿਸ਼ਤੇਦਾਰਾਂ ਦੇ ਆਉਣ ਜਾਣ ਨੇ ਬੱਲੀ ਨੂੰ ਕੁਝ ਢਾਰਸ ਦੇਈ ਰੱਖੀ ਪਰ ਭੋਗ ਤੋਂ ਬਾਅਦ ਕੁਝ ਇੱਕ ਨੂੰ ਛੱਡ ਕੇ ਹਰ ਕੋਈ ਇਹ ਸਿੱਖਿਆ ਦਿੰਦੇ ਹੋਏ ਤੁਰ ਗਿਆ, “ਲੈ ਭਾਈ ਬਲਦੇਵ ਸਿਆਂ, ਹੁਣ ਵੱਡੀ ਜਿੰਮੇਦਾਰੀ ਆ ਪਈ ਐ ਤੇਰੇ ’ਤੇ, ਸਿਆਣਾ ਬਣੀਂਜੁਆਕੜੀ ਵੀ ਪਾਲਣੀ ਐਂ।”

ਕੁਝ ਹੀ ਦਿਨਾਂ ਵਿੱਚ ਬੇਲੀ ਨੂੰ ਪੂਰੀ ਤਰ੍ਹਾਂ ਅਹਿਸਾਸ ਹੋ ਗਿਆ ਕਿ ਸੱਚਮੁੱਚ ਹੀ ਹੁਣ ਵੱਡੀ ਜ਼ਿੰਮੇਵਾਰੀ ਉਸ ਉੱਤੇ ਆ ਪਈ ਹੈਉਸਨੇ ਜ਼ਿੰਮੇਵਾਰੀ ਬੜੇ ਹੌਸਲੇ ਨਾਲ ਨਿਭਾਉਣ ਦਾ ਤਹੱਈਆ ਕਰ ਲਿਆਆਪਣੇ ਬਸਤੇ ਵਿੱਚੋਂ ਤੀਜੀ ਵਾਲੀਆਂ ਕਿਤਾਬਾਂ ਕੱਢ ਕੇ ਪਹਿਲੀ ਵਾਲਾ ਕੈਦਾ ਪਾ ਦਿੱਤਾਪਹਿਲੇ ਦਿਨ ਪਾਲੋ ਨੂੰ ਤਿਆਰ ਕਰਕੇ ਉਂਗਲ ਫੜਾ ਜਦ ਉਹ ਸਕੂਲ ਲੈ ਕੇ ਗਿਆ ਤਾਂ ਉਹ ਆਪਣੇ ਵੱਲ ਉਤਸੁਕਤਾ ਨਾਲ ਝਾਕਦੇ ਆਪਣੇ ਜਮਾਤੀਆਂ ਤੋਂ ਨਜ਼ਰ ਬਚਾਉਂਦਾ ਹੋਇਆ ਸਿੱਧਾ ਅਧਿਆਪਕਾਂ ਵੱਲ ਨੂੰ ਹੋ ਗਿਆ

“ਆ ਬਈ ਬਲਦੇਵ, ਬੜੀ ਮਾੜੀ ਗੱਲ ਹੋਈ।” ਇੱਕ ਅਧਿਆਪਕ ਨੇ ਹਮਦਰਦੀ ਜ਼ਾਹਰ ਕੀਤੀਬੱਲੀ ਤੋਂ ਕੁਝ ਵੀ ਬੋਲ ਨਾ ਹੋਇਆ, ਬੱਸ ਸਿਰ ਹਿਲਾ ਕੇ ਨੀਵੀਂ ਪਾ ਲਈ

“ਹੁਣ ਫੇਰ ਇਹਨੂੰ ਵੀ ਦਾਖਲ ਕਰਾਉਣ ਅਇਐਂ?ਅਧਿਆਪਕ ਨੇ ਪਾਲੋ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ

“ਜੀ, … ਹਾਂ।” ਬੱਲੀ ਦੇ ਮੂਹੋਂ ਮਸਾਂ ਨਿੱਕਲਿਆ

“ਦੇਖ ਬਲਦੇਵ, ਇਹਨੂੰ ਤਾਂ ਦਾਖਲ ਕਰ ਹੀ ਲੈਨੇ ਆਂਤੂੰ ਵੀ ਸਕੂਲ ਆਇਆ ਕਰਅਸੀਂ ਤੇਰਾ ਨਾਂ ਨੀ ਕੱਟਿਆਘੱਟੋ ਘੱਟ ਅੱਠ ਜਮਾਤਾਂ ਤਾਂ ਇੱਥੇ ਪਿੰਡ ਈ ਹੋ ਜਾਣੀਆਂ ਨੇ।” ਅਧਿਆਪਕ ਨੇ ਬੱਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ

“ਬੱਸ ਜੀ, ਹੁਣ ਕਿੱਥੇ …” ਬੱਲੀ ਨੇ ਅੱਖਾਂ ਭਰ ਲਈਆਂਦਾਖਲੇ ਵਾਲੇ ਫਾਰਮ ’ਤੇ ਦਸਤਖਤ ਕਰ ਕੇ ਉਹ ਡਰੀ ਜਿਹੀ ਖੜ੍ਹੀ ਪਾਲੋ ਦੇ ਕੰਨ ਵਿੱਚ ਕੁਝ ਕਹਿ ਕੇ ਜਲਦੀ ਨਾਲ ਸਕੂਲ ਵਿੱਚੋਂ ਬਾਹਰ ਹੋ ਗਿਆ

ਬੱਸ ਫੇਰ ਅਗਲੇ ਦਿਨ ਤੋਂ ਪਾਲੋ ਨੂੰ ਤਿਆਰ ਕਰਨਾ, ਖੁਆ ਪਿਆ ਕੇ ਉਂਗਲ ਲਾ ਸਕੂਲ ਛੱਡ ਕੇ ਆਉਣਾ ਅਤੇ ਛੁੱਟੀ ਵੇਲੇ ਉਸ ਨੂੰ ਸਕੂਲੋਂ ਲੈ ਕੇ ਆਉਣਾ, ਉਸਦਾ ਨਿੱਤ ਨੇਮ ਬਣ ਗਿਆਦਿਨ ਮਹੀਨੇ ਸਾਲ ਬੀਤਦੇ ਗਏ, ਬੱਲੀ ਉਡਾਰ ਹੋਣ ਦੇ ਨਾਲ ਨਾਲ ਹੋਰ ਸਿਆਣਾ ਤੇ ਜ਼ਿੰਮੇਵਾਰ ਹੁੰਦਾ ਗਿਆਕਦੇ ਮਾਮਾ, ਕਦੇ ਭੂਆ ਵੀ ਸਹਾਰਾ ਦਿੰਦੇ ਰਹੇ

ਹੌਲੀ ਹੌਲੀ ਘਰ ਅਤੇ ਖੇਤ, ਦੋਨਾਂ ਦਾ ਜ਼ਿੰਮਾ ਬੱਲੀ ਨੇ ਪੂਰੀ ਤਰ੍ਹਾਂ ਸਾਂਭ ਲਿਆਉਸਦੇ ਮਨ ਵਿੱਚ ਚੌਵੀ ਘੰਟੇ ਪਾਲੋ ਦਾ ਫਿਕਰ ਰਹਿੰਦਾਉਸਨੇ ਕਿਸੇ ਗੱਲੋਂ ਵੀ ਪਾਲੋ ਨੂੰ ਕਦੇ ਕੋਈ ਘਾਟ ਮਹਿਸੂਸ ਨਹੀਂ ਹੋਣ ਦਿੱਤੀਆਪਦਾ ਭਰਿਆ ਮਨ ਅੰਦਰ ਵੜ ਕੇ ਹੌਲਾ ਕਰ ਲੈਂਦਾ ਪਰ ਪਾਲੋ ਨੂੰ ਕਦੇ ਬੇਬੇ ਬਾਪੂ ਦਾ ਚੇਤਾ ਨਹੀਂ ਆਉਣ ਦਿੰਦਾਸਾਰੇ ਪਿੰਡ ਤੇ ਰਿਸ਼ਤੇਦਾਰੀਆਂ ਵਿੱਚ ਉਸ ਦੀਆਂ ਸਿਫ਼ਤਾਂ ਹੁੰਦੀਆਂਹੁਣ ਤਾਂ ਪਾਲੋ ਵੀ ਘਰ ਦੇ ਨਿੱਕੇ ਮੋਟੇ ਕੰਮਾਂ ਨੂੰ ਹੱਥ ਪਾਉਣ ਲੱਗ ਪਈ ਸੀਭਾਵੇਂ ਬੱਲੀ ਉਸ ਨੂੰ ਕੰਮ ਕਰਨੋ ਵਰਜਦਾ ਰਹਿੰਦਾ ਪਰ ਫੇਰ ਵੀ ਉਹ ਬੱਲੀ ਦੇ ਘਰ ਆਉਣ ਤੋਂ ਪਹਿਲਾਂ ਪਹਿਲਾਂ ਛੋਟੇ ਮੋਟੇ ਕਈ ਕੰਮ ਨਿਪਟਾ ਛੱਡਦੀਬੱਲੀ ਬਾਹਰੋਂ ਆ ਕੇ ਉਸ ਨਾਲ ਗੁੱਸੇ ਤਾਂ ਹੁੰਦਾ ਪਰ ਅੰਦਰੋਂ ਅੰਦਰੀ ਖੁਸ਼ ਵੀ ਹੋ ਜਾਂਦਾਨਿੱਕੀ ਭੈਣ ਜਿੰਮੇਵਾਰੀਆਂ ਸੰਭਾਲਦੀ ਉਸ ਨੂੰ ਚੰਗੀ ਲਗਦੀ

ਪਾਲੋ ਨੇ ਅੱਠਵੀਂ ਪਾਸ ਕਰ ਲਈ, ਨੌਂਵੀਂ ਵਿੱਚ ਲਾਗਲੇ ਪਿੰਡ ਜਾਣਾ ਪੈਣਾ ਸੀਬੱਲੀ ਅੰਦਰੋਂ ਡਰਦਾ ਸੀ ਅਤੇ ਪਾਲੋ ਨੂੰ ਬਿਗਾਨੇ ਪਿੰਡ ਪੜ੍ਹਨ ਨਹੀਂ ਸੀ ਭੇਜਣਾ ਚਾਹੁੰਦਾਪਾਲੋ ਵੀ ਉਸਦਾ ਮਨ ਸਮਝਦੀ ਹੋਈ ਆਪਣੇ ਵੀਰ ਤੇ ਕਿਸੇ ਕਿਸਮ ਦਾ ਬੋਝ ਨਹੀਂ ਸੀ ਪਾਉਣਾ ਚਾਹੁੰਦੀਸੋ ਪਾਲੋ ਨੇ ਘਰ ਦਾ ਸਾਰਾ ਕੰਮ ਪੂਰੀ ਤਰ੍ਹਾਂ ਸੰਭਾਲ ਲਿਆਵਕਤ ਨੇ ਉਮਰੋਂ ਵੱਧ ਸਿਆਣਪ ਪੱਲੇ ਪਾ ਦਿੱਤੀਉਸਦੇ ਨਿੱਕੇ ਹੱਥਾਂ ਵਿੱਚ ਤਾਂ ਜਿਵੇਂ ਕੋਈ ਜਾਦੂ ਹੀ ਸੀਥੋੜ੍ਹੇ ਹੀ ਅਰਸੇ ਵਿੱਚ ਉਸਨੇ ਤਾਂ ਘਰ ਦੀ ਵਜਾ ਹੀ ਬਦਲ ਦਿੱਤੀਉਹਨਾਂ ਦੇ ਘਰ ਆਉਣ ਵਾਲਾ ਹਰ ਵਿਅਕਤੀ ਇਸ ਗੱਲੋਂ ਹੈਰਾਨ ਰਹਿ ਜਾਂਦਾ ਕਿ ਪਾਲੋ ਨੇ ਇਹ ਸਹੁਨਰਪੁਣਾ ਕਿੱਥੋਂ ਸਿੱਖਿਆ? ਬੱਲੀ ਅੰਦਰੋਂ ਅੰਦਰੀ ਬਹੁਤ ਖੁਸ਼ ਹੁੰਦਾ ਜਦੋਂ ਉਹ ਆਪਣੀ ਨਿੱਕੀ ਭੈਣ ਦੀਆਂ ਸਿਫ਼ਤਾਂ ਸੁਣਦਾਉਹ ਉਸਦੀ ਕਿਸੇ ਮੰਗ ਨੂੰ ਅਣਗੌਲਿਆ ਨਹੀਂ ਸੀ ਕਰਦਾਖੇਤੀ ਭਾਵੇਂ ਥੋੜ੍ਹੀ ਸੀ ਪਰ ਬੱਲੀ ਦੀ ਸਿਆਣਪ ਅਤੇ ਮਿਹਨਤ ਸਦਕਾ ਚੰਗਾ ਗੁਜ਼ਾਰਾ ਹੋਣ ਲੱਗ ਪਿਆ ਸੀਚੰਗੇ ਦਿਨਾਂ ਨੇ ਪੁਰਾਣੀਆਂ ਸੰਤਾਪੀਆਂ ਯਾਦਾਂ ਧੁੰਦਲੀਆਂ ਕਰ ਦਿੱਤੀਆਂ ਸਨ

ਇੱਕ ਦਿਨ ਬੱਲੀ ਦੇ ਮਾਮੇ ਨੇ ਉਸ ਨਾਲ ਗੱਲ ਚਲਾਈ, “ਕਿਉਂ ਭਾਣਜੇ, ਆਪਾਂ ਹੁਣ ਤੇਰਾ ਵਿਆਹ ਵਿਊਹ ਈ ਨਾ ਕਰ ਲੀਏ?”

ਨਹੀਂ ਮਾਮਾ, ਹਾਲੇ ਕਿੱਥੇ? ਪਹਿਲਾਂ ਆਪਾਂ ਪਾਲੋ ਦਾ ਵਿਆਹ ਕਰਾਂਗੇ, ਫੇਰ ਦੇਖੀ ਜਾਊ।” ਬੱਲੀ ਨੇ ਆਪਣੇ ਮਨ ਦੀ ਗੱਲ ਮਾਮੇ ਨੂੰ ਆਖ ਦਿੱਤੀ

ਗੱਲ ਤਾਂ ਤੇਰੀ ਵੀ ਠੀਕ ਐਚੱਲ ਫੇਰ ਆਪਾਂ ਪਾਲੋ ਵਾਸਤੇ ਈ ਕੋਈ ਥਾਂ ਦੇਖ ਲੈਨੇ ਆਂ?” ਮਾਮੇ ਨੇ ਸਲਾਹ ਦਿੱਤੀ

ਪਰ ਮਾਮਾ, ਉਹ ਤਾਂ ਹਾਲੇ ਬਹੁਤੀ ਨਿਆਣੀ ਐਭੋਰਾ ਭਰ ਤਾਂ ਹੈਹਾਲੇ ਉਹਨੂੰ ਕਿਹੜੀ ਅਕਲ ਐ ਵਿਆਹ ਦੀ?ਬੱਲੀ ਬੋਲਿਆ

ਨਹੀਂ ਭਾਣਜੇ, ਕੁੜੀਆਂ ਜਿੰਨਾ ਛੇਤੀ ਆਵਦੇ ਘਰ ਜਾਣ, ਉੰਨਾ ਈ ਚੰਗਾ ਹੁੰਦਾ ਹੈ। ਚਿੰਤਾ ਮੁੱਕਦੀ ਐਨਾਲੇ ਸੁੱਖ ਨਾਲ ਉੱਨੀ ਵੀਹ ਦੀ ਤਾਂ ਹੋ ਈ ਗਈ ਆ।” ਮਾਮੇ ਨੇ ਸਮਝਾਇਆ

ਚੱਲ ਠੀਕ ਐ ਮਾਮਾ, ਜਿਮੇ ਤੇਰੀ ਮਰਜ਼ੀਪਰ ਸਾਰਾ ਕੁਸ ਤੂੰ ਹੀ ਕਰਨਾ ਹੋਊ ਮੈਂਨੂੰ ਤਾਂ ਭੋਰਾ ਨੀ ਪਤਾ ਕਾਸੇ ਦਾ।” ਬੱਲੀ ਨੂੰ ਮਾਮੇ ਦੀ ਗੱਲ ਜਚ ਗਈ ਸੀ

ਓਏ ਤੂੰ ਚਿੰਤਾ ਨਾ ਕਰ, ਭਾਣਜੇਆਪਾਂ ਰਲਮਿਲ ਕੇ ਸਭ ਕੁਸ ਕਰ ਲਾਂਗੇਸਾਡੇ ਨਾਲ ਦੇ ਪਿੰਡ ਇੱਕ ਮੁੰਡੇ ਦੀ ਦੱਸ ਪਈ ਸੀ ਕੇਰਾਂਉਹਦਾ ਪਤਾ ਕਰਦੇ ਆਂ ਇਕੱਲਾ ਮੁੰਡੈ, ਜ਼ਮੀਨ ਜਾਇਦਾਦ ਵੀ ਤਕੜੀ ਐਜੇ ਬਹੁਤਾ ਮੂੰਹ ਨਾ ਅੱਡਣ ...।” ਮਾਮੇ ਨੇ ਗੱਲ ਸਾਂਝੀ ਕੀਤੀ

ਕੋਈ ਨਾ ਮਾਮਾ, ਜੇ ਕੋਈ ਮੰਗ ਵੀ ਹੋਊ ਤਾਂ ਆਪਾਂ ਪੂਰ ਦਾਂਗੇਬੱਸ ਬੰਦੇ ਚੰਗੇ ਹੋਣਪਾਲੋ ਸੁਖੀ ਵਸੇ, ਖਰਚ ਦਾ ਕੀ ਐ ਆਪਾਂ ਕਰ ਦਿਆਂਗੇ।” ਬੱਲੀ ਤਾਂ ਪਾਲੋ ਖਾਤਰ ਕੁਝ ਵੀ ਕਰਨ ਨੂੰ ਤਿਆਰ ਸੀ

ਮਾਮਾ ਤਾਂ ਸਲਾਹ ਕਰ ਕੇ ਚਲਿਆ ਗਿਆ ਪਰ ਬੱਲੀ ਦਾ ਮਨ ਉਚਾਟ ਜਿਹਾ ਹੋ ਗਿਆਉਹ ਬਾਰ ਬਾਰ ਘਰ ਵਿੱਚ ਤੁਰੀ ਫਿਰਦੀ ਪਾਲੋ ਵੱਲ ਹੀ ਦੇਖੀ ਜਾਵੇ

ਕਿਉਂ ਬਾਈ ਅੱਜ ਸੁਸਤ ਜਿਹਾ ਕਿਉਂ ਐਂ?” ਪਾਲੋ ਨੇ ਅਚਾਨਕ ਪੁੱਛ ਲਿਆ

ਨਹੀਂ ਨਹੀਂ, ਤੈਨੂੰ ਐਵੇਂ ਈ ਲੱਗਿਆ, ਮੈਂ ਤਾਂ ਠੀਕਠਾਕ ਆਂ, ਜਾਹ ਤੂੰ ਰੋਟੀ ਲੈ ਕੇ ਆ।” ਸੰਭਲਦਿਆਂ ਹੋਇਆਂ ਬੱਲੀ ਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ।

ਭਾਵੇਂ ਪਾਲੋ ਹੋਰ ਕੁਝ ਨਹੀਂ ਬੋਲੀ ਪਰ ਉਸ ਨੂੰ ਫਿਕਰ ਜਿਹਾ ਹੋ ਗਿਆਪਾਲੋ ਜਦ ਰੋਟੀ ਲੈ ਕੇ ਆਈ ਤਾਂ ਉਸਨੇ ਬੱਲੀ ਨੂੰ ਫੇਰ ਪੁੱਛਿਆ, “ਬਾਈ ਤੂੰ ਦੱਸ, ਨਾ ਦੱਸ, ਅੱਜ ਕੋਈ ਗੱਲ ਜ਼ਰੂਰ ਐ।”

ਗੱਲ ਨੂੰ ਕੀ ਐਬਹਿ ਜਾ, ਸੁਣ ਲੈਮਾਮਾ ਅੱਜ ਤੇਰੇ ਵਿਆਹ ਦੀ ਗੱਲ ਚਲਾਉਂਦਾ ਸੀ।” ਅੱਖਾਂ ਭਰ ਕੇ ਬੱਲੀ ਮਸਾਂ ਬੋਲਿਆ

ਹੈਂਅ, …. ਨਾ ਬਾਈ ਨਾ, ਪਹਿਲਾਂ ਆਪਾਂ ਭਾਬੀ ਲੈ ਕੇ ਆਵਾਂਗੇ, ਫੇਰ ਦੇਖੀ ਜਾਊਗੀ।” ਪਾਲੋ ਲਾਡ ਨਾਲ ਬੱਲੀ ਦੇ ਸਿਰ ’ਤੇ ਹੱਥ ਮਾਰ ਕੇ ਚਲੀ ਗਈ

ਬੱਲੀ ਪਾਲੋ ਵੱਲ ਦੇਖਦਾ ਹੋਇਆ ਸੋਚਾਂ ਵਿੱਚ ਡੁੱਬ ਗਿਆ ਵੱਡੀ ਰਾਤ ਤਕ ਉਸਦੀ ਅੱਖ ਨਾ ਲੱਗੀ

ਹਫਤੇ ਕੁ ਪਿੱਛੋਂ ਮਾਮਾ ਮੁੰਡੇ ਵਾਲਿਆਂ ਦਾ ਪਤਾ ਸਤਾ ਕਰ ਕੇ ਫੇਰ ਆ ਗਿਆਉਹ ਗੱਲ ਲਗਭਗ ਪੱਕੀ ਹੀ ਕਰ ਅਇਆ ਸੀਪਰ ਫੇਰ ਵੀ ਉਸਨੇ ਬੱਲੀ ਨਾਲ ਸਲਾਹ ਕਰਨੀ ਜ਼ਰੂਰੀ ਸਮਝੀਮਾਮੇ ਨੇ ਗੱਲ ਛੇੜੀ ਤਾਂ ਬੱਲੀ ਨੇ ਬੱਸ ਇੰਨਾ ਹੀ ਕਿਹਾ, “ਦੇਖ ਮਾਮਾ, ਮੈਂਨੂੰ ਨੀ ਕੁਸ ਪਤਾਜੇ ਤੈਨੂੰ ਠੀਕ ਲਗਦਾ ਐ ਤਾਂ ਬੱਸ ਠੀਕ ਐ ਮੈਂਨੂੰ ਤਾਂ ਦੱਸੀ ਜਾਈਂ, ਜਿਵੇਂ ਕਹੇਂਗਾ, ਮੈਂ ਕਰੀ ਜਾਊਂ।”

ਇਹ ਤਾਂ ਠੀਕ ਐ ਪਰ ਰਾਏ ਸਲਾਹ ਕਰਨੀ ਤਾਂ ਜ਼ਰੂਰੀ ਹੁੰਦੀ ਐਬੱਸ ਵਿਆਹ ਛੇਤੀ ਮੰਗਦੇ ਐਨਾਲੇ ਕੁਸ ਮੰਨ ਮਨੌਤੀਆਂ ਵੀ ਕਰਾਉਣਗੇ।” ਮਾਮੇ ਨੇ ਅਗਲੀ ਗੱਲ ਤੋਰੀ

ਤਾਂ ਕੀ ਐ, ਆੜ੍ਹਤੀਏ ਤੋਂ ਮੂਹਰੇ ਫੜ ਲਾਂਗੇਚੰਗਾ ਸਾਕ ਨਾ ਹੱਥੋਂ ਨਿੱਕਲ ਜੇ।” ਬੱਲੀ ਨੇ ਝੱਟ ਸਕੀਮ ਬਣਾ ਲਈ

ਮੁੰਡੇ ਵਾਲਿਆਂ ਨਾਲ ਅੱਗੇ ਗੱਲ ਤੋਰ ਕੇ, ਉਹਨਾਂ ਵੱਲੋਂ ਰੱਖੀਆਂ ਮੰਗਾਂ ਮੰਨ ਕੇ, ਸ਼ਗਨ ਕਰਕੇ ਵਿਆਹ ਰੱਖ ਦਿੱਤਾਪਾਲੋ ਨੂੰ ਵੀ ਸਾਰੀ ਬਿੜਕ ਲੱਗੀ ਤਾਂ ਜਾਂਦੀ ਸੀ ਪਰ ਉਹ ਬੇਵੱਸ ਸੀ ਅਤੇ ਵੀਰੇ ਦੀ ਗੱਲ ਨਹੀਂ ਸੀ ਮੋੜ ਸਕਦੀਭਾਵੇਂ ਉਸ ਮਗਰੋਂ ਬੱਲੀ ਦਾ ਇਕੱਲਾ ਰਹਿ ਜਾਣਾ ਉਸ ਨੂੰ ਬਹੁਤ ਦੁਖੀ ਕਰਦਾ ਸੀ ਉੱਧਰ ਬੱਲੀ ਦਾ ਵੀ ਬੁਰਾ ਹਾਲ ਸੀ ਉਸ ਨੂੰ ਤਾਂ ਪਤਾ ਹੀ ਨਾ ਚਲਦਾ ਕਿ ਉਹ ਕੀ ਕਰੇਅਕਸਰ ਉਹ ਪਾਲੋ ਤੋਂ ਜਾਣ ਬੁੱਝ ਕੇ ਪਾਸਾ ਵੱਟਣ ਲੱਗ ਗਿਆਬੱਸ ਮਾੜੀ ਮੋਟੀ ਗੱਲ ਕਰਕੇ ਉਹ ਪਾਲੋਂ ਕੋਲੋਂ ਭਰੀਆਂ ਅੱਖਾਂ ਲੁਕੋ ਕੇ, ਬਹਾਨਾ ਜਿਹਾ ਬਣਾ ਕੇ ਖਿਸਕ ਜਾਂਦਾਵਿਆਹ ਦੀ ਸਾਰੀ ਤਿਆਰੀ ਦਾ ਭਾਰ ਮਾਮੇ, ਭੂਆ ਤੇ ਹੋਰ ਮਿੱਤਰਾਂ ਦੋਸਤਾਂ ਨੇ ਵੰਡਾ ਲਿਆ ਸੀ

ਵਿਆਹ ਦਾ ਦਿਨ ਆਇਆ ਤਾਂ ਘਰ ਵਿੱਚ ਰੌਣਕਾਂ ਲੱਗ ਗਈਆਂਮਾਮੇ ਤੇ ਭੂਆ ਦੀਆਂ ਸੁਚੇਤ ਰੂਪ ਵਿੱਚ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਾਰੀਆਂ ਰਸਮਾਂ ਤੇ ਬੇਬੇ, ਬਾਪੂ ਦੀ ਅਣਹੋਂਦ ਦਾ ਪ੍ਰਛਾਵਾਂ ਛਾਇਆ ਰਿਹਾਅੱਖਾਂ ਭਰਦੀਆਂ ਤੇ ਸੁੱਕਦੀਆਂ ਰਹੀਆਂਜੰਝ ਢੁੱਕੀ, ਮਿਲਣੀਆਂ ਹੋਈਆਂ, ਅਨੰਦ ਕਾਰਜ ਹੋਏ, ਭੰਗੜੇ ਪਏਮੁੰਡੇ ਦੇ ਮਾਮਿਆਂ, ਫੁੱਫੜਾਂ, ਮਾਸੜਾਂ, ਚਾਚਿਆਂ ਤਾਇਆਂ ਆਦਿ ਸਭਨਾਂ ਦੀ ਕਾਰਮੀ-ਮੰਗ ਅਨੁਸਾਰ ਮੰਨ ਮਨੌਤੀ ਹੋਈਸਭ ਕੁਝ ਬੜੀ ਖੁਸ਼ੀ ਖੁਸ਼ੀ ਨਿੱਬੜ ਗਿਆਡੋਲ਼ੀ ਵਿਦਾ ਕਰਨ ਦੀ ਤਿਆਰੀ ਹੋ ਗਈ

ਮਨ ਤਾਂ ਬੱਲੀ ਦਾ ਸਵੇਰ ਤੋਂ ਹੀ ਕਈ ਵਾਰੀ ਡੋਲਿਆ ਸੀ ਪਰ ਜ਼ਿੰਮੇਵਾਰੀ ਦੇ ਅਹਿਸਾਸ ਨੇ ਉਸ ਨੂੰ ਤਕੜਾ ਕਰੀ ਰੱਖਿਆ ਸੀਜਦ ਪਾਲੋ ਨੇ ਵਿਦਾ ਹੋਣ ਵੇਲੇ ਉਸਦੇ ਗਲ਼ ਨੂੰ ਚਿੰਬੜ ਕੇ ਚੀਕ ਮਾਰੀ, “ਬਾਈ … ਤੂੰ ਤਾਂ ਹੁਣ ਕੱਲਾ … ਰਹਿ ਗਿਆ।” ਬੱਲੀ ਨੇ ਉਸਦੇ ਸਿਰ ਨੂੰ ਬੁੱਕਲ਼ ਵਿੱਚ ਲੈ ਕੇ ਘੁੱਟ ਲਿਆ, ਜ਼ੁਬਾਨ ਠਾਕੀ ਗਈ। ਮਨ ਦੇ ਨਾਲ ਅੱਖਾਂ ਵੀ ਭਰ ਆਈਆਂ ਪਰ ਨਿੱਕੀ ਭੈਣ ਸਾਹਮਣੇ ਉਹ ਆਪਣੀ ਕਮਜ਼ੋਰੀ ਜ਼ਾਹਰ ਨਹੀਂ ਸੀ ਹੋਣ ਦੇਣਾ ਚਾਹੁੰਦਾਡੋਲ਼ੀ ਵਾਲੀ ਗੱਡੀ ਨੂੰ ਅਣਮੰਨੇ ਮਨ ਨਾਲ ਦੋਨਾਂ ਹੱਥਾਂ ਨਾਲ ਧੱਕਾ ਲਾ ਕੇ ਵਿਦਾ ਕਰਨ ਤੋਂ ਪਿੱਛੋਂ, ਉਸਦੇ ਹੁਣ ਤਕ ਮਸਾਂ ਡੱਕ ਕੇ ਰੱਖੇ ਮਨ ਵਿੱਚੋਂ ਭੁੱਬਾਂ ਦਾ ਹੜ੍ਹ ਵਗ ਤੁਰਿਆ ਸੀਉਹ ਧਾਹਾਂ ਮਾਰਦਾ ਝੱਲਿਆ ਨਹੀਂ ਸੀ ਜਾਂਦਾਮਾਂ ਪਿਓ ਦੀ ਅਣਹੋਂਦ ਅੱਜ ਉਸਦੇ ਦਿਲ ਦਿਮਾਗ ’ਤੇ ਬੁਰੀ ਤਰ੍ਹਾਂ ਭਾਰੂ ਸੀਭੂਆ ਨੇ ਆਪਣੀਆਂ ਅੱਖਾਂ ਨੂੰ ਪੂੰਝਦੇ ਹੋਏ ਉਸ ਨੂੰ ਬੁੱਕਲ ਵਿੱਚ ਲੈ ਕੇ ਹੌਸਲਾ ਦਿੱਤਾਹੋਰਨਾਂ ਰਿਸ਼ਤੇਦਾਰਾਂ, ਮਿੱਤਰਾਂ ਦੋਸਤਾਂ ਨੇ ਵੀ ਮੋਢਾ ਥਾਪੜਿਆਬੱਲੀ ਨੇ ਬਹੁਤ ਜ਼ੋਰ ਲਾ ਕੇ ਆਪਣੇ ਆਪ ਨੂੰ ਕੁਝ ਸੰਭਾਲਿਆ ਤੇ ਸਭ ਤੋਂ ਅੱਖ ਬਚਾ ਕੇ ਬਾਹਰਲੀ ਬੈਠਕ ਵਿੱਚ ਜਾ ਵੜਿਆ ਅਤੇ ਬਾਰ ਝੰਬ ਕੇ ਖਾਲੀ ਮੰਜੇ ’ਤੇ ਜਾ ਡਿੱਗਿਆਪਾਲੋ ਦੀਆਂ ਆਪਣੀ ਅਮੜੀ ਤੇ ਬਾਬਲ ਨੂੰ ਮਾਰੀਆਂ ਅਵਾਜ਼ਾਂ ਉਸ ਦੇ ਕੰਨਾਂ ਵਿੱਚ ਗੂੰਜਣ ਲੱਗੀਆਂਜਬਰਦਸਤੀ ਬੰਨ੍ਹ ਮਾਰੇ ਜਜ਼ਬਾਤਾਂ ਦਾ ਹੜ੍ਹ ਇੱਕ ਵਾਰੀ ਫੇਰ ਬੁਰੀ ਤਰ੍ਹਾਂ ਵਹਿ ਤੁਰਿਆਉਸਦੇ ਮਾਮੇ ਨੇ ਸਾਰੀ ਹਾਲਤ ਭਾਂਪ ਕੇ ਸਾਰਾ ਧਿਆਨ ਉਸ ਵੱਲ ਹੀ ਰੱਖਿਆ ਸੀਬੈਠਕ ਦਾ ਬਾਰ ਖੋਲ੍ਹਦੇ ਹੋਏ ਮਾਮੇ ਨੇ ਬੱਲੀ ਨੂੰ ਬੁੱਕਲ ਵਿੱਚ ਲੈ ਲਿਆਦੋਹਾਂ ਨੇ ਹੰਝੂਆਂ ਹਉਕਿਆਂ ਨਾਲ ਮਨ ਹੌਲੇ ਕੀਤੇ ਇੱਕ ਦੂਜੇ ਨੂੰ ਹੌਸਲਾ ਦਿੱਤਾ ਅਤੇ ਬਾਹਰ ਨਿੱਕਲ ਫੇਰ ਜਿੰਮੇਵਾਰੀਆਂ ਨਿਭਾਉਣ ਲੱਗ ਪਏ

ਅਗਲੇ ਦਿਨ ਪਾਲੋ ਅਤੇ ਪ੍ਰਾਹੁਣਾ ਫੇਰੀ ਪਾਉਣ ਆਏ ਤਾਂ ਅੰਦਰ ਵੜਨਸਾਰ ਪਾਲੋ ਤਾਂ ਭੱਜ ਕੇ ਬਲੀ ਨੂੰ ਜਾ ਚਿੰਬੜੀਦੋਹਾਂ ਦੀਆਂ ਅੱਖਾਂ ਨਮ ਤਾਂ ਹੋਈਆਂ ਪਰ ਪਾਲੋ ਦੇ ਚਿਹਰੇ ’ਤੇ ਖੁਸ਼ੀ ਦੀ ਰੌਣਕ ਦੇਖ ਕੇ ਹੀ ਬੱਲੀ ਦੇ ਮਨ ਨੂੰ ਤਸੱਲੀ ਜਿਹੀ ਹੋ ਗਈਰੋਟੀ ਪਾਣੀ ਤੋਂ ਬਾਅਦ ਪਾਲੋ ਤੇ ਪ੍ਰਾਹੁਣੇ ਦੇ ਜਾਣ ਪਿੱਛੋਂ ਭੂਆ ਤੇ ਮਾਮੇ ਨੂੰ ਛੱਡ ਕੇ ਬਾਕੀ ਮੇਲ਼-ਗੇਲ਼ ਵੀ ਵਾਰੀ ਵਾਰੀ ਵਿਦਾ ਹੋ ਗਿਆਬੱਲੀ ਰਹਿੰਦੇ ਕੰਮ ਨਬੇੜਣ ਵਿੱਚ ਰੁੱਝਿਆ ਰਿਹਾਰਾਤ ਨੂੰ ਉਹ ਮੰਜਿਆਂ ’ਤੇ ਪੈ ਤਾਂ ਗਏ ਪਰ ਥੱਕਿਆ ਹੋਣ ਦੇ ਬਾਵਜੂਦ ਨੀਂਦ ਬੱਲੀ ਦੇ ਨੇੜੇ ਤੇੜੇ ਵੀ ਨਾ ਆਈਅੱਚਵੀ ਜਿਹੀ ਲੱਗੀ ਰਹੀਅਖੀਰ ਬੱਲੀ ਤੋਂ ਰਿਹਾ ਨਾ ਗਿਆ, ਉਹ ਬੋਲਿਆਂ,ਮਾਮਾ, ਭਲਾ ਪਾਲੋ ਤੈਨੂੰ ਖੁਸ਼ ਤਾਂ ਲੱਗੀ?”

ਮਾਮੇ ਨੂੰ ਬੱਲੀ ਦੀ ਹਾਲਤ ਦਾ ਪਹਿਲਾਂ ਹੀ ਪਤਾ ਸੀ, “ਖੁਸ਼ ਕਿਉਂ ਨਾ ਹੋਊ ਭਾਣਜੇਸੋਹਣਾ ਸੁਨੱਖਾ ਮੂੰਡੈ, ਘਰ ਬਾਰ ਵਧੀਆ ਬਣਿਆ ਹੋਇਆ ਹੈਹੋਰ ਕੁੜੀਆਂ ਨੂੰ ਚਾਹੀਦਾ ਵੀ ਕੀ ਐ? ਨਾਲੇ ਆਪਾਂ ਕਿਹੜਾ ਕੋਈ ਕਸਰ ਛੱਡੀ ਐ।” ਮਾਮੇ ਦੇ ਬੋਲਾਂ ਨਾਲ ਬੱਲੀ ਦੀ ਸੰਤੁਸ਼ਟੀ ਹੋ ਗਈ ਤੇ ਉਸ ਦਾ ਮਨ ਸ਼ਾਂਤ ਹੋ ਗਿਆ “ਲੱਗਿਆ ਤਾਂ ਮੈਂਨੂੰ ਵੀ ਏਕਣ ਈ ਐ ...।” ਕਹਿੰਦਾ ਹੋਇਆ ਬੱਲੀ ਪਾਸਾ ਮਾਰ ਕੇ ਸੁਪਨਿਆਂ ਵਿੱਚ ਜਾ ਵੜਿਆ

ਵਿਆਹ ਦੇ ਮਾਹੌਲ ਵਿੱਚੋਂ ਨਿੱਕਲ ਸਮਾਂ ਆਪਣੀ ਚਾਲ ਚੱਲਣ ਲੱਗਿਆ ਪਰ ਬੱਲੀ ਦਾ ਮਨ ਕਿਸੇ ਕੰਮ ਵਿੱਚ ਨਾ ਖੁੱਭਦਾਘਰ ਸੁੰਨਾ ਸੁੰਨਾ ਲਗਦਾ। ਬਿੰਦੇ ਝੱਟੇ ਪਾਲੋ ਦੀਆਂ ਬਿੜਕਾਂ ਜਿਹੀਆਂ ਆਈ ਜਾਂਦੀਆਂਇੱਕ ਦਿਨ ਬੱਲੀ ਮਨ ਬਣਾ ਕੇ ਪਾਲੋ ਨੂੰ ਮਿਲਣ ਚਲਾ ਗਿਆਸਾਰੇ ਪਰਿਵਾਰ ਨੇ ਉਸਦਾ ਪੂਰਾ ਆਦਰ ਮਾਣ ਕੀਤਾਉਸਦਾ ਮਨ ਪਾਲੋ ਨੂੰ ਇਕੱਲਿਆਂ ਮਿਲਣ ਨੂੰ ਕਰਦਾ ਸੀ ਪਰ ਮੌਕਾ ਹੀ ਨਹੀਂ ਮਿਲਿਆਵਾਪਸ ਆ ਕੇ ਉਹ ਕੰਮਾਂ ਕਾਰਾਂ ਵਿੱਚ ਰੁੱਝ ਗਿਆਪਰ ਕਦੇ ਕਦੇ ਉਸਦਾ ਮਨ ਪਾਲੋ ਨਾਲ ਗੱਲਾਂ ਕਰਨ ਲਈ ਤਰਸਣ ਲੱਗ ਜਾਂਦਾਪਾਲੋ ਨੇ ਵੀ ਕਈ ਵਾਰ ਪਿੰਡ ਜਾਣ ਦੀ ਇੱਛਾ ਜਤਾਈ ਪਰ ਸਿੱਟਾ ਟਾਲਮਟੋਲ ਹੀ ਨਿੱਕਲਦਾ ਰਿਹਾਬੱਲੀ ਦਾ ਜਦੋਂ ਵੀ ਮਨ ਉਚਾਟ ਹੁੰਦਾ, ਉਹ ਪਾਲੋ ਨੂੰ ਮਿਲਣ ਤੁਰ ਪੈਂਦਾਹੌਲੀ ਹੌਲੀ ਉਸ ਨੂੰ ਇਹ ਗੱਲ ਰੜਕਣ ਲੱਗ ਗਈ ਕਿ ਉਸ ਨੂੰ ਜਾਣ ਬੁੱਝ ਕੇ ਪਾਲੋ ਨਾਲ ਇਕੱਲੇ ਮਿਲਣ ਨਹੀਂ ਦਿੱਤਾ ਜਾ ਰਿਹਾਪਾਲੋ ਦਾ ਉੱਤਰਿਆ ਚਿਹਰਾ ਵੀ ਉਸ ਲਈ ਕਈ ਸ਼ੰਕੇ ਖੜ੍ਹੇ ਕਰ ਗਿਆ

ਇੱਕ ਦਿਨ ਜਦੋਂ ਉਹ ਪਾਲੋ ਨੂੰ ਮਿਲਣ ਗਿਆ ਤਾਂ ਅਜੀਬ ਗੱਲ ਹੋਈ ਕਿ ਪਹਿਲੀ ਵਾਰ ਪਾਲੋ ਇਕੱਲੀ ਚਾਹ ਫੜਾਉਣ ਉਸ ਕੋਲ ਬਾਹਰਲੀ ਬੈਠਕ ਵਿੱਚ ਆਈਦੋਨਾਂ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਸਦੀਆਂ ਦੇ ਵਿਛੜੇ ਮਿਲੇ ਹੋਣਪਾਲੋ ਇੱਕ ਦਮ ਉਸ ਨੂੰ ਚਿੰਬੜ ਕੇ ਰੋਣ ਲੱਗ ਪਈਬੱਲੀ ਅੰਦਰੋਂ ਡਰ ਗਿਆ ਪਰ ਉਸਨੇ ਤੁਰੰਤ ਆਪਣੇ ਆਪ ਨੂੰ ਸੰਭਾਲਦੇ ਹੋਏ ਪਾਲੋ ਨੂੰ ਦਿਲਾਸਾ ਦਿੱਤਾ ਅਤੇ ਕਾਰਨ ਪੁੱਛਣ ਦੀ ਕੋਸ਼ਿਸ਼ ਕੀਤੀਪਰ ਪਾਲੋ ਤਾਂ ਆਪਣੇ ਆਪ ਵਿੱਚ ਹੀ ਨਹੀਂ ਸੀ ਆ ਰਹੀਰੋਂਦੀ ਰੋਂਦੀ ਦੇ ਉਸਦੇ ਮੂੰਹੋਂ ਬੱਸ ਐਨਾ ਨਿੱਕਲਿਆ, “ਬਾਈ … ਮੈਂਨੂੰ ਤਾਂ ਬੱ … ਸ ਤੂੰ ਲੈ ਚੱਲ।”

ਬੱਲੀ ਹੋਰ ਵੀ ਡਰ ਗਿਆਉਸਨੇ ਪਾਲੋ ਨੂੰ ਬੁੱਕਲ ਵਿੱਚ ਲੈ ਲਿਆ “ਤੂੰ ਗੱਲ ਤਾਂ ਦੱਸ, ਦੁੱਖ ਤਾਂ ਦੱਸ”? ਬੱਲੀ ਨੇ ਤਰਲਾ ਜਿਹਾ ਕੀਤਾਪਾਲੋ ਚੁੰਨੀ ਨਾਲ ਅੱਖਾਂ ਪੂੰਝ ਕੇ ਆਪਣੇ ਆਪ ਨੂੰ ਸੰਭਾਲਦੇ ਹੋਏ ਬੋਲੀ, “ਬਾਈ, ਪਹਿਲਾਂ ਤਾਂ ਇਹ ਮੈਂਨੂੰ ਦਾਜ ਘੱਟ ਲਿਆਉਣ ਦੇ ਗੱਲੀਂਬਾਤੀਂ ਮਿਹਣੇ ਮਾਰਦੇ ਸੀ … ਪਰ ਹੁਣ ਤਾਂ ਹਰੋਜ਼ ਹੀ ਮੈਂਨੂੰ ਟਰੈਕਟਰ ਲੈਣ ਲਈ ਤੈਥੋਂ ਦੋ ਲੱਖ ਰੁਪਇਆ ਲਿਆਉਣ ਖਾਤਰ ਜ਼ੋਰ ਪਾਈ ਜਾਂਦੇ ਨੇਆਥਣ ਸਵੇਰ ਇਹੀ ਸਿਆਪਾ ਪਿਆ ਰਹਿੰਦੈ ...ਅੱਜ ਵੀ ਇਸੇ ਕਰਕੇ ਮੈਂਨੂੰ ਇਕੱਲੀ ਨੂੰ ਤੇਰੇ ਕੋਲ ਭੇਜਿਐ ...।” ਪਾਲੋ ਦਾ ਮਨ ਫੇਰ ਭਰ ਆਇਆ ਪਰ ਬੱਲੀ ਦੇ ਉਸਦੇ ਸਿਰ ’ਤੇ ਲਗਾਤਾਰ ਫਿਰਦੇ ਹੱਥ ਨੇ ਉਸ ਨੂੰ ਕੁਝ ਮਜ਼ਬੂਤ ਕਰ ਦਿੱਤਾ, “ਮੈਂ ਬਥੇਰਾ ਕਹਿਨੀ ਆਂ ਬਈ ਬਾਈ ਕਿੱਥੋਂ ਦੇਊ ਦੋ ਲੱਖ, ਐਨਾ ਖਰਚ ਤਾਂ ਪਹਿਲਾਂ ਵਿਆਹ ’ਤੇ ਹੋ ਗਿਆ... ਹੁਣ ਤਾਂ ਬਾਈ ਇਹ ਇਉਂ ਵੀ ਕਹਿਣ ਲੱਗਗੇ ਬਈ ਤੇਰਾ ਉੱਥੇ ਦੀ ਜ਼ਮੀਨ ’ਚ ਅੱਧ ਐ।”

ਬੱਲੀ ਨੂੰ ਗੱਲ ਕਾਫੀ ਵਿਗੜੀ ਲੱਗੀ ਪਰ ਉਸਨੇ ਪਾਲੋ ਨੂੰ ਮਹਿਸੂਸ ਨਹੀਂ ਹੋਣ ਦਿੱਤਾ, ਸਗੋਂ ਜਾਣ ਬੁੱਝ ਕੇ ਗੱਲ ਨੂੰ ਪਤਲੀ ਪਾਉਣ ਲੱਗਾ, “ਓ ਕਮਲ਼ੀ, … ਤੂੰ ਨਾ ਦਿਲ ਛੋਟਾ ਕਰਮੈਂ ਆਪੇ ਠੀਕ ਕਰ ਲੂੰ ਸਾਰਾ ਕੁਸ।” ਕਹਿੰਦੇ ਹੋਏ ਬੱਲੀ ਨੇ ਪਾਲੋ ਦਾ ਸਿਰ ਥਪ ਥਪਾਇਆ ਕੁਝ ਚਿਰ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਪਾਲੋ ਦੇ ਮਨ ਨੂੰ ਧਰਵਾਸ ਦਿਵਾ ਕੇ ਬੱਲੀ ਉੱਠ ਖੜ੍ਹਾ ਹੋਇਆਤੁਰਨ ਲੱਗੇ ਉਸਨੇ ਘਰ ਦੇ ਅੰਦਰ ਨੂੰ ਨਿਗਾਹ ਮਾਰੀਕੋਈ ਦਿਖਾਈ ਨਾ ਦਿੱਤਾ ਤਾਂ ਉਹ ਪਾਲੋ ਦਾ ਸਿਰ ਪਲੋਸ ਕੇ ਘਰੋਂ ਬਾਹਰ ਹੋ ਗਿਆ

ਰਸਤੇ ਵਿੱਚ ਉਹ ਆਪਣੇ ਹੀ ਮਨ ਵਿੱਚ ਸਕੀਮਾਂ ਬਣਾਉਂਦਾ, ਢਾਹੁੰਦਾ ਰਿਹਾਪਹਿਲਾਂ ਮਾਮੇ ਨਾਲ ਸਲਾਹ ਕਰਨ ਨੂੰ ਮਨ ਕੀਤਾ, ਪਰ ਮਾਮੇ ਦੇ ਸੁਭਾਅ ਤੋਂ ਉਹ ਜਾਣੂ ਸੀ ਤੇ ਡਰਦਾ ਸੀ ਕਿ ਮਾਮਾ ਇਹਨਾਂ ਨਾਲ ਕਲੇਸ਼ ਹੀ ਨਾ ਪਾ ਲਵੇਅਖੀਰ ਉਸਨੇ ਆਪਣੇ ਮਨ ਵਿੱਚ ਆੜ੍ਹਤੀਏ ਤੋਂ ਪੈਸੇ ਫੜਨ ਦੀ ਪੱਕੀ ਸਕੀਮ ਬਣਾ ਲਈ ਅਤੇ ਸਕੂਟਰ ਪਿੰਡ ਦੀ ਬਜਾਏ ਮੰਡੀ ਨੂੰ ਸਿੱਧਾ ਕਰ ਗਿਆ

ਆ ਬਈ ਬੱਲੀ, ਕਿਵੇਂ ਅੱਜ ਕਵੇਲੇ ਜਿਹੇ ਈ ਤੁਰਿਆ ਫਿਰਦੈਂ?” ਸੇਠ ਨੇ ਅੰਦਰ ਵੜਨ ਸਾਰ ਸਵਾਲ ਕਰ ਦਿੱਤਾ

ਕਾਹਦਾ ਤੁਰਿਆ ਫਿਰਦਾਂ ਸੇਠ ਜੀ, ਬੱਸ ਇੱਕ ਤੁਹਾਡੇ ਗੋਚਰੀ ਲੋੜ ਆ ਪਈ ਆਪਣੇ ਕਿਸੇ ਖਾਸ ਰਿਸ਼ਤੇਦਾਰ ਨੂੰ ਜ਼ਰੂਰੀ ਲੋੜ ਪੈਗੀ ਦੋ ਲੱਖ ਰੁਪਇਆਂ ਦੀਦੇਣੇ ਵੀ ਜ਼ਰੂਰ ਪੈਣੇ ਐਂਕੋਈ ਹੀਲਾ ਕਰੋ।”

ਹੈਂਅ ਦੋ ਲੱਖ? ਕਮਲਾ ਨੀ ਬਣੀਦਾ, ਇੰਨੀ ਰਕਮ, ਐਵੈਂ ਨੀ ਕਿਸੇ ਦੀਆਂ ਗੱਲਾਂ ’ਚ ਆਈਦਾਪਿੱਛੋਂ ਕੋਈ ਨੀ ਪੂਛ ਫੜਾਉਂਦਾ।” ਸੇਠ ਨੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ

ਨਹੀਂ ਸੇਠ ਜੀ, ਸਰਨਾ ਨੀ, ਮਜਬੂਰੀ ਐਨਾਲੇ ਬੰਦਾ ਲੋੜ ਪਈ ਤੋਂ ਕੰਮ ਆਉਣਾ ਈ ਚਹੀਦੈਤੁਸੀਂ ਕਰੋ ਕੋਈ ਜੁਗਾੜ।”

ਤੂੰ ਤਾਂ ਕਮਲੈਂ ਬੱਲੀਤੇਰਮੇਂ ਮਹੀਨੇ ਤਾਂ ਪੈਸੇ ਬੰਦਾ ਮਾਰੇ ਤੋਂ ਨੀ ਮਿਲਦੇਨਾਲੇ ਭਾਈ ਸੱਚੀ ਗੱਲ ਤਾਂ ਇਹ ਵੀ ਐ ਕਿ ਤੇਰੇ ਤਾਂ ਵਿਆਹ ਵੇਲੇ ਦੇ ਈ ਦੋ ਫਸਲਾਂ ’ਚ ਮਸਾਂ ਨਿੱਬੜਨਗੇ।” ਸੇਠ ਨੇ ਸੁਣਵਾਈ ਜਿਹੀ ਕਰਕੇ ਬੱਲੀ ਨੂੰ ਟਾਲਣਾ ਚਾਹਿਆ ਪਰ ਬੱਲੀ ਤਾਂ ਜ਼ਿੱਦ ਕਰ ਕਰਕੇ ਬੈਠ ਗਿਆਸੇਠ ਵੀ ਮਨੋ ਮਨੀ ਸਕੀਮ ਲੜਾਉਣ ਲੱਗ ਗਿਆਅਖੀਰ ਸੇਠ ਨੇ ਉਸ ਨੂੰ ਕੱਚਾ ਪੱਕਾ ਜਿਹਾ ਹੁੰਗਾਰਾ ਭਰ ਦਿੱਤਾ

ਦੇਖ ਬੱਲੀ, ਮੇਰੇ ਪੱਲੇ ਤਾਂ ਨੀ ਧੇਲਾ ਵੀ ਇਸ ਵਕਤਪੱਕਾ ਤਾਂ ਨੀ ਕਹਿੰਦਾ ਪਰ ਇੱਕ ਬੰਦਾ ਹੈਗਾਉਹਤੋਂ ਪਤਾ ਕਰ ਲੈਨੇ ਆਂ, ਜੇ ਮੰਨ ਗਿਆਪਰ ਉਹ ਜ਼ਮੀਨ ਲਿਖਾਊਗਾ, ਸਿੱਧੀ ਜਿਹੀ ਗੱਲ ਐਤੂੰ ਗੁੱਸਾ ਨਾ ਕਰੀਂ।” ਸੇਠ ਨੇ ਢੰਗ ਨਾਲ ਦਾਅ ਖੇਡਿਆ

ਗੁੱਸਾ ਕਾਹਦਾ ਕਰਨੈ ਸੇਠ ਜੀਇਹ ਤਾਂ ਵਿਹਾਰੀ ਗੱਲ ਐਬੱਸ ਤੁਸੀਂ ਕਰ ਦਿਉ ਕੰਮ ਇੱਕ ਦੋ ਦਿਨ ’ਚ ਈ, ਜਿਮੇ ਵੀ ਹੁੰਦਾ ਹੈ।” ਬੱਲੀ ਨੂੰ ਕੰਮ ਬਣਦਾ ਦੇਖ ਕੇ ਕਾਹਲੀ ਹੋ ਗਈ ਸੀ

ਨਾ ਇੱਡੀ ਛੇਤੀ ਨੀ ਹੋਣੀਨਾਲੇ ਹਾਲੇ ਤਾਂ ਮੈਂ ਪਤਾ ਕਰਦਾਂਦਸ ਪੰਦਰਾਂ ਦਿਨ ਤਾਂ ਘੱਟੋ ਘੱਟ ਲੱਗ ਈ ਜਾਣੇ ਨੇ।” ਸੇਠ ਨੇ ਬੱਲੀ ਦੀ ਕਾਹਲੀ ਨੂੰ ਕੁਝ ਠੰਢਾ ਜਿਹਾ ਪਾ ਦਿੱਤਾ

ਚੱਲ ਫੇਰ ਕੋਈ ਨਾ, ਪਰ ਕੰਮ ਹੋ ਜੇ ਜਰੂਰ।” ਬੱਲੀ ਕੁਝ ਹੌਸਲੇ ਜਿਹੇ ਨਾਲ ਉੱਠਦਾ ਹੋਇਆ ਹੱਥ ਜੋੜ ਕੇ ਤੁਰਨ ਲੱਗਿਆ

ਦੇਖ ਬਈ ਮੈਂ ਤਾਂ ਆਪਦੇ ਵੱਲੋਂ ਪੂਰੀ ਵਾਹ ਲਾਊਂ, ਤੇਰੇ ਕਰਕੇਪਰ ਗੱਲ ਤਾਂ ਬਿਗਾਨੇ ਵੱਸ ਐ ਨਾ।” ਸੇਠ ਨੇ ਪੂਰੀ ਗਿਣਤੀ ਮਿਣਤੀ ਲਾ ਲਈ ਸੀ

ਕੁਵੇਲਾ ਹੁੰਦਾ ਦੇਖ ਕੇ ਬੱਲੀ ਕਾਹਲੀ ਨਾਲ ਪਿੰਡ ਨੂੰ ਤੁਰ ਗਿਆਸਮੱਸਿਆ ਦਾ ਕੁਝ ਰਾਹ ਜਿਹਾ ਬਣਦਾ ਦੇਖ ਬੱਲੀ ਨੂੰ ਤਸੱਲੀ ਜਿਹੀ ਹੋ ਗਈ ਸੀਇੱਕ ਵਾਰੀ ਤਾਂ ਬੱਲੀ ਦੇ ਮਨ ਵਿੱਚ ਅਇਆ ਕਿ ਪਾਲੋ ਦੇ ਸਹੁਰੀਂ ਜਾ ਕੇ ਦੱਸ ਆਵੇ ਕਿ ਟਰੈਕਟਰ ਵਾਸਤੇ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਪਰ ਫੇਰ ਉਸਨੇ ਸੋਚਿਆ ਕਿ ਪੈਸੇ ਨਾਲ ਲੈ ਕੇ ਹੀ ਜਾਇਆ ਜਾਵੇ, ਖਾਲੀ ਜਾਣ ਦੀ ਕੀ ਤੁਕ ਐਉਹ ਆੜ੍ਹਤੀਏ ਕੋਲ ਦੂਜੇ ਚੌਥੇ ਦਿਨ ਗੇੜਾ ਮਾਰਦਾ ਰਿਹਾਦਸ ਕੁ ਦਿਨ ਲੰਘ ਗਏ ਤਾਂ ਬੱਲੀ ਨੂੰ ਸੇਠ ਦਾ ਜ਼ਮੀਨ ਦੇ ਨੰਬਰ ਲੈ ਕੇ ਆਉਣ ਦਾ ਸੁਨੇਹਾ ਆ ਗਿਆ ਅਤੇ ਉੱਧਰ ਪਾਲੋ ਦੇ ਸਹੁਰੀਂ ਪਾਲੋ ਨਾਲ ਕਲੇਸ਼ ਵੀ ਦਿਨੋ ਦਿਨ ਲਗਾਤਾਰ ਵਧਦਾ ਚਲਾ ਗਿਆਕੁੱਟ ਮਾਰ ਹਰ ਰੋਜ਼ ਦਾ ਸਿਲਸਿਲਾ ਬਣ ਗਿਆਇੱਕ ਦਿਨ ਤਾਂ ਪਾਲੋ ਨੇ ਰੋਂਦੀ ਕੁਰਲਾਉਂਦੀ ਨੇ ਕਹਿ ਹੀ ਦਿੱਤਾ, “ਮੈਂ ਨੀ ਆਪਦੇ ਬਾਈ ਨੂੰ ਦੁਖੀ ਕਰਨਾ, ਉਹ ਵਿਚਾਰਾ ਕਿੱਥੋਂ ਦੇਊ ਇੰਨੀਆਂ ਪੈਸੇ?”

ਅੱਛਾ … ਉਹ ਵਿਚਾਰਾ! ਉਦੋਂ ਨੀ ਸੀ ਪਤਾ ਕੀਹਦੇ ਨਾਲ ਮੱਥਾ ਲਾਇਐ? ਜਾਹ ਫੇਰ ਤੂੰ ਵੀ ਆਪਦੇ ‘ਵਿਚਾਰੇ ਬਾਈ’ ਕੋਲ ਹੀ ਚਲੀ ਜਾਹ … ਜਾਹ ਨਿੱਕਲ ਇੱਥੋਂ।” ਗੁੱਤੋਂ ਫੜ ਕੇ ਥੱਪੜ ਮਾਰਦੇ ਹੋਏ ਪਾਲੋ ਦੇ ਘਰ ਵਾਲੇ ਨੇ ਇੰਨੀ ਬੁਰੀ ਤਰ੍ਹਾਂ ਧੱਕਾ ਦਿੱਤਾ ਕਿ ਪਾਲੋ ਚੀਕ ਮਾਰਦੀ ਹੋਈ ਦੂਰ ਜਾ ਡਿੱਗੀ

ਵੇ ਤੂੰ ਕਾਹਨੂੰ ਆਪਦੇ ਸਿਰ ਲੈਨੈ, ਇਹ ਤਾਂ ਹੈ ਈ ਇਹੋ ਜੀਏਹਨੂੰ ਤਾਂ ਆਪਦੇ ਬਾਈ ਦਾ ਘਰ ਈ ਦੀਂਹਦੈਜਿੱਥੋਂ ਰੋਜ਼ ਡੱਫਦੀ ਐ ਉਹ ਆਪਦਾ ਨੀ ਲੱਗਦਾਕੁਲੱਸ਼ਣੀ ਨਾ ਹੋਵੇ।” ਦੂਰ ਖੜ੍ਹੀ ਦੇਖਦੀ ਪਾਲੋ ਦੀ ਸੱਸ ਨੇ ਭੜਾਸ ਕੱਢੀ

ਡਿੱਗੀ ਪਈ ਪਾਲੋ ਬੇਵਸ ਰੋਂਦੀ ਰਹੀ ਪਰ “ਕੁਲੱਸ਼ਣੀ” ਸ਼ਬਦ ਸੁਣ ਕੇ ਉਹ ਆਪਣੀ ਸੱਸ ਵੱਲ ਇੱਕ ਦਮ ਕੌੜੀ ਝਾਕੀ

ਦੇਖ, ਭਾਈਆਂ ਪਿੱਟੀ ਹਾਲੇ ਵੀ ਕਿਵੇਂ ਡੇਲੇ ਕੱਢਦੀ ਐ?” ਸੱਸ ਨੂੰ ਪਾਲੋ ਦੀ ਝਾਕਣੀ ਨੇ ਹੋਰ ਅੱਗ ਲਾ ਦਿੱਤੀ

ਭਾਈਆਂ ਪਿੱਟੀ ਹੋਵੇਂ ਤੂੰ, ਨਾਲੇ ਤੇਰੇ ਕੁਲੱਗਦੇ, ਭਾਈ ਦੀ ਗਾਲ਼ ਨਾ ਕੱਢੀਂ … ਮੈਂ ਤੈਨੂੰ ਦੱਸਾਂ।” ਉੱਚੀ ਉੱਚੀ ਬੋਲਦੀ ਪਾਲੋ ਤਾਂ ਅੱਗ ਬਬੂਲ਼ਾ ਹੋ ਕੇ ਇੱਕ ਦਮ ਖੜ੍ਹੀ ਹੋ ਗਈ

ਪਾਲੋ ਦੀ ਸੱਸ ਉਹਦੇ ਭਖਦੇ ਚਿਹਰੇ ਵੱਲ ਦੇਖ ਕੇ ਇੱਕ ਦਮ ਠਠੰਬਰ ਗਈਪਾਲੋ ਦੇ ਘਰ ਵਾਲੇ ਨੇ ਪਾਲੋ ਨੂੰ ਘੜੀਸ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਤਾਂ ਕਿ ਅਵਾਜ਼ ਬਾਹਰ ਨਾ ਜਾਵੇ ਉਸ ਨੂੰ ਬਾਹਰੋਂ ਆਪਣੀ ਸੱਸ ਦੀ ਇੰਨੀ ਕੁ ਅਵਾਜ਼ ਸੁਣਾਈ ਦਿੱਤੀ, “ਕਿਵੇਂ ਖੇਖਣ ਕਰਦੀ ਐ? ਕੋਈ ਨਾ ਇਹ ਵੀ ਹਟਾ ਦੂੰਕਰਦੀ ਆਂ ਕੋਈ ’ਲਾਜ।”

ਡਰੀ ਹੋਈ ਪਾਲੋ ਸਾਰੀ ਰਾਤ ਭੁੱਖਣਭਾਣੇ ਰੋਂਦੀ ਰਹੀ

ਆੜ੍ਹਤੀਏ ਨੇ ਕਿਸੇ ਹੋਰ ਜਿਮੀਂਦਾਰ ਦੇ ਨਾਂ ’ਤੇ ਸਾਰੇ ਕਾਗਜ਼ ਤਿਆਰ ਕਰਵਾ ਕੇ ਬੱਲੀ ਵੱਲ ਰਹਿੰਦੀ ਆਪਣੀ ਪਹਿਲੀ ਰਕਮ ਵੀ ਵਿੱਚ ਹੀ ਪਵਾ ਕੇ ਪੱਕਾ ਕੰਮ ਕਰਵਾ ਲਿਆ ਤੇ ਬੱਲੀ ਨੂੰ ਦੱਸ ਵੀ ਦਿੱਤਾ, “ਦੇਖ ਬਈ ਬੱਲੀ, ਤੈਨੂੰ ਮੈਂ ਸਾਰੀ ਗੱਲ ਸਾਫ਼ ਸਾਫ਼ ਦੱਸ ਦਿਆਂ, ਕੋਈ ਉਹਲਾ ਨਹੀਂ ਰਹਿਣਾ ਚਾਹੀਦਾਪਹਿਲੇ ਪੈਸਿਆਂ ਦਾ ਹਿਸਾਬ ਵੀ ਇਹਦੇ ਵਿੱਚ ਹੀ ਪਾ ਦਿੱਤਾ ਐਤੇਰੇ ਕੋਲ ਕੀ ਲਕੋ ਐਅਸਲ ’ਚ ਉਸ ਜੱਟ ਦੇ ਪੈਸੇ ਮੇਰੇ ਸਿਰ ਖੜ੍ਹੇ ਸੀਮੈਂ ਸੋਚਿਆ ਦੋ ਦੋ ਪਾਸੇ ਕਾਹਨੂੰ ਹਿਸਾਬ ਰੱਖਣੈਇੱਕੋ ਪਾਸੇ ’ਕੱਠਾ ਕਰ ਦਿੰਨੇ ਆਂਸਮਝ ਗਿਆ ਨਾ ਤੂੰ?”

ਓਹ ਤਾਂ ਜੀ ਆਹ ਅਗਲੀ ਫਸਲ ’ਚ ਹਿਸਾਬ ਹੋ ਜਾਣਾ ਸੀਚੱਲੋ, ਠੀਕ ਐਜਿਵੇਂ ਥੋਨੂੰ ਠੀਕ ਲੱਗਦੇ ਓਵੇਂ ਸਹੀ।” ਬੱਲੀ ਨੂੰ ਹਾਲੇ ਵੀ ਡਰ ਲਗਦਾ ਸੀ ਕਿ ਸੇਠ ਮੁੱਕਰ ਹੀ ਨਾ ਜਾਵੇਪੰਜ ਲੱਖ ’ਤੇ ਹੱਥ ਵਢਾ ਕੇ, ਦੋ ਲੱਖ ਰੁਪਇਆ ਝੋਲ਼ੇ ਵਿੱਚ ਪਾ ਬੱਲੀ ਤੇਜ਼ੀ ਨਾਲ ਪਿੰਡ ਨੂੰ ਤੁਰ ਪਿਆਪਾਲੋ ਦੇ ਸਹੁਰਿਆਂ ਨੂੰ ਖੁਸ਼ ਕਰਨ ਦੇ ਮਾਰੇ, ਉਸ ਨੇ ਤਾਂ ਇਹ ਵੀ ਨਹੀਂ ਪੁੱਛਿਆ ਕਿ ਜ਼ਮੀਨ ਦੇ ਕਿਹੜੇ ਨੰਬਰ ਕਾਗਜ਼ੀਂ ਚੜ੍ਹ ਗਏ

ਘਰ ਆਏ ਬੱਲੀ ਨੂੰ ਭੂਆ ਨੇ ਬਥੇਰਾ ਪੁੱਛਿਆ ਕਿ ਉਹ ਕਿੱਧਰ ਤੇ ਕੀ ਕਰਦਾ ਫਿਰੀ ਜਾਂਦਾ ਹੈਪਰ ਬੱਲੀ ਨੇ ਬੱਸ ਐਵੈਂ ਬਹਾਨੇ ਜਿਹੇ ਲਾ ਕੇ ਸਾਰ ਦਿੱਤਾ ਰੁਪਇਆਂ ਵਾਲਾ ਝੋਲਾ ਉਸਨੇ ਅਲਮਾਰੀ ਦੇ ਪਿੱਛੇ ਤਸੱਲੀ ਨਾਲ ਲੁਕੋ ਕੇ ਸਾਂਭ ਦਿੱਤਾਪਰ ਫਿਕਰ ਵਿੱਚ ਸਾਰੀ ਰਾਤ ਉਸਦੀ ਅੱਖ ਨਹੀਂ ਲੱਗੀਸਵੇਰੇ ਸਵਖਤੇ ਹੀ ਉੱਠ ਕੇ ਭੂਆ ਨੂੰ ਜਗਾ ਕੇ ਚਾਹ ਧਰਾ ਲਈਭੂਆ ਦੇ ਪੁੱਛਣ ’ਤੇ ਆਖ ਦਿੱਤਾ, “ਮੈਂ ਅੱਜ ਪਾਲੋ ਕੋਲ ਜਾ ਕੇ ਆਉਣੈ।”

ਭੂਆ ਨੂੰ ਹੈਰਾਨੀ ਤਾਂ ਹੋਈ ਪਰ ‘ਚੱਲੋ ਇਹਦਾ ਮਨ ਕਰਦਾ ਹੋਊ’ ਸੋਚ ਕੇ ਕੁਝ ਨਾ ਬੋਲੀ

ਬੱਲੀ ਤਿਆਰ ਹੋਣ ਲੱਗਿਆ ਹੀ ਸੀ ਕਿ ਬਾਹਰਲਾ ਦਰਵਾਜਾ ਖੜਕਿਆਘਰਾਂ ਵਿੱਚੋਂ ਲਗਦਾ ਚਾਚੇ ਦਾ ਮੁੰਡਾ ਆਇਆ ਸੀਉਹ ਅੰਦਰ ਵੜਨ ਸਾਰ ਹੀ ਬੱਲੀ ਨੂੰ ਇੱਕ ਪਾਸੇ ਨੂੰ ਲੈ ਗਿਆ

ਬੱਲੀ, ਖਬਰ ਤਾਂ ਮਾੜੀ ਐਪਾਲੋ ਦੇ ਸਹੁਰਿਆਂ ਤੋਂ ਇੱਕ ਮੂੰਡਾ ਆਇਆ ਸੀ ਹੁਣੇ ... ਤੇ ਕਾਹਲੀ ਕਾਹਲੀ ਇੰਨਾ ਕਹਿ ਕੇ ਭੱਜ ਗਿਆ ਕਿ … ਰਾਤੀਂ ਪਾਲੋ ਨੂੰ ਅਚਾਨਕ ਅੱਗ ਲੱਗ ਗਈ ਐ।” ਉਹਦਾ ਇੰਨਾ ਆਖਿਆ ਸੁਣ ਕੇ ਬੱਲੀ ਦੀ ਧਾਹ ਨਿੱਕਲ ਗਈ “ਹਾਏ ਓਏ, ... ਬੱਸ ਓਹੀ ਹੋ ਗਿਆ ਓਏ … ਲੋਕੋ …”

ਚੀਕ ਸੁਣ ਕੇ ਭੂਆ ਭੱਜੀ ਆਈ, “ਵੇ ਕੀ ਹੋ ਗਿਆ, ਵੈ?

ਕਿਵੇਂ ਲੱਗਗੀ?ਹੋਰ ਕੀ ਦੱਸ ਕੇ … ਗਿਐ? ਜਿਉਂਦੀ ਵੀ ਐ ਕਿ … ਬੱ …ਸ ...?ਚੀਕਾਂ ਮਾਰਦਾ ਬੱਲੀ ਹਾਲੇ ਵੀ ਕੁਝ ਆਸ ਭਾਲਦਾ ਸੀ

ਬੱਸ ਹੋਰ ਨੀ ਕੁਸ ਦੱਸਿਆ … ਉਹ ਤਾਂ ਇੰਨਾ ਕਹਿ ਕੇ ਭੱਜ ਗਿਆਆਪਾਂ ਚਲਦੇ ਆਂ ਹੁਣੇਛੇਤੀ ਕਰ, ਮੈਂ ਆਉਨਾ” ਇੰਨਾ ਆਖ ਉਹ ਮੁੰਡਾ ਤੇਜ਼ੀ ਨਾਲ ਬਾਹਰ ਨਿੱਕਲ ਗਿਆ

ਬੱਲੀ ਨੂੰ ਤਾਂ ਜਿਵੇਂ ਅੱਗ ਹੀ ਲੱਗ ਗਈਉਹ ਤੇਜ਼ੀ ਨਾਲ ਕਦੇ ਅੰਦਰ ਕਦੇ ਬਾਹਰ ਭੱਜਣ ਲੱਗਿਆਭੂਆ ਤਰਲੇ ਜਿਹੀ ਕਰਦੀ ਉਸ ਦੇ ਮਗਰ ਮਗਰ ਫਿਰਦੀ ਲੇਲ੍ਹੜੀਆਂ ਜਿਹੀਆਂ ਕੱਢੀ ਜਾਵੇ, “ਮੈਨੂੰ ਤਾਂ ਦੱਸਦੇ ਕੁਸ … ਵੇ ਦੱਸਦੇ … ਕੀ ਹੋ ਗਿਆ?” ਪਰ ਬੱਲੀ ਨੂੰ ਤਾਂ ਜਾਣੋ ਸੁਣਨੋ ਹੀ ਹਟ ਗਿਆ ਸੀਅਲਮਾਰੀ ਪਿੱਛੇ ਰੱਖਿਆ ਰੁਪਇਆਂ ਵਾਲਾ ਝੋਲ਼ਾ ਚੁੱਕਿਆ ਤੇ ਸਕੂਟਰ ਦੇ ਕਿੱਕ ਮਾਰ ਕੇ ਇੱਕ ਦਮ ਬਾਹਰ ਨਿੱਕਲ ਗਿਆਭੂਆ ਰੋਂਦੀ ਪਿੱਟਦੀ ਰਹਿ ਗਈਪਿੰਡ ਵਿੱਚ ਵੀ ਰੌਲ਼ਾ ਪੈ ਗਿਆਪਰ ਬੱਲੀ ਨੇ ਤਾਂ ਕਿਸੇ ਦੀ ਕੋਈ ਪ੍ਰਵਾਹ ਨਹੀਂ ਕੀਤੀ ਉਸ ਨੂੰ ਤਾਂ ਪੈਸੇ ਲੈ ਕੇ ਪਹੁੰਚਣ ਦੀ ਕਾਹਲ ਸੀਉਹ ਮਨ ਵਿੱਚ ਸੋਚੀ ਜਾਂਦਾ ਸੀ ਕਿ ਇਹ ਸਾਰੇ ਪੈਸੇ ਡਾਕਟਰ ਨੂੰ ਦੇ ਕੇ ਪਾਲੋ ਦਾ ਇਲਾਜ ਕਰਵਾ ਲਵਾਂਗਾਵਾਹੋ ਦਾਹੀ ਸਕੂਟਰ ਭਜਾ ਕੇ ਜਦ ਉਹ ਪਿੰਡੋਂ ਬਾਹਰ ਸਿਵਿਆਂ ਕੋਲ ਪਹੁੰਚਿਆ ਤਾਂ ਉਹ ਬੰਦੇ ਸਿਆਣ ਕੇ ਇੱਕ ਦਮ ਠਠੰਬਰ ਗਿਆਚਿਤਾ ਨੂੰ ਅਗਨੀ ਦੇਣ ਦੀ ਪੂਰੀ ਤਿਆਰੀ ਸੀਬੱਲੀ ਸਕੂਟਰ ਸੁੱਟ ਕੇ, ਭੁੱਬਾਂ ਮਾਰਦਾ ਝੋਲਾ ਚੁੱਕ ਕੇ ਚਿਤਾ ਵੱਲ ਨੂੰ ਭੱਜ ਲਿਆਇਕੱਠੇ ਹੋਏ ਸਾਰੇ ਲੋਕ ਡਰ ਜਿਹੇ ਗਏ ਅਤੇ ਕੁਝ ਤਾਂ ਹੌਲੀ ਹੌਲੀ ਖਿਸਕਣੇ ਹੀ ਸ਼ੁਰੂ ਹੋ ਗਏਚਾਰੇ ਪਾਸੇ ਚੁੱਪ ਛਾ ਗਈ

ਓਏ ਜ਼ਾਲਮੋਂ, … ਓਏ ਪਾਪੀਓ … ਚੀਕਾਂ ਮਾਰਦੇ ਬੱਲੀ ਨੇ ਭੱਜ ਕੇ ਪਾਲੋ ਦੇ ਪ੍ਰਾਹੁਣੇ ਨੂੰ ਧੱਕਾ ਮਾਰ ਕੇ ਉਸਦੇ ਹੱਥੋਂ ਤੀਲਾਂ ਵਾਲੀ ਡੱਬੀ ਖੋਹ ਲਈਨੇੜੇ ਖੜ੍ਹੇ ਹੋਰ ਲੋਕ ਵੀ ਇੱਕ ਦਮ ਪਿੱਛੇ ਹਟ ਗਏ

ਓਏ ਤੁਸੀਂ ਮੇਰਾ ਸਾਰਾ ਕੁਸ ਈ ਲੈ ਲੈਂਦੇ … ਬੇਈਮਾਨੋ … ਪਰ … ਮੇਰਾ ਤਾਂ ਜਹਾਨ ਸੁੰਨਾ ਕਰਤਾ … ਪਾਪੀਓ” ਸੁੰਨ ਹੋਏ ਖੜ੍ਹੇ ਲੋਕਾਂ ਨੂੰ ਬੱਲੀ ਦਾ ਵਿਰਲਾਪ ਅੰਦਰੋਂ ਹਿਲਾ ਰਿਹਾ ਸੀ

ਲਓ ਆਹ ਲੈ ਲੋ … ਆਹ ਐ ਮੇਰੀ ਪਾਲੋ ਦਾ ਹਿੱਸਾ …” ਇੰਨਾ ਕਹਿੰਦੇ ਹੋਏ ਬੱਲੀ ਨੇ ਰੁਪਇਆਂ ਵਾਲਾ ਝੋਲਾ ਚਿਤਾ ਉੱਤੇ ਖਾਲੀ ਕਰ ਦਿੱਤਾ

ਓਏ ਆਹ ਕੀ? ਰੋਕੋ ਭਾਈ ਮੁੰਡੇ ਨੂੰ ...” ਇਕੱਠ ਵਿੱਚੋਂ ਇੱਕ ਅਵਾਜ਼ ਆਈਦੋ ਤਿੰਨ ਜਣੇ ਨੇੜੇ ਨੂੰ ਹੋਣ ਲੱਗੇਪਰ ਬੱਲੀ ਨੇ ਚਿਤਾ ਵਾਲੀਆਂ ਲੱਕੜਾਂ ਵਿੱਚੋਂ ਇੱਕ ਤੈਂਬੜ ਖਿੱਚ ਕੇ ਉੱਗਰ ਲਿਆ, “ਆਓ ਕਿਹੜਾ ਆਉਂਦੈ, … ਹੋਵੋ ਗਾਹਾਂ ਨੂੰ … ਦੇਵਾਂ ਥੋਨੂੰ ਪਾਲੋ ਦਾ ਹਿੱਸਾ … ਆ ਜੋ … ਆ ਜੋ …” ਬੱਲੀ ਦਾ ਭਿਅੰਕਰ ਰੂਪ ਦੇਖ ਕੇ ਚਾਹੁੰਦੇ ਹੋਏ ਵੀ ਕੋਈ ਨੇੜੇ ਨਹੀਂ ਲੱਗਿਆ, ਸਗੋਂ ਤੇਜ਼ੀ ਨਾਲ ਸਾਰੇ ਹੀ ਬੰਦੇ ਵਾਰੀ ਵਾਰੀ ਮੁੜ ਮੁੜ ਕੇ ਚਿਤਾ ਵੱਲ ਟੱਡੀਆਂ ਅੱਖਾਂ ਨਾਲ ਝਾਕਦੇ ਹੋਏ ਖਿਸਕਣ ਲੱਗ ਗਏਬੱਲੀ ਨੇ ਚਾਰੇ ਪਾਸੇ ਘੁੰਮ ਕੇ ਚਿਤਾ ਨੂੰ ਅੱਗ ਲਾ ਦਿੱਤੀਸੁੱਕੀ ਲੱਕੜ ਨੂੰ ਅੱਗ ਇੱਕ ਦਮ ਚੜ੍ਹ ਕੇ ਨੋਟਾਂ ਤਕ ਅੱਪੜ ਗਈਦੂਰ ਖੜ੍ਹਾ ਪਾਲੋ ਦਾ ਪ੍ਰਾਹੁਣਾ ਪਾਲੋ ਦੀ ਚਿਤਾ ਦੀਆਂ ਅਸਮਾਨ ਵੱਲ ਉੱਠਦੀਆਂ ਲਾਟਾਂ ਵਿੱਚੋਂ ਨੋਟਾਂ ਦੀ ਉੱਡਦੀ ਸੁਆਹ ਵੱਲ ਇਉਂ ਤਕ ਰਿਹਾ ਸੀ ਜਿਵੇਂ ਉਸ ਨੂੰ ਨੋਟਾਂ ਦੇ ਜਲਣ ਦਾ ਪਛਤਾਵਾ ਹੋ ਰਿਹਾ ਹੋਵੇਬੱਲੀ ਤੈਂਬੜ ਮੋਢੇ ’ਤੇ ਰੱਖ ਕੇ ਚਿਤਾ ਦੁਆਲੇ ਕਾਹਲੀ ਕਾਹਲੀ ਗੇੜੇ ਕੱਢਦਾ ਉੱਚੀ ਉੱਚੀ ਅਵਾ ਤਵਾ ਬੋਲਣ ਲੱਗ ਪਿਆ ਇੰਨੇ ਨੂੰ ਉਸਦੇ ਆਪਣੇ ਪਿੰਡੋਂ ਕੁਝ ਬੰਦੇ ਪਹੁੰਚ ਗਏਬੱਲੀ ਉਹਨਾਂ ਨੂੰ ਦੇਖ ਕੇ ਹੋਰ ਵੀ ਉੱਚੀ ਉੱਚੀ ਬੋਲਣ ਲੱਗ ਪਿਆ “ਦੇ ਤਾਂ ਚਾਚਾ, ਦੇ … ਤਾ … ਪਾਲੋ ਦਾ ਹਿੱਸਾ ਮੰਗਦੇ ਸੀ … ਔਹ ਦੇ ਤਾ ... ਔਹ ਜਾਂਦੈ ਪਾਲੋ ਦਾ ਹਿੱਸਾ … ਉਹਦੇ ਨਾਲ ਈ।” ਬੱਲੀ ਨੇ ਨੋਟਾਂ ਦੀ ਉੱਡੀ ਜਾਂਦੀ ਸੁਆਹ ਵੱਲ ਹੱਥ ਕਰਕੇ ਚੀਕ ਮਾਰੀ

ਬੱਲੀ ਦੇ ਪਿੰਡ ਦੇ ਬੰਦਿਆਂ ਨੇ ਬੱਲੀ ਨੂੰ ਧੱਕੇ ਨਾਲ ਮਸਾਂ ਚਿਤਾ ਤੋਂ ਪਾਸੇ ਕੀਤਾ ਅਤੇ ਪਿੰਡ ਨੂੰ ਲੈ ਤੁਰੇਉਸਦੇ ਮਾਮੇ, ਭੂਆ ਤੇ ਹੋਰ ਰਿਸ਼ਤੇਦਾਰਾਂ ਨੂੰ ਸਨੇਹੇ ਭੇਜ ਕੇ ਸੱਦ ਲਿਆਪਰ ਬੱਲੀ ਤਾਂ ਚੁੱਪ ਹੀ ਕਰ ਗਿਆਸਾਰਿਆਂ ਨੇ ਰੋ ਪਿੱਟ ਕੇ ਵੀ ਜ਼ੋਰ ਲਾ ਲਿਆ ਪਰ ਬੱਲੀ ਨੇ ਜ਼ਬਾਨ ਨਹੀਂ ਖੋਲ੍ਹੀਉਹ ਤਾਂ ਬੱਸ ਸਾਹਮਣੇ ਵਾਲੇ ਬੰਦੇ ਵੱਲ ਇੱਕ ਟੱਕ ਅੱਖਾਂ ਟੱਡ ਕੇ ਸਵਾਲੀਆ ਨਜ਼ਰ ਨਾਲ ਝਾਕੀ ਜਾਂਦਾ ਸੀਸਭਨਾਂ ਨੂੰ ਹੁਣ ਬੱਲੀ ਦਾ ਫਿਕਰ ਲੱਗ ਗਿਆ ਸੀ।

ਕੁਝ ਹੀ ਦਿਨਾਂ ਪਿੱਛੋਂ ਕਿਸਾਨ ਯੂਨੀਅਨ ਅਤੇ ਹੋਰ ਜਮਹੂਰੀ ਜਥੇਬੰਦੀਆਂ ਨੇ ਰਲ਼ ਕੇ ਇਸ ਘਿਨਾਉਣੇ ਕਾਰੇ ਦੀ ਪੂਰੀ ਪੜਤਾਲ ਕਰਕੇ ਸੰਘਰਸ਼ ਵਿੱਢ ਦਿੱਤਾਪਾਲੋ ਦੇ ਸਹੁਰੇ ਪਿੰਡ ਵਿੱਚੋਂ ਵੀ ਬਹੁਗਿਣਤੀ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ, ਜਿਸਦੇ ਸਿੱਟੇ ਵਜੋਂ ਪੁਲੀਸ ਨੂੰ ਚੜ੍ਹਾਵਾ ਚਾੜ੍ਹਨ ਦੇ ਬਾਵਜੂਦ ਵੀ ਕੇਸ ਦਰਜ ਕਰਨਾ ਪਿਆ ਉੱਧਰ ਬੱਲੀ ਦਾ ਮਾਮਾ ਬੱਲੀ ਨੂੰ ਲੈ ਕੇ ਦੂਰ ਦੂਰ ਦੇ ਡਾਕਟਰਾਂ ਕੋਲ ਫਿਰਦਾ ਰਿਹਾ। ਉਸਨੇ ਨੇ ਕੋਈ ਕਸਰ ਨਹੀਂ ਛੱਡੀ, ਪਰ ਬੱਲੀ ਤਾਂ ਜਿਉਂਦੀ ਲਾਸ਼ ਹੀ ਬਣ ਗਿਆ ਉਸ ਨੂੰ ਤਾਂ ਹਰ ਇੱਕ ਕੁੜੀ ਵਿੱਚੋਂ ਪਾਲੋ ਹੀ ਦਿਸਣ ਲੱਗ ਪਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3163)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਗਮੀਤ ਸਿੰਘ ਪੰਧੇਰ

ਜਗਮੀਤ ਸਿੰਘ ਪੰਧੇਰ

Klahar, Ludhiana, Punjab, India.
Phone: (91 - 98783 - 37222)
Email: (jagmitsinghpandher@gmail.com)